ਕਬੂਤਰਬਾਜ਼ੀ : ਸਜ਼ਾ ਨੂੰ ਸੈਸ਼ਨ ਕੋਰਟ ਵਿੱਚ ਚੁਣੌਤੀ ਦਿਆਂਗਾ: ਦਲੇਰ ਮਹਿੰਦੀ

ਦਲੇਰ ਮਹਿੰਦੀ

ਤਸਵੀਰ ਸਰੋਤ, Getty Images

ਕਬੂਤਰਬਾਜ਼ੀ ਦੇ ਇਲਜ਼ਾਮਾਂ 'ਚ ਫ਼ਸੇ ਗਾਇਕ ਦਲੇਰ ਮਹਿੰਦੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਟਿਆਲਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਸਥਾਨਕ ਪੱਤਰਕਾਰ ਆਰਜੇਐੱਸ ਔਜਲਾ ਮੁਤਾਬਕ ਅਦਾਲਤ ਨੇ ਦੋ ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਰ ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਅਦਾਲਤ ਨੇ ਜ਼ਮਾਨਤ ਦੇ ਦਿੱਤੀ।

ਫੈਸਲੇ ਖ਼ਿਲਾਫ਼ ਅਪੀਲ ਕਰਾਂਗੇ

ਜ਼ਮਾਨਤ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੇਰ ਮਹਿੰਦੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਕੇਸ ਦੀ ਪੈਰਵੀਂ ਕਰ ਰਹੇ ਹਨ। ਉਨ੍ਹਾਂ ਨੂੰ ਅਦਾਲਤ ਉੱਤੇ ਪੂਰਾ ਭਰੋਸਾ ਹੈ ਅਤੇ ਉਹ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਸੈਸ਼ਨ ਕੋਰਟ ਵਿੱਚ ਅਪੀਲ ਕਰਨਗੇ।

ਦਲੇਰ ਮਹਿੰਦੀ ਨੇ ਕਿਹਾ, 'ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ ਅਤੇ ਮੈਨੂੰ ਅਦਾਲਤ ਉੱਤੇ ਭਰੋਸਾ ਹੈ ਅਤੇ ਮੈਨੂੰ ਇਸ ਗੱਲ ਦਾ ਵੀ ਪੂਰਨ ਭਰੋਸਾ ਹੈ ਕਿ ਅਦਾਲਤ ਮੇਰੇ ਨਾਲ ਨਿਆਂ ਹੋਵੇਗਾ'।

ਕੀ ਸੀ ਪੂਰਾ ਮਾਮਲਾ?

  • ਸਾਲ 2003 ਵਿੱਚ ਪਟਿਆਲਾ 'ਚ ਦਰਜ ਹੋਇਆ ਸੀ ਕੇਸ।
  • ਪੁਲਿਸ ਨੇ ਦਲੇਰ ਮਹਿੰਦੀ ਤੇ ਉਨ੍ਹਾਂ ਦੇ ਭਰਾ ਸ਼ਮਸੇਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
  • ਇਲਜ਼ਾਮ ਲੱਗਿਆ ਸੀ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਉਨ੍ਹਾਂ ਨੇ ਕਈ ਲੋਕਾਂ ਤੋਂ ਪੈਸੇ ਲਏ ਸਨ।
  • ਕੇਸ ਦਰਜ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)