ਪ੍ਰੈੱਸ ਰੀਵਿਊ: ਟ੍ਰੈਵਲ ਏਜੰਟ ਵੱਲੋਂ ਕੈਨੇਡਾ ਭੇਜਣ ਦੀ ਥਾਂ 'ਤੇ ਬੰਗਲੁਰੂ ਲਿਜਾ ਕੇ ਪੰਜਾਬੀ ਨੌਜਵਾਨ ਦਾ ਕਤਲ

ਦਿ ਇੰਡੀਅਨਸ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਟ੍ਰੈਵਲ ਏਜੰਟਾਂ ਨੇ ਹੁਸ਼ਿਆਰਪੁਰ ਦੇ 35 ਸਾਲਾ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਦਾ ਬੰਗਲੁਰੂ ਵਿੱਚ ਕਤਲ ਕਰ ਦਿੱਤਾ।

ਸੁਰਿੰਦਰ ਸਿੰਘ ਨਾਂ ਦੇ ਇਸ ਨੌਜਵਾਨ ਦਾ ਕਤਲ ਪਿਛਲੇ ਸਾਲ ਦਸੰਬਰ 'ਚ ਹੋਇਆ ਸੀ ਅਤੇ ਉਸ ਦੇ ਪਰਿਵਾਰ ਵਾਲਿਆਂ ਵੀਰਵਾਰ ਪਤਾ ਲੱਗਾ। ਦਰਅਸਲ ਬੰਗਲੁਰੂ ਪੁਲਿਸ ਨੇ ਸੁਰਿੰਦਰ ਦੀ ਲਾਸ਼ ਦੀ ਪਛਾਣ ਨਾ ਹੋ ਸਕਣ ਕਾਰਨ ਉਸ ਦਾ ਸਸਕਾਰ ਵੀ ਕਰ ਦਿੱਤਾ ਸੀ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਟ੍ਰੈਵਲ ਏਜੰਟ ਦੇ ਨਾਲ ਜਾਣ ਤੋਂ ਬਾਅਦ ਸੁਰਿੰਦਰ ਸਿੰਘ ਨਾਲ 5 ਦਸੰਬਰ ਨੂੰ ਗੱਲ ਹੋਈ ਅਤੇ ਉਸ ਤੋਂ ਟ੍ਰੈਵਲ ਏਜੰਟ ਨਾਲ ਵੀ ਸੰਪਰਕ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ 15 ਜਨਵਰੀ ਨੂੰ 4 ਟ੍ਰੈਵਲ ਏਜੰਟਾਂ ਖ਼ਿਲਾਫ਼ ਐੱਫਆਈਆਰ ਦਰਜ ਹੋਈ।

ਉਸ ਤੋਂ ਬਾਅਦ ਜਾਂਚ ਦੌਰਾਨ ਜਦੋਂ ਪਰਿਵਾਰ ਪੁਲਿਸ ਨਾਲ ਬੰਗਲੁਰੂ ਨਾਲ ਗਿਆ ਤਾਂ ਉੱਥੇ ਉਨ੍ਹਾਂ ਨੂੰ ਪੁਲਿਸ ਵੱਲੋਂ ਸੁਰਿੰਦਰ ਸਿੰਘ ਦੀ ਤਸਵੀਰ ਦਿਖਾਏ ਜਾਣ 'ਤੇ ਉਸ ਦਾ ਪਛਾਣ ਕੀਤੀ।

ਪੰਜਾਬੀ ਟ੍ਰਿਬਿਊਨ 'ਚ ਲੱਗੀ ਖ਼ਬਰ ਮੁਤਾਬਕ ਮਾਨੇਸਰ ਜ਼ਮੀਨ ਘੁਟਾਲੇ ਵਿੱਚ ਸੀਬੀਆਈ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਣੇ 33 ਲੋਕਾਂ ਖ਼ਿਲਾਫ਼ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਗਿਆ।

400 ਪੰਨਿਆਂ ਦੇ ਦੋਸ਼ ਪੱਤਰ ਵਿੱਚ ਕਿਸਾਨਾਂ ਨਾਲ ਕਰੀਬ 1500 ਕਰੋੜ ਦੀ ਧੋਖਾਧੜੀ, ਭ੍ਰਿਸ਼ਟਾਚਾਰ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਇਸ ਦੇ ਨਾਲ ਹੀ ਇੱਕ ਹਜ਼ਾਰ ਦਸਤਾਵੇਜ਼ ਵੀ ਨੱਥੀ ਕੀਤੇ ਗਏ ਹਨ।

ਇਨ੍ਹਾਂ ਦਸਤਾਵੇਜ਼ਾਂ ਵਿੱਚ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਹੁੱਡਾ ਨੇ ਆਪਣੇ ਕਾਰਜਕਾਲ ਦੌਰਾਨ ਸੈਂਕੜੇ ਜ਼ਮੀਨ ਐਕੁਆਇਰ ਕਰਨ ਦੇ ਡਰਾਵੇ ਨਾਲ ਬਿਲਡਰਾਂ ਨੂੰ ਗਲਤ ਢੰਗ ਜ਼ਮੀਨ ਖਰੀਦਣ ਦਾ ਮੌਕਾ ਦਿੱਤਾ।

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਯੂਪੀ ਪੁਲਿਸ ਦੇ ਡਾਇਰੈਕਟਰ ਜਨਰਲ (ਹੋਮ ਗਾਰਡ) ਸੂਰਿਆ ਕੁਮਾਰ ਸ਼ੁਕਲਾ ਨੇ ਇੱਕ ਨਿੱਜੀ ਸਮਾਗਮ ਦੌਰਾਨ ਰਾਮ ਮੰਦਿਰ ਜਲਦ ਬਣਵਾਉਣ ਲਈ ਸਹੁੰ ਚੁੱਕਦੇ ਇੱਕ ਵੀਡੀਓ ਵਿੱਚ ਨਜ਼ਰ ਆਏ।

ਇਸ ਸਮਾਗਮ ਵਿੱਚ ਬਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਸਬੰਧੀ ਸ਼ੁਕਲਾ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਕੈਨੇਡਾ ਨੇ 115 ਸਾਲ ਪਹਿਲਾਂ ਲਿਖੇ ਕੌਮੀ ਤਰਾਨੇ 'ਚੋਂ ਲਿੰਗ ਵਿਤਕਰਾ ਖ਼ਤਮ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਇਸ ਵਿੱਚ 'ਪੁੱਤਰਾਂ ਦੀ ਦੇਸ਼ਭਗਤੀ' ਦੀ ਥਾਂ 'ਸਭ ਦੀ ਦੇਸ਼ਭਗਤੀ' ਕਰ ਦਿੱਤਾ ਹੈ।

ਦੇਸ ਦੇ ਸਾਂਸਦਾਂ ਨੇ ਸੀਨੈਟ 'ਚ ਇਸ ਦੇ ਹੱਕ ਵਿੱਚ ਵੋਟਾਂ ਦੇ ਕੇ ਇਸ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ 1903 ਵਿੱਚ ਕੌਮੀ ਤਰਾਨੇ ਵਜੋਂ ਮਾਨਤਾ ਮਿਲੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)