You’re viewing a text-only version of this website that uses less data. View the main version of the website including all images and videos.
ਪ੍ਰੈਸ ਰਿਵੀਊ꞉ ਹਰਿਆਣਾ 'ਚ ਚਾਰ ਦਿਨਾਂ ਦੌਰਾਨ 6 ਬਲਾਤਕਾਰ ਦੇ ਮਾਮਲੇ
ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਨੇ ਹਰਿਆਣਾ ਵਿੱਚ ਪਿਛਲੇ 4 ਦਿਨਾਂ ਦੌਰਾਨ ਬਲਾਤਕਾਰ ਦਾ 6ਵਾਂ ਮਾਮਲਾ ਸਾਹਮਣੇ ਆਉਣ ਦੀ ਖ਼ਬਰ ਦਿੱਤੀ ਹੈ।
ਇਸਤੋਂ ਪਹਿਲਾਂ 13 ਜਨਵਰੀ ਨੂੰ ਪੰਦਰਾ ਸਾਲਾ ਕੁੜੀ ਦੀ ਲਾਸ਼ ਯਮੁਨਾ ਵਿੱਚ ਮਿਲੀ ਸੀ ਜਿਸਨੂੰ ਹਰਿਆਣੇ ਦੀ ਨਿਰਭੈਆ ਕਿਹਾ ਗਿਆ ਸੀ।
ਖ਼ਬਰ ਮੁਤਾਬਕ ਗੁੜਗਾਉਂ ਦੇ ਫਾਰੂਖਾਬਾਦ ਨਾਲ ਸੰਬੰਧਿਤ ਕੁੜੀ ਨੂੰ ਘਰ ਆਉਂਦੇ ਸਮੇਂ ਕਾਰ ਸਵਾਰਾਂ ਨੇ ਦੁਪਹਿਰੇ ਦੋ ਵਜੇ ਚੁੱਕਿਆ।
ਨਜ਼ਦੀਕੀ ਜੰਗਲ ਵਿੱਚ ਬਲਾਤਕਾਰ ਕਰਨ ਮਗਰੋਂ ਉਸਨੂੰ ਨੰਗਿਆਂ ਹੀ ਪਿੰਡ ਵਿੱਚ ਲਾਹ ਦਿੱਤਾ। ਕਿਸੇ ਨੂੰ ਨਾ ਦੱਸਣ ਦੀ ਸ਼ਰਤ ਤੇ ਹੀ ਉਨ੍ਹਾਂ ਉਸਦੇ ਕੱਪੜੇ ਵਾਪਸ ਕੀਤੇ।
ਖ਼ਬਰ ਮੁਤਾਬਕ ਪੁਲਿਸ ਨੇ ਪਵਨ ਨਾਮੀ ਇੱਕ ਦੋਸ਼ੀ ਨੂੰ ਫ਼ੜ ਲਿਆ ਹੈ।
ਦਿ ਟ੍ਰਿਬਿਊਨ ਮੁਤਾਬਕ ਪੰਜਾਬ ਵਜਾਰਤ ਵਿੱਚੋਂ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਮੰਤਰੀ ਕੱਢੇ ਜਾ ਸਕਦੇ ਹਨ।
ਖ਼ਬਰ ਮੁਤਾਬਕ ਇਸ ਨਾਲ ਵਜਾਰਤ ਦੇ ਆਗਾਮੀ ਵਿਸਥਾਰ ਸਮੇਂ ਆਹੁਦਿਆਂ ਦਾ ਫੇਰਬਦਲ ਵੀ ਸੰਭਵ ਹੈ।
ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿੱਚ ਮੁਲਾਕਾਤ ਮਗਰੋਂ ਹਾਈ ਕਮਾਂਡ ਸੂਬੇ ਦੇ ਆਗੂਆਂ ਨੂੰ ਸੁਨੇਹਾ ਦੇਣਾ ਚਹੁੰਦੀ ਹੈ ਕਿ ਹੁਣ ਬਿਨਾਂ ਕਾਰਗੁਜ਼ਾਰੀ ਦਿਖਾਇਆਂ ਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਆਦੇ ਪੂਰੇ ਕੀਤੇ ਬਿਨਾਂ ਗੱਲ ਨਹੀਂ ਬਣਨੀ।
ਦਿ ਇੰਡੀਅਨ ਐਕਸਪ੍ਰੈਸ ਨੇ ਪੰਜਾਬ ਦੇ ਬੇਸਲਾਈਨ ਟੇਸਟ ਵਿੱਚ ਸਰਕਾਰੀ ਸਕੂਲਾਂ ਦੇ 6-8 ਜਮਾਤ ਦੇ 13 ਫ਼ੀਸਦੀ ਵਿਦਿਆਰਥੀਆਂ ਦੇ ਅੰਗਰੇਜ਼ੀ ਦੇ ਅੱਖਰ ਪਛਾਨਣ ਤੋਂ ਅਸਫ਼ਲ ਰਹਿਣ ਦੀ ਖ਼ਬਰ ਦਿੱਤੀ ਹੈ।
ਖ਼ਬਰ ਮੁਤਾਬਕ ਗਣਿਤ ਵਿੱਚ 57.28% ਵਿਦਿਆਰਥੀ ਅਜਿਹੇ ਹਨ ਜੋ ਤਿੰਨ ਅੰਕਾਂ ਦੀ ਘਟਾਓ ਨਹੀਂ ਕਰ ਸਕੇ ਜਦ ਕਿ 61.5% ਤਿੰਨ ਅੰਕਾਂ ਦੀ ਵੰਡ ਨਹੀਂ ਕਰ ਸਕੇ।
ਇਹ ਪ੍ਰੀਖਿਆਵਾਂ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਗਣਿਤ, ਅੰਗਰੇਜ਼ੀ ਤੇ ਸਾਇੰਸ ਵਿਸ਼ਿਆਂ ਵਿੱਚ ਲਈਆਂ ਜਾਂਦੀਆਂ ਹਨ।
ਪੰਜਾਬੀ ਟ੍ਰਿਬਿਊਨ ਨੇ ਭਾਰਤੀ ਮੂਲ ਦੇ ਉੱਘੇ ਵਕੀਲ ਗੁਰਬੀਰ ਸਿੰਘ ਗਰੇਵਾਲ ਨੂੰ ਨਿਊ ਜਰਸੀ ਦਾ ਅਟਾਰਨੀ ਜਨਰਲ (ਏਜੀ) ਲਾਏ ਜਾਣ ਦੀ ਖ਼ਬਰ ਦਿੱਤੀ ਹੈ।
ਖ਼ਬਰ ਮੁਤਾਬਕ ਉਨ੍ਹਾਂ ਦਾ ਨਾਮਜ਼ਦਗੀ ਮਤਾ ਸੂਬੇ ਦੀ ਸੈਨਿਟ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਤਰ੍ਹਾਂ ਉਹ ਪਹਿਲੇ ਸਿੱਖ ਅਟਾਰਨੀ ਜਨਰਲ ਬਣ ਗਏ ਹਨ ਤੇ ਉਨ੍ਹਾਂ ਅਹੁਦੇ ਦੀ ਸਹੁੰ ਚੁੱਕ ਲਈ ਹੈ।