ਸੋਸ਼ਲ ਮੀਡੀਆ 'ਤੇ ਗਾਇਕ ਮਾਸਟਰ ਸਲੀਮ ਦੀ ਕਿਉਂ ਹੋ ਰਹੀ ਨਿਖੇਧੀ?

ਪੰਜਾਬੀ ਗਾਇਕ ਮਾਸਟਰ ਸਲੀਮ ਦਾ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ। ਵੀਡੀਓ ਮੁਤਾਬਕ ਗਾਇਕ ਸਲੀਮ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਦਾ ਪੈਰ ਧੋ ਰਿਹਾ ਹੈ ਅਤੇ ਬਾਅਦ 'ਚ ਉਹੀ ਪਾਣੀ ਪੀ ਲੈਂਦਾ ਹੈ।

ਇਸ ਵੀਡੀਓ ਨੂੰ ਲੈਕੇ ਸੋਸ਼ਲ ਮੀਡੀਆ ਤੇ ਲੋਕਾਂ ਦੀ ਵੱਖ ਵੱਖ ਪ੍ਰਤਿਕਿਰਿਆ ਸਾਹਮਣੇ ਆ ਰਹੀ ਹੈ।

ਇਸ ਵੀਡੀਓ 'ਤੇ ਲੋਕ ਮਾਸਟਰ ਸਲੀਮ ਦੀ ਨਿੰਦਾ ਵੀ ਕਰ ਰਹੇ ਹਨ ਤੇ ਕੁਝ ਲੋਕ ਉਨ੍ਹਾਂ ਦੇ ਹੱਕ ਵਿੱਚ ਵੀ ਹਨ।

ਗੋਲਡੀ ਸਿੱਧੂ ਨੇ ਲਿਖਿਆ, ''ਇੱਕ ਬੱਚੇ ਨੇ ਪੈਰਾਂ ਦਾ ਪਾਣੀ ਪੀਤਾ, ਬੇਹਦ ਸ਼ਰਮਨਾਕ ਹੈ।''

ਪ੍ਰਭਜੋਤ ਸਿੰਘ ਨੇ ਲਿਖਿਆ, ''ਮਾਸਟਰ ਸਲੀਮ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।''

ਸਲੀਮ ਦਾ ਪੱਖ

ਇਸ ਮੁੱਦੇ ਤੇ ਮਾਸਟਰ ਸਲੀਮ ਨਾਲ ਤਾਂ ਗੱਲ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਮੈਨੇਜਰ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ ਗੁਰੂ ਪੂਰਨਿਮਾ ਦਾ ਹੈ।

ਉਨ੍ਹਾਂ ਕਿਹਾ, ''ਗੁਰੂ ਪੂਰਨਿਮਾ ਮੌਕੇ ਉਹ ਮੁੰਡਾ ਸਾਡੇ ਦਫਤਰ ਆਇਆ ਸੀ। ਜਦੋਂ ਉਹ ਪੈਰ ਧੋਕੇ ਪਾਣੀ ਪੀ ਰਿਹਾ ਸੀ, ਤਾਂ ਅਸੀਂ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਪਰ ਉਹ ਸ਼ਗਿਰਦ ਦੇ ਤੌਰ 'ਤੇ ਇਹ ਕਰਨਾ ਚਾਹੁੰਦਾ ਸੀ। ਇਸ ਨੂੰ ਧਰਮ ਨਾਲ ਜੋੜ ਕੇ ਨਾ ਵੇਖਿਆ ਜਾਏ।''

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਮਾਸਟਰ ਸਲੀਮ ਦਾ ਪੱਖ ਵੀ ਲਿਆ।

ਮਨਬੀਰ ਸਿੰਘ ਨੇ ਲਿਖਿਆ, ''ਮਾਸਟਰ ਸਲੀਮ ਨੂੰ ਇਹ ਕਾਫੀ ਅਜੀਬ ਲੱਗ ਰਿਹਾ ਸੀ। ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਉਸ ਦੀ ਗਲਤੀ ਹੈ ਜਿਸ ਨੇ ਪਾਣੀ ਪੀਤਾ ਹੈ।''

ਮਾਸਟਰ ਸਲੀਮ ਪੰਜਾਬ ਦੇ ਜਾਣੇ ਪਛਾਣੇ ਗਾਇਕ ਹਨ । ਉਹ ਬਾਲੀਵੁੱਡ ਲਈ ਵੀ ਗਾ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)