ਗੁਜਰਾਤ: ਉਹ ਸੀਟਾਂ ਜਿੱਥੋਂ ਦਿੱਗਜ ਹਾਰੇ ਅਤੇ ਜਿੱਤੇ

18 ਦਸੰਬਰ ਨੂੰ ਪੂਰੇ ਭਾਰਤ ਦੀ ਨਜ਼ਰ ਦੋ ਸੂਬਿਆਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਤੇ ਟਿਕੀਆਂ ਰਹੀਆਂ ਕਿਉਂਕਿ ਇਹ ਦਿਨ ਸੀ ਚੋਣ ਨਤੀਜਿਆਂ ਦਾ।

ਗੁਜਰਾਤ ਵਿਧਾਨਸਭਾ ਚੋਣਾਂ ਦੇ ਕੁਝ ਅਹਿਮ ਆਗੂਆਂ ਅਤੇ ਅਹਿਮ ਸੀਟਾਂ ਦੇ ਨਤੀਜੇ ਕਿਹੋ ਜਿਹੇ ਰਹੇ ਇੱਕ ਨਜ਼ਰ ਮਾਰਦੇ ਹਾਂ।

ਜਿਗਨੇਸ਼ ਮੇਵਾਣੀ

ਬੀਜੇਪੀ ਨੂੰ ਚੁਣੌਤੀ ਦੇਣ ਵਾਲੇ ਤਿੰਨ ਨੌਜਵਾਨ ਆਗੂਆਂ ਵਿੱਚੋਂ ਜਿਗਨੇਸ਼ ਮੇਵਾਣੀ ਵੀ ਸਨ। ਉਨ੍ਹਾਂ ਨੇ ਗੁਜਰਾਤ ਦੀ ਵਡਗਾਮ ਸੀਟ ਤੋਂ ਜਿੱਤ ਦਰਜ ਕੀਤੀ।

ਦਲਿਤ ਆਗੂ ਜਿਗਨੇਸ਼ ਮੇਵਾਣੀ ਨੇ ਵਡਗਾਮ 'ਚ ਭਾਜਪਾ ਉਮੀਦਵਾਰ ਵਿਜੇ ਚਕਰਾਵਰਤੀ ਨੂੰ 19,696 ਵੋਟਾਂ ਨਾਲ ਹਰਾਇਆ।

ਅਜ਼ਾਦ ਤੌਰ 'ਤੇ ਕਾਂਗਰਸ ਦੇ ਸਮਰਥਨ ਨਾਲ ਚੋਣ ਲੜਨ ਵਾਲੇ ਮੇਵਾਣੀ ਨੂੰ ਰਾਖਵੀਂ ਸੀਟ ਤੋਂ 95,497 ਵੋਟਾਂ ਹਾਸਿਲ ਹੋਈਆਂ। ਜਦਕਿ ਚਕਰਾਵਰਤੀ ਨੂੰ 75,801 ਵੋਟਾਂ ਮਿਲੀਆਂ।

ਜਿਗਨੇਸ਼ ਮੇਵਾਣੀ ਨੇ ਜਿੱਤ ਤੋਂ ਬਾਅਦ ਟਵੀਟ ਕਰਕੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ''ਮੈਂ ਨਫ਼ਰਤ ਨਹੀਂ ਮੁਹੱਬਤ ਲੁਟਾਉਣ ਆਇਆ ਹਾਂ।''

ਅਲਪੇਸ਼ ਠਾਕੋਰ

ਕਾਂਗਰਸ ਉਮੀਦਵਾਰ ਅਲਪੇਸ਼ ਠਾਕੋਰ ਨੇ ਰਾਧਨਪੁਰ ਸੀਟ ਤੋਂ 62 ਸਾਲਾ ਬੀਜੇਪੀ ਉਮੀਦਵਾਰ ਲਵਿੰਗ ਜੀ ਠਾਕੋਰ ਨੂੰ 18,000 ਵੋਟਾਂ ਨਾਲ ਹਰਾਇਆ। ਹਾਲਾਂਕਿ ਸ਼ੁਰੂਆਤ ਵਿੱਚ ਅਲਪੇਸ਼ ਪਿੱਛੇ ਚੱਲ ਰਹੇ ਸਨ।

ਹਾਰਦਿਕ ਪਟੇਲ

ਮੋਦੀ ਨੂੰ ਖੁੱਲ੍ਹੇ ਤੌਰ 'ਤੇ ਚੁਣੌਤੀ ਦੇਣ ਵਾਲੇ ਪਾਟੀਦਾਰ ਆਗੂ ਹਾਰਦਿਕ ਪਟੇਲ ਚੋਣਾਂ ਨਹੀਂ ਲੜੇ ਕਿਉਂਕਿ ਸਿਰਫ਼ 24 ਸਾਲ ਦੇ ਹੋਣ ਕਾਰਨ ਉਮਰ ਯੋਗਤਾ ਨਹੀਂ ਪੂਰੀ ਕਰਦੇ। ਉਨ੍ਹਾਂ ਨੇ ਈਵੀਐੱਮ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਾਏ।

ਹਾਰਦਿਕ ਪਟੇਲ ਨੇ ਕਿਹਾ, "ਬੀਜੇਪੀ ਨੂੰ ਕਿਸੇ ਚਾਣਕਿਆ ਨੇ ਨਹੀਂ ਜਿਤਾਇਆ। ਈਵੀਐੱਮ ਤੇ ਪੈਸੇ ਦੇ ਦਮ 'ਤੇ ਭਾਜਪਾ ਜਿੱਤੀ ਹੈ।"

ਉਨ੍ਹਾਂ ਅੱਗੇ ਕਿਹਾ, "ਅਹਿਮਦਾਬਾਦ, ਸੂਰਤ ਤੇ ਰਾਜਕੋਟ ਦੀਆਂ ਜਿੰਨ੍ਹਾਂ 12 ਤੋਂ 15 ਸੀਟਾਂ ਤੇ ਹਾਰ-ਜਿੱਤ ਦਾ ਫਰਕ 200, 400, 800 ਵੋਟਾਂ ਦਾ ਰਿਹਾ ਹੈ, ਉੱਥੇ ਈਵੀਐੱਮ ਟੈਂਪਰਿੰਗ ਵੱਡਾ ਮੁੱਦਾ ਹੈ।

ਮੈਂ ਖੁਦ ਦੇਖਿਆ ਕਿ ਜਿਸ ਵੀ ਈਵੀਐੱਮ ਵਿੱਚ ਰੀਕਾਊਂਟਿੰਗ ਹੋਈ ਹੈ, ਉੱਥੇ ਬਦਲਾਅ ਹੋਇਆ ਹੈ। ਇਹ ਗੱਲਾਂ ਈਵੀਐੱਮ ਨੂੰ ਲੈ ਕੇ ਸੋਚਣ ਲਈ ਮਜਬੂਰ ਕਰਦੀਆਂ ਹਨ।"

ਮਣੀਨਗਰ ਸੀਟ

ਅਹਿਮਦਾਬਾਦ ਦੀ ਮਣੀਨਗਰ ਸੀਟ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੁਰਾਣੀ ਸੀਟ ਰਹੀ ਹੈ, ਭਾਜਪਾ ਨੇ ਝੰਡਾ ਲਹਿਰਾ ਦਿੱਤਾ ਹੈ।

ਭਾਜਪਾ ਉਮੀਦਵਾਰ ਸੁਰੇਸ਼ ਪਟੇਲ ਨੂੰ 1,16,113 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੀ ਸ਼ਵੇਤਾ ਬ੍ਰਹਮਭੱਟ ਨੇ 40, 914 ਵੋਟਾਂ ਹਾਸਿਲ ਕੀਤੀਆਂ।

ਵਿਜੇ ਰੁਪਾਣੀ ਦੀ ਰਾਜਕੋਟ ਸੀਟ

ਰਾਜਕੋਟ ਪੱਛਮੀ ਤੋਂ ਮੌਜੂਦਾ ਮੁੱਖ ਮੰਤਰੀ ਵਿਜੇ ਰੁਪਾਣੀ 1,31,586 ਵੋਟਾਂ ਹਾਸਿਲ ਕਰਕੇ ਜਿੱਤ ਗਏ ਹਨ। ਜਦਕਿ ਕਾਂਗਰਸ ਉਮੀਦਵਾਰ ਇੰਦਰਨੀਲ ਰਾਜਗੁਰੂ ਨੂੰ 77, 831 ਵੋਟਾਂ ਪਈਆਂ।

ਵਿਰਮਗਾਮ ਸੀਟ

ਵਿਰਮਗਾਮ ਤੋਂ ਕਾਂਗਰਸ ਆਗੂ ਲਾਖਾਭਾਈ ਬਰਵਾਡ ਨੇ 76,178 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ ਹੈ। ਬੀਜੇਪੀ ਵੱਲੋਂ ਇੱਥੇ ਡਾ. ਤੇਜਸ਼੍ਰੀ ਪਟੇਲ ਨੂੰ 69, 630 ਵੋਟਾਂ ਪਈਆਂ ਹਨ।

ਇਹ ਕਾਫ਼ੀ ਅਹਿਮ ਸੀਟ ਹੈ ਕਿਉਂਕਿ ਪਾਟੀਦਾਰ ਨੇਤਾ ਹਾਰਦਿਕ ਪਟੇਲ ਅਤੇ ਓਬੀਸੀ ਆਗੂ ਅਲਪੇਸ਼ ਠਾਕੋਰ ਦੇ ਜੱਦੀ ਇਲਾਕੇ ਅਹਿਮਦਾਬਾਦ ਜ਼ਿਲ੍ਹੇ ਦਾ ਇਹ ਛੋਟਾ ਜਿਹਾ ਕਸਬਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)