ਯਾਸਮੀਨ ਖ਼ਾਨ: ਖ਼ੁਦਾ ਨੇ ਮੇਰੇ ਜ਼ਖ਼ਮ 'ਤੇ ਮਰਹਮ ਲਾ ਦਿੱਤਾ

ਤਸਵੀਰ ਸਰੋਤ, YASMEEN MANSUREE
''ਜਦੋਂ ਮੈਂ ਨਿੱਕੀ ਸੀ ਤਾਂ ਬਹੁਤ ਡਰਪੋਕ ਕੁੜੀ ਸੀ। ਘਰ ਜਦੋਂ ਮਹਿਮਾਨ ਆਉਂਦੇ ਸੀ ਤਾਂ ਮੈਂ ਕਮਰੇ 'ਚ ਲੁੱਕ ਜਾਂਦੀ ਸੀ। ਪਰ ਹੁਣ ਮੈਂ ਇਸ ਚਿਹਰੇ ਨਾਲ ਵੀ ਘੁੰਮਣ ਤੋਂ ਨਹੀਂ ਡਰਦੀ।'' ਇਹ ਕਹਿਣਾ ਹੈ ਯਾਸਮੀਨ ਦਾ।
ਬੀਤੇ ਦਿਨੀਂ ਉਨ੍ਹਾਂ ਨੂੰ ਇੱਕ ਸਮਾਗਮ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਵੱਲੋਂ ਵਿਕਲਾਂਗ ਵਰਗ 'ਚ ਸਾਲ ਦੇ ਸਭ ਤੋਂ ਬਿਹਤਰੀਨ ਕਰਮਚਾਰੀ ਦੇ ਸਨਮਾਨ ਨਾਲ ਨਵਾਜ਼ਿਆ ਗਿਆ।
ਤੇਜ਼ਾਬੀ ਹਮਲੇ ਤੋਂ ਬਾਅਦ ਹੌਂਸਲਾ ਰੱਖਿਆ
ਉਨ੍ਹਾਂ ਨੂੰ ਇਹ ਸਨਮਾਨ ਖ਼ੁਦ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤਾ।
ਬੀਬੀਸੀ ਨਾਲ ਖ਼ਾਸ ਗੱਲਬਾਤ 'ਚ ਯਾਸਮੀਨ ਨੇ ਦੱਸਿਆ, ''ਜਦੋਂ ਮੈਂ ਸਟੇਜ ਵੱਲ ਜਾ ਰਹੀ ਸੀ ਤਾਂ ਲੱਗ ਰਿਹਾ ਸੀ ਕਿ ਮਾਉਂਟ ਐਵਰੇਸਟ ਜਿੱਤਣ ਜਾ ਰਹੀ ਹਾਂ। ਸੋਚ ਰਹੀ ਸੀ ਅੱਜ ਖ਼ੁਦਾ ਨੇ ਮੇਰੇ ਹਰ ਜ਼ਖ਼ਮ 'ਤੇ ਮਰਹਮ ਲਾ ਦਿੱਤਾ।''

ਤਸਵੀਰ ਸਰੋਤ, Getty Images
ਯਾਸਮੀਨ ਦੱਸਦੇ ਹਨ, ''16 ਸਾਲ ਦੀ ਉਮਰ 'ਚ ਮਿਲੇ ਇਹ ਜ਼ਖ਼ਮ ਹੁਣ ਹੌਲੀ-ਹੌਲੀ ਭਰ ਚੁੱਕੇ ਹਨ ਪਰ ਅੱਜ ਵੀ ਜਦੋਂ ਸੂਰਜ ਦੀ ਰੌਸ਼ਨੀ ਪੈਂਦੇ ਹੀ ਚਮੜੀ ਨੂੰ ਸੇਕ ਲੱਗਦਾ ਹੈ ਤਾਂ ਜ਼ਖ਼ਮ ਹਰਾ ਹੋ ਜਾਂਦਾ ਹੈ। ਅਚਾਨਕ ਦਿਖਣਾ ਬੰਦ ਹੋ ਜਾਂਦਾ ਹੈ, ਕਦੇ-ਕਦੇ ਡਰ ਵੀ ਲੱਗਦਾ ਹੈ ਕਿ ਕਿਤੇ ਡਿੱਗ ਪਈ ਤਾਂ....?''
ਅੱਜ ਵੀ ਨਹੀਂ ਪਤਾ ਕਿਸ ਨੇ ਤੇ ਕਿਉਂ ਕੀਤਾ ਹਮਲਾ ?
ਯਾਸਮੀਨ ਦੱਸਦੇ ਹਨ, ''ਉਦੋਂ ਮੈਂ ਤੇ ਮੇਰਾ ਪਰਿਵਾਰ ਉੱਤਰ ਪ੍ਰਦੇਸ਼ ਦੇ ਨਿੱਕੇ ਜਿਹੇ ਸ਼ਹਿਰ ਸ਼ਾਮਲੀ 'ਚ ਰਹਿੰਦੇ ਸੀ। ਮੈਂ ਪੰਜਵੀ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਮੇਰੇ ਅੰਮੀ-ਅੱਬੂ ਦਾ ਕਹਿਣਾ ਸੀ ਕਿ ਚਿੱਠੀ ਲਿੱਖਣੀ ਤਾਂ ਆ ਗਈ ਹੈ, ਹੁਣ ਪੜ੍ਹਕੇ ਕੀ ਕਰਨਾ...ਮੈਂ ਵੀ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ। ਮੈਂ ਘਰ ਹੀ ਰਹਿੰਦੀ ਸੀ ਅਤੇ 20 ਰੁਪਏ 'ਚ ਸਲਵਾਰ ਸਿਉਂਦੀ ਸੀ।''
ਹਾਦਸੇ ਵਾਲੀ ਰਾਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੇ ਚਿਹਰੇ 'ਤੇ ਨਾ ਤਾਂ ਗੁੱਸਾ ਸੀ ਅਤੇ ਨਾ ਹੀ ਕੋਈ ਦੂਜਾ ਭਾਵ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਤੇਜਾਬ ਸੁੱਟਣ ਵਾਲੇ ਲੋਕ ਕੌਣ ਸਨ ਅਤੇ ਉਨ੍ਹਾਂ ਅਜਿਹਾ ਕਿਉਂ ਕੀਤਾ। ਇਸ ਹਮਲੇ 'ਚ ਯਾਸਮੀਨ ਦੀ ਨਿੱਕੀ ਭੈਣ ਵੀ ਜ਼ਖ਼ਸੀ ਹੋਈ ਸੀ।
ਇਸ ਹਮਲੇ 'ਚ ਯਾਸਮੀਨ ਦਾ ਸਰੀਰ 65 ਫੀਸਦੀ ਸੜ ਗਿਆ ਸੀ। ਧੌਣ ਦੀ ਚਮੜੀ ਖਿੱਚੀ ਗਈ ਸੀ ਅਤੇ ਅੱਖਾਂ ਖੁਲਣੀਆਂ ਬੰਦ ਹੋ ਗਈਆਂ ਸਨ।

ਤਸਵੀਰ ਸਰੋਤ, yasmeen mansuree
ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲੈ ਆਏ ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ।
ਹੁਣ ਤਕ ਉਨ੍ਹਾਂ ਦੀਆਂ 20 ਸਰਜਰੀ ਹੋ ਚੁੱਕੀਆਂ ਹਨ।
ਫ਼ਿਕਰ ਇਮਤਿਹਾਨ ਦਾ ਨਹੀਂ, ਚਿਹਰਾ ਲੁਕਾਉਣ ਦਾ ਹੁੰਦਾ ਸੀ
ਯਾਸਮੀਨ ਦੱਸਦੇ ਹਨ ਕਿ ਹਸਪਤਾਲ 'ਚ ਨਾ ਤਾਂ ਦਿਨ ਦਾ ਪਤਾ ਚੱਲਦਾ ਸੀ ਤੇ ਨਾ ਰਾਤ ਦਾ।
''ਅੱਖਾਂ ਤਾਂ ਨਹੀਂ ਖੁਲਦੀਆਂ ਸਨ ਪਰ ਦਿਮਾਗ 'ਚ ਕਈ ਤਰ੍ਹਾਂ ਦੇ ਖ਼ਿਆਲ ਆਉਂਦੇ ਸਨ। ਬਿਸਤਰੇ 'ਤੇ ਪਿਆਂ ਹੀ ਇੱਕ ਦਿਨ ਫ਼ੈਸਲਾ ਲਿਆ ਕਿ ਅੱਗੇ ਪੜ੍ਹਾਈ ਕਰਨੀ ਹੈ, ਘਰਦਿਆਂ ਨੂੰ ਰਾਜ਼ੀ ਕਰ ਲਿਆ।''
ਪਰ ਚੁਣੌਤੀ ਇਹ ਨਹੀਂ ਸੀ। ਯਾਸਮੀਨ ਨੇ 10ਵੀਂ ਤੇ 12ਵੀਂ ਦੀ ਪੜ੍ਹਾਈ ਓਪਨ ਸਕੂਲ ਤੋਂ ਕੀਤੀ ਪਰ ਇਮਤਿਹਾਨ ਤਾਂ ਦੇਣ ਜਾਣਾ ਹੀ ਸੀ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ ਕਿ ਇਮਤਿਹਾਨ ਦੀ ਫ਼ਿਕਰ ਘੱਟ ਹੁੰਦੀ ਸੀ, ਸੱਭ ਤੋਂ ਵੱਡੀ ਫ਼ਿਕਰ ਇਹ ਹੁੰਦੀ ਸੀ ਕਿ ਕਿਤੇ ਚਿਹਰੇ ਤੋਂ ਚੁੰਨੀ ਨਾ ਹੱਟ ਜਾਵੇ।
ਉਨ੍ਹਾਂ ਦੱਸਿਆ ਕਿ ਚਿਹਰਾ ਦਿਖ ਜਾਣ ਦਾ ਡਰ ਇਸ ਕਦਰ ਸੀ ਕਿ ਇਮਤਿਹਾਨ ਵਾਲੇ ਦਿਨ ਉਹ ਪੂਰੇ ਦਿਨ ਪਾਣੀ ਨਹੀਂ ਪੀਂਦੇ ਸਨ।
''ਮੈਂ ਆਪਣੀ ਜ਼ਿੰਦਗੀ ਇੰਝ ਹੀ ਬਰਬਾਦ ਨਹੀਂ ਕਰ ਸਕਦੀ''
ਯਾਸਮੀਨ ਦੱਸਦੇ ਹਨ ਕਿ ਹਸਪਤਾਲ 'ਚ ਬਹੁਤ ਤਰ੍ਹਾਂ ਦੀਆਂ ਨਰਸਾਂ ਆਉਂਦੀਆਂ ਸਨ, ਕੁਝ ਬਹੁਤ ਚੰਗੀਆਂ ਹੁੰਦੀਆਂ ਤੇ ਕੁਝ....ਉਨ੍ਹਾਂ ਨੂੰ ਦੇਖ ਕੇ ਹੀ ਫ਼ੈਸਲਾ ਕੀਤਾ ਕਿ ਮੈਨੂੰ ਵੀ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਦੇ ਬਾਅਦ ਯਾਸਮੀਨ ਨੇ ਜਾਮਿਆ ਤੋਂ ਨਰਸਿੰਗ ਦੀ ਪੜ੍ਹਾਈ ਕੀਤੀ, ਹਾਲਾਂਕਿ ਪਹਿਲੀ ਕੋਸ਼ਿਸ਼ 'ਚ ਉਹ ਫ਼ੇਲ ਵੀ ਹੋਏ ਪਰ ਉਨ੍ਹਾਂ ਹਿੰਮਤ ਨਾ ਹਾਰੀ ਤੇ ਅਗਲੀ ਕੋਸ਼ਿਸ਼ 'ਚ ਕਾਮਯਾਬੀ ਉਨ੍ਹਾਂ ਨਾਲ ਖੜੀ ਸੀ।
ਅੱਜ ਉਹ ਰਾਜਧਾਨੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰਦੇ ਹਨ।
ਉਨ੍ਹਾਂ ਨਾਲ ਕੰਮ ਕਰਨ ਵਾਲੇ ਅਸ਼ਵਨੀ ਨੇ ਦੱਸਿਆ ਕਿ ਯਾਸਮੀਨ ਦੀ ਸੱਭ ਤੋਂ ਚੰਗੀ ਗੱਲ ਹੈ ਕਿ ਉਹ ਬਹੁਤ ਮਿਹਨਤੀ ਹਨ।
ਸਮੇਂ 'ਤੇ ਆਉਂਦੇ ਹਨ ਅਤੇ ਹਰ ਮਰੀਜ਼ ਨੂੰ ਇੰਝ ਦੇਖਦੇ ਹਨ ਜਿਵੇਂ ਉਨ੍ਹਾਂ ਦੇ ਘਰ ਦਾ ਹੋਵੇ।
ਮੇਕ ਅੱਪ ਕਰਨ ਦਾ ਸ਼ੌਂਕ ਹੈ ਪਰ.....
ਇੱਕ ਸਵਾਲ ਦੇ ਜਵਾਬ 'ਚ ਯਾਸਮੀਨ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਯਾਦ ਵੀ ਨਹੀਂ ਹੈ ਕਿ ਮੈਂ ਤੇਜ਼ਾਬੀ ਹਮਲੇ ਤੋਂ ਪਹਿਲਾਂ ਕਿਵੇਂ ਦਿਸਦੀ ਸੀ।
"ਮੈਨੂੰ ਆਪਣੇ ਇਸ ਚਿਹਰੇ ਨਾਲ ਬੇਪਨਾਹ ਮੁਹੱਬਤ ਹੈ, ਮੇਰੇ ਚਿਹਰੇ 'ਤੇ ਜਿਹੜੇ ਜ਼ਖ਼ਮ ਹਨ ਉਹ ਮੇਰੀ ਮਜ਼ਬੂਤੀ ਦਿਖਾਉਂਦੇ ਹਨ ਅਤੇ ਹੁਣ ਇਹੀ ਮੇਰੀ ਪਛਾਣ ਹੈ।"
ਯਾਸਮੀਨ ਦੱਸਦੇ ਹਨ, ''ਮੈਨੂੰ ਮੇਕ ਅੱਪ ਕਰਨਾ ਬਹੁਤ ਚੰਗਾ ਲੱਗਦਾ ਹੈ, ਮੈਂ ਮੇਕ ਅੱਪ ਕਰਨਾ ਸਿੱਖਿਆ ਵੀ ਹੈ ਪਰ ਇਸਦੀ ਇੱਕ ਬਹੁਤ ਵੱਡੀ ਵਜ੍ਹਾ ਸਮਾਜ ਵੀ ਹੈ।''

ਤਸਵੀਰ ਸਰੋਤ, yasmeen mansuree
ਉਹ ਦੱਸਦੇ ਹਨ, ''ਚਿਹਰੇ 'ਤੇ ਜ਼ਖ਼ਮ ਹਨ ਤਾਂ ਲੋਕ ਹੁਣ ਵੀ ਮੇਰੇ ਚਿਹਰੇ ਨੂੰ ਦੇਖ ਕੇ ਸਵਾਲ ਕਰਨ ਲੱਗਦੇ ਹਨ, ਉਨ੍ਹਾਂ ਨੂੰ ਕਹਾਣੀ ਜਾਨਣ ਦਾ ਮੰਨ ਹੁੰਦਾ ਹੈ। ਲੋਕਾਂ ਦੀਆਂ ਨਜ਼ਰਾਂ ਮੇਰੇ ਜ਼ਖ਼ਮਾਂ ਨੂੰ ਦੇਖ ਕੇ ਕਹਾਣੀ ਨਾ ਬਣਾਉਣ ਇਸ ਲਈ ਮੈਂ ਅੰਬਿਕਾ ਪਿੱਲਈ ਤੋਂ ਮੇਕ ਅੱਪ ਸਿੱਖਿਆ, ਫੇਸ ਰੀ-ਕੰਸਟਰਕਸ਼ਨ ਮੇਕ ਅੱਪ ਤਾਂ ਜੋ ਲੋਕਾਂ ਦੇ ਸਵਾਲਾਂ ਤੋਂ ਬੱਚ ਸਕਾਂ।''
"ਮਾਂ ਨਾ ਹੁੰਦੀ ਤਾਂ ਸ਼ਾਇਦ ਮੈਂ ਗੁਆਚ ਜਾਂਦੀ"
ਯਾਸਮੀਨ ਕਹਿੰਦੇ ਹਨ ਕਿ ਇਸ ਪੂਰੇ ਸਫ਼ਰ 'ਚ ਜਿੱਥੇ ਹੌਂਸਲਾ ਤੋੜਨ ਵਾਲੇ ਮਿਲੇ ਉੱਥੇ ਹੀ ਕੁਝ ਲੋਕ ਹਮੇਸ਼ਾ ਨਾਲ ਰਹੇ, ਖ਼ਾਸ ਤੌਰ 'ਤੇ ਪਰਿਵਾਰ।
ਉਨ੍ਹਾ ਦੱਸਿਆ ਕਿ ਜੇ ਅੱਜ ਉਹ ਦਿੱਲੀ ਦੇ ਚੰਗੇ ਹਸਪਤਾਲ 'ਚ ਕੰਮ ਕਰ ਰਹੀ ਹਾਂ, ਆਪਣੇ ਪੈਰਾਂ 'ਤੇ ਖੜੀ ਹਾਂ ਤਾਂ ਇਸ ਦੇ ਪਿੱਛੇ ਅੰਮੀ ਦਾ ਸੱਭ ਤੋਂ ਵੱਡਾ ਹੱਥ ਹੈ।
ਤਾਜ਼ਾ ਸਮਾਗਮ ਦਾ ਜ਼ਿਕਰ ਕਰਦਿਆਂ ਉਹ ਦੱਸਦੇ ਹਨ ਕਿ ਜਿਸ ਦਿਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਦੀ ਅੰਮੀ ਅਤੇ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਸੀ। ਮੌਕਾ ਖੁਸ਼ੀ ਦਾ ਸੀ ਪਰ ਸਭ ਦੀਆਂ ਅੱਖਾਂ ਸਿੱਲੀਆਂ ਸਨ।
"ਹਾਲੇ ਬਹੁਤ ਕੁਝ ਕਰਨਾ ਬਾਕੀ ਹੈ"
ਯਾਸਮੀਨ ਕਹਿੰਦੇ ਹਨ, ''ਹਾਲੇ ਬਹੁਤ ਕੁਝ ਕਰਨਾ ਹੈ, ਖ਼ਾਸ ਤੌਰ 'ਤੇ ਆਪਣੇ ਵਰਗੇ ਲੋਕਾਂ ਲਈ, ਜੋ ਕਿਸੇ ਨਾ ਕਿਸੇ ਤਰ੍ਹਾਂ ਵਿਕਲਾਂਗ ਹਨ।''
ਉਹ ਏਸਿਡ ਅਟੈਕ ਦੇ ਖ਼ਿਲਾਫ਼ ਮੁਹਿੰਮ ਛੇੜਨਾ ਚਾਹੁੰਦੇ ਹਨ ਤਾਂ ਜੋ ਜਿਹੜਾ ਕੁਝ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਿਹਾ ਕੋਈ ਹੋਰ ਨਾ ਸਹੇ।












