You’re viewing a text-only version of this website that uses less data. View the main version of the website including all images and videos.
ਬਲਾਗ꞉ ਕਿਹੜੇ ਮਰਦ ਸੁਨੱਖੇ? ਮਲਿਆਲੀ ਜਾਂ ਤਮਿਲ?
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਇੱਕ ਟੀਵੀ ਚੈਨਲ ਨੂੰ ਆਪਣਾ ਇੱਕ ਪ੍ਰੋਗਰਾਮ ਰੋਕਣਾ ਪਿਆ ਜੋ ਇਹ ਪੁੱਛ ਰਿਹਾ ਸੀ ਕਿ ਕਿਹੜੀਆਂ ਔਰਤਾਂ ਵੱਧ ਖ਼ੂਬਸੂਰਤ ਹਨ? ਮਲਿਆਲੀ ਜਾਂ ਤਮਿਲ?
ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ਼ ਸਰਦੀਆਂ ਦੀ ਇੱਕ ਠੰਡੀ ਸ਼ਾਮ ਨੂੰ ਚਾਹ ਪੀਣ ਬੈਠੀ ਤਾਂ ਸਾਡੀ ਚਰਚਾ ਦਾ ਮੁੱਦਾ ਸੀ ਕਿ, ਆਖ਼ਰ ਕਿਸੇ ਬੰਦੇ ਨੂੰ ਕਿਹੜੀ ਗੱਲ ਹੈਂਡਸਮ ਬਣਾਉਂਦੀ ਹੈ?
ਮੇਰੀ ਗੋਲ ਮਟੋਲ ਜਿਹੀ ਸਹੇਲੀ ਨੇ ਕਿਹਾ ਕਿ ਮੈਨੂੰ ਬਹੁਤਾ ਲੰਬਾ ਜਾਂ ਬਹੁਤਾ ਪਤਲਾ ਬੰਦਾ ਨਹੀਂ ਪਸੰਦ। ਥੋੜਾ ਮੋਟਾ ਵੀ ਚੱਲੇਗਾ, ਤਾਂ ਜੋ ਮੈਨੂੰ ਆਪਣਾ ਭਾਰ ਘਟਾਉਣ ਲਈ ਭੁੱਖੇ ਨਾ ਰਹਿਣਾ ਪਵੇ।
ਇੱਕ ਹੋਰ ਨੇ ਕਿਹਾ, ''ਮੈਂ ਤੌੜੇ ਵਰਗੇ ਢਿੱਡਲ ਨਾਲ ਨਹੀਂ ਰਹਿ ਸਕਦੀ! ਭੱਦੇ ਜਿਹੇ ਨਾਲ! ਮੈਨੂੰ, ਉਸਦੇ ਜਿਸਮ ਦੇ ਵਾਲ਼ ਵੀ ਨਹੀਂ ਚਾਹੀਦੇ।''
ਟਾਈਟੈਨਿਕ ਫ਼ਿਲਮ ਯਾਦ ਹੈ ਜਦੋਂ ਲਿਓਨਾਰਡੋ ਡੀ ਕੈਪਰੀਓ ਸਕੈਚ ਬਣਾਉਂਦਾ ਹੈ। ਉਹੋ ਜਿਹੇ ਹੀ ਸੰਭਾਲੇ ਹੋਏ ਹੀ ਨਹੁੰ ਹੋਣ, ਉਸ ਨੇ ਆਪਣੀ ਗੱਲ 'ਚ ਇਜ਼ਾਫ਼ਾ ਕੀਤਾ।
ਸਭ ਦੀ ਆਪੋ ਆਪਣੀ 'ਖ਼ੂਬਸੂਰਤੀ'
ਕਿਸੇ ਹੋਰ ਨੂੰ ਕੁੰਡਲਾਂ ਵਾਲੇ ਵਾਲ ਭਾਉਂਦੇ ਨੇ। ਭੂਰੇ ਕੁੰਡਲਦਾਰ ਵਾਲ। ਹਿੱਪੀਆਂ ਵਰਗਾ ਹੋਵੇ, ਉਸ ਨੇ ਦੱਸਿਆ।
ਐਨਕਾਂ ਲਾਉਂਦਾ ਹੋਵੇ ਤਾਂ ਸੋਨੇ 'ਤੇ ਸੁਹਾਗਾ, ਇਸ ਨਾਲ ਬੌਧਿਕਤਾ ਝਲਕਦੀ ਹੈ, ਉਹ ਖਿੜਖਿੜਾਈ।
ਮੈਂ ਉਲਝ ਗਈ, ਲੰਮੇ, ਗੋਰੇ/ਕਣਕਵੰਨੇ, ਕਾਲੇ ਰੇਸ਼ਮੀ ਵਾਲ ਅਤੇ ਗੱਠੀਲੇਪਣ ਦਾ ਕਿਤੇ ਜ਼ਿਕਰ ਹੀ ਨਹੀਂ ਸੀ।
ਰਿਤਿਕ ਰੌਸ਼ਨ, ਸ਼ਾਹਰੁੱਖ ਖਾਨ ਤੇ ਰਣਵੀਰ ਕਪੂਰ ਵਰਗੇ ਅਦਾਕਾਰ ਮੇਰੇ ਜ਼ਿਹਨ 'ਚੋਂ ਗਾਇਬ ਹੋਣ ਲੱਗੇ। ਕਿਉਂਕਿ, ਇਨ੍ਹਾਂ 'ਚੋਂ ਕੋਈ ਵੀ ਕਿਸੇ ਕੁੜੀ ਦੇ ਸੁਫਨੇ 'ਚ ਹੀ ਨਹੀਂ ਸੀ। ਉਨ੍ਹਾਂ ਸਾਰੀਆਂ ਦੇ ਹੀਰੋ ਤਾਂ ਬੜੇ ਹਟਵੇਂ ਸਨ।
ਕੋਈ ਹੈਰਾਨੀ ਨਹੀਂ ਕਿ ਕਿਸੇ ਮਸ਼ਹੂਰ ਟੀਵੀ ਬਹਿਸ ਨੇ ਇਸ ਨੂੰ ਵਿਸ਼ਾ ਚੁਣਿਆ 'ਕੌਣ ਖ਼ੂਬਸੂਰਤ ਹੈ? ਕੇਰਲੀ ਦੀਆਂ ਔਰਤਾਂ ਕਿ ਤਮਿਲ?' ਮੇਰੀਆਂ ਸਹੇਲੀਆਂ ਨੇ ਇਸੇ ਨੂੰ ਉਲਟਾ ਕੇ ਆਪਣੀ ਚਰਚਾ ਛੇੜ ਲਈ।
ਮੈਂ ਇਸ ਨਾਲ ਸਹਿਮਤ ਨਹੀਂ ਸੀ ਕਿਉਂਕਿ ਇਹ ਵੀ ਟੀਵੀ ਪ੍ਰੋਗਰਾਮ ਵਰਗਾ ਹੀ ਸੀ। ਇਹ ਦੋ ਖਿੱਤਿਆਂ ਦੀਆਂ ਔਰਤਾਂ ਦੀ ਤੁਲਨਾ ਹੀ ਤਾਂ ਸੀ।
ਦਿੱਖ ਦੇ ਅਧਾਰ 'ਤੇ ਇੱਕ ਖਿੱਤੇ ਦੀਆਂ ਔਰਤਾਂ ਨੂੰ ਇੱਕੋ ਵਰਗ 'ਚ ਰੱਖਣਾ।
ਅਸੀਂ ਸਾਰੇ ਹਾਂ ਵੱਖ-ਵੱਖ ਤੇ ਜੁਦਾ-ਜੁਦਾ
ਕਿਉਂਕਿ ਕਿਸੇ ਸੂਬੇ ਦੀਆਂ ਔਰਤਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਮੇਰੀ ਗੁਆਂਢਣ ਵੀ ਮੈਥੋਂ ਜੁਦਾ ਨਜ਼ਰ ਅਉਂਦੀ ਹੈ ਅਤੇ ਮੈਥੋਂ ਵੱਖਰੇ ਢੰਗ ਨਾਲ ਪੇਸ਼ ਹੁੰਦੀ ਹੈ।
ਟੀਵੀ ਪ੍ਰੋਗਰਾਮ ਇੱਕ ਕਦਮ ਹੋਰ ਅਗਾਂਹ ਵਧ ਗਿਆ। ਉਸ ਨੇ ਸੋਸ਼ਲ ਮੀਡੀਆ 'ਤੇ ਇਸ ਮੁੱਦੇ 'ਤੇ ਵੋਟਾਂ ਵੀ ਪੁਆ ਲਈਆਂ।
ਵਿਰੋਧ ਫ਼ੁੱਟ ਪਿਆ। ਇਲਜ਼ਾਮ ਇਹ ਸੀ ਕਿ ਔਰਤਾਂ ਨੂੰ ਵਸਤਾਂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਅਖ਼ੀਰ, ਟੀਵੀ ਚੈਨਲ ਨੇ ਪ੍ਰਸਾਰਨ ਰੱਦ ਕਰ ਦਿੱਤਾ ਤੇ ਵੋਟਾਂ ਅਤੇ ਵੀਡੀਓ ਪ੍ਰੋਮੋ ਇੰਟਰਨੈੱਟ ਤੋਂ ਹਟਾ ਦਿੱਤੇ।
ਮੇਰੀਆਂ ਸਹੇਲੀਆਂ ਦੀ ਚਾਹ ਪਾਰਟੀ, ਇਸ ਪ੍ਰਸਾਰਨ ਦੇ ਰੱਦ ਹੋਣ ਦਾ ਜਸ਼ਨ ਹੀ ਸੀ ਕਿ ਟੀਵੀ ਸ਼ੋਅ ਨੂੰ ਅਜਿਹੀ ਰੂੜ੍ਹੀਵਾਦੀ ਸੋਚ ਨੂੰ ਤਾਕਤ ਨਹੀਂ ਦੇਣੀ ਚਾਹੀਦੀ।
ਔਰਤਾਂ ਲਈ ਖ਼ੂਬਸੂਰਤੀ ਕੀ ਹੈ, ਤੇ ਨਾ ਹੀ ਔਰਤਾਂ ਨੂੰ 'ਖ਼ੂਬਸੂਰਤੀ' ਦੀਆਂ ਮੂਰਤਾਂ ਹੀ ਸਮਝਣਾ ਚਾਹੀਦਾ ਹੈ।
ਮੈਂ ਉਨ੍ਹਾਂ ਨੂੰ ਮਰਦਾਂ ਦੇ ਸੁਹੱਪਣ ਬਾਰੇ ਚੱਲ ਰਹੀ ਬਹਿਸ ਵੱਲ ਮੋੜਦਿਆਂ ਪੁੱਛਿਆ ਪਰ ਫੇਰ ਅਸੀਂ ਮਰਦਾਂ ਨੂੰ ਵਸਤਾਂ ਕਿਉਂ ਬਣਾ ਰਹੇ ਹਾਂ?
ਤੁਸੀਂ ਉਨ੍ਹਾਂ ਦੀ ਸ਼ਖਸ਼ੀਅਤ ਦੇ ਹੋਰ ਪੱਖਾਂ ਬਾਰੇ ਗੱਲ ਕਿਉਂ ਨਹੀਂ ਕਰ ਰਹੇ, ਉਨ੍ਹਾਂ ਦੀ ਹਾਜ਼ਰ ਜਵਾਬੀ, ਪੜ੍ਹਾਈ, ਰਾਜਨਿਤਿਕ ਵਿਚਾਰ, ਵਿਸ਼ਵ ਦਰਸ਼ਨ ਆਦਿ?
ਕੀ ਇਹ ਸਭ ਕਿਸੇ ਵਿਅਕਤੀ ਦੀ ਖ਼ੂਬਸੂਰਤੀ ਦਾ ਹਿੱਸਾ ਨਹੀਂ?
ਕਿਉਂਕਿ ਤੁਸੀਂ ਹਸ ਮੁੱਖ ਨਹੀਂ, ਉਹ ਖਿੜਖਿੜਾ ਪਈਆਂ। ਇਹ ਬੇ-ਨੁਕਸਾਨ ਹਾਸਾ ਠੱਠਾ ਹੈ, ਆਪਣੇ 'ਤੇ ਹੱਸਣਾ ਸਿੱਖੋ ਤੇ ਮੌਜ ਕਰੋ।
ਇਹੀ ਤਾਂ ਦਿੱਕਤ ਹੈ, ਮੈਂ ਕਿਹਾ। ਆਮ ਲੋਕਾਂ ਵਾਂਗ ਮੇਰੇ 'ਤੇ ਵੀ ਖ਼ੂਬਸੂਰਤ, ਸੋਹਣੇ, ਸੁਨੱਖੇ ਬੰਦੇ ਅਸਰ ਪਾਉਂਦੇ ਹਨ।
ਖ਼ੂਬਸੂਰਤੀ ਦਾ ਸਧਾਰਨੀਕਰਨ ਨਹੀਂ ਹੋ ਸਕਦਾ
ਪਰ ਜਦੋਂ ਅਸੀਂ ਕਿਸੇ ਬੰਦੇ ਜਾਂ ਤੀਂਵੀਂ ਨੂੰ ਕਿਸੇ ਆਦਰਸ਼ ਸਰੀਰਕ ਖ਼ੂਬਸੂਰਤੀ ਦੀ ਕਿਸਮ 'ਚ ਫਿੱਟ ਕਰਦੇ ਹਾਂ ਤਾਂ ਅਸੀਂ ਇਸ ਦਾ ਸਧਾਰਨੀਕਰਨ ਹੀ ਕਰਦੇ ਹਾਂ, ਭਾਵੇਂ ਹਾਸੇ ਠੱਠੇ 'ਚ ਹੀ ਸਹੀ।
ਸ਼ਇਦ ਇਸੇ ਕਰਕੇ ਦਰਜਨ ਭਰ ਕੁੜੀਆਂ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਮੰਨ ਗਈਆਂ ਤੇ ਟੀਵੀ ਚੈਨਲ ਨੇ ਵੀ ਇਹ ਪ੍ਰਸਾਰਨ ਕਰਨ ਬਾਰੇ ਸੋਚ ਲਿਆ- ਬੇ-ਨੁਕਸਾਨ ਹਾਸੇ ਠੱਠੇ ਲਈ।
ਪਰ ਕੀ ਇਸੇ ਬੇ ਨੁਕਸਾਨ ਹਾਸੇ ਠੱਠੇ ਦੇ ਨਤੀਜੇ ਵਜੋਂ ਸਿਹਤ ਦੇ ਖ਼ਿਲਾਫ਼ ਜਾਨਣ ਵਾਲੀਆਂ ਆਦਤਾਂ ਜਿਵੇਂ ਖੁਰਾਕ ਘਟਾਉਣਾ, ਬਹੁਤੀ ਫ਼ਿਕਰ, ਆਤਮ ਵਿਸ਼ਵਾਸ਼ ਦੀ ਕਮੀ ਅਤੇ ਇੱਥੋਂ ਤੱਕ ਕਿ ਭਾਰ ਘਟਾਉਣ ਦੇ ਅਪਰੇਸ਼ਨ ਪੈਦਾ ਨਹੀਂ ਹੁੰਦੀਆਂ?