ਸੋਸ਼ਲ: 'ਕੀ ਮੁਸਲਮਾਨਾਂ ਨੇ ਕ੍ਰਿਕਟ ਖੇਡਣਾ ਬੰਦ ਕਰ ਦਿੱਤਾ ਹੈ?'

ਸੋਸ਼ਲ ਮੀਡੀਆ 'ਤੇ ਸਾਬਕਾ ਆਈਪੀਐਸ ਅਫਸਰ ਸੰਜੀਵ ਭੱਟ ਨੇ ਇੱਕ ਬਹਿਸ ਸ਼ੁਰੂ ਕਰ ਦਿੱਤੀ ਹੈ।

ਸੰਜੀਵ ਨੇ ਟਵਿੱਟਰ 'ਤੇ ਇਹ ਸਵਾਲ ਚੁੱਕਿਆ ਹੈ ਕਿ ਹੁਣ ਭਾਰਤੀ ਕ੍ਰਿਕਟ ਟੀਮ ਵਿੱਚ ਮੁਸਲਿਮ ਖਿਡਾਰੀ ਕਿਉਂ ਨਹੀਂ ਹਨ?

ਇਸ ਟਵੀਟ ਵਿੱਚ ਉਨ੍ਹਾਂ ਨੇ ਫੇਸਬੁੱਕ ਦਾ ਲਿੰਕ ਵੀ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਦੀ ਲਿਖੀ ਪੂਰੀ ਗੱਲ ਨਜ਼ਰ ਆਉਂਦੀ ਹੈ।

ਭੱਟ ਨੇ ਲਿਖਿਆ, ''ਕੀ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਵਿੱਚ ਕੋਈ ਵੀ ਮੁਸਲਿਮ ਖਿਡਾਰੀ ਨਹੀਂ ਹੈ? ਆਜ਼ਾਦੀ ਤੋਂ ਲੈਕੇ ਹੁਣ ਤੱਕ ਅਜਿਹਾ ਕਿੰਨੀ ਵਾਰ ਹੋਇਆ ਹੈ ਕਿ ਭਾਰਤ ਦੀ ਕ੍ਰਿਕਟ ਟੀਮ ਵਿੱਚ ਕੋਈ ਮੁਸਲਿਮ ਖਿਡਾਰੀ ਨਾ ਹੋਵੇ?''

ਉਹ ਅੱਗੇ ਲਿਖਦੇ ਹਨ, ''ਕੀ ਮੁਸਲਮਾਨਾਂ ਨੇ ਕ੍ਰਿਕਟ ਖੇਡਣਾ ਬੰਦ ਕਰ ਦਿੱਤਾ ਹੈ? ਜਾਂ ਖਿਡਾਰਿਆਂ ਦੀ ਚੋਣ ਕਰਨ ਵਾਲੇ ਕਿਸੇ ਹੋਰ ਖੇਡ ਦੇ ਨਿਯਮ ਮੰਨ ਰਹੇ ਹਨ?''

ਸੰਜੀਵ ਭੱਟ ਦੇ ਇਸ ਟਵੀਟ 'ਤੇ ਉਨ੍ਹਾਂ ਨੂੰ ਕਈ ਜਵਾਬ ਮਿਲੇ। ਕ੍ਰਿਕਟਰ ਹਰਭਜਨ ਸਿੰਘ ਨੇ ਵੀ ਜਵਾਬ ਦਿੱਤਾ ਕਿ ਹਰ ਖਿਡਾਰੀ ਹਿੰਦੁਸਤਾਨੀ ਹੈ।

ਹਰਭਜਨ ਨੇ ਲਿਖਿਆ, ''ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਮੇਂ ਭਾਈ ਭਾਈ। ਕ੍ਰਿਕਟ ਟੀਮ ਵਿੱਚ ਖੇਡਣ ਵਾਲਾ ਹਰ ਖਿਡਾਰੀ ਹਿੰਦੁਸਤਾਨੀ ਹੈ। ਉਸਦੀ ਜਾਤ ਜਾਂ ਫਿਰ ਰੰਗ ਦੀ ਗੱਲ ਨਹੀਂ ਹੋਣੀ ਚਾਹੀਦੀ (ਜੈ ਭਾਰਤ)।''

ਹਰਭਜਨ ਦੇ ਨਾਲ ਕਈ ਲੋਕਾਂ ਨੇ ਸਹਿਮਤੀ ਜਤਾਈ।

ਟਵਿੱਟਰ ਯੂਜ਼ਰ ਜੇਕੇ ਲਿਖਦੇ ਹਨ, ''ਜਨਾਬ ਕ੍ਰਿਕਟ ਨੂੰ ਤਾਂ ਛੱਡ ਦਿੰਦੇ। ਖਿਡਾਰੀ ਦੇਸ਼ ਦਾ ਹੁੰਦਾ ਹੈ, ਹਿੰਦੂ ਮੁਸਲਿਮ ਨਹੀਂ ਹੁੰਦਾ। ਦੇਸ਼ ਦੀ ਜਨਤਾ ਹਰ ਖਿਡਾਰੀ ਨੂੰ ਚਾਹੁੰਦੀ ਹੈ, ਹਿੰਦੂ ਮੁਸਲਿਮ ਨਹੀਂ ਵੇਖਦੀ।''

ਸੰਦੀਪ ਜ਼ਡੇ ਨੇ ਲਿਖਿਆ, ''ਸਿਰਫ ਮੁਸਲਿਮ ਹੀ ਕਿਉਂ? ਤੁਸੀਂ ਸਿੱਖ, ਈਸਾਈ ਜਾਂ ਫਿਰ ਜੈਨ ਬਾਰੇ ਨਹੀਂ ਪੁੱਛਿਆ? ਇਹ ਸੋਚ ਸਾਫ ਦੱਸਦੀ ਹੈ ਕਿ ਦੇਸ਼ 'ਚ ਦੰਗੇ ਤੁਹਾਡੇ ਵਰਗੀ ਸੋਚ ਵਾਲੇ ਹੀ ਕਰਾਉਂਦੇ ਹਨ।''

ਪਰਵੇਜ਼ ਬਲੂਚ ਨੇ ਟਵੀਟ ਕੀਤਾ, ''ਮੁਹੰਮਦ ਸ਼ਮੀ ਹਨ। ਇਸਨੂੰ ਫਿਰਕੂ ਨਾ ਬਣਾਇਆ ਜਾਏ। ਕੀ ਤੁਹਾਡੇ ਕੋਲ ਕੋਈ ਨਾਮ ਹੈ ਜਿਸਨੂੰ ਧਰਮ ਦੇ ਅਧਾਰ ਤੇ ਕੱਢ ਦਿੱਤਾ ਗਿਆ ਹੋਵੇ?''

ਦੂਜੇ ਪਾਸੇ ਕੁਝ ਲੋਕ ਸੰਜੀਵ ਨਾਲ ਸਹਿਮਤ ਵੀ ਨਜ਼ਰ ਆਏ। ਉਨ੍ਹਾਂ ਦੀ ਫੇਸਬੁੱਕ ਪੋਸਟ 'ਤੇ ਕਈ ਕਮੈਂਟ ਆਏ।

ਕੁਲਸੁਮ ਸ਼ਾਹ ਨੇ ਲਿਖਿਆ, ''ਬੁਰਾ ਲੱਗ ਰਿਹਾ ਹੈ ਕਿ ਇਹ ਸੱਚ ਹੈ। ਭਾਰਤ ਵਿੱਚ ਇੱਕ ਮੁਸਲਿਮ ਜਾਂ ਈਸਾਈ ਖਿਡਾਰੀ ਨੂੰ ਚੁਣੇ ਜਾਣ ਲਈ ਹੋਰਾਂ ਤੋਂ ਵੱਧ ਹੁਨਰਮੰਦ ਹੋਣਾ ਪੈਂਦਾ ਹੈ। ਅੱਜ ਦੇ ਮਾਹੌਲ ਵਿੱਚ ਤਾਂ ਹੋਰ ਵੀ ਔਖਾ ਹੈ।''

ਨੇਹਲ ਅਹਿਮਦ ਕਹਿੰਦੇ ਹਨ, ''ਇੱਥੇ ਤਾਂ ਆਪਣੀ ਜਾਨ ਦੇ ਲਾਲੇ ਪਏ ਹਨ ਅਤੇ ਖ਼ੁਦ ਨੂੰ ਹਰ ਵੇਲੇ ਭਾਰਤੀ ਸਾਬਤ ਕਰਨ ਦਾ ਬੋਝ। ਉੱਪਰੋਂ ਕਹਿੰਦੇ ਹਨ ਕਿ ਤੁਸੀਂ ਚੰਗਾ ਨਹੀਂ ਖੇਡਦੇ।''

ਨਿਊਜ਼ੀਲੈਂਡ ਖਿਲਾਫ ਟੀ-20 ਮੈਚ ਵਿੱਚ ਹੈਦਰਾਬਾਦ ਦੇ ਪੇਸਰ ਮੁਹੰਮਦ ਸਿਰਾਜ਼ ਵੀ ਖੇਡਣ ਵਾਲੇ ਹਨ।

ਕੌਣ ਹਨ ਸੰਜੀਵ ਭੱਟ?

ਸੰਜੀਵ ਭੱਟ ਗੁਜਰਾਤ ਪੁਲਿਸ ਦੇ ਸਾਬਕਾ ਅਫਸਰ ਰਹਿ ਚੁਕੇ ਹਨ। 2002 ਵਿੱਚ ਨਰਿੰਦਰ ਮੋਦੀ ਖਿਲਾਫ਼ ਐਫੀਡੇਵਿਟ ਦਾਖਲ ਕਰਨ 'ਤੇ ਇਹ ਚਰਚਾ ਵਿੱਚ ਆਏ ਸਨ।

ਦਾਅਵਾ ਸੀ ਕਿ ਉਸ ਖਾਸ 'ਮੀਟਿੰਗ' ਵਿੱਚ ਇਹ ਮੌਜੂਦ ਸਨ ਜਿੱਥੇ ਮੋਦੀ ਨੇ ਦੰਗਿਆਂ ਵਿੱਚ ਮੁਸਲਮਾਨਾਂ 'ਤੇ ਹਿੰਸਾ ਕਰਨ ਦੇ ਆਰਡਰ ਪਾਸ ਕੀਤੇ ਸਨ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)