ਜੀਐਸਟੀ 'ਤੇ ਨਵੀਆਂ ਛੋਟਾਂ ਤੋਂ ਤੁਸੀਂ ਕਿੰਨੇ ਖੁਸ਼ ਹੋ ?

ਗੁਡਸ ਐਂਡ ਸਰਵਿਸਸ ਟੈਕਸ ਯਾਨਿ ਜੀਐਸਟੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਅਤੇ ਅਲੋਚਨਾ ਦੇ ਵਿਚਾਲੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇਸ ਦੀ ਸਮੀਖਿਆ ਅਤੇ ਬਦਲਾਅ ਦੀ ਗੱਲ ਕਹੀ ਸੀ।

ਸ਼ੁੱਕਰਵਾਰ ਨੂੰ ਦਿੱਲੀ ਵਿੱਚ ਜੀਐਸਟੀ ਕੌਂਸਲ ਦੀ ਬੈਠਕ ਹੋਈ, ਕਈ ਘੰਟਿਆਂ ਤੱਕ ਚੱਲੀ ਮੀਟਿੰਗ ਵਿੱਚ ਅਹਿਮ ਫ਼ੈਸਲੇ ਲਏ ਗਏ। ਬੈਠਕ ਤੋਂ ਬਾਅਦ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਜੀਐਸਟੀ ਦੇ ਦਾਇਰੇ ਵਿੱਚ ਛੋਟੇ ਵਪਾਰੀਆਂ ਲਈ ਛੋਟ ਦਾ ਐਲਾਨ ਕੀਤਾ।

ਕੀ ਹਨ ਜੀਐਸਟੀ 'ਤੇ ਵੱਡੇ ਫ਼ੈਸਲੇ ?

  • ਡੇਢ ਕਰੋੜ ਰੁਪਏ ਵਾਲੇ ਟਰਨ ਓਵਰ ਵਾਲੇ ਕਾਰੋਬਾਰੀਆਂ ਨੂੰ ਹਰ ਮਹੀਨੇ ਜੀਐਸਟੀ ਰਿਟਰਨ ਭਰਨ ਤੋਂ ਛੋਟ। ਹੁਣ ਤਿੰਨ ਮਹੀਨੇ ਵਿੱਚ ਭਰੀ ਜਾ ਸਕੇਗੀ ਰਿਟਰਨ।
  • ਇੱਕ ਕਰੋੜ ਰੁਪਏ ਦੀ ਕਮਾਈ ਵਾਲੇ ਰੇਸਤਰਾਂ ਮਾਲਕਾਂ ਨੂੰ ਹੁਣ 5 ਫ਼ੀਸਦ ਟੈਕਸ ਦੇਣਾ ਪਵੇਗਾ।
  • ਰਿਵਰਸ ਚਾਰਜ ਨਾਲ ਵਪਾਰੀਆਂ 'ਚ ਭਰਮ ਪੈਦਾ ਹੋਇਆ। ਇਹ ਫ਼ੈਸਲਾ 31 ਮਾਰਚ 2018 ਤੱਕ ਮੁਲਤਵੀ।
  • ਐਕਸਪੋਰਟਰਾਂ ਨੂੰ ਦੁਨੀਆਂ ਦੇ ਬਜ਼ਾਰ 'ਚ ਮੁਕਾਬਲਾ ਕਰਨਾ ਹੁੰਦਾ ਹੈ, ਇਸ ਮੁੱਦੇ 'ਤੇ ਬਣੀ ਇੱਕ ਕਮੇਟੀ ਦੀ ਸਿਫ਼ਾਰਿਸ਼ 'ਚ ਕਿਹਾ ਗਿਆ ਹੈ ਕਿ ਅਹਿਜੇ ਵਪਾਰੀਆਂ ਦਾ ਕ੍ਰੈਡਿਟ ਕਾਫ਼ੀ ਬਲਾਕ ਹੋਇਆ ਹੈ। 10 ਅਕਤੂਬਰ ਤੋਂ ਇਨ੍ਹਾਂ ਨੂੰ ਜੁਲਾਈ ਤੇ ਅਗਸਤ ਦਾ ਰੀਫੰਡ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ।
  • ਕਮੇਟੀ ਨੇ ਇੱਕ ਰਾਹ ਸੁਝਾਇਆ, ਜੀਐਸਟੀ ਵਿੱਚ ਛੋਟ ਨਹੀਂ ਹੈ, ਇਸ ਲਈ ਹਰ ਐਕਸਪੋਰਟਰ ਲਈ ਈ-ਵਾਲੇਟ ਬਣੇਗਾ। ਅਪਰੈਲ 2018 ਤੋਂ ਈ-ਵਾਲਟ 'ਤੇ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਹੋਵੇਗੀ।
  • ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਟੈਕਸ ਦਾ ਵੱਡਾ ਹਿੱਸਾ ਵੱਡੇ ਵਪਾਰੀਆਂ ਤੋਂ ਆਉਂਦਾ ਹੈ। ਜਦਕਿ ਛੋਟੇ ਵਪਾਰੀਆਂ 'ਤੇ ਟੈਕਸ ਭਰਨ ਦਾ ਦਬਾਅ ਜ਼ਿਆਦਾ ਹੈ। ਇਸ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
  • ਕੰਪੋਜਿਸ਼ਨ ਸਕੀਮ ਦੇ ਤਹਿਤ ਹੱਦ ਵਧਾਈ ਗਈ ਹੈ। ਇਸਦੀ ਹੱਦ 75 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਕਰ ਦਿੱਤੀ ਗਈ ਹੈ। ਇਸ ਸਕੀਮ ਤਹਿਤ ਇੱਕ ਕਰੋੜ ਦੇ ਟਰਨ ਓਵਰ 'ਤੇ ਇੱਕ ਫ਼ੀਸਦ, ਮੈਨੂਫੈਕਚਰਿੰਗ ਨੂੰ ਦੋ ਫ਼ੀਸਦ ਅਤੇ ਰੇਸਤਰਾਂ ਨੂੰ ਪੰਜ ਫ਼ੀਸਦ ਟੈਕਸ ਦੇਣਾ ਪਵੇਗਾ।
  • ਇੱਕ ਕਰੋੜ ਤੋਂ ਜ਼ਿਆਦਾ ਦੇ ਟਰਨ ਓਵਰ ਵਾਲੇ ਰੇਸਤਰਾਂ 'ਤੇ ਲੱਗਣ ਵਾਲੇ ਟੈਕਸ ਢਾਂਚੇ 'ਚ ਬਦਲਾਅ 'ਤੇ ਵਿਚਾਰ ਕੀਤਾ ਜਾਵੇਗਾ।

ਜੀਐਸਟੀ ਕੌਂਸਲ ਦੀ ਬੈਠਕ 'ਚ 26 ਵਸਤਾਂ ਦੀਆਂ ਟੈਕਸ ਦਰਾਂ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

  • ਖਾਖਰਾ 'ਤੇ ਟੈਕਸ ਦਰ 12 ਤੋਂ 5 ਫ਼ੀਸਦ ਕੀਤਾ ਗਿਆ। ਬਿਨਾ ਬਰਾਂਡ ਵਾਲੇ ਨਮਕੀਨ 'ਤੇ ਟੈਕਸ ਦਰ 12 ਤੋਂ 5 ਫ਼ੀਸਦ, ਬਿਨਾ ਬਰਾਂਡ ਵਾਲੀਆਂ ਆਯੂਰਵੈਦਿਕ ਦਵਾਈਆਂ 'ਤੇ ਟੈਕਸ ਦਰ 12 ਤੋਂ 5 ਫ਼ੀਸਦ। ਬੱਚਿਆਂ ਦੇ ਫੂਡ ਪੈਕੇਟ 'ਤੇ ਵੀ ਟੈਕਸ ਦਰ 12 ਤੋਂ 5 ਫ਼ੀਸਦ ਕਰ ਦਿੱਤੀ ਗਈ ਹੈ।
  • ਮਾਰਬਲ ਤੇ ਗ੍ਰੇਨਾਈਟ ਨੂੰ ਛੱਡ ਕੇ ਫਰਸ਼ ਲਈ ਵਰਤੋਂ ਹੋਣ ਵਾਲੇ ਪੱਥਰਾਂ 'ਤੇ ਲੱਗਣ ਵਾਲਾ ਟੈਕਸ 28 ਫ਼ੀਸਦ ਤੋਂ ਘਟਾ ਕੇ 18 ਫ਼ੀਸਦ ਕੀਤਾ ਗਿਆ। ਕਈ ਸਟੇਸ਼ਨਰੀ ਉਤਪਾਦਾਂ 'ਤੇ ਵੀ ਟੈਕਸ 28 ਤੋਂ 18 ਫ਼ੀਸਦ ਕੀਤਾ ਗਿਆ।
  • ਡੀਜ਼ਲ ਇੰਜਨ ਦੇ ਪੁਰਜਿਆਂ 'ਤੇ ਟੈਕਸ ਦੀ ਦਰ 28 ਤੋਂ ਘਟਾ ਕੇ 18 ਫ਼ੀਸਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਰੀ ਵਾਲੇ ਕੰਮ 'ਤੇ ਵੀ ਟੈਕਸ ਘੱਟ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)