ਗੁਲਾਮ ਔਰਤਾਂ ਜਿਨ੍ਹਾਂ ਉੱਤੇ ਤਜ਼ਰਬੇ ਕਰਕੇ ਡਾਕਟਰ ਨੇ ਔਰਤਾਂ ਦੀ ਇਸ ਸਮੱਸਿਆ ਦਾ ਇਲਾਜ ਲੱਭਿਆ

    • ਲੇਖਕ, ਦਿ ਹਿਊਮਨ ਸਬਜੈਟ ਸੀਰੀਜ਼
    • ਰੋਲ, ਬੀਬੀਸੀ ਰੇਡੀਓ 4

ਸਾਲ-1845

ਸਥਾਨ-ਅਲਬਾਮਾ, ਅਮਰੀਕਾ

ਐਨਾਰਕਾ, ਇੱਕ 17 ਸਾਲਾਂ ਦੀ ਗੁਲਾਮ ਕੁੜੀ ਨੇ ਹੁਣੇ ਇੱਕ ਸੰਤਾਨ ਨੂੰ ਜਨਮ ਦਿੱਤਾ ਹੈ। ਲੇਕਿਨ ਜਣੇਪੇ ਦੌਰਾਨ ਇੱਕ ਪੇਚੀਦਗੀ ਪੈਦਾ ਹੋ ਗਈ ਹੈ।

ਐਨਾਰਕਾ ਨੂੰ ਦੇਖਣ ਆਏ ਡਾਕਟਰ ਨੇ ਬਾਅਦ ਵਿੱਚ ਲਿਖਿਆ ਇਹ “ਬਹੁਤ ਬਦਕਿਸਮਤੀ ਵਾਲੀ ਸਥਿਤੀ” ਸੀ।

ਡਾ਼ ਜੇਮਜ਼ ਮੈਰੀਅਨ ਸਿਮਸ ਨੇ ਅਜਿਹਾ ਕੇਸ ਪਹਿਲਾਂ ਕਦੇ ਨਹੀਂ ਦੇਖਿਆ ਸੀ ਪਰ ਉਨ੍ਹਾਂ ਨੇ ਇਸ ਬਾਰੇ ਕੁਝ ਕਰਨ ਦਾ ਫੈਸਲਾ ਕੀਤਾ।

ਚੇਤਾਵਨੀ—ਇਸ ਲੇਖ ਦੇ ਵੇਰਵੇ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਇਹ ਕਹਾਣੀ ਉਨ੍ਹਾਂ ਸਿਆਹਫ਼ਾਮ ਗੁਲਾਮ ਔਰਤਾਂ ਦੀ ਹੈ ਜਿਨ੍ਹਾਂ ਦੇ ਸਰੀਰਾਂ ਦਾ ਸ਼ੋਸ਼ਣ ਕੀਤਾ ਗਿਆ। ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਸਾਨੂੰ ਉਹ ਮੈਡੀਕਲ ਔਜਾਰ ਦਿੱਤੇ ਜੋ ਅੱਜ ਵੀ ਜ਼ਿੰਦਗੀਆਂ ਬਚਾਉਣ ਵਿੱਚ ਮਦਦਗਾਰ ਹਨ।

ਉਨ੍ਹਾਂ ਨੇ ਗੁਲਾਮ ਦੇ ਮਾਲਕ, ਵੈਸਟਕੌਟ ਤੋਂ ਐਨਾਰਕਾ ਦੇ ਇਲਾਜ ਦੀ ਪ੍ਰਵਾਨਗੀ ਲਈ ਅਤੇ ਪ੍ਰਯੋਗੀ ਅਪਰੇਸ਼ਨ ਸ਼ੁਰੂ ਕੀਤੇ।ਐਨਾਰਕਾ ਦੇ ਇੱਕ ਦੀ ਥਾਂ 30 ਅਪਰੇਸ਼ਨ ਕੀਤੇ ਗਏ।

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਅਮਰੀਕਾ ਵਿੱਚ ਅੰਧ-ਮਹਾਂਸਾਗਰ ਦੇ ਪਰਲੇ ਪਾਸੇ ਅਫ਼ਰੀਕਾ ਤੋਂ ਹੋਰ ਗੁਲਾਮ ਲੈ ਕੇ ਆਉਣਾ ਗੈਰ-ਕਨੂੰਨੀ ਹੋ ਚੁੱਕਿਆ ਸੀ। ਲੇਕਿਨ ਗੁਲਾਮੀ ਉੱਤੇ ਅਜੇ ਮਨਾਹੀ ਨਹੀਂ ਸੀ।

ਇਹ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਵੱਲੋਂ ਪਹਿਲੀ ਜਨਵਰੀ, 1863 ਨੂੰ ‘ਮੁਕਤੀ ਦੇ ਐਲਾਨ’ ਨਾਲ ਦਾਸ ਪ੍ਰਥਾ ਨੂੰ ਕਾਨੂੰਨੀ ਰੂਪ ਵਿੱਚ ਖ਼ਤਮ ਕੀਤੇ ਜਾਣ ਤੋਂ ਦੋ ਦਹਾਕੇ ਪਹਿਲਾਂ ਦਾ ਵਾਕਿਆ ਹੈ।

ਦਾਸੀ ਐਨਾਰਕਾ

ਐਨਾਰਕਾ ਅਲਬਾਮਾ ਦੇ ਮੌਂਟਗੁਮਰੀ ਵਿੱਚ ਇੱਕ ਖੇਤ ਵਿੱਚ ਰਹਿੰਦ ਸਨ। ਉਹ 72 ਘੰਟਿਆਂ ਤੋਂ ਜਣੇਪਾ ਦੇ ਦਰਦਾਂ ਵਿੱਚ ਸਨ।

ਉਨ੍ਹਾਂ ਦਾ ਗਰਭ ਫਸ ਗਿਆ ਸੀ। ਇਹ ਉਹ ਸਥਿਤੀ ਹੈ ਜਦੋਂ ਬੱਚੇ ਦਾ ਅਕਾਰ ਮਾਂ ਦੇ ਰਸਤੇ ਤੋਂ ਵੱਡਾ ਹੋਣ ਕਾਰਨ ਉਹ ਪੂਰਾ ਜ਼ੋਰ ਪਾਏ ਜਾਣ ਦੇ ਬਾਵਜੂਦ ਬਾਹਰ ਨਹੀਂ ਆਉਂਦਾ ਹੈ।

ਉਸ ਸਮੇਂ ਇਸ ਸਥਿਤੀ ਵਿੱਚ ਬਹੁਤ ਸਾਰੀਆਂ ਮਾਵਾਂ ਜ਼ਿੰਦਾ ਨਹੀਂ ਬਚੀਆਂ ਹੋਣਗੀਆਂ, ਉਨ੍ਹਾਂ ਦੇ ਬੱਚੇ ਬਚੇ ਸਨ ਜਾਂ ਨਾ, ਇਸ ਬਾਰੇ ਵੀ ਕੋਈ ਰਿਕਾਰਡ ਸਾਨੂੰ ਨਹੀਂ ਮਿਲਦਾ।

ਬੱਚੇ ਦਾ ਜਨਮ ਤਾਂ ਹੋਇਆ ਪਰ ਐਨਾਰਕਾ ਨੂੰ ਵਿਜ਼ਿਕੋਵੈਜੀਨਲ ਫਿਸਟੂਲਾ ਦੀ ਸਥਿਤੀ ਪੈਦਾ ਹੋ ਗਈ।

ਫਿਸਟੂਲਾ ਉਹ ਸਥਿਤੀ ਹੈ ਜਦੋਂ ਦੋ ਅੰਗ ਛੇਕ ਰਾਹੀਂ ਆਪੋ ਵਿੱਚ ਖੁੱਲ੍ਹ ਜਾਂਦੇ ਹਨ। ਦੋ ਅੰਗਾਂ ਦੇ ਦਰਮਿਆਨ ਇੱਕ ਲਾਂਘਾ ਬਣ ਜਾਂਦਾ ਹੈ, ਜੋ ਨਹੀਂ ਬਣਨਾ ਚਾਹੀਦਾ। ਐਨਾਰਕਾ ਦੀ ਪਿਸ਼ਾਬ ਦੀ ਥੈਲੀ ਉਸ ਦੀ ਯੋਨੀ ਵਿੱਚ ਖੁੱਲ੍ਹ ਗਈ ਸੀ।

ਯੂਐੱਸ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ ਵਿਜ਼ਿਕੋਵੈਜੀਨਲ ਫਿਸਟੂਲਾ ਨੂੰ ਜਣੇਪੇ ਦੀਆਂ ਸਭ ਤੋਂ ਗੰਭੀਰ ਸਿਥਿਤੀਆਂ ਵਿੱਚੋਂ ਇੱਕ ਹੈ।

ਇਸ ਕਾਰਨ ਪਿਸ਼ਾਬ ਮੂਤਰ ਮਸਾਨੇ ਵਿੱਚੋਂ ਯੋਨੀ ਵਿੱਚ ਰਿਸਣ ਲਗਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅੰਦਾਜ਼ੇ ਮੁਤਾਬਕ ਮੁਤਾਬਕ 50,000 ਤੋਂ ਇੱਕ ਲੱਖ ਔਰਤਾਂ ਹਰ ਸਾਲ ਇਸਦਾ ਸ਼ਿਕਾਰ ਹੁੰਦੀਆਂ ਹਨ।

ਇਸ ਕਾਰਨ ਐਨਾਰਕਾ ਨੂੰ ਲਗਾਤਾਰ ਦਰਦ ਹੋ ਰਿਹਾ ਸੀ ਅਤੇ ਉਹ ਕੰਬ ਰਹੇ ਸਨ।

ਡਾ਼ ਸਿਮਸ ਜਿਨ੍ਹਾਂ ਨੇ ਜਣੇਪਾ ਕਰਵਾਇਆ ਸੀ, ਉਨ੍ਹਾਂ ਨੂੰ ਹੀ ਇਲਾਜ ਲਈ ਸੱਦਿਆ ਗਿਆ।

ਐਨਾਰਕਾ ਦਾ ਪਹਿਲੀ ਵਾਰ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ, “ਮੌਤ ਤੋਂ ਇਲਾਵਾ ਇਹ (ਦੂਜਾ) ਸਭ ਤੋਂ ਬੁਰਾ ਹਾਦਸਾ ਸੀ ਜੋ ਉਸ ਵਿਚਾਰੀ ਕੁੜੀ ਨਾਲ ਹੋ ਸਕਦਾ ਸੀ।”

ਇੱਕ ਸਪਸ਼ਟੀਕਰਨ

ਡਾ਼ ਡੀਅਰਡਰ ਕੂਪਰ ਓਵਿਨਸ ਇੱਕ ਇਤਿਹਾਸਕਾਰ ਹਨ, ਪ੍ਰਜਨਣ ਹੱਕਾਂ ਦੇ ਕਾਰਕੁਨ ਹਨ ਅਤੇ ਕਿਤਾਬ ‘ਮੈਡੀਕਲ ਬੌਂਡੇਜ: ਰੇਸ, ਜੈਂਡਰ ਐਂਡ ਦੀ ਓਰੀਜਨਸ ਆਫ਼ ਅਮੈਰੀਕਨ ਗਾਇਨੋਕੌਲੋਜੀ’ ਦੇ ਲੇਖਕ ਹਨ।

ਉਹ ਦੱਸਦੇ ਹਨ, ਉਸ ਸਮੇਂ, ਦਾਸ ਪ੍ਰਥਾ ਅਤੇ ਪ੍ਰਜਨਣ ਸਿਹਤ ਆਪੋ ਵਿੱਚ ਘੁਲੇ ਮਿਲੇ ਸਨ।

“ਅਮਰੀਕੀ ਸੰਵਿਧਾਨ ਨੇ ਅੰਧ ਮਹਾਂ ਸਾਗਰ ਗੁਲਾਮਾਂ ਦੇ ਵਪਾਰ ਉੱਤੇ ਰੋਕ ਲਾ ਦਿੱਤੀ ਸੀ ਇਸ ਲਈ ਗੁਲਾਮਾਂ ਦੀ ਜਨਸੰਖਿਆ ਵਧਾਉਣ ਦੇ ਹੋਰ ਤਰੀਕੇ ਅਪਨਾਉਣ ਦੀ ਲੋੜ ਸੀ।”

“ਇਸ ਲਈ, ਗੁਲਾਮ ਔਰਤਾਂ ਦੀ ਪ੍ਰਜਨਣ ਸਿਹਤ ਨੂੰ ਸੁਰਜੀਤ ਕਰਨਾ ਹੀ ਲਾਭ-ਹਾਨੀ ਦੇ ਪੱਖ ਤੋਂ ਸਭ ਤੋਂ ਵਧੀਆ ਤਰੀਕਾ ਸੀ ਕਿਉਂਕਿ ਇਨ੍ਹਾਂ ਔਰਤਾਂ ਦੀਆਂ ਕੁੱਖਾਂ ਗੁਲਾਮੀ ਦੀ ਖਾਣ ਸਨ।”

ਔਵਿਨਸ ਦੱਸਦੇ ਹਨ, “ਇਸ ਲਈ ਅਜਿਹਾ ਨਹੀਂ ਸੀ ਕਿ ਉਨ੍ਹਾਂ ਦਾ ਹਮਦਰਦੀ ਵਾਲਾ ਨਜ਼ਰੀਆ ਸੀ, ਕਿ ਹੇ ਰੱਬ, ਆਓ ਇਨ੍ਹਾਂ ਵਿਚਾਰੀਆਂ ਗਰਭਵਤੀ ਔਰਤਾਂ ਦੀ ਜਣੇਪੇ ਮਗਰੋਂ ਸੰਭਾਲ ਕਰੀਏ।”

ਇਹ ਤਾਂ ਜਾਇਦਾਦ ਨੂੰ ਬਰਕਰਾਰ ਰੱਖਣ ਬਾਰੇ ਹੈ। ਗੁਲਾਮਾਂ ਦਾ ਕਾਨੂੰਨੀ ਦਰਜ਼ਾ ਤਾਂ ਚੱਲ ਜਾਇਦਾਦ ਵਾਲਾ ਹੀ ਸੀ।

ਇਸੇ ਕਾਰਨ ਸਿਮਸ ਨੂੰ ਉਨ੍ਹਾਂ ਦੇ ਸਰੀਰਾਂ ਤੱਕ ਇੰਨੀ ਸੌਖੀ ਪਹੁੰਚ ਮਿਲ ਗਈ ਸੀ। ਇਹ ਸੱਭਿਆਚਾਰ ਦਾ ਹਿੱਸਾ ਸੀ ਅਤੇ ਡਾਕਟਰਾਂ ਅਤੇ ਹਸਪਤਾਲਾਂ ਲਈ ਗੁਲਾਮਾਂ ਦੇ ਮਾਲਕਾਂ ਕੋਲ ਜਾ ਕੇ ਕਹਿਣਾ “ਜੇ ਤੁਸੀਂ ਮੈਨੂੰ ਆਪਣਾ ਗੁਲਾਮ ਕਿਰਾਏ ਉੱਤੇ ਦਿਓਂ ਤਾਂ ਉਸਦੀ ਸਿਹਤ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹਾਂ”, ਇਹ ਆਮ ਗੱਲ ਸੀ।

ਜਿਸ ਚੀਜ਼ ਤੋਂ ਮੈਨੂੰ ਨਫ਼ਰਤ ਹੋਈ

ਸਮਿਸ ਨੇ ਫਿਸਟੂਲਾ ਸਿਉਣ ਦੀ ਕੋਸ਼ਿਸ਼ ਕੀਤੀ ਪਰ... ਹੋ ਨਹੀਂ ਸਕਿਆ।

ਉਨ੍ਹਾਂ ਨੇ ਘਰ ਆ ਕੇ ਇਸ ਬਾਰੇ ਡੂੰਘਾਈ ਨਾਲ ਪੜ੍ਹਨਾ ਸ਼ੁਰੂ ਕੀਤਾ।

ਵਾਪਸ ਆ ਕੇ ਉਨ੍ਹਾਂ ਨੇ ਐਨਾਰਕਾ ਦੇ ਮਾਲਕ ਨੂੰ ਅਗਲਾ ਰਸਤਾ ਸਮਝਾਇਆ: ਉਹ ਜ਼ਿੰਦਾ ਰਹੇਗੀ ਲੇਕਿਨ ਇੱਕ ਸੇਵਾਦਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇਗੀ।

ਜਲਦੀ ਹੀ ਸਿਮਸ ਨੂੰ ਇੱਕ ਹੋਰ ਡਾਕਟਰ ਨੇ ਸੰਪਰਕ ਕੀਤਾ, ਉਸ ਕੋਲ ਵੀ ਬੇਟਸੀ ਨਾਮ ਦੀ ਇੱਕ ਅਲ੍ਹੱੜ ਨੌਕਰਾਣੀ ਸੀ। ਉਸ ਦਾ ਵੀ ਪਿਸ਼ਾਬ ਉੱਤੇ ਕੰਟਰੋਲ ਨਹੀਂ ਸੀ। ਡਾਕਟਰ ਨੇ ਕਿਹਾ ਕਿ ਉਸ ਨੇ ਕੁੜੀ ਦਾ ਮੁਆਇਨਾ ਕੀਤਾ ਹੈ ਅਤੇ ਉਸ ਦੀ ਸਥਿਤੀ ਨੂੰ ਲਾਇਲਾਜ ਘੋਸ਼ਿਤ ਕਰ ਦਿੱਤਾ ਹੈ।

ਫਿਰ ਉਨ੍ਹਾਂ ਨੇ ਸਿਮਸ ਦੇ ਕੋਲ ਤੀਜੀ ਗੁਲਾਮ ਦੇ ਰੂਪ ਵਿੱਚ 18 ਸਾਲਾ ਲੂਸੀ ਨੂੰ ਭੇਜਿਆ। ਸਿਮਸ ਦੀ ਸਵੈ-ਜੀਵਨੀ ਮੁਤਾਬਕ ਉਸ ਦੇ ਮੂਤਰ ਮਸਾਨੇ ਵਿੱਚ ਫਿਸਟੂਲਾ ਸੀ।

ਭਰੇ-ਭੀਤੇ ਸਿਮਸ ਨੇ ਕਿਹਾ, “ਇਹ ਕੇਸ ਲਾਇਲਾਜ ਹੈ। ਮੈਂ ਉਸ ਨੂੰ ਜਾਂ ਕੇਸ ਨੂੰ ਨਹੀਂ ਦੇਖਣਾ ਚਾਹੁੰਦਾ।”

ਉਸ ਸਮੇਂ ਤੱਕ ਸਿਮਸ ਦੀ ਗਾਇਨੋਕੌਲੋਜੀ ਪ੍ਰਕਰਿਆਵਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਗਾਇਨੋਕੌਲੋਜੀ ਉਸ ਸਮੇਂ ਜ਼ਿਆਦਾਤਰ ਇੱਕ ਰਹੱਸ ਸੀ।

ਹਾਲਾਂਕਿ ਉਨ੍ਹਾਂ ਨੇ ਲਿਖਿਆ, ਜੇ ਕੋਈ ਇੱਕ ਚੀਜ਼ ਸੀ ਜਿਸ ਤੋਂ ਮੈਨੂੰ ਨਫ਼ਰਤ ਹੋਈ ਤਾਂ ਉਹ ਸੀ ਔਰਤਾਂ ਦੇ ਕੂਹਲੇ ਦੇ ਅੰਗਾਂ ਦਾ ਮੁਆਇਨਾ ਕਰਨਾ।

ਡਾਕਟਰ ਨੇ ਇਹ ਵੀ ਲਿਖਿਆ ਕਿ ਐਨਾਰਕਾ ਨੂੰ ਮਿਲਣ ਤੱਕ, “ਮੈਂ ਕਦੇ ਔਰਤਾਂ ਦੀ ਕਿਸੇ ਵੀ ਬੀਮਾਰੀ ਕਿਸੇ ਠੀਕ ਕਰਨ ਬਾਰੇ ਨਹੀਂ ਸੋਚਿਆ। ਜੇ ਕੋਈ ਔਰਤ ਮੇਰੇ ਕੋਲ ਯੂਟਰਿਨ ਪ੍ਰਣਾਲੀ ਦੀ ਕੋਈ ਸਮੱਸਿਆ ਲੈ ਕੇ ਆਉਂਦੀ ਤਾਂ ਮੈਂ ਤੁਰੰਤ ਕਹਿ ਦਿੰਦਾ, ਇਹ ਮੇਰੇ ਕੰਮ ਤੋਂ ਬਾਹਰ ਹੈ।”

ਲੇਕਿਨ ਜਦੋਂ ਇੱਕ ਗੋਰੀ ਔਰਤ ਮੇਰਿਲ ਉਨ੍ਹਾਂ ਨੂੰ ਮਿਲੀ ਤਾਂ ਸਿਮਸ ਦਾ ਨਜ਼ਰੀਆ ਬਦਲ ਗਿਆ।

ਉਸ ਸਮੇ ਮਰਦਾਂ ਲਈ ਔਰਤਾਂ ਦੇ ਗੁਪਤ ਅੰਗਾਂ ਦਾ ਮੁਆਇਨਾ ਕਰਨਾ ਆਮ ਗੱਲ ਨਹੀਂ ਸੀ, ਮੇਰਿਲ ਨੇ ਸਿਮਸ ਨੂੰ ਅਜਿਹਾ ਕਰਨ ਦਿੱਤਾ।

ਉਸਦਾ ਮੁਆਇਨਾ ਕਰਨ ਤੋਂ ਬਾਅਦ ਸਿਮਸ ਨੂੰ ਲੱਗਿਆ ਕਿ ਔਰਤ ਨੂੰ ਕਿਸੇ ਖਾਸ ਸਥਿਤੀ ਵਿੱਚ ਲਿਟਾਉਣ ਨਾਲ ਉਨ੍ਹਾਂ ਦੀ ਉਸਦੇ ਅੰਦਰੂਨੀ ਅੰਗਾਂ ਤੱਕ ਪਹੁੰਚ ਵਿੱਚ ਸੁਧਾਰ ਹੋਇਆ ਸੀ ਅਤੇ ਉਹ ਉਸ ਦਾ ਇਲਾਜ ਕਰ ਸਕੇ ਸਨ।

ਉਨ੍ਹਾਂ ਨੇ ਸੋਚਿਆ ਕਿ ਜੇ ਉਹ ਵਿਜ਼ਿਕੋਵੈਜੀਨਲ ਫਿਸਟੂਲਾ ਦੀਆਂ ਮਰੀਜ਼ਾਂ ਨੂੰ ਉਸ ਤਰ੍ਹਾਂ ਲਿਟਾਉਣ ਤਾਂ, ਉਹ ਇਸ ਸਥਿਤੀ ਬਾਰੇ ਬਿਹਤਰ ਦੇਖ ਸਕਣਗੇ, ਜੋ ਲੰਬੇ ਸਮੇਂ ਤੋਂ ਕਈ ਡਾਕਟਰਾਂ ਲਈ ਇੱਕ ਰਹੱਸ ਬਣੀ ਹੋਈ ਹੈ।

ਇਹ ਇੱਕ ਮਹੱਤਵਪੂਰਨ ਪਲ ਸੀ। ਉਨ੍ਹਾਂ ਨੇ ਲਿਖਿਆ “ਮੈਂ ਇਸ ਵਿਚਾਰ ਤੋਂ ਪ੍ਰੇਰਿਤ ਸੀ।”

ਇਸ ਵਿਚਾਰ ਵਿੱਚ ਸਿਮਸ ਬਾਕੀ ਭਰਤੀ ਕੀਤੇ ਮਰੀਜ਼ਾਂ ਨੂੰ ਦੇਖਣਾ ਜਿਵੇਂ ਭੁੱਲ ਹੀ ਗਏ। ਉਨ੍ਹਾਂ ਨੇ ਆਪਣੇ ਦੋ ਤਾਲਿਬੇ ਇਲਮਾਂ ਨੂੰ ਆਪਣੇ ਬਾਕੀ ਮਰੀਜ਼ ਦੇਖਣ ਦੀ ਜ਼ਿੰਮੇਵਾਰੀ ਦੇ ਦਿੱਤੀ।

ਉਸ ਸਮੇਂ ਬੇਟਸੀ ਹਸਪਤਾਲ ਵਿੱਚੋਂ ਛੁੱਟੀ ਦਿੱਤੇ ਜਾਣ ਦੀ ਉਡੀਕ ਵਿੱਚ ਸੀ।

ਸਿਮਸ ਨੇ ਆਪਣਾ ਸਿਧਾਂਤ ਪਹਿਲਾਂ ਉਸੇ ਉਤੇ ਅਜ਼ਮਾਇਆ ਅਤੇ ਇਹ ਕਾਰਗਰ ਰਿਹਾ।

ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ, “ਮੈਂ ਉਹ ਸਭ ਕੁਝ ਦੇਖਿਆ ਜੋ ਪਹਿਲਾਂ ਕਦੇ ਕਿਸੇ ਬੰਦੇ ਨੇ ਨਹੀਂ ਦੇਖਿਆ ਸੀ।”

ਉਤਸ਼ਾਹ ਵਿੱਚ ਉਨ੍ਹਾਂ ਨੇ ਸੋਚਿਆ ਇਹ ਤਾਂ ਬੜਾ ਸੌਖਾ ਹੈ, ਬਸ ਅਪਰੇਸ਼ਨ ਕਰਕੇ ਉਹ ਛੇਕ ਬੰਦ ਕਰਨਾ ਹੈ।

“ਮੈਨੂੰ ਯਕੀਨ ਸੀ ਕਿ ਮੈਂ ਸਮੇਂ ਦੀਆਂ ਸਭ ਤੋਂ ਮਹਾਨ ਖੋਜਾਂ ਵਿੱਚੋਂ ਇੱਕ ਕਰਨ ਵਾਲਾ ਸੀ। ਮੈਂ ਇਸ ਬਾਰੇ ਜਿੰਨਾ ਸੋਚਿਆ ਮੇਰਾ ਯਕੀਨ ਉਨਾਂ ਹੀ ਪੱਕਾ ਹੁੰਦਾ ਗਿਆ।”

ਲੇਕਿਨ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਅਪਰੇਸ਼ਨ ਲਈ ਜ਼ਰੂਰੀ ਔਜ਼ਾਰ ਬਣਾਉਣ ਦੀ ਲੋੜ ਸੀ ਅਤੇ ਉਨ੍ਹਾਂ ਨੇ ਕਈ ਔਜ਼ਾਰ ਬਣਾਏ ਵੀ। ਜਿਨ੍ਹਾਂ ਦੀ ਵਰਤੋਂ ਅੱਜ ਤੱਕ ਹੁੰਦੀ ਹੈ।

ਫਿਰ ਉਨ੍ਹਾਂ ਨੇ ਐਨਾਰਕਾ, ਲੂਸੀ ਅਤੇ ਬੇਟਸੀ ਦੇ ਮਾਲਕਾਂ ਨੂੰ ਲਿਖਿਆ ਕਿ ਉਹ ਇਨ੍ਹਾਂ ਨੂੰ ਆਪਣੇ ਕੋਲ ਰੱਖ ਕੇ ਇਲਾਜ ਕਰਨ ਦੀ ਕੋਸ਼ਿਸ਼ ਕਰਨੀ ਚਾਹੁਣਗੇ।

ਉਨ੍ਹਾਂ ਨੇ ਪ੍ਰਯੋਗ ਲਈ ਪੂਰ ਦੇਸ ਵਿੱਚ ਅਜਿਹੇ ਹੋਰ ਮਾਮਲੇ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਅਜਿਹੀ ਸਮੱਸਿਆ ਵਾਲੀਆਂ ਛੇ ਜਾਂ ਸੱਤ ਹੋਰ ਗੁਲਾਮ ਔਰਤਾਂ ਮਿਲ ਗਈਆਂ।

ਇਸ ਸਮੇਂ ਤੱਕ ਸਿਮਸ ਨੇ ਆਪਣਾ ਹਸਪਤਾਲ ਕਾਇਮ ਕਰ ਲਿਆ ਸੀ। ਇਸ ਵਿੱਚ ਉਨ੍ਹਾਂ ਨੇ 12 ਬਿਸਤਰੇ ਮਰੀਜ਼ਾਂ ਲਈ ਅਤੇ ਚਾਰ ਬਿਸਤਰੇ ਸੇਵਾਦਾਰਾਂ ਲਈ ਰੱਖਣ ਦਾ ਫੈਸਲਾ ਕੀਤਾ।

ਹਾਲਾਂਕਿ ਅਗਲੇ ਹੀ ਸਾਲ 1855 ਵਿੱਚ ਉਨ੍ਹਾਂ ਨੇ ਕੁਝ ਅਜਿਹਾ ਬਣਾ ਦਿੱਤਾ ਜਿਸ ਨੂੰ ਅਲਬਾਮਾ ਦਾ ਪਹਿਲਾ ਔਰਤਾਂ ਦਾ ਹਸਪਤਾਲ ਕਿਹਾ ਜਾਂਦਾ ਹੈ।

ਲੇਕਿਨ ਇਹ ਹਸਪਤਾਲ ਇਲਾਜ ਲਈ ਜਾਂ ਕਹੋ ਸਗੋਂ ਸਿਆਹਫਾਮ ਔਰਤਾਂ ਉੱਤੇ ਤਜ਼ਰਬੇ ਕਰਨ ਲਈ ਤਿਆਰ ਕੀਤਾ ਗਿਆ ਸੀ।

ਇਹ ਉਹ ਹਸਪਤਾਲ ਵੀ ਸੀ ਜਿਸ ਨੂੰ ਚਲਾਉਣ ਵਿੱਚ ਇਹ ਗਰੀਬੜੀਆਂ ਹੀ ਮਦਦ ਕਰਦੀਆਂ ਸਨ।

ਅਜਿਹਾ ਕਿਵੇਂ?

ਇਹ ਅਜੀਬ ਲਗਦਾ ਹੈ ਪਰ ਹਾਂ: ਮਰੀਜ਼ ਹੀ ਹਸਪਤਾਲ ਵਿੱਚ ਕੰਮ ਕਰਦੀਆਂ ਸਨ ਜਦੋਂ ਕਿ ਉਨ੍ਹਾਂ ਦੇ ਸਰੀਰਾਂ ਉੱਤੇ ਹੀ ਤਜ਼ਰਬੇ ਕੀਤੇ ਜਾ ਰਹੇ ਸਨ।

ਸਿਮਸ ਖੁਸ਼ ਸਨ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ—

"ਯਾਦ ਹੈ, ਮੈਨੂੰ ਉਮੀਦ ਸੀ ਮੈਂ ਉਨ੍ਹਾਂ ਨੂੰ ਛੇ ਮਹੀਨੇ ਵਿੱਚ ਠੀਕ ਕਰ ਦੇਵਾਂਗਾ। ਨਾਕਾਮੀ ਮੇਰੇ ਸੁਫ਼ਨੇ ਵਿੱਚ ਵੀ ਨਹੀਂ ਸੀ ਅਤੇ ਮੈਂ ਦੇਖ ਸਕਦਾ ਸੀ ਕਿ ਇਹ ਅਪਰੇਸ਼ਨ ਕਿੰਨੀ ਸਟੀਕਤਾ ਨਾਲ ਕੀਤੇ ਜਾ ਸਕਦੇ ਹਨ।"

ਐਨਾਰਕਾ ਨੂੰ ਸਿਮਸ ਦੇ ਹਵਾਲੇ ਕਰ ਦਿੱਤਾ ਗਿਆ। ਭਾਵ ਉਹ ਭਾਵੇਂ ਕੁਝ ਵੀ ਚਾਹੇ ਜਾਂ ਸੋਚੇ ਸਿਸਮ ਉਸ ਨਾਲ ਜੋ ਚਾਹੁਣ ਕਰ ਸਕਦੇ ਸਨ।

ਸਿਮਸ ਐਨਰਕਾ ਦੇ, ਲੂਸੀ ਦੇ ਅਤੇ ਬੇਟਸੀ ਦੇ ਵੀ ਅਤੇ ਨੌਂ ਹੋਰ ਗੁਲਾਮ ਔਰਤਾਂ ਦੇ ਅਪਰੇਸ਼ਨ ਕਰ ਰਹੇ ਸਨ।

ਪਹਿਲਾਂ ਤਾਂ ਹੋਰ ਡਾਕਟਰਾਂ ਨੇ ਵੀ ਨਵੇਂ ਤਰੀਕੇ ਬਾਰੇ ਉਤਸੁਕਤਾ ਵੱਸ ਸਿਮਸ ਦੀ ਮਦਦ ਕੀਤੀ।

ਲੇਕਿਨ ਉਹ ਲਿਖਦੇ ਹਨ, “ਦੋ ਜਾਂ ਤਿੰਨ ਸਾਲ ਦੀ ਨਿਰੰਤਰ ਅਸਫ਼ਲਤਾ ਅਤੇ ਨਿਸਫਲ ਯਤਨਾਂ ਨੇ ਮੇਰੇ ਦੋਸਤਾਂ ਨੂੰ ਥਕਾ ਦਿੱਤਾ।”

ਜਦੋਂ ਸਿਮਸ ਦੇ ਹੋਰ ਸਾਥੀ ਡਾਕਟਰ ਅਤੇ ਸਹਾਇਕਾਂ ਦੀ ਦਿਲਚਸਪੀ ਖ਼ਤਮ ਹੋ ਗਈ ਤਾਂ ਉਨ੍ਹਾਂ ਨੇ ਆਪਣੀਆਂ ਮਰੀਜ਼ਾਂ ਨੂੰ ਹੀ ਆਪਣੀ ਮਦਦ ਕਰਨ ਦਾ ਹੁਕਮ ਦਿੱਤਾ।

ਉਨ੍ਹਾਂ ਨੇ ਗੁਲਮਾਂ ਨੂੰ ਇੱਕ-ਦੂਜੀ ਦਾ ਅਪਰੇਸ਼ਨ ਕਰਨ ਦੀ ਸਿਖਲਾਈ ਦਿੱਤੀ।

ਓਵਿਨਸ ਕਹਿੰਦੇ ਹਨ, “ਕਈ ਵਾਰ ਲੋਕ ਹੈਰਾਨ ਹੁੰਦੇ ਹਨ: ਲੇਕਿਨ ਉਹ ਉਸਦੇ ਮਰੀਜ਼ ਸਨ! ਮੈਂ ਕਹਾਂਗਾ ਹਾਂ, ਪਰ ਉਹ ਗੁਲਾਮ ਸਨ। ਤੁਹਾਨੂੰ ਕੀ ਲਗਦਾ ਹੈ ਗੁਲਾਮ ਲੋਕ ਕਰਦੇ ਸਨ? ਉਹ ਜਨਮ ਤੋਂ ਮੌਤ ਤੱਕ ਕੰਮ ਕਰਦੇ ਸਨ, ਕੰਮ ਕਰਦੇ ਸਨ।”

ਅਪਰੇਸ਼ਨਾਂ ਵਿੱਚ ਇੱਕ ਦੂਜੀ ਨੂੰ ਫੜਨਾ ਵੀ ਸ਼ਾਮਿਲ ਸੀ ਕਿਉਂਕਿ ਇਹ ਬੇਹੋਸ਼ੀ (ਐਨਸਥੀਸੀਆ) ਤੋਂ ਬਿਨਾਂ ਕੀਤੇ ਜਾਂਦੇ ਸਨ।

ਓਵਿਨਸ ਸਮਝਾਉਂਦੇ ਹਨ, “ਐਨਸਥੀਸੀਆ ਉਸ ਸਮੇਂ ਮੌਜੂਦ ਸੀ, ਲੇਕਿਨ ਸਿਮਸ ਜਿਸ ਸਮੇਂ ਦਾ ਬੰਦਾ ਸੀ। ਉਦੋਂ ਮੈਡੀਕਲ ਵਿਗਿਆਨ ਦੀ ਪ੍ਰਚੱਲਿਤ ਧਾਰਨਾ ਸੀ ਕਿ ਸਿਆਹਫਾਮ ਲੋਕਾਂ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਜੇ ਹੁੰਦਾ ਵੀ ਹੈ ਤਾਂ ਬਹੁਤ ਥੋੜ੍ਹਾ।”

“ਅੱਜ ਅਸੀਂ ਜਾਣਦੇ ਹਾਂ ਕਿ ਇਹ ਗਲਪ ਹੈ ਲੇਕਿਨ ਉਸ ਸਮੇਂ ਐਦਾਂ ਹੀ ਸੋਚਿਆ ਜਾਂਦਾ ਸੀ।”

ਗਾਇਨੋਕੌਲੋਜੀ ਦੀਆਂ ਮਾਵਾਂ

ਆਖਰਕਾਰ ਸਿਮਸ ਦੀਆਂ ਵਿਜ਼ਿਕੋਵੈਜੀਨਲ ਫਿਸਟੂਲਾ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਾਮਯਾਬ ਹੋ ਗਈਆਂ। ਇਹ ਸਫ਼ਲਤਾ ਬਹੁਤ ਸਾਰੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਚੰਗਾ ਬਦਲਾਅ ਲੈ ਕੇ ਆਈ।

ਇਹ ਇੱਕ ਵਜ੍ਹਾ ਹੈ ਜਿਸ ਕਾਰਨ ਸਿਮਸ ਦੇ ਸਾਥੀ ਡਾਕਟਰ ਉਨ੍ਹਾਂ ਨੂੰ ਆਧੁਨਿਕ ਗਾਇਨੋਕੌਲੋਜੀ ਦਾ ਪਿਤਾਮਾ ਕਹਿਣ ਲੱਗ ਪਏ ਸਨ।

ਓਵਿਨਸ ਕਹਿੰਦੇ ਹਨ, “ਉਹ ਆਪਣੇ ਖੇਤਰ ਦੇ ਵਰਣਨਯੋਗ ਵਿਅਕਤੀ ਸਨ। ਉਨ੍ਹਾਂ ਨੇ ਬਹੁਤ ਸਾਰਾ ਮੈਡੀਕਲ ਸਾਹਿਤ ਰਚਿਆ। ਉਹ ਅਮਰੀਕਾ ਦੀ ਮੈਡੀਕਲ ਐਸੋਸੀਏਸ਼ਨ, ਦਿ ਨਿਊ ਯਾਰਕ ਅਕੈਡਮੀ ਆਫ਼ ਮੈਡੀਸਨ ਵਿੱਚ ਉੱਚੇ ਅਹੁਦਿਆਂ ਉੱਤੇ ਰਹੇ।”

“ਇਸ ਲਈ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਕਿਹਾ, ‘ਹਾਂ! ਇਸ ਬੰਦੇ ਨੇ ਆਪਣੀ ਜ਼ਿੰਦਗੀ ਇਨ੍ਹਾਂ ਬਹਾਦਰ ਸਿਆਹਫਾਮ ਗੁਲਾਮਾਂ ਦੀ ਸੇਵਾ ਵਿੱਚ ਲਾ ਦਿੱਤੀ। ਉਹ ਗਾਇਨੋਕੌਲੋਜੀ ਦਾ ਪਿਤਾਮਾ ਸੀ।”

ਲੇਕਿਨ ਹਾਲ ਹੀ ਵਿੱਚ ਇਸ ਕਹਾਣੀ ਪ੍ਰਤੀ ਨਜ਼ੀਰੀਏ ਵਿੱਚ ਤਬਦੀਲੀ ਆਈ ਹੈ।

ਮਿਸਾਲ ਵਜੋਂ, ਸਾਲ 2018 ਵਿੱਚ ਬਲੈਕ ਯੂਥ ਪ੍ਰੋਜੈਕਟ 100 ਨਾਮ ਦੇ ਇੱਕ ਸਮੂਹ ਨੇ ਨਿਊ ਯਾਰਕ ਵਿੱਚ ਲੱਗਿਆ ਡਾਕਟਰ ਸਿਮਸ ਦਾ ਬੁੱਤ ਹਟਾਉਣ ਦੀ ਅਵਾਜ਼ ਚੁੱਕੀ ਅਤੇ ਮੁਜ਼ਾਹਰੇ ਕੀਤੇ।

ਉਹ ਸਫ਼ਲ ਵੀ ਹੋਏ।

ਹਾਲਾਂਕਿ ਸਿਮਸ ਦੇ ਵਿਕਸਿਤ ਕੀਤੇ ਔਜ਼ਾਰ ਅਜੇ ਵੀ ਸਰਜਨਾਂ ਵੱਲੋਂ ਵਰਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਨਾਮ ਨੂੰ ਜ਼ਿੰਦਾ ਰੱਖ ਰਹੇ ਹਨ, ਲੇਕਿਨ ਧਿਆਨ ਐਨਾਰਕਾ, ਬੇਟਸੀ, ਲੂਸੀ ਅਤੇ ਹੋਰ ਬੇਨਾਮ ਗੁਲਾਮ ਔਰਤਾਂ ਉੱਤੇ ਗਿਆ ਹੈ ਜਿਨ੍ਹਾਂ ਉੱਤੇ ਇਹ ਤਜ਼ਰਬੇ ਕੀਤੇ ਗਏ ਸਨ।

ਹੁਣ ਉਨ੍ਹਾਂ ਔਰਤਾਂ ਨੂੰ ਗਾਇਨੋਕੌਲੋਜੀ ਦੀਆਂ ਮਾਵਾਂ ਵਜੋਂ ਜਾਣਿਆ ਜਾਣ ਲੱਗਿਆ ਹੈ।

ਉਨ੍ਹਾਂ ਦੇ ਸਨਮਾਨ ਵਿੱਚ ਅਮਰੀਕੀ ਕਲਾਕਾਰ ਅਤੇ ਕਾਰਕੁਨ ਮਿਸ਼ੇਲ ਬਰਾਊਡਰ ਨੇ ਮੌਂਟਗੁਮਰੀ, ਅਲਬਾਮਾ ਵਿੱਚ ਐਨਾਰਕਾ, ਬੇਟਸੀ, ਲੂਸੀ ਦੇ ਕਲਾਤਮਿਕ ਬੁੱਤ ਉਸ ਥਾਂ ਦੇ ਨੇੜੇ ਖੜ੍ਹੇ ਕੀਤੇ ਹਨ ਜਿੱਥੇ ਸਿਮਸ ਨੇ ਆਪਣੇ ਪ੍ਰਯੋਗ ਕੀਤੇ ਸਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)