You’re viewing a text-only version of this website that uses less data. View the main version of the website including all images and videos.
ਸਿਆਹਫ਼ਾਮ ਬੀਬੀਆਂ ਦੀਆਂ ਸਿਰ ਦੀਆਂ ਮੀਢੀਆਂ ਦਾ ਗੁਲਾਮੀ ਦੇ ਇਤਿਹਾਸ ਨਾਲ ਰਿਸ਼ਤਾ
- ਲੇਖਕ, ਡਾਲੀਆ ਵੈਂਤੂਰਾ
- ਰੋਲ, ਬੀਬੀਸੀ ਨਿਊਜ਼ ਵਰਲਡ
ਕੈਰੇਬੀਅਨ ਸਾਗਰ ਦੇ ਕੋਲੰਬੀਆ ਨਾਲ ਲਗਦੇ ਤਟ ਤੋਂ 50 ਕਿਲੋਮੀਟਰ ਦੂਰ, ਪਹਾੜੀਆਂ ਵਿੱਚ ਘਿਰੇ ਇੱਕ ਕਸਬੇ ਵਿੱਚ ਦੀ ਇੱਕ ਮੂਰਤੀ ਇੱਕ ਅਦੁੱਤੀ ਨਾਇਕ ਦੀ ਯਾਦ ਤਾਜ਼ਾ ਕਰਦੀ ਹੈ।
ਸਪੈਨਿਸ਼ ਇਤਿਹਾਸਕਾਰ ਫਰੇ ਪੈਦਰੋ ਸਿਮਨਸ ਮੁਤਾਬਕ, “ਬੈਨਕੋਸ ਬਾਇਓਹੋ ਨੂੰ ਇੱਕ “ਚੜ੍ਹਦੀਕਲਾ ਵਾਲੇ, ਬਹਾਦਰ ਅਤੇ ਸਾਹਸੀ” ਵਿਅਕਤੀ ਵਜੋਂ ਯਾਦ ਕੀਤਾ ਜਾਂਦਾ ਹੈ। ਜਿਸ ਨੇ 1599 ਦੇ ਅਖੀਰ ਵਿੱਚ ਅਮਰੀਕਾ ਅਤੇ ਸਿਆਹਫਾਮ ਗੁਲਾਮਾਂ (ਮਾਰੂਨ) ਦੀ ਵਾਪਸੀ ਵਿੱਚ ਅਗਵਾਈ ਕੀਤੀ।
ਕੈਰੇਬੀਅਨ ਮਾਰੂਨ ਉਹ ਲੋਕ ਸਨ ਜੋ ਗੁਲਾਮੀ ਤੋਂ ਭੱਜ ਨਿਕਲੇ ਸਨ ਅਤੇ ਉਨ੍ਹਾਂ ਨੇ ਆਪਣੇ ਵੱਖਰੇ ਸਮੁਦਾਇ ਵਿਕਸਿਤ ਕਰ ਲਏ ਸਨ।
ਇਸ ਪ੍ਰਸੰਗ ਵਿੱਚ ਇੱਕ ਸ਼ਬਦ ਸਿਮਰੌਨ ਬਹੁਤ ਮਹੱਤਵਪੂਰਨ ਹੈ।
ਸਿਮਰੌਨ ਸ਼ਬਦ ਪਾਲਤੂ ਪਸ਼ੂਆਂ ਤੇ ਕੈਦ ਵਿੱਚੋਂ ਭੱਜ ਕੇ ਪਹਾੜਾਂ ਵਿੱਚ ਜਾ ਵਸਣ ਵਾਲੇ ਗੁਲਾਮਾਂ ਲਈ ਵਰਤਿਆ ਜਾਂਦਾ ਸੀ। (ਡਿਕਸ਼ਨਰੀ ਆਫ਼ ਰੌਇਲ ਸਪੈਨਿਸ਼ ਅਕੈਡਮੀ- 1970)
ਇਹ ਸ਼ਬਦ ਘਰਾਂ ਤੋਂ ਫੜ ਕੇ ਦੂਨੀਆਂ ਦੇ ਦੂਜੇ ਖੂੰਜਿਆਂ ਵਿੱਚ ਗੁਲਾਮੀ ਲਈ ਵੇਚੇ ਗਏ ਲੱਖਾਂ ਅਫ਼ਰੀਕੀ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਹੈ। ਜਿਨ੍ਹਾਂ ਨੂੰ ਵੇਚਿਆ ਗਿਆ ਅਤੇ ਜਾਇਦਾਦ ਵਾਂਗ ਰੱਖਿਆ ਗਿਆ। ਜਿਨ੍ਹਾਂ ਦਾ ਇੱਕੋ ਹੀ ਧਰਮ ਸੀ, ਆਪਣੇ ਮਾਲਕਾਂ ਦੀ ਗੁਲਾਮੀ ਕਰਨਾ।
ਲੇਕਿਨ ਇਹ ਸ਼ਬਦ ਬਹਾਦਰ ਬਾਗ਼ੀਆਂ ਬਾਰੇ ਵੀ ਦੱਸਦਾ ਹੈ।
ਬੈਨਕੋਸ ਬਾਇਓਹੋ ਨੇ ਆਪਣੀ ਪਤਨੀ ਵਿਵੀਆ ਅਤੇ ਬੱਚਿਆਂ ਤੋਂ ਇਲਾਵਾ ਤੀਹ ਹੋਰ ਔਰਤਾਂ-ਮਰਦਾਂ ਦੀ ਕਾਰਟਾਗੇਨਾ ਤੋਂ ਭੱਜ ਨਿਕਲਣ ਵਿੱਚ ਅਗਵਾਈ ਕੀਤੀ ਸੀ।
ਆਪਣੇ ਸਫ਼ਰ ਦੌਰਾਨ ਇਹ ਲੋਕ ਉੱਤਰੀ ਕੋਲੰਬੀਆ ਦੇ ਨੀਮ ਪਹਾੜੀ ਖੇਤਰ ਮੌਂਟੇਸ ਡੀ ਮਾਰੀਆ ਰਾਹੀਂ ਚੱਲਦੇ ਰਹੇ।
ਕਰੀਬ ਇੱਕ ਸਦੀ ਅਤੇ ਲੰਬੇ ਸੰਘਰਸ਼ ਤੋਂ ਬਾਅਦ 1714 ਵਿੱਚ ਇੱਕ ਸ਼ਾਹੀ ਹੁਕਮ ਰਾਹੀਂ ਇਸ ਬਸਤੀ ਨੂੰ ਸੈਨ ਬਾਸੀਲੋ ਡੀ ਪਾਲੇਂਕੇ ਦੇ ਨਾਮ ਨਾਲ ਕਾਨੂੰਨੀ ਮਾਨਤਾ ਮਿਲੀ। ਇਸ ਬਸਤੀ ਦੇ ਕੇਂਦਰ ਵਿੱਚ ਇਹ ਯਾਦਗਾਰ ਸਥਿਤ ਹੈ।
ਐਫਰੋ-ਕੋਲੰਬੀਅਨ ਔਰਤਾਂ ਦੀ ਐਸੋਸੀਏਸ਼ਨ ਦੀ ਮੋਢੀ ਇਮਿਲੀਆ ਇਨੀਡਾ ਵਲੈਂਸੀਆ ਮੁਰੀਅਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਸੈਨ ਬਾਸੀਲੋ ਡੀ ਪਾਲੇਂਕੇ ਆਪਣੀ ਕਿਸਮ ਦਾ ਪਹਿਲਾ ਜਾਂ ਇਕਲੌਤਾ ਸਮੁਦਾਇ ਨਹੀਂ ਸੀ। ਇਸ ਨੂੰ ਤਾਂ ਕਿੰਗ ਬਾਇਓਹੋ ਵੱਲੋਂ ਵਰਤੀ ਗਈ ਰਣਨੀਤੀ ਲਈ ਅਤੇ ਦੂਜਾ ਅਮਰੀਕਾ ਦਾ ਪਹਿਲਾ ਆਜ਼ਾਦ ਕਸਬਾ ਬਣਨ ਲਈ ਯਾਦ ਕੀਤਾ ਜਾਂਦਾ ਹੈ।”
ਜਦਕਿ ਹੋਰ ਸਮੁਦਾਇ (ਪਾਲੇਂਕੇ) ਤਾਂ ਸਮੇਂ ਨਾਲ ਧੁੰਦਲੇ ਹੋ ਗਏ, ਲੇਕਿਨ ਸੈਨ ਬਾਸੀਲੋ ਨੇ ਆਪਣੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਅਜੇ ਵੀ ਸਾਂਭ ਕੇ ਰੱਖਿਆ ਹੈ।
ਸਮੁਦਾਇ ਦੀ ਜ਼ਿਆਦਾਤਰ ਵਿਰਾਸਤ ਸੀਨਾ-ਬ-ਸੀਨਾ ਕਹਾਣੀਆਂ ਰਾਹੀਂ ਸਾਡੇ ਤੱਕ ਪਹੁੰਚਦੀ ਹੈ ਕਿ ਬਾਇਓਹੋ ਇੱਕਲੇ ਨਹੀਂ ਸਨ।
ਕਹਾਣੀਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਆਪਣੀ ਪਤਨੀ ਅਤੇ ਹੋਰ ਔਰਤਾਂ ਦੇ ਸਹਿਯੋਗ ਤੋਂ ਬਿਨਾਂ ਬਾਇਓਹੋ ਲਈ ਅਜਿਹਾ ਕਰਨਾ ਲਗਭਗ ਅਸੰਭਵ ਸੀ।
ਗੁਲਾਮ ਔਰਤਾਂ ਨੇ ਬਿਨਾਂ ਨਜ਼ਰਾਂ ਵਿੱਚ ਆਏ ਆਪਣੇ ਸਮੁਦਾਏ ਦੇ ਲੋਕਾਂ ਨੂੰ ਗੁਲਾਮੀ ਵਿੱਚੋਂ ਕੱਢਣ ਲਈ ਨਕਸ਼ੇ ਬਣਾਉਣ ਦੀ ਬੇਜੋੜ ਤਰਕੀਬ ਇਜਾਦ ਕੀਤੀ।
ਵਿਦੇਸ਼ੀ ਧਰਾਤਲ ਨੂੰ ਯਾਦ ਰੱਖਣਾ
ਅਫ਼ੀਰੀਕੀ ਲੋਕਾਂ ਨੂੰ ਉਨ੍ਹਾਂ ਦੇ ਅੰਦਰਲੇ ਮਨੁੱਖੀ ਅੰਸ਼ ਖ਼ਤਮ ਕਰ ਕੇ ਸਿਰਫ਼ ਪਸ਼ੂਆਂ ਵਾਗ ਗੁਲਾਮ ਬਣਾਉਣ ਲਈ ਅਮਰੀਕਾ ਲਿਆਂਦਾ ਜਾਂਦਾ ਸੀ।
ਉਨ੍ਹਾਂ ਦੇ ਅੰਦਰੋਂ ਮਨੁੱਖਤਾ ਦੇ ਅੰਸ਼ ਖ਼ਤਮ ਕਰਕੇ ਉਨ੍ਹਾਂ ਨੂੰ ਵਸਤੂ ਬਣਾਉਣ ਦੇ ਜਿੰਨੇ ਵੀ ਯਤਨ ਕੀਤੇ ਗਏ ਪਰ ਮਨੁੱਖ ਹੋਣ ਦਾ ਜਿੱਦੀ ਅਹਿਸਾਸ ਉਨ੍ਹਾਂ ਦੇ ਅੰਦਰੋਂ ਕੱਢਿਆ ਨਹੀਂ ਜਾ ਸਕਿਆ ਜੋ ਉਨ੍ਹਾਂ ਦੇ ਇਸ ਨਰਕ ਵਿੱਚੋਂ ਭੱਜ ਨਿਕਲਣ ਲਈ ਜ਼ਰੂਰੀ ਵੀ ਸੀ।
ਜਦੋਂ ਅਜਿਹੇ ਪਰਦੇਸ ਵਿੱਚ ਭੱਜ ਨਿਕਲਣਾ ਹੀ ਸਿਰਫ਼ ਇੱਕੋ-ਇੱਕ ਰਾਹ ਰਹਿ ਜਾਵੇ, ਤੁਸੀਂ ਆਪਣਾ ਰਸਤਾ ਕਿਵੇਂ ਪਤਾ ਕਰੋਗੇ?
ਖੈਰ, ਗ੍ਰੇਨਾਡਾ ਦੇ ਕੈਰੀਬੀਅਨ ਸਮੁੰਦਰੀ ਤਟ ਉੱਤੇ ਗੁਲਾਮ ਔਰਤਾਂ ਨੇ ਅਜ਼ਾਦੀ ਵਾਲੀਆਂ ਥਾਵਾਂ ਤੱਕ ਪਹੁੰਚਣ ਦੇ ਰਾਹਾਂ ਦੇ ਨਕਸ਼ੇ ਬਣਾਉਣ ਲਈ ਇੱਕ ਬੇਜੋੜ ਸਕੀਮ ਬਣਾਈ।
ਔਰਤਾਂ ਉੱਤੇ ਕਿਸੇ ਨੂੰ ਬਹੁਤਾ ਸ਼ੱਕ ਵੀ ਨਹੀਂ ਸੀ ਹੁੰਦਾ। ਉਹ ਆਪਣੇ ਕੰਮਾਂ ਕਾਰਨ ਬਾਹਰ-ਅੰਦਰ ਵੀ ਜ਼ਿਆਦਾ ਆਉਂਦੀਆਂ- ਜਾਂਦੀਆਂ ਸਨ।
ਇਮਿਲੀਆ ਵਲੈਂਸੀਆ ਜਦੋਂ ਇਸ ਸਮੁਦਾਇ ਦੇ ਸਦੀਆਂ ਪੁਰਾਣੇ ਇਤਿਹਾਸ ਦੀ ਖੋਜ ਕਰ ਰਹੇ ਸਨ ਤਾਂ ਉਨ੍ਹਾਂ ਨੇ ਲੋਕਾਂ ਤੋਂ ਬਹੁਤ ਸਾਰੀਆਂ ਕਥਾਵਾਂ ਸੁਣੀਆਂ।
ਉਹ ਕਹਿੰਦੇ ਹਨ, “ਔਰਤਾਂ ਦੀ ਸਮਝ ਨੂੰ ਅਕਸਰ ਬਹੁਤਾ ਮਹੱਤਵ ਨਹੀਂ ਮਿਲਦਾ। ਸ਼ਾਇਦ ਇਸੇ ਕਰ ਕੇ ਕੋਲੰਬੀਆ ਦੇ ਮਾਮਲੇ ਵਿੱਚ ਉਹ ਬਹੁਤ ਸਾਰੇ ਭੇਤ ਰੱਖ ਸਕੀਆਂ ਅਤੇ ਫਿਰ ਇਨ੍ਹਾਂ ਭੇਤਾਂ ਨੂੰ ਸਮੁਦਾਇ ਦੀ ਭਲਾਈ ਲਈ ਵਰਤਿਆ। ਜਿਵੇਂ— ਇਲਾਜ, ਪਾਕਸਾਲ, ਭੇਤ ਦੱਸਣ...”
“ਸੈਨ ਬਾਸੀਲੋ ਦੀ ਮੁਕਤੀ ਦੌਰਾਨ ਵੀ ਕੁਝ ਅਜਿਹਾ ਹੀ ਹੋਇਆ।”
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਸ ਸਥਾਨ ਦਾ ਜਨਮ ਇਸ ਲਈ ਹੋਇਆ ਕਿਉਂਕਿ ਜਦੋਂ ਔਰਤਾਂ ਕਿਸੇ ਕੰਮ ਲਈ ਇੱਕ ਖੇਤ ਤੋਂ ਦੂਜੇ ਖੇਤ ਤੱਕ ਜਾਂਦੀਆਂ ਸਨ ਤਾਂ ਉਹ ਰਸਤੇ ਦੇਖਦੀਆਂ ਜਾਂਦੀਆਂ ਸਨ।
“ਫਿਰ ਉਹ ਇਹ ਮਰਦਾਂ ਨੂੰ ਦੱਸਦੀਆਂ ਅਤੇ ਫਿਰ ਸਾਰੇ ਇਕੱਠੇ ਰਣਨੀਤੀ ਤਿਆਰ ਕਰਦੇ।”
ਮੀਢੀਆਂ ਦੀ ਸਾਂਝੀ ਜ਼ਬਾਨ
ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਗੁਲਾਮ ਅਫ਼ਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਸਨ। ਵੱਖ-ਵੱਖ ਬੋਲੀਆਂ ਬੋਲਦੇ ਸਨ। ਸ਼ੁਰੂ ਵਿੱਚ ਤਾਂ ਇੱਕ ਦੂਜੇ ਦੀ ਗੱਲ ਸਮਝਣਾ ਬਹੁਤ ਮੁਸ਼ਕਿਲ ਸੀ।
ਲੇਕਿਨ ਉਹ ਆਪਣੇ ਨਾਲ ਇੱਕ ਸਾਂਝੀ ਬੋਲੀ ਵੀ ਅਫਰੀਕਾ ਮਹਾਂਦੀਪ ਤੋਂ ਲਿਆਏ ਸਨ। ਸਿਰ ਨਾਲ ਚਿਪਕਾ ਕੇ ਗੁੰਦੀਆਂ ਮੀਢੀਆਂ ਜੋ ਅਫ਼ਰੀਕੀ ਸੱਭਿਆਚਾਰ ਦੀ ਖਾਸੀਅਤ ਹਨ।
ਇਹ ਮੀਢੀਆਂ ਧਾਰਨ ਕਰਨ ਵਾਲੇ ਦੇ ਸਮਾਜਿਕ ਰੁਤਬੇ, ਵਿਆਹੇ ਜਾਂ ਕੁਆਰੇ, ਧਰਮ ਦੀ ਜਾਣਕਾਰੀ ਦਿੰਦੀਆਂ ਸਨ। ਇਹ ਵੀ ਕਿ ਉਹ ਕਿਸ ਕਬੀਲੇ ਜਾਂ ਸਮੁਦਾਏ ਦੇ ਮੈਂਬਰ ਹਨ।
ਗੁਲਾਮੀ ਦੀ ਨਵੀਂ ਦੁਨੀਆਂ ਵਿੱਚ, ਇਹ ਆਜ਼ਾਦੀ ਦੀ ਰਾਹ ਦੱਸਣ ਲੱਗੀਆਂ।
“ਬੰਦਿਆਂ ਨਾਲ ਸਲਾਹ ਕਰਨ ਤੋਂ ਬਾਅਦ ਔਰਤਾਂ ਮੀਢੀਆਂ ਵਿੱਚ ਨਕਸ਼ੇ ਗੁੰਦਣ ਲਈ ਤਿਆਰ ਹੋ ਗਈਆਂ।”
“ਗੁਲਾਮ ਔਰਤਾਂ ਬਿਨਾਂ ਕਿਸੇ ਕਾਗਜ਼ ਅਤੇ ਕਲਮ ਦੇ ਨਕਸ਼ਾ-ਨਵੀਸ ਬਣ ਗਈਆਂ। ਜੋ ਆਪਣੇ ਸਿਰਾਂ ਵਿੱਚ ਨਕਸ਼ੇ ਬਣਾ ਕੇ ਚੱਲਦੀਆਂ ਸਨ।”
ਇਸ ਤਰ੍ਹਾਂ ਉਨ੍ਹਾਂ ਨੇ ਬਚ ਨਿਕਲਣ ਲਈ ਮਸ਼ਹੂਰ ਨਕਸ਼ੇ ਤਿਆਰ ਕੀਤੇ।
ਇੰਨਾ ਹੀ ਨਹੀਂ, ਇਨ੍ਹਾਂ ਮੀਢੀਆਂ ਵਿੱਚ ਔਰਤਾਂ ਮੁੱਲਵਾਨ ਵਸਤਾਂ ਵੀ ਰੱਖਦੀਆਂ ਸਨ, ਜਿਨ੍ਹਾਂ ਦੀ ਨਵੇਂ ਸਮੁਦਾਇ ਵਿੱਚ ਲੋੜ ਪੈ ਸਕਦੀ ਸੀ। ਜਿਵੇਂ-ਤੀਲ੍ਹੀਆਂ, ਸੋਨੇ ਦੀਆਂ ਕਣੀਆਂ ਜਾਂ ਉਗਾਉਣ ਲਈ ਬੀਜ ਆਦਿ।
ਮੀਢੀਆਂ ਦੀ ਬੁਝਾਰਤ
ਭੱਜਣ ਦੀ ਯੋਜਨਾ ਬਣਾਉਣ ਸਮੇਂ ਔਰਤਾਂ ਛੋਟੀਆਂ ਕੁੜੀਆਂ ਦੇ ਦੁਆਲੇ ਝੁਰਮਟ ਬਣਾ ਕੇ ਉਨ੍ਹਾਂ ਦੇ ਸਿਰਾਂ ਵਿੱਚ ਮੀਢੀਆਂ ਦੀ ਸ਼ਕਲ ਵਿੱਚ ਨਕਸ਼ੇ ਵਾਹੁੰਦੀਆਂ ਸਨ।
ਇਮਿਲੀਆ ਵਲੈਂਸੀਆ ਮੁਤਾਬਕ, “ਉਨ੍ਹਾਂ ਨੇ ਮੀਢੀਆਂ ਨਾਲ ਡਿਜ਼ਾਈਨ ਬਣਾਏ। ਜਿਵੇਂ ਘੁਮਾਦਾਰ ਮੀਢੀ ਪਹਾੜ ਦਾ ਸੰਕੇਤ ਸੀ। ਦੂਜੀ ਸੱਪ ਵਰਗੀ ਪਾਣੀ ਦੇ ਕਿਸੇ ਸਰੋਤ ਜਿਵੇਂ ਨਦੀ ਦਾ ਸੰਕੇਤ ਸੀ। ਇੱਕ ਮੋਟੀ ਮੀਢੀ ਉਸ ਇਲਾਕੇ ਵਿੱਚ ਫੈਲੇ ਸੈਨਿਕਾਂ ਦਾ ਸੰਕੇਤ ਸੀ।”
ਸਮਾਜ ਵਿਗਿਆਨੀ ਲਾਨੀ ਮਾਰਿਆ ਵਰਗੇਸ ਨੇ ਆਪਣੇ ਅਧਿਐਨ “ਪੋਇਟਿਕਸ ਆਫ਼ ਐਫਰੋ-ਕੋਲੰਬੀਅਨ ਹੇਅਰਸਟਾਈਲ” ਵਿੱਚ ਲਿਖਦੇ ਹਨ, “ਬੰਦੇ ਮੱਥੇ ਤੋਂ ਗਿੱਚੀ ਤੱਕ ਬਣੇ ਸੰਕੇਤਾਂ ਨੂੰ ਪੜ੍ਹਦੇ ਸਨ। ਮੱਥਾ ਮੌਜੂਦਾ ਸਥਿਤੀ ਸੀ ਜਿੱਥੋਂ ਗਿੱਚੀ (ਸਭ ਤੋਂ ਨਜ਼ਦੀਕੀ ਪਹਾੜੀ) ਤੱਕ ਪਹੁੰਚਣਾ ਹੁੰਦਾ ਸੀ।”
ਲੀਓਕੈਡੀਆ ਮੌਸਕੁਏਰਾ ਜੋ ਕਿ ਇੱਕ ਅਧਿਆਪਕ ਸਨ, ਉਨ੍ਹਾਂ ਨੇ ਵਲੈਂਸੀਆ ਨੂੰ ਆਪਣੀ ਦਾਦੀ ਕੋਲੋਂ ਸੁਣੇ ਮੀਢੀਆਂ ਦੇ ਰਹੱਸ ਬਾਰੇ ਦੱਸਿਆ ਸੀ।
“ਮੈਕਸਕੁਏਰਾ ਨੇ ਦੱਸਿਆ ਸੀ ਕਿ ਇਹ ਸਿਰਫ਼ ਧਰਾਤਲੀ ਵੇਰਵਿਆਂ ਜਾਂ ਪਹਿਰੇਦਾਰਾਂ ਦੀ ਮੌਜੂਦਗੀ ਬਾਰੇ ਸੁਚੇਤ ਕਰਨ ਤੱਕ ਹੀ ਸੀਮਤ ਨਹੀਂ ਸੀ। ਇਨ੍ਹਾਂ ਦਾ ਮਕਸਦ ਰਣਨੀਤੀ ਦੱਸਣਾ ਵੀ ਸੀ।
ਕਈ ਮੀਢੀਆਂ ਜੋ ਰਸਤੇ ਦਰਸਾਉਂਦੀਆਂ ਸਨ, ਇੱਕ ਥਾਂ ਆ ਕੇ ਮਿਲਦੀਆਂ ਸਨ। ਜਿੱਥੇ ਆ ਕੇ ਇਹ ਮਿਲਦੀਆਂ ਸਨ ਉਹ ਮਿਲਣ ਦੀ ਥਾਂ ਹੁੰਦੀ ਸੀ।
ਜਿੱਥੇ ਉਹ ਮਿਲਦੇ ਅਤੇ ਸਲਾਹ-ਮਸ਼ਵਰਾ ਕਰਦੇ ਅਤੇ ਮਿਲ ਕੇ ਫੈਸਲੇ ਕਰਦੇ।
ਗਿੱਚੀ, ਉਨ੍ਹਾਂ ਦੀ ਮੰਜ਼ਿਲ ਹੁੰਦੀ ਸੀ।
ਲੀਓਕੈਡੀਆ ਦੇ ਦੱਸੇ ਮੁਤਾਬਕ ਮਿਸਾਲ ਵਜੋਂ ਜੇ ਉਨ੍ਹਾਂ ਨੇ ਕਿਸੇ ਰੁੱਖ ਹੇਠ ਮਿਲਣਾ ਹੁੰਦਾ ਸੀ ਤਾਂ ਮੀਢੀ ਨੂੰ ਉੱਪਰ ਵੱਲ ਗੁੰਦਦੇ ਸਨ ਤਾਂ ਜੋ ਇਹ ਖੜ੍ਹੀ ਰਹੇ। ਜੇ ਇਹ ਕਿਸੇ ਨਦੀ ਦਾ ਕਿਨਾਰਾ ਹੁੰਦਾ ਸੀ ਤਾਂ ਇਹ ਕੰਨਾਂ ਵੱਲ ਨੂੰ ਬੈਠਵੀਆਂ ਹੁੰਦੀਆਂ ਸਨ।
ਇਸ ਤੋਂ ਇਲਾਵਾ ਕਈ ਵਾਰ ਕੁਝ ਮੀਢੀਆਂ ਆਕਾਰ ਵਿੱਚ ਵੱਡੀਆਂ-ਛੋਟੀਆਂ ਹੁੰਦੀਆਂ ਸਨ ਅਤੇ ਦੂਜੀਆਂ ਦੇ ਨਾਲ-ਨਾਲ ਚਲਦੀਆਂ ਸਨ। ਇਹ ਦੂਜੇ ਸਮੂਹਾਂ ਨੂੰ ਸੰਕੇਤ ਕਰਦੀਆਂ ਸਨ ਕਿ ਕਿੰਨੀ ਦੂਰ ਰਹਿਣਾ ਹੈ ਕਿਉਂਕਿ ਮਜ਼ਬੂਤ ਦਲ ਨੇ ਕਮਜ਼ੋਰ ਦਾ ਬਚਾਅ ਵੀ ਕਰਨਾ ਹੁੰਦਾ ਸੀ।
ਇਹ ਜਾਣਕਾਰੀ ਬਸਤੀਵਾਦੀ ਕੋਲੰਬੀਆਂ ਦੇ ਸ਼ਹਿਰਾਂ-ਕਸਬਿਆਂ ਵਿੱਚ ਸਭ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਹੀ ਸੀ ਪਰ ਸਮਝ ਸਿਰਫ਼ ਕੁਝ ਲੋਕਾਂ ਦੇ ਹੀ ਆਉਂਦੀ ਸੀ।
ਵਿਤਕਰੇ ਦਾ ਕਾਰਨ ਬਣੀਆਂ ਮੀਢੀਆਂ
ਲੇਕਿਨ ਬਦਕਿਸਮਤੀ ਨਾਲ ਸਮੇਂ ਦੇ ਨਾਲ ਅਜ਼ਾਦੀ ਦਿਵਾਉਣ ਵਾਲੀਆਂ ਇਹ ਮੀਢੀਆਂ ਵਿਤਕਰੇ ਦਾ ਆਧਾਰ ਬਣ ਗਈਆਂ।
ਮਾਰੂਨਾਂ ਨੇ ਆਪਣੇ ਕਸਬਿਆਂ ਨੂੰ ਕਲਾ ਨਾਲ ਸ਼ਿੰਗਾਰਨ ਵਿੱਚ ਮਦਦ ਕੀਤੀ ਲੇਕਿਨ ਉਹ ਮੀਢੀਆਂ ਤੋਂ ਟੁੱਟ ਗਏ।
“ਕਿਉਂ” ਕਿਉਂਕਿ ਜਦੋਂ ਉਹ ਆਜ਼ਾਦ ਹੋ ਕੇ ਸਮਾਜ ਵਿੱਚ ਘੁਲਣ-ਮਿਲਣ ਲੱਗੇ ਤੋਂ ਔਰਤਾਂ ਉੱਤੇ ਆਪਣੀਆਂ ਮੀਢੀਆਂ ਜੋ ਉਨ੍ਹਾਂ ਦੀ ਰਵਾਇਤ ਸੀ ਉਨ੍ਹਾਂ ਦਾ ਸੱਭਿਆਚਾਰ ਸੀ, ਤਿਆਗਣ ਲਈ ਦਬਾਅ ਪਾਇਆ ਗਿਆ।
ਲੇਕਿਨ ਕੁਝ ਨੂੰ ਇਹ ਦਾਦੀਆਂ-ਪੜਦਾਦੀਆਂ ਤੋਂ ਕਹਾਣੀਆਂ ਦੀ ਬਦੌਲਤ ਵਿਰਾਸਤ ਵਿੱਚ ਮਿਲੀਆਂ ਹਨ। ਕਈਆਂ ਨੇ ਇਹ ਲੁਕਾ ਕੇ ਰੱਖੀਆਂ ਅਤੇ ਕਈਆਂ ਨੂੰ ਕਦੇ ਪਤਾ ਹੀ ਨਹੀਂ ਲੱਗਿਆ।
ਰੁਜ਼ਗਾਰ ਦੇਣ ਵਾਲੇ ਅਤੇ ਸਮਾਜ ਚਾਹੁੰਦਾ ਸੀ ਕਿ ਸੁਹਜ ਦਾ ਇੱਕ ਸਾਵਾਂ ਪੈਮਾਨਾ ਹੋਣਾ ਚਾਹੀਦਾ ਹੈ। ਇਸ ਲਈ ਸਿਆਹਫ਼ਾਮ ਔਰਤਾਂ ਉੱਤੇ ਆਪਣੇ ਵਾਲਾਂ ਨੂੰ ਸਿੱਧੇ ਕਰਨ ਦਾ ਦਬਾਅ ਬਣਨ ਲੱਗਿਆ।
ਵਲੈਂਸੀਆ ਦੱਸਦੇ ਹਨ ਕਿ ਸਭ ਕੁਝ ਵਾਲਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ, ਵਿਤਕਰਾ ਅਤੇ ਹਿੰਸਾ ਕਿੰਡਰਗਾਰਟਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ।
ਉਹ ਕਹਿੰਦੇ ਹਨ ਲੇਕਿਨ ਹੁਣ ਅਸੀਂ ਉਸ ਦਬਾਅ ਵਿੱਚੋਂ ਨਿਕਲ ਰਹੇ ਹਾਂ ਅਤੇ ਅੱਗੇ ਵੱਧ ਰਹੇ ਹਾਂ।
ਵਲੈਂਸੀਆ ਕਹਿੰਦੇ ਹਨ ਕਿ ਹੁਣ ਸ਼ੁਕਰ ਹੈ ਕਿ ਸਾਡੇ ਕੋਲ ਕੋਲੰਬੀਆ ਵਿੱਚ ਸਿਆਹਫ਼ਾਮ ਉਪ-ਰਾਸ਼ਟਰਪਤੀ ਤੇ ਸਿੱਖਿਆ ਮੰਤਰੀ ਹਨ।
ਵਲੈਂਸੀਆ ਮੁਤਾਬਕ ਜਿਸ ਤਰ੍ਹਾਂ ਸਿਆਹਫ਼ਾਮ ਔਰਤਾਂ ਨੂੰ ਆਮ ਲੋਕਾਂ ਵਰਗੀਆਂ ਲੱਗਣ ਲਈ ਕਈ ਤਰ੍ਹਾਂ ਦੀਆਂ ਰਸਾਇਣਾਂ ਦੀ ਵਰਤੋਂ ਕਰਨੀ ਪੈਂਦੀ ਹੈ ਉਹ ਬਹੁਤ ਦੁਖਦਾਈ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)