ਅਦਾਕਾਰਾ ਸੇਲਿਨਾ ਜੇਤਲੀ ਦਾ ਭਰਾ ਦੁਬਈ ਦੀ ਜੇਲ੍ਹ 'ਚ ਬੰਦ, '14 ਮਹੀਨਿਆਂ ਤੋਂ ਜ਼ਿੰਦਗੀ ਇੱਕ ਬੁਰੇ ਸੁਪਨੇ ਦੀ ਤਰ੍ਹਾਂ ਹੈ, ਕੀ ਹੈ ਮਾਮਲਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੇਲਿਨਾ ਜੇਤਲੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਰਿਟਾਇਰਡ ਮੇਜਰ ਵਿਕਰਾਂਤ ਕੁਮਾਰ ਜੇਤਲੀ 14 ਮਹੀਨਿਆਂ ਤੋਂ ਲਾਪਤਾ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਲਿਖਿਆ ਹੈ ਕਿ ਇੱਕ ਸਾਲ ਦੋ ਮਹੀਨੇ 17 ਦਿਨਾਂ ਤੋਂ ਉਨ੍ਹਾਂ ਦੇ ਭਰਾ ਮੇਜਰ ਵਿਕਰਾਂਤ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਹੈ। ਸੇਲਿਨਾ ਨੇ ਲਿਖਿਆ ਕਿ ਉਨ੍ਹਾਂ ਦੇ ਭਰਾ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਮੱਧ ਪੂਰਬ ਵਿੱਚ ਕਿਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ।

ਸੇਲਿਨਾ ਨੇ ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਕੋਰਟ ਦੇ ਹੁਕਮ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਭਰਾ ਨੂੰ ਵਾਪਸ ਲਿਆਂਦਾ ਜਾ ਸਕੇਗਾ।

ਉੱਥੇ ਹੀ ਸੇਲਿਨਾ ਦੇ ਵਕੀਲ ਰਾਘਵ ਕੱਕੜ ਨੇ ਦੱਸਿਆ ਹੈ ਕਿ ਵਿਕਰਾਂਤ ਜੇਤਲੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਦੁਬਈ ਵਿੱਚ ਹਿਰਾਸਤ 'ਚ ਲਿਆ ਗਿਆ ਸੀ।

ਇਸੇ ਮਹੀਨੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਰਿਟਾਇਰਡ ਮੇਜਰ ਵਿਕਰਾਂਤ ਜੇਤਲੀ ਨੂੰ ਯੂਏਈ ਵਿੱਚ ਹਿਰਾਸਤ 'ਚ ਲਏ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਸੀ ਕਿ ਭਾਰਤੀ ਅਧਿਕਾਰੀ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ, "ਅਸੀਂ ਇਸ ਮੁੱਦੇ 'ਤੇ ਯੂਏਈ ਸਰਕਾਰ ਨਾਲ ਸੰਪਰਕ ਬਣਾਏ ਹੋਏ ਹਾਂ। ਪਿਛਲੇ ਕਈ ਮਹੀਨਿਆਂ ਵਿੱਚ ਚਾਰ ਵਾਰ ਅਸੀਂ ਕੌਂਸਲਰ ਐਕਸੈਸ ਮੰਗੀ ਅਤੇ ਉਸ ਦੇ ਤਹਿਤ ਸਾਡੇ ਦੂਤਾਵਾਸ ਦੇ ਅਫ਼ਸਰ ਉਨ੍ਹਾਂ ਨੂੰ ਮਿਲਣ ਗਏ ਸਨ।"

ਉਨ੍ਹਾਂ ਦੱਸਿਆ, "ਇਸ ਦੇ ਨਾਲ ਹੀ ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਦੇ ਸੰਪਰਕ ਵਿੱਚ ਹਾਂ। ਹਾਲ ਹੀ ਦੇ ਦਿਨਾਂ ਵਿੱਚ ਤਿੰਨ ਨਵੰਬਰ ਨੂੰ ਦਿੱਲੀ ਹਾਈ ਕੋਰਟ ਦਾ ਵੀ ਜੋ ਆਦੇਸ਼ ਆਇਆ ਸੀ ਅਤੇ ਉਸ ਦੇ ਮੁਤਾਬਕ ਜੋ ਵੀ ਸਾਡੇ ਤੋਂ ਸਹਿਯੋਗ ਹੋ ਸਕਦਾ ਹੈ, ਅਸੀਂ ਉਨ੍ਹਾਂ ਨੂੰ ਪੇਸ਼ ਕਰ ਰਹੇ ਹਾਂ।"

ਆਪਣੇ ਭਰਾ ਦੇ ਅਗਵਾ ਹੋਣ ਬਾਰੇ ਕੀ ਕਿਹਾ?

ਸੇਲਿਨਾ ਨੇ ਸੋਸ਼ਲ ਮੀਡੀਆ 'ਐਕਸ' 'ਤੇ ਆਪਣੇ ਭਰਾ ਨਾਲ ਆਪਣੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ 444 ਦਿਨਾਂ ਤੋਂ ਉਨ੍ਹਾਂ ਦੇ ਭਰਾ ਮੇਜਰ ਵਿਕਰਾਂਤ ਉਨ੍ਹਾਂ ਤੋਂ ਦੂਰ ਹਨ।

ਉਨ੍ਹਾਂ ਨੇ ਅੱਗੇ ਲਿਖਿਆ, "ਵਿਕਰਾਂਤ ਨੂੰ ਅਗਵਾ ਕੀਤਾ ਗਿਆ ਅਤੇ ਅੱਠ ਮਹੀਨਿਆਂ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਫਿਰ ਉਨ੍ਹਾਂ ਨੂੰ ਮੱਧ ਪੂਰਬ ਵਿੱਚ ਕਿਤੇ ਹਿਰਾਸਤ ਵਿੱਚ ਰੱਖਿਆ ਗਿਆ। ਮੈਂ ਉਨ੍ਹਾਂ ਦੀ ਆਵਾਜ਼ ਸੁਣਨ ਦਾ ਇੰਤਜ਼ਾਰ ਕਰ ਰਹੀ ਹਾਂ, ਉਨ੍ਹਾਂ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੀ ਹਾਂ। ਮੈਨੂੰ ਡਰ ਹੈ ਕਿ ਉਨ੍ਹਾਂ ਨੇ ਮੇਰੇ ਭਰਾ ਨਾਲ ਕੀ ਕੀ ਕੀਤਾ ਹੋਣਾ।"

ਸੇਲਿਨਾ ਨੇ ਲਿਖਿਆ, "ਫ਼ੋਨ 'ਤੇ ਮੇਰੀ ਉਨ੍ਹਾਂ ਨਾਲ ਗੱਲ ਹੋਈ ਸੀ। ਉਨ੍ਹਾਂ ਨੂੰ ਸਿਰਫ਼ ਮੇਰਾ ਹੀ ਇੱਕ ਨੰਬਰ ਯਾਦ ਸੀ। ਉਸ ਫ਼ੋਨ ਕਾਲ ਦੌਰਾਨ ਸ਼ਬਦ ਘੱਟ ਸਨ, ਦਰਦ ਜ਼ਿਆਦਾ ਸੀ। ਮੇਰੇ ਕੋਲ ਜਵਾਬਾਂ ਨਾਲੋਂ ਜ਼ਿਆਦਾ ਸਵਾਲ ਸਨ। ਦੇਸ਼ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਮੇਰੇ ਭਰਾ ਨੂੰ ਕਈ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਆਪਣੀ ਜਵਾਨੀ, ਆਪਣਾ ਦਿਮਾਗ, ਆਪਣਾ ਜੀਵਨ ਭਾਰਤ ਨੂੰ ਦਿੱਤਾ ਹੈ। ਉਹ ਤਿਰੰਗੇ ਲਈ ਜਿਉਂਦੇ ਰਹੇ ਹਨ ਅਤੇ ਉਸ ਲਈ ਖ਼ੂਨ ਵਹਾਇਆ ਹੈ।"

ਉਨ੍ਹਾਂ ਨੇ ਸਵਾਲ ਕੀਤਾ, "ਇਹ ਹੁਣ ਕੇਵਲ ਨਿੱਜੀ ਮਸਲਾ ਨਹੀਂ ਹੈ। ਵਿਦੇਸ਼ਾਂ ਵਿੱਚ ਸਾਡੇ ਸੈਨਿਕਾਂ ਅਤੇ ਸੇਵਾਮੁਕਤ ਸੈਨਿਕਾਂ ਦੇ ਅਗਵਾ ਕਰਨ ਦਾ ਇਹ ਤਰੀਕਾ ਕੀ ਹੁਣ ਸਾਡੀ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ? ਸਾਨੂੰ ਜਵਾਬ ਮੰਗਣਾ ਚਾਹੀਦਾ ਹੈ।"

ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਤਰ ਦਾ ਜ਼ਿਕਰ ਕਰਦਿਆਂ ਲਿਖਿਆ, "ਸਾਨੂੰ ਉਹੀ ਫੈਸਲਾਕੁੰਨ ਐਕਸ਼ਨ ਚਾਹੀਦਾ ਹੈ ਜੋ ਕਤਰ ਵਿੱਚ ਲਿਆ ਗਿਆ ਸੀ। ਮੈਂ ਆਪਣਾ ਭਰੋਸਾ, ਆਪਣਾ ਜੀਵਨ ਅਤੇ ਆਪਣੀ ਉਮੀਦ ਸਰਕਾਰ 'ਤੇ ਲਗਾ ਰਹੀ ਹਾਂ, ਉਹ ਆਪਣੇ ਸੈਨਿਕ ਨੂੰ ਸੁਰੱਖਿਅਤ ਵਾਪਸ ਲਿਆਉਣਗੇ। ਉਹੀ ਐਕਸ਼ਨ ਜਿਸ ਨਾਲ ਸਾਡੇ ਨੇਵੀ ਦੇ ਯੋਧੇ ਘਰ ਵਾਪਸ ਲਿਆਂਦੇ ਗਏ। ਸਾਡੇ ਸੈਨਿਕ ਇਸ ਤੋਂ ਘੱਟ ਦੇ ਹੱਕਦਾਰ ਨਹੀਂ ਹਨ।"

ਬੀਤੇ ਸਾਲ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਤਰ ਦੀ ਜੇਲ੍ਹ ਵਿੱਚ ਬੰਦ ਅੱਠ ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਇਹ ਲੋਕ ਦਾਹਰਾ ਗਲੋਬਲ ਕੰਪਨੀ ਲਈ ਕੰਮ ਕਰਦੇ ਸਨ। ਇਨ੍ਹਾਂ ਨੂੰ ਅਗਸਤ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਾਰਨ ਕਦੇ ਜਨਤਕ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਸੇਲਿਨਾ ਦੀ ਪਟੀਸ਼ਨ 'ਤੇ ਅਦਾਲਤ ਨੇ ਕੀ ਕਿਹਾ?

ਇਸੇ ਮਹੀਨੇ ਮਾਮਲੇ ਦੀ ਸੁਣਵਾਈ ਲਈ ਕੋਰਟ ਪਹੁੰਚੀ ਸੇਲਿਨਾ ਨੇ ਕਿਹਾ ਸੀ ਕਿ ਉਨ੍ਹਾਂ ਲਈ ਬੀਤਿਆ ਇੱਕ ਸਾਲ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਿਹਾ।

ਉਨ੍ਹਾਂ ਕਿਹਾ, "ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦਾ ਰੁਤਬਾ ਵਧ ਰਿਹਾ ਹੈ ਪਰ ਵਿਦੇਸ਼ਾਂ ਵਿੱਚ ਸਾਡੇ ਸੈਨਿਕ ਵਾਰ-ਵਾਰ ਨਿਸ਼ਾਨਾ ਬਣ ਰਹੇ ਹਨ। ਮੈਨੂੰ ਲੱਗਦਾ ਹੈ ਕਿ ਅੱਜ ਦੇ ਆਦੇਸ਼ ਨਾਲ ਮੇਰੇ ਭਰਾ ਨੂੰ ਦੇਸ਼ ਵਾਪਸ ਲਿਆਉਣ ਵਿੱਚ ਮਦਦ ਮਿਲੇਗੀ।"

ਕਾਨੂੰਨੀ ਮਾਮਲਿਆਂ 'ਤੇ ਰਿਪੋਰਟ ਕਰਨ ਵਾਲੀ ਵੈੱਬਸਾਈਟ ਲੌਬੀਟ ਅਨੁਸਾਰ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਸਚਿਨ ਦੱਤਾ ਨੇ ਕਿਹਾ, "ਜਦੋਂ ਕਿਸੇ ਭਾਰਤੀ ਨਾਗਰਿਕ ਨੂੰ ਵਿਦੇਸ਼ ਵਿੱਚ ਉਸ ਦੀ ਆਜ਼ਾਦੀ ਤੋਂ ਵਾਂਝਿਆ ਕੀਤਾ ਜਾਂਦਾ ਹੈ ਤਾਂ ਦੇਸ਼ ਮੂਕਦਰਸ਼ਕ ਬਣਿਆ ਨਹੀਂ ਰਹਿ ਸਕਦਾ।"

ਸੇਲਿਨਾ ਦੇ ਵਕੀਲ ਰਾਘਵ ਕੱਕੜ ਨੇ ਮੀਡੀਆ ਨੂੰ ਦੱਸਿਆ, "ਸਾਨੂੰ ਵਿਕਰਾਂਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਨੂੰ ਕਿਉਂ ਹਿਰਾਸਤ ਵਿੱਚ ਲਿਆ ਗਿਆ, ਸਾਨੂੰ ਸਿਰਫ਼ ਇਹ ਪਤਾ ਸੀ ਕਿ ਉਨ੍ਹਾਂ ਨੂੰ ਦੁਬਈ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਅਸੀਂ ਬੀਤੇ 14 ਮਹੀਨਿਆਂ ਤੋਂ ਫੌਲੋ-ਅੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

"ਕੋਰਟ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਆਦੇਸ਼ ਦਿੱਤਾ ਹੈ ਜੋ ਸੇਲਿਨਾ ਅਤੇ ਉਨ੍ਹਾਂ ਦੇ ਭਰਾ ਦੇ ਵਿੱਚ ਸੰਪਰਕ ਬਣਾਉਣ 'ਚ ਮਦਦ ਕਰਨਗੇ ਤਾਂ ਜੋ ਉਨ੍ਹਾਂ ਨੂੰ ਕਾਨੂੰਨੀ ਮਦਦ ਮਿਲ ਸਕੇ ਅਤੇ ਸਾਨੂੰ ਮਾਮਲੇ ਦੇ ਸਾਰੇ ਅਪਡੇਟਸ ਮਿਲ ਸਕਣ।"

"ਸਾਨੂੰ ਉਮੀਦ ਹੈ ਕਿ ਅੱਗੇ ਚੱਲ ਕੇ ਅਸੀਂ ਉਨ੍ਹਾਂ ਨੂੰ ਵਾਪਸ ਲਿਆ ਸਕਾਂਗੇ। ਉਹ ਸਾਡੀ ਆਰਮੀ ਵਿੱਚ ਮੇਜਰ ਸਨ, ਮੈਨੂੰ ਲੱਗਦਾ ਹੈ ਕਿ ਸਰਕਾਰ ਸਾਡੀ ਮਦਦ ਕਰੇਗੀ।"

ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਚਾਰ ਦਸੰਬਰ ਨੂੰ ਹੋਵੇਗੀ, ਉਨ੍ਹਾਂ ਨੂੰ ਉਮੀਦ ਹੈ ਕਿ ਮਾਮਲੇ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇਗੀ।

ਰਿਟਾਇਰਡ ਮੇਜਰ ਵਿਕਰਾਂਤ ਜੇਤਲੀ ਕੌਣ ਹਨ?

ਸੇਲਿਨਾ ਨੇ ਦਿੱਲੀ ਹਾਈ ਕੋਰਟ ਵਿੱਚ ਦਿੱਤੀ ਪਟੀਸ਼ਨ 'ਚ ਭਾਰਤ ਸਰਕਾਰ ਨੂੰ ਪਾਰਟੀ ਬਣਾਇਆ ਹੈ।

ਇਸ ਮਾਮਲੇ ਵਿੱਚ ਨਵੰਬਰ 'ਚ ਹੋਈ ਸੁਣਵਾਈ ਤੋਂ ਬਾਅਦ ਜਸਟਿਸ ਸਚਿਨ ਦੱਤਾ ਨੇ ਜੋ ਆਦੇਸ਼ ਦਿੱਤਾ ਹੈ, ਉਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸੇਲਿਨਾ ਦੇ ਭਰਾ ਵਿਕਰਾਂਤ 2016 ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਿਵਾਸੀ ਹਨ।

ਉਹ ਉੱਥੇ ਮਾਤਿਤੀ ਗਰੁੱਪ ਵਿੱਚ ਕੰਮ ਕਰਦੇ ਸਨ। ਇਹ ਕੰਪਨੀ ਟ੍ਰੇਡਿੰਗ, ਕੰਸਲਟੈਂਸੀ ਅਤੇ ਜੋਖਮ ਪ੍ਰਬੰਧਨ ਸੇਵਾਵਾਂ ਦਾ ਕੰਮ ਕਰਦੀ ਹੈ।

ਇਸ ਕੰਪਨੀ ਦੀ ਵੈੱਬਸਾਈਟ ਅਨੁਸਾਰ ਵਿਕਰਾਂਤ ਜੇਤਲੀ ਕੰਪਨੀ ਦੇ ਸੀਈਓ ਅਤੇ ਪਾਰਟਨਰ ਹਨ।

ਜਸਟਿਸ ਦੱਤਾ ਦੇ ਆਦੇਸ਼ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਵਿਕਰਾਂਤ ਨੂੰ 06 ਸਤੰਬਰ 2024 ਨੂੰ ਯੂਏਈ ਵਿੱਚ ਅਗਵਾ ਕਰਕੇ ਰੱਖਿਆ ਗਿਆ ਹੈ।

ਸੇਲਿਨਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਕਾਫ਼ੀ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਵਿਦੇਸ਼ ਮੰਤਰਾਲਾ ਵਿਕਰਾਂਤ ਦੀ ਸਥਿਤੀ ਅਤੇ ਕਾਨੂੰਨੀ ਸਟੇਟਸ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਨਾਕਾਮ ਰਿਹਾ ਹੈ।

ਜਸਟਿਸ ਸਚਿਨ ਦੱਤਾ ਨੇ ਆਪਣੇ ਆਦੇਸ਼ ਵਿੱਚ ਕਿਹਾ, "ਸੁਣਵਾਈ ਦੌਰਾਨ ਇਹ ਪਤਾ ਲੱਗਾ ਕਿ ਯੂਏਈ ਵਿੱਚ ਭਾਰਤੀ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਏ ਗਏ ਵਿਅਕਤੀ ਤੱਕ ਕੌਂਸਲਰ ਐਕਸੈਸ ਦਿੱਤੀ ਗਈ ਹੈ। ਹਾਲਾਂਕਿ, ਭਾਰਤ ਸਰਕਾਰ ਦੇ ਵਕੀਲ ਨੇ ਇਹ ਪਤਾ ਲਗਾਉਣ ਲਈ ਕੁਝ ਸਮਾਂ ਮੰਗਿਆ ਹੈ ਕਿ ਕੀ ਹਿਰਾਸਤ ਵਿੱਚ ਲਏ ਗਏ ਵਿਅਕਤੀ (ਵਿਕਰਾਂਤ) ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਤੋਂ ਗੱਲਬਾਤ ਦੀ ਕੋਈ ਸਹੂਲਤ ਦਿੱਤੀ ਗਈ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)