You’re viewing a text-only version of this website that uses less data. View the main version of the website including all images and videos.
ਸਿਫਿਲਿਸ: ਸਦੀਆਂ ਪੁਰਾਣੀ ਸੈਕਸ ਨਾਲ ਫੈਲਣ ਵਾਲੀ ਬਿਮਾਰੀ ਜੋ ਮੁੜ ਆਪਣੇ ਪੈਰ ਪਸਾਰ ਰਹੀ
- ਲੇਖਕ, ਕਰੁਪਾ ਪਾਧੀ
- ਰੋਲ, ਬੀਬੀਸੀ ਕਲਚਰ
ਸਿਫਿਲਿਸ ਸਭ ਤੋਂ ਪੁਰਾਣੀ ਜਿਨਸੀ ਤੌਰ 'ਤੇ ਸੰਚਾਰਿਤ ਲਾਗਾਂ ਵਿੱਚੋਂ ਇੱਕ ਹੈ। ਇੱਕ ਵਾਰ ਤਾਂ ਲੱਗਿਆ ਸੀ ਕਿ ਇਹ ਘਟਣ ਲੱਗੀ ਹੈ, ਪਰ ਹੁਣ ਇਹ ਚਿੰਤਾਜਨਕ ਦਰ ਨਾਲ ਮੁੜ ਉੱਭਰ ਰਹੀ ਹੈ।
14ਵੀਂ ਸਦੀ ਵਿੱਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਫਿਲਿਸ ਨੂੰ ਕਈ ਨਾਵਾਂ ਨਾਲ ਬੁਲਾਇਆ ਗਿਆ, ਜਿਵੇਂ ‘ਫਰੈਂਚ ਰੋਗ’, ‘ਨੇਪੋਲੀਟਨ ਰੋਗ’, ‘ਪੋਲਿਸ਼ ਰੋਗ’ ਆਦਿ।
ਹਾਲਾਂਕਿ ਇਸ ਬਾਰੇ ਇੱਕ ਗੱਲ ਅਟਕਦੀ ਹੈ, 'ਇਹ ਬਹੁਤ ਨਕਲਚੀ ਹੈ।' ਮਸਲਨ ਇਸ ਦੇ ਸ਼ੁਰੂਆਤੀ ਲੱਛਣ ਹੋਰਨਾਂ ਬਿਮਾਰੀਆਂ ਨਾਲ ਮੇਲ ਖਾਂਦੇ ਹਨ।
ਸਿਫਿਲਿਸ ਦੂਜੀਆਂ ਲਾਗਾਂ ਦੀ ਨਕਲ ਕਰਨ ਵਿੱਚ ਮਾਹਿਰ ਹੈ ਅਤੇ ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਹੈ। ਇਸ ਦਾ ਇਲਾਜ ਨਾ ਕੀਤੇ ਜਾਣ ’ਤੇ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।
ਐਮਸਟਰਡਮ ਵਿੱਚ ਇੱਕ 33 ਸਾਲਾ ਪ੍ਰੋਜੈਕਟ ਅਫ਼ਸਰ ਤੁਸ਼ਾਰ ਨੂੰ ਦੋ ਵਾਰ ਸਿਫਿਲਿਸ ਹੋ ਚੁੱਕੀ ਹੈ। ਉਸ ਨੂੰ ਇਸ ਬਾਰੇ ਪਹਿਲੀ ਵਾਰ ਆਪਣੇ ਜਿਨਸੀ ਸਾਥੀ ਤੋਂ ਪਤਾ ਲੱਗਿਆ।
ਉਨ੍ਹਾਂ ਦੱਸਿਆ, “ਉਹ ਅਸਲ ਵਿੱਚ ਬਹੁਤ ਪਰੇਸ਼ਾਨ ਸਨ। ਉਨ੍ਹਾਂ ਨੇ ਮੇਰੇ 'ਤੇ ਇਲਜ਼ਾਮ ਲਗਾਇਆ ਜੋ ਕਿ ਮਾਹਵਾਰੀ ਦੇ ਦਿਨਾਂ ਦੌਰਾਨ ਸੰਭਵ ਨਹੀਂ ਸੀ। ਮੈਨੂੰ ਆਪਣੇ ’ਤੇ ਇਲਜ਼ਾਮ ਲਗਾਉਣਾ ਅਜੀਬ ਲੱਗਿਆ ਅਤੇ ਮੈਨੂੰ ਇਸ ਦਾ ਅਸਰ ਘੱਟ ਕਰਨ ਲਈ ਕੁਝ ਸਮਾਂ ਲੱਗਿਆ।”
ਤੁਸ਼ਾਰ ਨੇ ਉਸੇ ਹਫ਼ਤੇ ਆਪਣਾ ਟੈਸਟ ਅਤੇ ਇਲਾਜ ਕਰਵਾਇਆ।
ਉਹ ਕਹਿੰਦੇ ਹਨ, "ਲੋਕਾਂ ਨੂੰ ਗਲ਼ਤਫਹਿਮੀ ਹੈ ਕਿ ਸਿਫਿਲਿਸ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਲੋਕ ਇਹ ਨਹੀਂ ਸਮਝਦੇ ਕਿ ਸਿਫਿਲਿਸ ਦੇ ਐਂਟੀਬਾਡੀਜ਼ ਹੋਣ ਅਤੇ ਇਨਫੈਕਸ਼ਨ ਨਾ ਹੋਣ ਦਾ ਕੀ ਮਤਲਬ ਹੈ।”
ਅਪ੍ਰੈਲ ਵਿੱਚ ਅਮਰੀਕਾ ਨੇ ਜਿਨਸੀ ਤੌਰ 'ਤੇ ਪ੍ਰਸਾਰਿਤ ਲਾਗਾਂ (ਐੱਸਟੀਆਈ) ਬਾਰੇ ਆਪਣਾ ਤਾਜ਼ਾ ਡੇਟਾ ਜਾਰੀ ਕੀਤਾ।
ਸਿਫਿਲਿਸ ਦੇ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ। ਇਸ ਦੇ 2020 ਅਤੇ 2021 ਦੇ ਵਿਚਕਾਰ ਕੇਸਾਂ ਵਿੱਚ 32% ਦਾ ਵਾਧਾ ਹੋਇਆ ਅਤੇ ਇਹ 70 ਸਾਲਾਂ ਵਿੱਚ ਰਿਪੋਰਟ ਕੀਤੀਆਂ ਘਟਨਾਵਾਂ ਦੀ ਸਭ ਤੋਂ ਵੱਧ ਗਿਣਤੀ ਹੈ।
ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਚਿਤਾਵਨੀ ਦਿੱਤੀ ਹੈ ਕਿ ਇਹ ਮਹਾਮਾਰੀ ਘੱਟਣ ਦੇ ਕੋਈ ਸੰਕੇਤ ਵੀ ਨਹੀਂ ਦਿਖਾ ਰਹੀ।
ਇਸ ਨੇ ਕੁਝ ‘ਚਿੰਤਾਜਨਕ’ ਨਵੇਂ ਰੁਝਾਨਾਂ ਵੱਲ ਇਸ਼ਾਰਾ ਕੀਤਾ ਹੈ ਜੋ ਬਿਮਾਰੀ ਦੇ ਇਸ ਅਚਾਨਕ ਵਾਧੇ ਦਾ ਕਾਰਨ ਬਣ ਰਹੇ ਹਨ।
ਜਮਾਂਦਰੂ ਸਿਫਿਲਿਸ
ਜਮਾਂਦਰੂ ਸਿਫਿਲਿਸ ਯਾਨੀ ਜਿੱਥੇ ਇੱਕ ਮਾਂ ਵੱਲੋਂ ਗਰਭ ਅਵਸਥਾ ਦੌਰਾਨ ਉਸ ਦੇ ਬੱਚੇ ਤੱਕ ਇਸ ਦੀ ਲਾਗ ਪਹੁੰਚਦੀ ਹੈ। ਇਸ ਤੋਂ ਇਲਾਵਾ ਅਕਸਰ ਆਪਣੇ ਸਾਥੀ ਤੋਂ ਲਾਗ ਲੱਗਣ ਤੋਂ ਬਾਅਦ ਇਹ ਖ਼ਾਸ ਤੌਰ 'ਤੇ ਤੇਜ਼ੀ ਨਾਲ ਵਧੀ ਹੈ।
2020-2021 ਦੇ ਵਿਚਕਾਰ ਅਮਰੀਕਾ ਵਿੱਚ ਇਨ੍ਹਾਂ ਕੇਸਾਂ ਵਿੱਚ 32% ਦਾ ਵਾਧਾ ਹੋਇਆ ਹੈ।
ਇਹ ਬਿਮਾਰੀ ਮ੍ਰਿਤਕ ਬੱਚੇ ਦੇ ਜਨਮ, ਬੱਚਿਆਂ ਦੀ ਮੌਤ ਅਤੇ ਜੀਵਨ ਭਰ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਇਸ ਨੇ ਬਹੁਤ ਸਾਰੇ ਸਿਹਤ ਮਾਹਿਰਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਸੀਡੀਸੀ ਦੇ ਜਿਨਸੀ ਤੌਰ ’ਤੇ ਸੰਚਾਰਿਤ ਰੋਗਾਂ ਦੀ ਰੋਕਥਾਮ ਦੇ ਵਿਭਾਗ ਦੇ ਨਿਰਦੇਸ਼ਕ ਲੀਐਂਡਰੋ ਮੇਨਾ ਕਹਿੰਦੇ ਹਨ, “ਪੰਦਰਾਂ ਜਾਂ ਵੀਹ ਸਾਲ ਪਹਿਲਾਂ ਅਸੀਂ ਸੋਚਿਆ ਸੀ ਕਿ ਅਸੀਂ ਸਿਫਿਲਿਸ ਨੂੰ ਖ਼ਤਮ ਕਰਨ ਦੀ ਕਗਾਰ ’ਤੇ ਹਾਂ।”
“ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਿਫਿਲਿਸ ਦੀ ਵਧਦੀ ਦਰ ਨੂੰ ਦੇਖ ਰਹੇ ਹਾਂ, ਅਜਿਹੀ ਦਰ ਜੋ ਅਸੀਂ ਪਿਛਲੇ 20 ਸਾਲਾਂ ਵਿੱਚ ਨਹੀਂ ਦੇਖੀ ਹੈ।”
ਇਹ ਕੁਝ ਅਜਿਹਾ ਨਹੀਂ ਹੈ ਜੋ ਸਿਰਫ਼ ਅਮਰੀਕਾ ਵਿੱਚ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ 2020 ਵਿੱਚ ਵਿਸ਼ਵ ਪੱਧਰ ’ਤੇ ਸਿਫਿਲਿਸ ਦੇ 71 ਲੱਖ ਨਵੇਂ ਕੇਸ ਸਾਹਮਣੇ ਆਏ ਹਨ।
ਕਿੱਥੇ ਕਿੰਨੇ ਕੇਸ
- ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ 2020 ਵਿੱਚ ਵਿਸ਼ਵ ਪੱਧਰ ’ਤੇ ਸਿਫਿਲਿਸ ਦੇ 71 ਲੱਖ ਨਵੇਂ ਕੇਸ ਸਾਹਮਣੇ ਆਏ ਹਨ।
- ਅਪ੍ਰੈਲ ਵਿੱਚ ਅਮਰੀਕਾ ਵਿੱਚ ਜਾਰੀ ਇੱਕ ਡੇਟਾ ਮੁਤਾਬਕ ਸਿਫਿਲਿਸ ਦੇ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ।
- 2020-2021 ਦੇ ਵਿਚਕਾਰ ਅਮਰੀਕਾ ਵਿੱਚ ਇਨ੍ਹਾਂ ਕੇਸਾਂ ਵਿੱਚ 32% ਦਾ ਵਾਧਾ ਹੋਇਆ ਹੈ।
- ਇਹ 70 ਸਾਲਾਂ ਵਿੱਚ ਰਿਪੋਰਟ ਕੀਤੀਆਂ ਘਟਨਾਵਾਂ ਦੀ ਸਭ ਤੋਂ ਵੱਧ ਸੰਖਿਆ ਤੱਕ ਪਹੁੰਚ ਗਈ।
- ਯੂਕੇ ਵਿੱਚ 2020 ਅਤੇ 2021 ਵਿੱਚ ਸਿਫਿਲਿਸ ਦੀ ਦਰ 8.4% ਵਧ ਗਈ।
- ਕੈਨੇਡਾ ਵਿੱਚ 2011 ਅਤੇ 2019 ਦਰਮਿਆਨ ਛੂਤ ਵਾਲੇ ਸਿਫਿਲਿਸ ਦਾ 389% ਦਾ ਵਾਧਾ ਦੇਖਿਆ ਗਿਆ।
2022 ਵਿੱਚ ਯੂਕੇ ਵਿੱਚ ਸਿਫਿਲਿਸ ਦੇ ਮਾਮਲੇ 1948 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ।
ਇਨ੍ਹਾਂ ਮਾਮਲਿਆਂ ਵਿੱਚ ਵਾਧਾ ਇੱਕ ਅਜਿਹੀ ਗੱਲ ਹੈ ਜਿਸ ਨਾਲ ਫਰੰਟਲਾਈਨ ’ਤੇ ਕੰਮ ਕਰਨ ਵਾਲੇ ਜਿਨਸੀ ਸਿਹਤ ਪ੍ਰੈਕਟੀਸ਼ਨਰ ਇਸ ਤੋਂ ਜਾਣੂ ਹੋ ਗਏ ਹਨ।
ਯੂਕੇ ਵਿੱਚ ਐੱਸਟੀਆਈ ਫਾਊਂਡੇਸ਼ਨ ਦੀ ਸਹਿ-ਚੇਅਰਮੈਨ ਜੋਡੀ ਕ੍ਰਾਸਮੈਨ ਕਹਿੰਦੇ ਹਨ, “ਜਦੋਂ ਮੈਂ ਪਹਿਲੀ ਵਾਰ 2005 ਵਿੱਚ ਜਿਨਸੀ ਸਿਹਤ ਨਰਸਿੰਗ ਸ਼ੁਰੂ ਕੀਤੀ ਸੀ, ਤਾਂ ਮੁੱਢਲੀ ਸਿਫਿਲਿਸ ਦੇ ਮਾਮਲੇ ਸਾਹਮਣੇ ਆਉਣੇ ਬਹੁਤ ਘੱਟ ਸਨ, ਇੱਥੋਂ ਤੱਕ ਕਿ ਇੱਕ ਸਿਟੀ ਸੈਂਟਰ ਕਲੀਨਿਕ ਵਿੱਚ ਵੀ।”
ਜਿੱਥੇ 2020 ਅਤੇ 2021 ਵਿੱਚ ਸਿਫਿਲਿਸ ਦੀ ਦਰ 8.4% ਵਧ ਗਈ।
“ਹੁਣ ਜ਼ਿਆਦਾਤਰ ਸ਼ਹਿਰੀ ਕਲੀਨਿਕਾਂ ਵਿੱਚ ਪ੍ਰਤੀ ਦਿਨ ਘੱਟੋ-ਘੱਟ ਦੋ ਜਾਂ ਤਿੰਨ ਮਰੀਜ਼ ਇਸ ਦੇ ਇਲਾਜ ਲਈ ਆਉਂਦੇ ਹਨ।”
ਸਿਫਿਲਿਸ ਦੀ ਪਛਾਣ
ਇਹ ਲਾਗ ਟ੍ਰੇਪੋਨੇਮਾ ਪੈਲਿਡਮ (Treponema pallidum) ਨਾਂ ਦੇ ਬੈਕਟੀਰੀਆ ਕਾਰਨ ਹੁੰਦੀ ਹੈ ਅਤੇ ਇਸ ਦੇ ਲੱਛਣਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਸਭ ਤੋਂ ਪਹਿਲਾਂ ਇਸ ਦੀ ਪਛਾਣ ਜਿਨਸੀ ਸੰਪਰਕ ਵਾਲੀ ਥਾਂ ’ਤੇ ਦਰਦ ਰਹਿਤ ਜ਼ਖ਼ਮ ਜਾਂ ਧੱਫੜ/ਦਾਣੇ ਨਾਲ ਹੁੰਦੀ ਹੈ। ਪੈਨਿਸਿਲਿਨ ਦੀ ਇੱਕ ਅੰਦਰੂਨੀ ਖੁਰਾਕ (ਇੰਸਟ੍ਰਾਮਸਕੁਲਰ) ਨੂੰ ਲਾਗ ਦੇ ਇਲਾਜ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮੰਨਿਆ ਜਾਂਦਾ ਹੈ।
ਇਲਾਜ ਨਾ ਕੀਤੇ ਜਾਣ ’ਤੇ ਸਿਫਿਲਿਸ ਲੰਬੇ ਸਮੇਂ ਲਈ ਤੰਤੂ ਵਿਗਿਆਨ (ਨਿਊਰੋਲੌਜੀਕਲ) ਅਤੇ ਦਿਲ ਸਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਕੈਨੇਡਾ ਵਿੱਚ ਸਰਹੱਦ ਪਾਰ ਤੋਂ ਅਮਰੀਕਾ ਵਿੱਚ ਫੈਲ ਰਹੀ ਮਹਾਮਾਰੀ ’ਤੇ ਟੋਰਾਂਟੋ ਯੂਨੀਵਰਸਿਟੀ ਦੇ ਛੂਤ ਦੀਆਂ ਬਿਮਾਰੀਆਂ ਦੇ ਡਾਕਟਰ ਅਤੇ ਖੋਜਕਰਤਾ ਇਸਹਾਕ ਬੋਗੋਚ ਨਜ਼ਰ ਰੱਖ ਰਹੇ ਹਨ।
ਉਹ ਕਹਿੰਦੇ ਹਨ, “ਇਹ ਉਹ ਰੁਝਾਨ ਹੈ ਜੋ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਦੇਖਿਆ ਜਾ ਰਿਹਾ ਹੈ।”
“ਇਹ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਆਮ ਤੌਰ 'ਤੇ ਸਿਫਿਲਿਸ ਦਾ ਇਲਾਜ ਕਰਨਾ ਬਹੁਤ ਆਸਾਨ ਹੈ ਅਤੇ ਇਲਾਜ ਵਿਆਪਕ ਤੌਰ ’ਤੇ ਉਪਲੱਬਧ ਹੈ। ਇਸ ਲਈ, ਇਸ ਦਾ ਬਹੁਤ ਸਾਰਾ ਹਿੱਸਾ ਜਨਤਕ ਸਿਹਤ ਸੰਭਾਲ ਵਿੱਚ ਆਈ ਗਿਰਾਵਟ ਨੂੰ ਦਰਸਾਉਂਦਾ ਹੈ।”
ਕੈਨੇਡਾ ਵਿੱਚ 2011 ਅਤੇ 2019 ਦਰਮਿਆਨ ਛੂਤ ਵਾਲੇ ਸਿਫਿਲਿਸ ਦਾ 389% ਦਾ ਵਾਧਾ ਦੇਖਿਆ ਗਿਆ, ਜੋ ਕਿ ਹੋਰ ਐੱਸਟੀਆਈ’ਜ਼ ਦੀ ਤੁਲਨਾ ਵਿੱਚ ਕਾਫ਼ੀ ਜ਼ਿਆਦਾ ਹੈ।
ਹਾਲ ਹੀ ਦੇ ਦਹਾਕਿਆਂ ਵਿੱਚ ਸਿਫਿਲਿਸ ਦੇ ਜ਼ਿਆਦਾਤਰ ਮਾਮਲੇ ਗੇਅ, ਬਾਇਸੈਕਸੁਅਲ ਅਤੇ ਮਰਦਾਂ ਨਾਲ ਜਿਨਸੀ ਸਬੰਧ ਰੱਖਣ ਵਾਲੇ ਹੋਰ ਪੁਰਸ਼ਾਂ ਵਿੱਚ ਹਨ।
ਹਾਲਾਂਕਿ, ਸੰਸਾਰ ਦੇ ਕੁਝ ਹਿੱਸਿਆਂ ਵਿੱਚ ਪੁਰਸ਼ਾਂ ਵਿੱਚ ਸਿਫਿਲਿਸ ਦੇ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ।
ਉਦਾਹਰਨ ਵਜੋਂ ਕੈਨੇਡਾ ਵਿੱਚ ਪੁਰਸ਼ਾਂ ਵਿੱਚ ਛੂਤ ਵਾਲੀ ਸਿਫਿਲਿਸ ਦੀ ਦਰ ਵਿੱਚ ਕਮੀ ਆਈ ਹੈ।
ਪਰ ਇਸ ਦੇ ਨਾਲ ਹੀ ਨਾ ਸਿਰਫ਼ ਕੈਨੇਡਾ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਔਰਤਾਂ ਵਿੱਚ ਇਸ ਦੀ ਦਰ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜਮਾਂਦਰੂ ਸਿਫਿਲਿਸ ਦੀ ਦਰ ਵਿੱਚ ਵਾਧਾ ਹੋਇਆ ਹੈ।
ਸਿਫਿਲਿਸ ਦੇ ਪ੍ਰਭਾਵ
ਪੂਰੇ ਅਮਰੀਕਾ ਵਿੱਚ 2021 ਵਿੱਚ ਮਾਂ ਤੋਂ ਬੱਚੇ ਵਿੱਚ ਸਿਫਿਲਿਸ ਦੇ ਸੰਚਾਰ ਦੇ 30,000 ਮਾਮਲੇ ਸਾਹਮਣੇ ਆਏ ਸਨ।
ਇਹ ਇੱਕ ਅਜਿਹਾ ਅੰਕੜਾ ਹੈ ਜਿਸ ਨੂੰ ਸਿਹਤ ਅਧਿਕਾਰੀਆਂ ਨੇ “ਅਸਵੀਕਾਰਨਯੋਗ ਤੌਰ ’ਤੇ ਉੱਚਾ” ਦੱਸਿਆ ਹੈ।
ਗਰਭ ਅਵਸਥਾ ਦੌਰਾਨ ਅਣਜੰਮੇ ਬੱਚੇ ਵਿੱਚ ਸਿਫਿਲਿਸ ਦੇ ਸੰਚਾਰ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ ਜਿਸ ਵਿੱਚ ਗਰਭਪਾਤ, ਮਰੇ ਹੋਏ ਬੱਚੇ ਦਾ ਜਨਮ, ਸਮੇਂ ਤੋਂ ਪਹਿਲਾਂ ਜਨਮ, ਜਨਮ ਦੇ ਸਮੇਂ ਘੱਟ ਵਜ਼ਨ ਅਤੇ ਜਨਮ ਤੋਂ ਤੁਰੰਤ ਬਾਅਦ ਬੱਚੇ ਦੀ ਮੌਤ ਹੋਣਾ ਸ਼ਾਮਲ ਹੈ।
ਅਮਰੀਕਾ ਵਿੱਚ ਜਮਾਂਦਰੂ ਸਿਫਿਲਿਸ ਦੀ ਦਰ ਵਧ ਰਹੀ ਹੈ। ਉਹ 2016 ਦੇ ਮੁਕਾਬਲੇ 2020 ਵਿੱਚ 3.5 ਗੁਣਾ ਵੱਧ ਸਨ ਅਤੇ 2021 ਵਿੱਚ ਫਿਰ ਤੋਂ ਵਧ ਗਏ, ਨਤੀਜੇ ਵਜੋਂ 220 ਮਰੇ ਹੋਏ ਬੱਚਿਆਂ ਦੇ ਜਨਮ ਅਤੇ ਬਾਲ ਮੌਤਾਂ ਹੋਈਆਂ।
ਰਾਸ਼ਟਰੀ ਅੰਕੜੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੁਝ ਅਸਾਧਾਰਨ ਤੌਰ 'ਤੇ ਨਾਟਕੀ ਵਾਧੇ ਨੂੰ ਲੁਕਾਉਂਦੇ ਪ੍ਰਤੀਤ ਹੁੰਦੇ ਹਨ। ਮਿਸੀਸਿਪੀ ਵਿੱਚ ਡਾਕਟਰਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਜਮਾਂਦਰੂ ਸਿਫਿਲਿਸ ਦੇ ਕੇਸਾਂ ਵਿੱਚ 900% ਦੇ ਵਾਧੇ ਦੀ ਸੂਚਨਾ ਦਿੱਤੀ ਹੈ।
ਸਭ ਤੋਂ ਵੱਧ ਗਿਣਤੀ ਸਿਆਹਫਾਮ ਅਮਰੀਕੀਆਂ ਅਤੇ ਹਿਸਪੈਨਿਕ ਔਰਤਾਂ ਵਿੱਚ ਦੇਖੀ ਗਈ ਹੈ।
ਵਿਸਕਾਨਸਿਨ ਵਿੱਚ ਮਾਰਸ਼ਫੀਲਡ ਕਲੀਨਿਕ ਰਿਸਰਚ ਇੰਸਟੀਚਿਊਟ ਦੀ ਐਸੋਸੀਏਟ ਖੋਜ ਵਿਗਿਆਨੀ ਮਾਰੀਆ ਸੁੰਦਰਮ ਕਹਿੰਦੀ ਹੈ, “ਇਹ ਸਾਡੇ ਜਨਤਕ ਸਿਹਤ ਅਤੇ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਅਜੇ ਵੀ ਮੌਜੂਦ ਅਸਮਾਨਤਾ ਅਤੇ ਨਸਲਵਾਦ ਨੂੰ ਦਰਸਾਉਂਦਾ ਹੈ।”
ਔਰਤਾਂ ਦੇ ਸਭ ਤੋਂ ਕਮਜ਼ੋਰ ਸਮੂਹ, ਜਿਵੇਂ ਕਿ ਜਿਨ੍ਹਾਂ ਨੇ ਆਪਣਾ ਘਰ ਗੁਆ ਦਿੱਤਾ ਹੈ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੂਝ ਰਹੀਆਂ ਹਨ, ਵੀ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਅਸਮਾਨਤਾਵਾਂ ਵਿਸ਼ਵ ਭਰ ਵਿੱਚ ਕੋਵਿਡ -19 ਮਹਾਮਾਰੀ ਦੇ ਕਾਰਨ ਵਧ ਗਈਆਂ ਹਨ।
ਸੁੰਦਰਮ ਦਾ ਕਹਿਣਾ ਹੈ, “ਜਨਤਕ ਸਿਹਤ ਭਾਈਚਾਰੇ ਵਿੱਚ ਆਮ ਸਹਿਮਤੀ ਇਹ ਹੈ ਕਿ ਸਿਫਿਲਿਸ ਸਮੇਤ ਐੱਸਟੀਆਈ’ਜ਼ ਵਿੱਚ ਵਾਧਾ ਸੰਭਾਵਤ ਤੌਰ ’ਤੇ ਮਹਾਮਾਰੀ ਦੇ ਦੌਰਾਨ ਐੱਸਟੀਆਈ ਰੋਕਥਾਮ ਸਰੋਤਾਂ ਦੇ ਵਿਘਨ ਨਾਲ ਸਬੰਧਤ ਹੈ।”
ਇਸ ਸਮੱਸਿਆ ਨੂੰ ਜਨਮ ਦੇਣ ਵਾਲੀਆਂ ਅਸਮਾਨਤਾਵਾਂ ਵਿੱਚ ਐੱਸਟੀਆਈ ਟੈਸਟਿੰਗ ਸਥਾਨਾਂ ਤੱਕ ਪਹੁੰਚ, ਸਿਫਿਲਿਸ ਹੋਣ ਨਾਲ ਸਬੰਧਿਤ ਕਲੰਕ ਅਤੇ ਭਾਸ਼ਾ ਦੀਆਂ ਸੰਭਾਵਿਤ ਰੁਕਾਵਟਾਂ ਹਨ।
ਬ੍ਰਾਜ਼ੀਲ ਵਿੱਚ ਇੱਕ ਅਧਿਐਨ ਵਿੱਚ ਉਨ੍ਹਾਂ ਸਿਆਹਫਾਮ ਔਰਤਾਂ ਵਿੱਚ ਇੱਕ ਸਬੰਧ ਪਾਇਆ ਗਿਆ ਜਿਨ੍ਹਾਂ ਦਾ ਸਕੂਲ ਸਿੱਖਿਆ ਦਾ ਪੱਧਰ ਘੱਟ ਸੀ ਅਤੇ ਉਨ੍ਹਾਂ ਵਿੱਚ ਜਮਾਂਦਰੂ ਸਿਫਿਲਿਸ ਦੀ ਦਰ ਜ਼ਿਆਦਾ ਸੀ।
ਕਈ ਮਾਮਲਿਆਂ ਵਿੱਚ ਔਰਤਾਂ ਨੂੰ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਦੀ ਢੁੱਕਵੀਂ ਦੇਖਭਾਲ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪੈਂਦਾ ਹੈ ਜਿੱਥੇ ਸਿਫਿਲਿਸ ਦੀ ਜਾਂਚ ਕੀਤੀ ਜਾਂਦੀ ਹੋਵੇ।
ਕੇਰਨ ਕਾਉਂਟੀ, ਕੈਲੀਫੋਰਨੀਆ ਵਿੱਚ ਇੱਕ ਹੋਰ ਅਧਿਐਨ ਨੇ ਗਰਭਵਤੀ ਔਰਤਾਂ ਵਿੱਚ ਜਨਮ ਤੋਂ ਪਹਿਲਾਂ ਦੀ ਦੇਖਭਾਲ ਸਥਾਪਤ ਕਰਨ ਲਈ ਇਮੀਗ੍ਰੇਸ਼ਨ ਸਥਿਤੀ, ਮੈਡੀਕਲ ਬੀਮਾ ਸਥਿਤੀ ਅਤੇ ਜਿਨਸੀ ਜਾਂ ਘਰੇਲੂ ਹਿੰਸਾ ਦੀ ਭੂਮਿਕਾ ਦੀ ਪਛਾਣ ਕੀਤੀ।
ਇਸ ਅਧਿਐਨ ਨੇ 2018 ਵਿੱਚ ਰਾਜ ਦੀ ਆਬਾਦੀ ਦੀ ਸਿਰਫ਼ 2.3% ਨੁਮਾਇੰਦਗੀ ਕਰਨ ਦੇ ਬਾਵਜੂਦ ਰਾਜ ਦੇ ਜਮਾਂਦਰੂ ਸਿਫਿਲਿਸ ਦੇ 17% ਮਾਮਲਿਆਂ ਨੂੰ ਆਧਾਰ ਬਣਾਇਆ ਸੀ।
ਜਿਨ੍ਹਾਂ ਗਰਭਵਤੀ ਜਾਂ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਔਰਤਾਂ ਨਾਲ ਇੰਟਰਵਿਊ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਅੱਧੀਆਂ ਦੀ ਪਛਾਣ ਹਿਸਪੈਨਿਕ, ਲੈਟਿਨ ਜਾਂ ਸਪੈਨਿਸ਼ ਮੂਲ ਵਜੋਂ ਕੀਤੀ ਗਈ ਸੀ।
ਆਸਟਰੇਲੀਆ ਵਿੱਚ ਸਿਫਿਲਿਸ ਦੇ 2020 ਦੇ ਇੱਕ ਅਧਿਐਨ ਵਿੱਚ 2015 ਵਿੱਚ ਦਰਜ ਦਰਾਂ ਨਾਲੋਂ ਅੰਕੜਿਆਂ ਵਿੱਚ ਲਗਭਗ 90% ਦਾ ਵਾਧਾ ਹੋਇਆ ਹੈ।
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਵਿਚਕਾਰ ਸਿਫਿਲਿਸ ਦੇ ਲਗਭਗ 4,000 ਮਾਮਲਿਆਂ ਦੀ ਪਛਾਣ ਕੀਤੀ ਗਈ ਜੋ ਕੁੱਲ ਆਸਟਰੇਲੀਆਈ ਆਬਾਦੀ ਦਾ ਸਿਰਫ਼ 3.8% ਹੈ।
ਜਦੋਂ ਕਿ ਮਹਾਮਾਰੀ ਨੂੰ ਸਥਿਰ ਕਰਨ ਲਈ ਇੱਕ ਰਾਸ਼ਟਰੀ ਟੈਸਟ ਅਤੇ ਇਲਾਜ ਪ੍ਰਤੀਕਿਰਿਆ ਯੋਜਨਾ ਲਾਗੂ ਹੋਈ, ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਕੋਪ ਤੋਂ ਪਹਿਲਾਂ ਦੇ ਅੰਕੜਿਆਂ ਦੇ ਪੱਧਰ ਨੂੰ ਘਟਾਉਣ ਲਈ ਕਮਿਊਨਿਟੀ ਵਾਈਡ ਟੈਸਟਿੰਗ ਦੇ ਬਹੁਤ ਵੱਡੇ ਪੱਧਰ ਦੀ ਲੋੜ ਹੁੰਦੀ ਹੈ।
ਫਿਰ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਭਵਤੀ ਮਾਵਾਂ ਨੂੰ ਸਿਫਿਲਿਸ ਸਬੰਧੀ ਜਨਮ ਤੋਂ ਪਹਿਲਾਂ ਬੱਚਿਆਂ ਦੀ ਜਾਂਚ ਕਰਾਉਣ ਵਿੱਚ ਵਿਸ਼ੇਸ਼ ਸਮੱਸਿਆਵਾਂ ਆਈਆਂ ਹਨ।
ਪਰ ਜਦੋਂ ਕਿ ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਅਤੇ ਮਹਾਮਾਰੀ ਨੇ ਜਨਤਕ ਸਿਹਤ ਸੰਭਾਲ ਸਰੋਤਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਐੱਸਆਈਟੀ’ਜ਼ ਪ੍ਰਤੀ ਮਨੁੱਖੀ ਵਿਵਹਾਰ ਅਤੇ ਦ੍ਰਿਸ਼ਟੀਕੋਣ ਵਿੱਚ ਵੀ ਤਬਦੀਲੀ ਆਈ ਹੈ।
ਮੇਨਾ ਦਾ ਕਹਿਣਾ ਹੈ, “1990 ਦੇ ਦਹਾਕੇ ਦੇ ਅੱਧ ਵਿੱਚ ਐੱਚਆਈਵੀ ਲਈ ਐਂਟੀ-ਰੇਟਰੋਵਾਇਰਲ ਥੈਰੇਪੀ ਦੇ ਆਗਮਨ ਨਾਲ ਇੱਕ ਵੱਡੀ ਤਬਦੀਲੀ ਆਈ ਸੀ।”
“ਹੁਣ, ਐੱਚਆਈਵੀ ਦੀ ਲਾਗ ਦੀ ਰੋਕਥਾਮ ਅਤੇ ਇਲਾਜ ਵਿੱਚ ਪ੍ਰਗਤੀ ਹੋਈ ਹੈ, ਐੱਚਆਈਵੀ ਨੂੰ ਇੱਕ ਪੁਰਾਣੀ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ।”
ਡੇਟਿੰਗ ਐਪਸ ਅਤੇ ਸਿਫਿਲਿਸ ਦੇ ਕੇਸਾਂ ਵਿਚਕਾਰ ਸਬੰਧ
ਐੱਚਆਈਵੀ ਦੀ ਲਾਗ ਦਾ ਖ਼ਤਰਾ ਹੁਣ ਲੋਕਾਂ ਲਈ ਕੰਡੋਮ ਦੀ ਵਰਤੋਂ ਕਰਨ ਜਾਂ ਐੱਸਟੀਆਈ’ਜ਼ ਦੇ ਵਿਰੁੱਧ ਹੋਰ ਰੋਕਥਾਮ ਰਣਨੀਤੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਨਹੀਂ ਹੈ।”
ਜਾਪਾਨ ਵਿੱਚ ਖੋਜਕਰਤਾ ਡੇਟਿੰਗ ਐਪਸ ਅਤੇ ਸਿਫਿਲਿਸ ਦੇ ਕੇਸਾਂ ਵਿਚਕਾਰ ਸਬੰਧ ਨੂੰ ਦੇਖ ਕੇ ਜਿਨਸੀ ਵਿਵਹਾਰ ਵਿੱਚ ਤਬਦੀਲੀ ਦਾ ਅਧਿਐਨ ਕਰ ਰਹੇ ਹਨ।
ਉਨ੍ਹਾਂ ਨੇ ਸਿੱਟਾ ਕੱਢਿਆ ਕਿ ਡੇਟਿੰਗ ਐਪ ਦੀ ਵਰਤੋਂ “ਸਿਫਿਲਿਸ ਦੀਆਂ ਘਟਨਾਵਾਂ ਨਾਲ ਮਹੱਤਵਪੂਰਨ ਤੌਰ ’ਤੇ ਜੁੜੀ ਹੋਈ ਸੀ।” ਐਪਸ ਦੀ ਵਰਤੋਂ ਨੂੰ ਅਸੁਰੱਖਿਅਤ ਆਮ ਜਿਨਸੀ ਸਬੰਧਾਂ ਦੀਆਂ ਉੱਚ ਘਟਨਾਵਾਂ ਨਾਲ ਜੋੜਿਆ ਗਿਆ।
ਇਹ ਕੁਝ ਅਜਿਹਾ ਹੈ ਜੋ ਸਾਸਾਕੀ ਚੀਵਾਵਾ ਜਾਪਾਨੀ ਨੌਜਵਾਨਾਂ ਦੇ ਸੱਭਿਆਚਾਰ ਅਤੇ ਸੈਕਸ ਵਰਕ ਬਾਰੇ ਲਿਖਦੀ ਹੈ, ਉਨ੍ਹਾਂ ਨੇ ਇਸ ਨੂੰ ਸੈਕਸ ਵਰਕਰਾਂ ਨਾਲ ਆਪਣੀ ਗੱਲਬਾਤ ਵਿੱਚ ਵੀ ਦੇਖਿਆ ਹੈ।
ਚੀਵਾਵਾ ਦਾ ਕਹਿਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੈਕਸ ਵਰਕਰ ਕੰਡੋਮ ਦੀ ਵਰਤੋਂ ਨਹੀਂ ਕਰ ਰਹੀਆਂ ਅਤੇ ਉਨ੍ਹਾਂ ਦੀ ਗਾਹਕਾਂ ਦੀ ਐੱਸਟੀਆਈ ਲਈ ਜਾਂਚ ਕਰਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।ੇ
ਚੀਵਾਵਾ ਦਾ ਕਹਿਣਾ ਹੈ ਕਿ ਜੇ ਸੈਕਸ ਵਰਕਰਾਂ ਨੂੰ ਕੋਈ ਲਾਗ ਲੱਗ ਜਾਂਦੀ ਹੈ, ਤਾਂ ਉਹ ਇਸ ਨੂੰ ‘ਬੁਰੀ ਕਿਸਮਤ’ ਮੰਨ ਲੈਂਦੀਆਂ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਜੋਖ਼ਮ ਨਾਲੋਂ ਪੈਸਾ ਕਮਾਉਣ ਨੂੰ ਤਰਜੀਹ ਦਿੰਦੀਆਂ ਹਨ।”
ਜ਼ਿਆਦਾਤਰ ਸਿਹਤ ਅਧਿਕਾਰੀਆਂ ਲਈ ਸਿਫਿਲਿਸ ਨਾਲ ਨਜਿੱਠਣ ਦਾ ਰਸਤਾ ਸਪੱਸ਼ਟ ਹੈ - ਸਾਡੇ ਕੋਲ ਪਹਿਲਾਂ ਹੀ ਇਸ ਨਾਲ ਲੜਨ ਲਈ ਦਵਾਈਆਂ ਹਨ ਕਿਉਂਕਿ ਐਂਟੀਬਾਇਓਟਿਕ ਪ੍ਰਤੀਰੋਧ ਦੀਆਂ ਵਧ ਰਹੀਆਂ ਘਟਨਾਵਾਂ ਦੇ ਬਾਵਜੂਦ ਪੈਨਿਸਿਲਿਨ ਅਜੇ ਵੀ ਸਭ ਤੋਂ ਵਧੀਆ ਇਲਾਜ ਹੈ।
ਵਧੇਰੇ ਜਾਂਚ, ਬਿਮਾਰੀ ਨਾਲ ਜੁੜੇ ਕਲੰਕ ਦਾ ਮੁਕਾਬਲਾ ਕਰਨ ਲਈ ਬਿਹਤਰ ਪਹੁੰਚ ਦੇ ਨਾਲ-ਨਾਲ ਸੁਰੱਖਿਅਤ ਜਿਨਸੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਜਨਤਕ ਜਾਗਰੂਕਤਾ, ਇਨ੍ਹਾਂ ਸਾਰਿਆਂ ਵਿੱਚ ਬਹੁਤ ਵੱਡੀ ਭੂਮਿਕਾ ਹੈ।
ਕ੍ਰਾਸਮੈਨ ਕਹਿੰਦੇ ਹਨ, “ਅਸੀਂ ਸਮਾਜਿਕ ਜੀਵ ਹਾਂ, ਇਸ ਲਈ ਐੱਸਟੀਆਈ ਹੋਣ ’ਤੇ ਸਰਦੀ ਲੱਗਣ ਤੋਂ ਜ਼ਿਆਦਾ ਸ਼ਰਮ ਦੀ ਗੱਲ ਨਹੀਂ ਹੋਣੀ ਚਾਹੀਦੀ।”
“ਅਸੀਂ ਐੱਸਟੀਆਈ ਟੈਸਟਿੰਗ ਦੇ ਫੋਕਸ ਨੂੰ ਡਰਾਉਣੀ ਅਤੇ ਆਲੋਚਨਾਤਮਕ ਚੀਜ਼ ਤੋਂ ਬਦਲ ਕੇ ਅਜਿਹੀ ਚੀਜ਼ ’ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਜਿਨਸੀ ਤੰਦਰੁਸਤੀ ਦਾ ਹਿੱਸਾ ਹੈ - ਇੱਕ ਸੁਰੱਖਿਅਤ ਅਤੇ ਆਨੰਦਦਾਇਕ ਸੈਕਸ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।”
ਪਰ ਵਿਗਿਆਨੀ ਹੁਣ ਤੱਕ ਕਿਸੇ ਵੀ ਇੱਕ ਸਿਧਾਂਤ 'ਤੇ ਪਹੁੰਚਣ ਵਿੱਚ ਅਸਫ਼ਲ ਰਹੇ ਹਨ ਕਿ ਸਿਫਿਲਿਸ ਹੋਰ ਐੱਸਟੀਆਈ’ਜ਼ ਦੀ ਤੁਲਨਾ ਵਿੱਚ ਤੇਜ਼ੀ ਨਾਲ ਕਿਉਂ ਵਧ ਰਹੀ ਹੈ।
ਮੇਨਾ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਸਰਕੂਲੇਸ਼ਨ ਵਿਚਲੇ ਸਟਰੇਨ ਹੋਰ ਜ਼ਿਆਦਾ ਖ਼ਤਰਨਾਕ ਹੋ ਗਏ ਹਨ।
ਬੋਗੋਚ ਦਾ ਕਹਿਣਾ ਹੈ ਕਿ ਐਂਟੀਬਾਇਓਟਿਕ ਪ੍ਰਤੀਰੋਧ ਵੀ ਇੰਨਾ ਪ੍ਰਚੱਲਿਤ ਨਹੀਂ ਹੈ ਕਿ ਇਸ ਦੇ ਵਾਧੇ ਦੀ ਵਿਆਖਿਆ ਕੀਤੀ ਜਾ ਸਕੇ।
ਆਪਣੇ ਵੱਲੋਂ ਤੁਸ਼ਾਰ ਦਾ ਹਰ ਤਿੰਨ ਮਹੀਨੇ ਬਾਅਦ ਟੈਸਟ ਹੁੰਦਾ ਰਹਿੰਦਾ ਹੈ।
ਉਹ ਕਹਿੰਦੇ ਹਨ, “ਸਾਨੂੰ ਸਿਫਿਲਿਸ ਬਾਰੇ ਗੱਲ ਕਰਨ ਵਿੱਚ ਸਹਿਜ ਹੋਣਾ ਚਾਹੀਦਾ ਹੈ।”
“ਅਖੌਤੀ ਜਾਣਕਾਰ ਲੋਕ ਇਸ ਬਾਰੇ ਵਿਗਿਆਨਕ ਢੰਗ ਨਾਲ ਸੋਚਣ ਦੀ ਬਜਾਏ ਇਲਜ਼ਾਮ ਲਗਾਉਣ ਲੱਗਦੇ ਹਨ। ਅਸੀਂ ਸੈਕਸ ਕਰ ਰਹੇ ਹਾਂ ਤਾਂ ਅਜਿਹੀਆਂ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹਨ।”