ਕੌਣ ਹੈ ਪ੍ਰਵੇਸ਼ ਸ਼ੁਕਲਾ ਜਿਸ ਦਾ ‘ਕਬਾਇਲੀ ਨੌਜਵਾਨ 'ਤੇ ਪੇਸ਼ਾਬ ਕਰਨ’ ਦਾ ਵੀਡੀਓ ਵਾਇਰਲ ਹੋਇਆ

ਮੱਧ ਪ੍ਰਦੇਸ਼ 'ਚ ਇੱਕ ਕਬਾਇਲੀ ਨੌਜਵਾਨ ਨਾਲ ਅਣਮਨੁੱਖੀ ਵਿਵਹਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ 'ਚ ਇੱਕ ਵਿਅਕਤੀ ਦੂਜੇ ਕਬਾਇਲੀ ਨੌਜਵਾਨ 'ਤੇ ਪੇਸ਼ਾਬ ਕਰਦਾ ਨਜ਼ਰ ਆ ਰਿਹਾ ਹੈ।

ਇਸ ਮਾਮਲੇ ਤੋਂ ਬਾਅਦ ਹੁਣ ਪ੍ਰਵੇਸ਼ ਸ਼ੁਕਲਾ ਨਾਮ ਦੇ ਮੁਲਜ਼ਮ ਦੇ ਘਰ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇਹ ਘਟਨਾ ਮੱਧ ਪ੍ਰਦੇਸ਼ ਦੇ ਸਿੱਧੀ ਦੀ ਹੈ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ, ਸਿੱਧੀ ਐਸਪੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮੁਲਜ਼ਮ ਖਿਲਾਫ਼ ਕੇਸ ਦਰਜ ਕਰਨ ਦੀ ਜਾਣਕਾਰੀ ਦਿੱਤੀ ਗਈ।

ਟਵੀਟ 'ਚ ਲਿਖਿਆ ਗਿਆ, ''ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਿਗਰਟ ਪੀਂਦੇ ਹੋਏ ਇੱਕ ਵਿਅਕਤੀ 'ਤੇ ਪਿਸ਼ਾਬ ਕਰਨ ਦੇ ਮਾਮਲੇ 'ਚ ਕੁਬਰੀ ਦੇ ਨਿਵਾਸੀ ਪ੍ਰਵੇਸ਼ ਸ਼ੁਕਲਾ ਦੇ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਵੇਸ਼ ਸ਼ੁਕਲਾ ਦੇ ਘਰ ’ਤੇ ਚੱਲਿਆ ਬੁਲਡੋਜ਼ਰ

ਕਬਾਇਲੀ ਨੌਜਵਾਨ ਉੱਤੇ ਪਿਸ਼ਾਬ ਕਰਨ ਵਾਲੇ ਪ੍ਰਵੇਸ਼ ਸ਼ੁਕਲਾ ਦੇ ਘਰ ਬੁਲਡੋਜ਼ਰ ਚਲਾਇਆ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਮੁਲਜ਼ਮ ਪ੍ਰਵੇਸ਼ ਸ਼ੁਕਲਾ ਦੇ ਘਰ ਅਵੈਧ ਉਸਾਰੀ ਵਾਲੇ ਹਿੱਸੇ ਨੂੰ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਢਾਹ ਦਿੱਤਾ ਹੈ।

ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਸਣੇ ਕਾਂਗਰਸ ਵੱਲੋਂ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਪ੍ਰਵੇਸ਼ ਸ਼ੁਕਲਾ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਦੇ ਨੁਮਾਇੰਦੇ ਹਨ, ਅਜਿਹੇ ਵਿੱਚ ਕੀ ਉਨ੍ਹਾਂ ਖ਼ਿਲਾਫ਼ ਵੀ ਬੁਲਡੋਜ਼ਰ ਨਾਲ ਕਾਰਵਾਈ ਹੋਵੇਗੀ?

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬੁਲਡੋਜ਼ਰ ਚਲਾਏ ਜਾਣ ਦੇ ਸਵਾਲਾਂ ਉੱਤੇ ਜਵਾਬ ਵਿੱਚ ਕਿਹਾ ਸੀ, ‘‘ਕਾਂਗਰਸ ਦੇ ਹਿਸਾਬ ਨਾਲ ਬੁਲਡੋਜ਼ਰ ਨਹੀਂ ਚੱਲੇਗਾ, ਕਾਨੂੰਨ ਦੇ ਹਿਸਾਬ ਨਾਲ ਚੱਲੇਗਾ, ਗ਼ੈਰ-ਕਾਨੂੰਨੀ ਉਸਾਰੀ ਹੋਵੇਗੀ ਤਾਂ ਬੁਲਡੋਜ਼ਰ ਚੱਲੇਗਾ।"

ਮੁਲਜ਼ਮ ਖ਼ਿਲਾਫ਼ ਲਗਾਇਆ ਐਨਐਸਏ

ਸਿੱਧੀ ਦੇ ਐਡੀਸ਼ਨਲ ਸੁਪਰੀਟੈਂਡੈਂਟ ਅੰਜੂਲਤਾ ਪਾਟਲੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਪ੍ਰਵੇਸ਼ ਸ਼ੁਕਲਾ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਇਸ ਮਾਮਲੇ ਵਿੱਚ ਅਗਲੀ ਕਾਰਵਾਈ ਛੇਤੀ ਹੀ ਕੀਤੀ ਜਾਵੇਗੀ।''

ਖ਼ਬਰ ਏਜੰਸੀ ਏਐਨਆਈ ਮੁਤਾਬਕ, ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਖ਼ਿਲਾਫ਼ ਐਸਸੀ/ਐਸਟੀ ਐਕਟ ਦੇ ਨਾਲ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 294 ਅਤੇ 504 ਲਗਾਈਆਂ ਗਈਆਂ ਹਨ।

ਇਸ ਦੇ ਨਾਲ ਹੀ ਮੁਲਜ਼ਮ ਖ਼ਿਲਾਫ਼ ਐਨਐਸਏ (ਨੈਸ਼ਨਲ ਸਿਕਿਓਰਿਟੀ ਐਕਟ) ਵੀ ਲਗਾਇਆ ਗਿਆ ਹੈ।

ਸੀਐਮ ਸ਼ਿਵਰਾਜ ਚੌਹਾਨ ਦੇ ਸਖ਼ਤ ਕਾਰਵਾਈ ਦੇ ਨਿਰਦੇਸ਼

ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਮੁਲਜ਼ਮ ਨੌਜਵਾਨ ਖ਼ਿਲਾਫ਼ ਕਾਰਵਾਈ ਦੀ ਮੰਗ ਉੱਠਣ ਲੱਗੀ। ਇਸ ਤੋਂ ਥੋੜ੍ਹੀ ਦੇਰ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਸ ਮਾਮਲੇ 'ਚ ਕਾਰਵਾਈ ਦੇ ਹੁਕਮ ਦਿੱਤੇ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਸਿੱਧੀ ਜ਼ਿਲ੍ਹੇ ਦਾ ਇੱਕ ਵਾਇਰਲ ਵੀਡੀਓ ਮੇਰੇ ਧਿਆਨ ਵਿੱਚ ਆਇਆ ਹੈ। ਮੈਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਨਐਸਏ ਲਗਾਇਆ ਜਾਵੇ।

ਇਸ ਦੇ ਨਾਲ ਹੀ ਭੋਪਾਲ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ''ਮੈਂ ਸਖ਼ਤ ਤੋਂ ਸਖ਼ਤ ਸਜ਼ਾ ਦੇ ਨਿਰਦੇਸ਼ ਦਿੱਤੇ ਹਨ।''

''ਇਹ ਸਾਰਿਆਂ ਲਈ ਇੱਕ ਸਬਕ ਵਾਂਗ ਹੋਵੇਗਾ। ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁਲਜ਼ਮ ਦਾ ਕੋਈ ਧਰਮ, ਕੋਈ ਜਾਤੀ ਕੋਈ ਪਾਰਟੀ ਨਹੀਂ ਹੁੰਦੀ। ਮੁਲਜ਼ਮ, ਸਿਰਫ਼ ਮੁਲਜ਼ਮ ਹੁੰਦਾ ਹੈ।''

ਕੌਣ ਹੈ ਪ੍ਰਵੇਸ਼ ਸ਼ੁਕਲਾ

ਕਾਂਗਰਸ ਪਾਰਟੀ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਭਾਜਪਾ ਨਾਲ ਹੀ ਸਬੰਧਿਤ ਹੈ ਅਤੇ ਪਾਰਟੀ ਦੇ ਵਿਧਾਇਕ ਕੇਦਾਰਨਾਥ ਸ਼ੁਕਲਾ ਦਾ ਪ੍ਰਤੀਨਿਧੀ ਹੈ।

ਮੱਧ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਪੇਸ਼ਾਬ ਕਰਨ ਵਾਲੇ ਵਿਅਕਤੀ ਨੂੰ ਭਾਜਪਾ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਸੂਬੇ ਦੇ ਕਾਂਗਰਸ ਪਾਰਟੀ ਦੇ ਬੁਲਾਰੇ ਅੱਬਾਸ ਹਫ਼ੀਜ਼ ਨੇ ਭਾਜਪਾ ਆਗੂਆਂ ਨਾਲ ਮੁਲਜ਼ਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਇਸ ਘਟਨਾ ਨੂੰ ਲੈ ਕੇ ਕਾਂਗਰਸ ਭਾਜਪਾ 'ਤੇ ਹਮਲਾਵਰ ਬਣ ਗਈ ਹੈ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ, ''ਸੂਬੇ ਦੇ ਸਿੱਧੀ ਜ਼ਿਲ੍ਹੇ ਦੇ ਇੱਕ ਕਬਾਇਲੀ ਨੌਜਵਾਨ 'ਤੇ ਪੇਸ਼ਾਬ ਕਰਨ ਦੀ ਬੇਰਹਿਮੀ ਦਾ ਵੀਡੀਓ ਸਾਹਮਣੇ ਆਇਆ ਹੈ। ਕਬਾਇਲੀ ਸਮਾਜ ਦੇ ਨੌਜਵਾਨਾਂ ਨਾਲ ਅਜਿਹੀ ਘਿਨੌਣੀ ਅਤੇ ਘਟੀਆ ਹਰਕਤ ਦੀ ਇੱਕ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ।''

ਉਨ੍ਹਾਂ ਅੱਗੇ ਕਿਹਾ, “ਇਲਜ਼ਾਮ ਹੈ ਕਿ ਪੇਸ਼ਾਬ ਕਰਨ ਵਾਲਾ ਵਿਅਕਤੀ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਪਹਿਲਾਂ ਹੀ ਕਬਾਇਲੀਆਂ 'ਤੇ ਹੁੰਦੇ ਅੱਤਿਆਚਾਰਾਂ ਵਿੱਚ ਪਹਿਲੇ ਨੰਬਰ 'ਤੇ ਹੈ।''

''ਇਸ ਘਟਨਾ ਨੇ ਪੂਰੇ ਮੱਧ ਪ੍ਰਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮੈਂ ਮੁੱਖ ਮੰਤਰੀ ਤੋਂ ਮੰਗ ਕਰਦਾ ਹਾਂ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।''

ਮੁਲਜ਼ਮ ਦੇ ਭਾਜਪਾ ਨਾਲ ਸਬੰਧ 'ਤੇ ਕੀ ਬੋਲੇ ਪਾਰਟੀ ਵਿਧਾਇਕ

ਕਾਂਗਰਸ ਪਾਰਟੀ ਦਾ ਇਲਜ਼ਾਮ ਹੈ ਕਿ ਮੁਲਜ਼ਮ ਪ੍ਰਵੇਸ਼ ਸ਼ੁਕਲਾ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਨਾਲ ਸਬੰਧਤ ਹੈ।

ਇਸ 'ਤੇ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਪ੍ਰਵੇਸ਼ ਸ਼ੁਕਲਾ ਮੇਰਾ ਪ੍ਰਤੀਨਿਧੀ ਨਹੀਂ ਹੈ।"

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ।

ਸ਼ੁਕਲਾ ਨੇ ਕਿਹਾ, “ਮੁੱਖ ਮੰਤਰੀ ਸਾਬ੍ਹ ਨੇ ਮੈਨੂੰ ਪੁੱਛਿਆ ਕਿ ਕੀ ਉਹ ਮੇਰਾ ਪ੍ਰਤੀਨਿਧੀ ਹੈ? ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਉਹ ਮੇਰਾ ਪ੍ਰਤੀਨਿਧੀ ਨਹੀਂ ਹੈ।''

ਮੁਲਜ਼ਮ ਨਾਲ ਉਸ ਦੀ ਜਾਣ-ਪਛਾਣ ਦੇ ਸਵਾਲ 'ਤੇ ਭਾਜਪਾ ਵਿਧਾਇਕ ਨੇ ਕਿਹਾ ਕਿ ਉਹ ਉਨ੍ਹਾਂ ਦੇ ਇਲਾਕੇ ਦਾ ਵਸਨੀਕ ਹੈ, ਇਸ ਲਈ ਉਹ ਉਸ ਨੂੰ ਜਾਣਦੇ ਹਨ ਅਤੇ ਉਹ ਪ੍ਰੋਗਰਾਮਾਂ 'ਚ ਵੀ ਆਇਆ ਕਰਦਾ ਸੀ।

ਹਾਲਾਂਕਿ, ਮੱਧ ਪ੍ਰਦੇਸ਼ ਕਾਂਗਰਸ ਨੇ ਕੇਦਾਰਨਾਥ ਸ਼ੁਕਲਾ 'ਤੇ ਇਲਜ਼ਾਮ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਉਹ ਝੂਠ ਬੋਲ ਰਹੇ ਹਨ।

ਪਾਰਟੀ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਕੁਝ ਖਬਰਾਂ ਤੇ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਮੁਲਜ਼ਮ ਪ੍ਰਵੇਸ਼ ਸ਼ੁਕਲਾ ਦੇ ਵਿਧਾਇਕ ਦਾ ਪ੍ਰਤੀਨਿਧੀ ਬਣਨ ਦੀ ਜਾਣਕਾਰੀ ਦਿੱਤੀ ਗਈ ਹੈ।

ਪੀੜਤ ਦਾ ਕਥਿਤ ਹਲਫੀਆ ਬਿਆਨ ਵੀ ਵਾਇਰਲ

ਹੁਣ ਪੀੜਤ ਦਾ ਇੱਕ ਕਥਿਤ ਹਲਫ਼ਨਾਮਾ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਪ੍ਰਵੇਸ਼ ਸ਼ੁਕਲਾ ਨੇ ਅਜਿਹੀ ਕੋਈ ਹਰਕਤ ਨਹੀਂ ਕੀਤੀ ਹੈ।

ਮੱਧ ਪ੍ਰਦੇਸ਼ ਤੋਂ ਛਪਦੇ ਅਖਬਾਰ ਫ੍ਰੀ ਪ੍ਰੈੱਸ ਨੇ ਲਿਖਿਆ ਹੈ ਕਿ ਪੀੜਤ 'ਤੇ ਦਬਾਅ ਪਾ ਕੇ ਇੱਕ ਹਲਫ਼ਨਾਮਾ ਤਿਆਰ ਕੀਤਾ ਗਿਆ, ਜਿਸ 'ਚ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ ਗਿਆ ਹੈ।

ਇਸ ਹਲਫ਼ਨਾਮੇ 'ਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਲੋਕ ਪੀੜਤ 'ਤੇ ਪ੍ਰਵੇਸ਼ ਸ਼ੁਕਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਦਬਾਅ ਬਣਾ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)