ਦੰਦਾਂ ਨੂੰ ਸਾਫ਼ ਕਰਨ ਦੇ ਸਹੀ ਤਰੀਕੇ ਕੀ ਹਨ, ਮਸੂੜੇ ਸਾਫ਼ ਰੱਖਣੇ ਕਿਵੇਂ ਸਿਹਤਮੰਦ ਦੰਦਾਂ ਲਈ ਜ਼ਰੂਰੀ ਹਨ

    • ਲੇਖਕ, ਬੀਬੀਸੀ ਫਿਊਚਰ
    • ਰੋਲ, .

ਦੰਦਾਂ ਨੂੰ ਚੰਗੀ ਤਰ੍ਹਾਂ ਬੁਰਸ਼ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਲੰਬੇ ਸਮੇਂ ਤੱਕ ਬਣੀਆਂ ਰਹਿਣ ਵਾਲੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਘੱਟ ਹੋ ਜਾਂਦਾ ਹੈ।

ਇਸ ਦੇ ਨਾਲ-ਨਾਲ ਤੁਹਾਡੇ ਦੰਦ ਅਤੇ ਮਸੂੜੇ ਵੀ ਮਜ਼ਬੂਤ ਹੁੰਦੇ ਹਨ। ਪਰ ਜ਼ਿਆਦਾਤਰ ਲੋਕਾਂ ਵਿੱਚੋਂ ਵਧੇਰੇ ਇਹ ਕੰਮ ਗ਼ਲਤ ਢੰਗ ਨਾਲ ਕਰਦੇ ਹਨ।

ਘੱਟੋ-ਘੱਟ ਦੰਦ ਮਾਹਰਾਂ ਦਾ ਤਾਂ ਇਹੀ ਕਹਿਣਾ ਹੈ।

ਇਸ ਲੇਖ ਵਿੱਚ ਮਾਹਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਤੁਸੀਂ ਦੰਦਾਂ ਨੂੰ ਚੰਗੀ ਤਰ੍ਹਾਂ ਕਿਵੇਂ ਬੁਰਸ਼ ਕਰੋ?

ਸਵੀਡਨ ਵਿੱਚ ਹੋਈ ਇੱਕ ਸਟੱਡੀ ਤੋਂ ਪਤਾ ਲੱਗਾ ਹੈ ਕਿ ਦਸ ਵਿੱਚੋਂ ਇੱਕ ਵਿਅਕਤੀ ਹੀ ਦੰਦਾਂ ਨੂੰ ਚੰਗੀ ਤਰ੍ਹਾਂ ਨਾਲ ਬੁਰਸ਼ ਕਰਨ ਦੀ ਤਕਨੀਕ ਦੀ ਵਰਤੋਂ ਕਰਦਾ ਹੈ।

ਬ੍ਰਿਟਿਸ਼ ਹੈਲਥ ਇੰਸ਼ੋਰੈਂਸ ਕੰਪਨੀ ਬੁਪਾ (ਬੀਯੂਪੀਏ) ਨੇ ਬ੍ਰਿਟੇਨ ਵਿੱਚ 2 ਹਜ਼ਾਰ ਲੋਕਾਂ ʼਤੇ ਇੱਕ ਸਰਵੇ ਕੀਤਾ।

ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਨਾਲ ਬੁਰਸ਼ ਕਿਵੇਂ ਕੀਤਾ ਜਾਵੇ।

ਯੂਕੇ ਵਿੱਚ ਯੂਨੀਵਰਸਿਟੀ ਆਫ ਬਰਮਿੰਘਮ ਵਿੱਚ ਐਸੋਸੀਏਟ ਪ੍ਰੋਫੈਸਰ ਅਤੇ ਰਿਸਟੋਰੇਟਿਵ ਡੇਂਟਿਸਟ੍ਰੀ ਵਿੱਚ ਸਪੈਸ਼ਲਿਸਟ ਜੋਸਫਿਨ ਹਰਸ਼ਫੋਲਡ ਨੇ ਇਸ ਬਾਰੇ ਗੱਲ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਜਿਸ ਕਿਸੇ ਨੂੰ ਵੀ ਉਨ੍ਹਾਂ ਦੇ ਡੈਂਟਿਸਟ ਵੱਲੋਂ ਬੁਰਸ਼ ਕਰਨ ਦਾ ਸਹੀ ਤਰੀਕਾ ਨਹੀਂ ਦੱਸਿਆ ਗਿਆ ਹੈ, ਉਹ ਗ਼ਲਤ ਢੰਗ ਨਾਲ ਬੁਰਸ਼ ਕਰਦਾ ਹੋਵੇ।"

"ਮੇਰੇ ਤਜਰਬੇ ਅਨੁਸਾਰ, ਕਿਸੇ ਵੀ ਦੇਸ਼ ਵਿੱਚ ਆਬਾਦੀ ਦਾ ਇੱਕ ਵੱਡਾ ਹਿੱਸਾ ਅਜਿਹੇ ਲੋਕਾਂ ਦਾ ਹੋਵੇਗਾ ਜੋ ਆਪਣੇ ਦੰਦਾਂ ਨੂੰ ਸਹੀ ਢੰਗ ਨਾਲ ਬੁਰਸ਼ ਕਰਨਾ ਨਹੀਂ ਜਾਣਦੇ ਹੋਣਗੇ।"

ਖ਼ੈਰ, ਇਹ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਇਸ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਕਿ ਤੁਹਾਨੂੰ ਆਪਣੇ ਦੰਦ ਨੂੰ ਕਿਵੇਂ ਬੁਰਸ਼ ਕਰਨਾ ਚਾਹੀਦੇ ਹਨ।

ਇਹ ਗੱਲ ਇੱਕ ਅਧਿਐਨ ਵਿੱਚ ਵੀ ਸਾਹਮਣੇ ਆਈ ਹੈ। ਇਸ ਅਨੁਸਾਰ, ਮਾਹਰਾਂ ਨੇ ਦੰਦਾਂ ਨੂੰ ਸਹੀ ਢੰਗ ਨਾਲ ਬੁਰਸ਼ ਕਰਨ ਦੇ ਘੱਟੋ-ਘੱਟ 66 ਤਰੀਕੇ ਦੱਸੇ ਹਨ।

ਯੂਕੇ ਵਿੱਚ ਓਰਲ ਹੈਲਥ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਨਾਈਜਲ ਕਾਰਟਰ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਖਪਤਕਾਰਾਂ ਲਈ ਬਹੁਤ ਉਲਝਣ ਵਾਲਾ ਹੈ।"

"ਬਾਜ਼ਾਰ ਵਿੱਚ ਉਪਲਬਧ ਦੰਦਾਂ ਦੇ ਉਤਪਾਦਾਂ ਕਾਰਨ ਇਹ ਉਲਝਣ ਹੋਰ ਵੀ ਵੱਧ ਜਾਂਦੀ ਹੈ।"

ਤਾਂ ਸਾਡੇ ਵਿੱਚੋਂ ਜ਼ਿਆਦਾਤਰ ਕੀ ਗ਼ਲਤ ਕਰ ਰਹੇ ਹਨ ਅਤੇ ਸਾਨੂੰ ਆਪਣੇ ਦੰਦਾਂ ਨੂੰ ਸਹੀ ਢੰਗ ਨਾਲ ਬੁਰਸ਼ ਕਰਨ ਲਈ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕਿਹੜੇ ਬਦਲਾਅ ਕਰਨੇ ਚਾਹੀਦੇ ਹਨ?

ਦੰਦਾਂ ਨੂੰ ਚੰਗੀ ਤਰ੍ਹਾਂ ਬੁਰਸ਼ ਕਰਨ ਦਾ ਸਹੀ ਤਰੀਕਾ

ਹਰਸ਼ਫੈਲਡ ਕਹਿੰਦੇ ਹਨ, "ਬਹੁਤ ਸਾਰੇ ਮਰੀਜ਼ ਸੋਚਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਆਪਣੇ ਦੰਦਾਂ ਵਿੱਚ ਫਸੇ ਭੋਜਨ ਦੇ ਕਣਾਂ ਨੂੰ ਹਟਾਉਣ ਦੀ ਲੋੜ ਹੈ ਪਰ ਇਹ ਸਿਰਫ਼ ਅੰਸ਼ਕ ਸੱਚ ਹੈ। ਦਰਅਸਲ, ਆਪਣੇ ਦੰਦਾਂ ਤੋਂ ਬੈਕਟੀਰੀਆ ਨੂੰ ਕੱਢਣਾ ਜ਼ਿਆਦਾ ਮਹੱਤਵਪੂਰਨ ਹੈ।"

ਇਹ ਬੈਕਟੀਰੀਆ ਅਤੇ ਹੋਰ ਸੂਖ਼ਮ ਜੀਵ ਹਰ ਕਿਸੇ ਦੇ ਮੂੰਹ ਵਿੱਚ ਲਗਾਤਾਰ ਵਧਦੇ ਰਹਿੰਦੇ ਹਨ, ਜਿਸ ਨੂੰ ਆਮ ਭਾਸ਼ਾ ਵਿੱਚ ਮੈਲ ਵੀ ਕਿਹਾ ਜਾ ਸਕਦਾ ਹੈ।

ਇਹ ਲਗਭਗ 700 ਕਿਸਮਾਂ ਦੇ ਬੈਕਟੀਰੀਆ ਨਾਲ ਮਿਲ ਕੇ ਬਣਿਆ ਹੁੰਦਾ ਹੈ।

ਹਰਸ਼ਫੈਲਡ ਇਸ ਬਾਰੇ ਕਹਿੰਦੇ ਹਨ, "ਇਹ ਦੰਦਾਂ ਉੱਤੇ ਮੈਲ ਦੀ ਚਿਪਚਿਪੀ ਪਰਤ ਵਜੋਂ ਚਿਪਕੇ ਰਹਿੰਦੇ ਹਨ। ਇਹ ਆਸਾਨੀ ਨਾਲ ਸਾਫ਼ ਨਹੀਂ ਹੁੰਦੇ। ਇਨ੍ਹਾਂ ਨੂੰ ਹੱਥਾਂ ਨਾਲ ਸਾਫ਼ ਕਰਨ ਦੀ ਲੋੜ ਹੁੰਦੀ ਹੈ।"

ਇਸ ਲਈ, ਉਨ੍ਹਾਂ (ਬੈਕਟੀਰੀਆ) ਨੂੰ ਹਟਾਉਣ ਲਈ ਸਭ ਤੋਂ ਮਹੱਤਵਪੂਰਨ ਜਗ੍ਹਾ ਦੰਦ ਨਹੀਂ ਸਗੋਂ ਮਸੂੜੇ ਹੁੰਦੇ ਹਨ। ਇਹ ਉਹ ਥਾਂ ਹੈ ਜਿੱਥੇ ਬੈਕਟੀਰੀਆ ਆਸਾਨੀ ਨਾਲ ਘੁਸਪੈਠ ਕਰਦੇ ਹਨ।

ਹਰਸ਼ਫੈਲਡ ਕਹਿਣਾ ਹੈ, "ਇਹ ਕਹਿਣਾ ਕਿ ʻਦੰਦਾਂ ਨੂੰ ਬੁਰਸ਼ ਕਰਨਾʼ ਇੱਕ ਗ਼ਲਤ ਪ੍ਰਯੋਗ ਹੈ। ਬਜਾਇ ਇਸ ਦੇ 'ਮਸੂੜਿਆਂ ਨੂੰ ਬੁਰਸ਼ ਕਰਨ ਬਾਰੇ ਸੋਚੋ' ਕਹਿਣਾ ਜ਼ਿਆਦਾ ਸਹੀ ਹੈ, ਕਿਉਂਕਿ ਅਜਿਹਾ ਕਰਨ ʼਤੇ ʻਦੰਦ ਆਪਣੇ ਆਪ ਸਾਫʼ ਹੋ ਜਾਣਗੇ।"

ਤਾਂ ਫਿਰ ਅਸਲ ਵਿੱਚ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

ਬਾਸ ਤਕਨੀਕ

ਸੋਧੀ ਹੋਈ ਬਾਸ ਤਕਨੀਕ ਲਈ ਤੁਹਾਨੂੰ ਬੁਰਸ਼ ਨੂੰ ਦੰਦਾਂ ਦੇ ਸਾਹਮਣੇ 45 ਡਿਗਰੀ ਦੇ ਕੋਣ 'ਤੇ ਰੱਖਣ ਦੀ ਲੋੜ ਹੁੰਦੀ ਹੈ। ਇਸ ਵਿੱਚ, ਤੁਸੀਂ ਹੌਲੀ-ਹੌਲੀ ਬੁਰਸ਼ ਨੂੰ ਮਸੂੜਿਆਂ ਦੇ ਅੱਗੇ ਅਤੇ ਪਿੱਛੇ ਹਿਲਾਓ।

ਸਟਿਲਮੈਨ ਤਕਨੀਕ

ਸੋਧੀ ਹੋਈ ਸਟਿਲਮੈਨ ਤਕਨੀਕ ਕੁਝ ਹੱਦ ਤੱਕ ਸੋਧੀ ਹੋਈ ਬਾਸ ਤਕਨੀਕ ਵਰਗੀ ਹੈ। ਪਰ, ਇਸ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਬੁਰਸ਼ ਕਰਦੇ ਸਮੇਂ ਮਸੂੜਿਆਂ 'ਤੇ ਜ਼ਿਆਦਾ ਦਬਾਅ ਨਾ ਪਵੇ।

ਫ਼ੋਨਸ ਤਕਨਾਲੋਜੀ

ਫ਼ੋਨਸ ਤਕਨਾਲੋਜੀ ਬੱਚਿਆਂ ਅਤੇ ਸਰੀਰਕ ਤੌਰ 'ਤੇ ਅਸਮਰੱਥ ਲੋਕਾਂ ਲਈ ਹੈ। ਫੋਨਸ ਤਕਨੀਕ ਵਿੱਚ ਤੁਹਾਨੂੰ ਬੁਰਸ਼ ਨੂੰ 90 ਡਿਗਰੀ ਦੇ ਕੋਣ 'ਤੇ ਰੱਖਣਾ ਪੈਂਦਾ ਹੈ। ਇਸ ਵਿੱਚ ਤੁਸੀਂ ਦੰਦਾਂ ਅਤੇ ਮਸੂੜਿਆਂ 'ਤੇ ਗੋਲਾਕਾਰ ਗਤੀ ਵਿੱਚ ਬੁਰਸ਼ ਨੂੰ ਘੁਮਾਉਂਦੇ ਹੋ।

ਹਾਲਾਂਕਿ, ਐਸੋਸੀਏਟ ਪ੍ਰੋਫੈਸਰ ਹਰਸ਼ਫੈਲਡ ਕਹਿੰਦੇ ਹਨ ਕਿ ਬੁਰਸ਼ ਕਰਦੇ ਸਮੇਂ ਮਸੂੜਿਆਂ 'ਤੇ ਦਬਾਅ 150-400 ਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ। ਹਾਲਾਂਕਿ, ਕਿੰਨਾ ਦਬਾਅ ਹੋਣਾ ਚਾਹੀਦਾ ਹੈ ਇਹ ਅਜੇ ਵੀ ਬਹਿਸ ਦਾ ਵਿਸ਼ਾ ਹੈ।

ਦਰਅਸਲ, ਬਹੁਤ ਜ਼ਿਆਦਾ ਦਬਾਅ ਪਾ ਕੇ ਬੁਰਸ਼ ਕਰਨ ਨਾਲ ਵੀ ਮਸੂੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਖ਼ਾਸ ਤੌਰ ʼਤੇ ਮਜ਼ਬੂਤ ਬ੍ਰਿਸਟਲਾਂ ਵਾਲੇ ਬੁਰਸ਼ ਨਾਲ ਅਜਿਹਾ ਕਰਨਾ ਮਸੂੜਿਆਂ ਨੂੰ ਸੱਟ ਪਹੁੰਚ ਸਕਦਾ ਹੈ।

ਜ਼ਿਆਦਾ ਦਬਾਅ ਨਾਲ ਬੁਰਸ਼ ਕਰਨ ਨਾਲ ਨਰਮ ਟਿਸ਼ੂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹੀ ਸਥਿਤੀ ਵਿੱਚ ਮਸੂੜਿਆਂ ਵਿੱਚ ਦਰਾਰ ਆ ਸਕਦੀ ਹੈ, ਜਿਨ੍ਹਾਂ ਰਾਹੀਂ ਬੈਕਟੀਰੀਆ ਖ਼ੂਨ ਵਿੱਚ ਦਾਖ਼ਲ ਹੋ ਸਕਦੇ ਹਨ।

ਕਿੰਨੀ ਦੇਰ ਤੱਕ ਬੁਰਸ਼ ਕਰਨਾ ਚਾਹੀਦਾ ਹੈ?

ਹਾਲਾਂਕਿ, ਦਿਨ ਵਿੱਚ ਇੱਕ ਵਾਰ ਘੱਟੋ-ਘੱਟ ਦੋ ਮਿੰਟ ਬੁਰਸ਼ ਕਰਨਾ ਚਾਹੀਦਾ ਹੈ।

ਅਮਰੀਕਨ ਡੈਂਟਲ ਐਸੋਸੀਏਸ਼ਨ, ਐੱਨਐੱਚਐੱਸ, ਇੰਡੀਅਨ ਡੈਂਟਲ ਐਸੋਸੀਏਸ਼ਨ, ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਸਣੇ ਕਈ ਹੋਰ ਰਾਸ਼ਟਰੀ ਸਿਹਤ ਸੰਸਥਾਵਾਂ ਦਿਨ ਵਿੱਚ ਦੋ ਵਾਰ ਬੁਰਸ਼ ਕਰਨ ਦੀ ਸਿਫਾਰਸ਼ ਕਰਦੀਆਂ ਹਨ।

ਪਰ ਪਰੇਸ਼ਾਨੀ ਇਸ ਗੱਲ ਦੀ ਵੀ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹ ਅੰਦਾਜ਼ਾ ਲਗਾਉਣ ਦੇ ਮਾਮਲੇ ਵਿੱਚ ਬੁਰੇ ਹਨ ਕਿ ਇਹ ਦੋ ਮਿੰਟ ਦੀ ਵਰਤੋਂ ਸਾਨੂੰ ਕਿਵੇਂ ਕਰਨੀ ਹੈ।

ਕੇਵਲ 25 ਫੀਸਦ ਲੋਕ ਹੀ ਅਜਿਹੇ ਹਨ, ਜੋ ਆਪਣੇ ਦੰਦਾਂ ਨੂੰ ਸਹੀ ਸਮੇਂ ਤੱਕ, ਸਹੀ ਦਬਾਅ ਅਤੇ ਤਰੀਕੇ ਨਾਲ ਬੁਰਸ਼ ਕਰਦੇ ਹਨ।

ਚੰਗੀ ਗੱਲ ਇਹ ਹੈ ਕਿ ਇਸ ਦੇ ਕਈ ਸੌਖੇ ਹੱਲ ਵੀ ਹਨ, ਜਿਵੇਂ ਤੁਹਾਡੇ ਫੋਨ ਵਿੱਚ ਇੱਕ ਐਪ ਜਾਂ ਇੱਕ ਇਲੈਕਟ੍ਰਿਕ ਟੁਸ਼ਬਰੱਸ਼, ਜਿਸ ਵਿੱਚ ਟਾਈਮਰ ਲੱਗਾ ਹੁੰਦਾ ਹੈ।

ਹਰਸ਼ਫੈਲਡ ਕਹਿਣਾ ਹੈ, "ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਸਾਰੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਜਿਸ ਵਿੱਚ ਉਹ ਖੇਤਰ ਵੀ ਸ਼ਾਮਲ ਹਨ ਜਿੱਥੇ ਬੁਰਸ਼ ਆਸਾਨੀ ਨਾਲ ਨਹੀਂ ਪਹੁੰਚ ਸਕਦਾ।"

"ਇਸ ਨੂੰ ਕਰਨ ਵਿੱਚ ਆਸਾਨੀ ਨਾਲ ਦੋ ਮਿੰਟ ਤੋਂ ਵੱਧ ਸਮਾਂ ਲੱਗ ਸਕਦਾ ਹੈ।"

ਹਰਸ਼ਫੈਲਡ ਮੁਤਾਬਕ, "ਬੁਰਸ਼ ਕਰਨ ਦਾ ਸਹੀ ਸਮਾਂ ਵਿਅਕਤੀ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ,"

"ਅਸਲ ਵਿੱਚ ਇਸਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਦੇ ਕੀਤਾ ਜਾ ਸਕਦਾ ਹੈ, ਕਿਉਂਕਿ ਹਰ ਵਿਅਕਤੀ ਦੇ ਦੰਦਾਂ ਅਤੇ ਮੂੰਹ ਦੀਆਂ ਸਥਿਤੀਆਂ ਵੱਖਰੀਆਂ ਹੁੰਦੀਆਂ ਹਨ।"

ਤੁਹਾਨੂੰ ਕਿੰਨੀ ਵਾਰ ਬੁਰਸ਼ ਕਰਨਾ ਚਾਹੀਦਾ ਹੈ?

ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਵਰਗੇ ਦੇਸ਼ ਦਿਨ ਵਿੱਚ ਦੋ ਵਾਰ ਸਹੀ ਢੰਗ ਨਾਲ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ।

ਜਦਕਿ ਇੰਡੀਅਨ ਡੈਂਟਲ ਐਸੋਸੀਏਸ਼ਨ ਦਿਨ ਵਿੱਚ ਤਿੰਨ ਵਾਰ ਬੁਰਸ਼ ਕਰਨ ਦੀ ਸਲਾਹ ਦਿੰਦਾ ਹੈ, ਜੋ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ।

ਜਿਨ੍ਹਾਂ ਲੋਕਾਂ ਨੂੰ ਓਰਲ ਹੈਲਥ ਨਾਲ ਜੁੜੀ ਕੋਈ ਵੱਡੀ ਦਿੱਕਤ ਨਹੀਂ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੋਂ ਅੱਗੇ ਜਾ ਕੇ ਕੋਸ਼ਿਸ਼ ਕਰਨ ਨਾਲ ਕੋਈ ਖ਼ਾਸ ਫਾਇਦਾ ਨਹੀਂ ਹੋਣ ਵਾਲਾ।

ਕੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੁਰਸ਼ ਕਰਨਾ ਚਾਹੀਦਾ ਹੈ?

ਕੀ ਜ਼ਿਆਦਾ ਸਹੀ ਹੈ, ਨਾਸ਼ਤਾ ਕਰਨ ਤੋਂ ਪਹਿਲਾਂ ਬੁਰਸ਼ ਕਰਨਾ ਜਾਂ ਬਾਅਦ ਵਿੱਚ?

ਇਸ ਬਾਰੇ ਟੁਥਪੇਸਟ ਨਿਰਮਾਤਾਵਾਂ ਤੋਂ ਲੈ ਕੇ ਡੈਂਟਲ ਹਸਪਤਾਲ ਤੱਕ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਨਾਸ਼ਤਾ ਕਰਨ ਤੋਂ ਪਹਿਲਾਂ ਬੁਰਸ਼ ਕਰਨਾ ਫਾਇਦੇਮੰਦ ਹੁੰਦਾ ਹੈ ਨਾ ਕਿ ਨਾਸ਼ਤਾ ਕਰਨ ਤੋਂ ਬਾਅਦ।

ਹਾਲਾਂਕਿ, ਇਹ ਵੀ ਬਹਿਸ ਦਾ ਵਿਸ਼ਾ ਹੈ।

ਵੈਸੇ ਨਾਸ਼ਤਾ ਕਰਨ ਤੋਂ ਬਾਅਦ ਬੁਰਸ਼ ਕਰੀਆ ਜਾਂ ਉਸ ਤੋਂ ਪਹਿਲਾਂ, ਇਹ ਇੱਸ ਗੱਲ ਨਿਰਭਰ ਹੈ ਕਿ ਤੁਸੀਂ ਕਦੋਂ ਅਤੇ ਕੀ ਖਾਦਾ ਹੈ।

ਨਾਸ਼ਤਾ ਕਰਨ ਤੋਂ ਬਾਅਦ ਬੁਰਸ਼ ਕਰਨਾ ਦਾ ਮੁੱਖ ਨੁਕਸਾਨ ਇਹ ਹੋ ਸਕਦਾ ਹੈ ਕਿ ਤੁਹਾਨੂੰ ਖਾਣ ਅਤੇ ਬੁਰਸ਼ ਕਰਨ ਵਿਚਾਲੇ ਅੰਤਰਾਲ ਰੱਖਣਾ ਹੁੰਦਾ ਹੈ।

ਅਮਰੀਕਨ ਡੈਂਟਲ ਐਸੋਸੀਏਸ਼ਨ ਖਾਣ ਤੋਂ ਬਾਅਦ ਬੁਰਸ਼ ਕਰਨ ਵਿੱਚ 60 ਮਿੰਟ ਦਾ ਅੰਤਰਾਲ ਰੱਖਣ ਦੀ ਗੱਲ ਕਹਿੰਦੀ ਹੈ।

ਇਸ ਬਾਰੇ ਹਰਸ਼ਫੈਲਡ ਦੱਸਦੇ ਹਨ, "ਖਾਣੇ ਵਿੱਚ ਮੌਜੂਦ ਐਸਿਡ ਦੰਦਾਂ ਦੀ ਉੱਪਰੀ ਪਰਤ ਨੂੰ ਕੁਝ ਸਮੇਂ ਲਈ ਕਮਜ਼ੋਰ ਕਰ ਦਿੰਦੇ ਹਨ। ਇਸ ਦੌਰਾਨ, ਦੰਦਾਂ ਵਿੱਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਘੱਟ ਹੋ ਜਾਂਦਾ ਹੈ।"

"ਹਾਲਾਂਕਿ, ਕੁਝ ਸਮੇਂ ਬਾਅਦ ਲਾਰ ਵਿੱਚ ਮੌਜੂਦ ਖਣਿਜ ਇਨ੍ਹਾਂ ਨੂੰ ਖਾਂ ਲੈ ਲੈਂਦੇ ਹਨ।"

ਨਿਗੇਲ ਕਾਰਟਰ ਕਹਿੰਦੇ ਹਨ, "ਤੁਹਾਨੂੰ ਲਾਰ ਦੰਦਾਂ ਲਈ ਕੁਦਰਤੀ ਸੁਰੱਖਿਆ ਪ੍ਰਣਾਲੀ ਹੈ। ਰਾਤ ਵਿੱਚ ਇਸ ਦਾ ਬਹਾਅ ਘੱਟ ਹੋ ਜਾਂਦਾ ਹੈ। ਅਜਿਹੇ ਵਿੱਚ ਜ਼ਰੂਰੀ ਹੈ ਕਿ ਤੁਸੀਂ ਸੌਣ ਤੋਂ ਪਹਿਲਾਂ ਦੰਦਾਂ ਨੂੰ ਚੰਗੀ ਸਾਫ਼ ਕਰ ਲਓ।"

ਕਿਹੋ-ਜਿਹਾ ਬਰੱਸ਼ ਵਰਤਣਾ ਕਰਨਾ ਚਾਹੀਦਾ?

ਬਾਲਗਾਂ ਲਈ, ਮੀਡੀਅਮ ਬ੍ਰਿਸਲ ਵਾਲੇ ਬੁਰਸ਼ ਚੰਗੇ ਹੁੰਦੇ ਹਨ ਅਤੇ ਟੁੱਥਪੇਸਟ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿੱਚ ਛੋਟੇ ਘਸਾਉਣ ਵਾਲੇ ਕਣ ਨਾ ਹੋਣ।

ਹਰਸ਼ਫੈਲਡ ਦਾ ਕਹਿਣਾ ਹੈ ਕਿ ਮੂੰਹ ਦੇ ਅੰਦਰ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲਈ ਇੱਕ ਛੋਟਾ ਬੁਰਸ਼ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਬੁਰਸ਼ ਦੇ ਖ਼ਰਾਬ ਹੋਣ ਤੋਂ ਪਹਿਲਾਂ ਇਸਨੂੰ ਬਦਲ ਦਿਓ।

ਅਫ਼ਰੀਕਾ, ਮੱਧ ਪੂਰਬ ਅਤੇ ਦੱਖਣੀ ਏਸ਼ੀਆ ਵਿੱਚ ਦੰਦ ਸਾਫ਼ ਕਰਨ ਲਈ ਰਵਾਇਤੀ ਦਾਤਨ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਦੰਦਾਂ ਨੂੰ ਖੋੜਾਂ ਤੋਂ ਬਚਾਉਣ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ।

ਪਰ, ਜੇਕਰ ਇਸ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਮਸੂੜਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਭਾਵੇਂ ਦੰਦਾਂ ਦੀ ਸਫਾਈ ਲਈ ਇਲੈਕਟ੍ਰਿਕ ਬੁਰਸ਼ ਵਧੇਰੇ ਪ੍ਰਭਾਵਸ਼ਾਲੀ ਹੈ, ਪਰ ਇਹ ਮਹਿੰਗਾ ਵੀ ਹੈ।

ਕਿਹੜਾ ਟੁੱਥਪੇਸਟ ਸਭ ਤੋਂ ਵਧੀਆ ਹੈ?

ਇੱਕ ਆਮ ਟੁੱਥਪੇਸਟ ਪੈਕੇਟ ਦੇ ਪਿਛਲੇ ਪਾਸੇ ਇਸ ਵਿੱਚ ਵਰਤੇ ਜਾਣ ਵਾਲੇ ਤੱਤਾਂ ਦੀ ਇੱਕ ਲੰਬੀ ਸੂਚੀ ਹੁੰਦੀ ਹੈ।

ਇਸ ਵਿੱਚ ਸਭ ਤੋਂ ਜ਼ਿਆਦਾ ਧਿਆਨ ਇੱਕ ਤੱਤ ʼਤੇ ਦਿੱਤੇ ਜਾਣ ਦੀ ਲੋੜ ਹੁੰਦੀ ਹੈ। ਉਹ ਹੈ ਫਲੋਰਾਈਡ।

ਹਰਸ਼ਫੈਲਡ ਦੱਸਦੇ ਹਨ, "ਜਦੋਂ ਤੋਂ ਟੁੱਥਪੇਸਟ ਵਿੱਚ ਫਲੋਰਾਈਡ ਦੀ ਵਰਤੋਂ ਹੁਣੀ ਸ਼ੁਰੂ ਹੋਈ ਹੈ, ਉਦੋਂ ਤੋਂ ਦੰਦਾਂ ਵਿੱਚ ਸੜਨ ਦੀ ਸਮੱਸਿਆ ਘੱਟ ਹੋਈ ਹੈ। ਜਿੱਥੇ-ਜਿੱਥੇ ਵੀ ਟੁਥਪੇਸਟ ਵਿੱਚ ਫਲੋਰਾਈਡ ਦੀ ਵਰਤੋਂ ਹੁੰਦੀ ਹੈ, ਉੱਥੇ ਅਜਿਹਾ ਨਜ਼ਰ ਆਇਆ ਹੈ।"

ਦਰਅਸਲ, ਚੰਗੀ ਤਰ੍ਹਾਂ ਬੁਰਸ਼ ਕਰਨਾ ਕੇਵਲ ਬਦਬੂ, ਪੀਲੇ ਦੰਦਾਂ ਅਤੇ ਦੰਦਾ ਵਿੱਚ ਸੜਨ ਤੋਂ ਨਹੀਂ ਬਚਾਉਂਦਾ ਹੈ ਬਲਕਿ ਇਹ ਟਾਈਪ-2 ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਵਿੱਚ ਵਿੱਚ ਮਦਦ ਕਰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)