ਸਲੀਪ ਬੈਂਕਿੰਗ: ਕੀ ਵੱਧ ਨੀਂਦ ਲੈ ਕੇ ਆਉਣ ਵਾਲੇ ਉਨੀਂਦਰੇ ਨੂੰ ਪੂਰਾ ਕੀਤਾ ਜਾ ਸਕਦਾ ਹੈ

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਰਥਕਾਂ ਦਾ ਤਰਕ ਹੈ ਕਿ ਸਲੀਪ ਬੈਂਕਿੰਗ ਮਦਦ ਕਰ ਸਕਦੀ ਹੈ ਜੇਕਰ ਤੁਹਾਨੂੰ ਪਤਾ ਹੈ ਕਿ ਨੇੜਲੇ ਭਵਿੱਖ ਵਿੱਚ ਕਿਸੇ ਸਮੇਂ ਤੁਹਾਨੂੰ ਨੀਂਦ ਤੋਂ ਵਾਂਝਾ ਕੀਤਾ ਜਾ ਸਕਦਾ ਹੈ (ਸੰਕੇਤਕ ਤਸਵੀਰ)
    • ਲੇਖਕ, ਕੈਟੀ ਰਾਈਟ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 9 ਮਿੰਟ

ਧਿਆਨ ਵਧਾਉਣ ਤੋਂ ਲੈ ਕੇ ਖੇਡਾਂ ਵਿੱਚ ਪ੍ਰਦਰਸ਼ਨ ਸੁਧਾਰਨ ਤੱਕ, ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਗਲੇਰੇ ਉਨੀਂਦਰੇ ਲਈ ਪਹਿਲਾਂ ਨੀਂਦ ਲੈ ਕੇ ਉਸ ਨੂੰ "ਜਮ੍ਹਾਂ" ਕਰਨਾ ਕਈ ਫਾਇਦੇ ਦੇ ਸਕਦਾ ਹੈ।

ਵੀਕਐਂਡ ਹੈ। ਅਲਾਰਮ ਬੰਦ ਕਰਨ ਅਤੇ ਇੱਕ ਘੰਟਾ ਜਾਂ ਵੱਧ ਸਮਾਂ ਸੌਂ ਕੇ ਵਾਧੂ ਨੀਂਦ ਲੈਣ ਦਾ ਸਭ ਤੋਂ ਵਧੀਆ ਮੌਕਾ।

ਜਿਨ੍ਹਾਂ ਲੋਕਾਂ ਦੀ ਅਕਸਰ ਹਫ਼ਤੇ ਦੇ ਦਿਨਾਂ ਵਿੱਚ ਨੀਂਦ ਪੂਰੀ ਨਹੀਂ ਹੁੰਦੀ ਉਹ ਉਸ ਉਨੀਂਦਰੇ ਦੀ ਭਰਪਾਈ ਲਈ ਵੀਕਐਂਡ 'ਤੇ ਵੱਧ ਸੋ ਲੈਂਦੇ ਹਨ। ਪਰ ਕੀ ਅਸੀਂ ਇਸ ਬਾਰੇ ਗ਼ਲਤ ਢੰਗ ਨਾਲ ਸੋਚ ਰਹੇ ਹਾਂ?

ਕੀ ਇਹ ਜ਼ਿਆਦਾ ਫਾਇਦੇਮੰਦ ਨਹੀਂ ਹੋਵੇਗਾ ਕਿ ਕਿਸੇ ਮਸਰੂਫ਼ ਸਮੇਂ ਤੋਂ ਪਹਿਲਾਂ ਹੀ ਵੱਧ ਨੀਂਦ ਲੈ ਲਈ ਜਾਵੇ, ਤਾਂ ਜੋ ਬਾਅਦ ਵਿੱਚ ਨੀਂਦ ਦੀ ਕਮੀ ਦੇ ਅਸਰ ਘੱਟ ਕੀਤੇ ਜਾ ਸਕਣ?

ਕੁਝ ਖੋਜਕਾਰਾਂ ਮੁਤਾਬਕ, ਸਲੀਪ ਬੈਂਕਿੰਗ ਭਾਵ ਕਿਸੇ ਅਜਿਹੇ ਸਮੇਂ ਤੋਂ ਪਹਿਲਾਂ ਕਈ ਰਾਤਾਂ ਤੱਕ ਵੱਧ ਨੀਂਦ ਲੈਣਾ ਜਦੋਂ ਅੱਗੇ ਨੀਂਦ ਘੱਟ ਲੈਣ ਦੀ ਸੰਭਾਵਨਾ ਹੋਵੇ ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦਿਮਾਗ਼ ਅੱਗੇ ਲਈ ਜ਼ਰੂਰੀ ਸਰੋਤ ਇਕੱਠੇ ਕਰ ਲੈਂਦਾ ਹੈ, ਜਿਸ ਨਾਲ ਨੀਂਦ ਦੀ ਕਮੀ ਦੌਰਾਨ ਚੌਕਸੀ ਅਤੇ ਸੋਚਣ-ਸਮਝਣ ਦੀ ਸਮਰੱਥਾ ਬਿਹਤਰ ਰਹਿੰਦੀ ਹੈ।

ਇਹ ਵਿਚਾਰ ਟਿਕਟੌਕ 'ਤੇ ਵੈੱਲਨੈੱਸ ਨਾਲ ਜੁੜੇ ਲੋਕਾਂ ਵਿੱਚ ਤੇਜ਼ੀ ਨਾਲ ਲੋਕਪ੍ਰਿਅ ਹੋ ਰਿਹਾ ਹੈ।

ਕਈ ਲੋਕ ਲੰਬੇ ਸਫ਼ਰਾਂ ਜਾਂ ਵੱਡੇ ਕੰਮਕਾਜੀ ਇਵੈਂਟ ਤੋਂ ਪਹਿਲਾਂ ਸਲੀਪ ਬੈਂਕਿੰਗ ਦੀ ਸਲਾਹ ਦਿੰਦੇ ਹਨ, ਤਾਂ ਜੋ ਦਿਮਾਗ਼ੀ ਕਾਰਗੁਜ਼ਾਰੀ ਸੁਧਰੇ ਜਾਂ ਮਸਰੂਫ਼ ਸਮੇਂ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਸੁਰੱਖਿਆ ਬਣੀ ਰਹੇ। ਪਰ ਸਵਾਲ ਇਹ ਹੈ ਕਿ ਕੀ ਇਹ ਵਾਕਈ ਕੰਮ ਕਰਦਾ ਹੈ?

ਬੈਂਕ ਖਾਤੇ ਵਾਲੀ ਉਦਾਹਰਨ ਦੇ ਆਧਾਰ 'ਤੇ, ਜਿੱਥੇ ਪਹਿਲਾਂ ਪੈਸੇ ਜਮ੍ਹਾਂ ਕਰਵਾ ਲਏ ਜਾਣ ਤਾਂ ਬਾਅਦ ਵਿੱਚ ਖਰਚ ਕਰਨ 'ਤੇ ਖਾਤਾ ਜਲਦੀ ਘਾਟੇ ਵਿੱਚ ਨਾ ਜਾਂਦਾ, ਸਲੀਪ ਬੈਂਕਿੰਗ ਦਾ ਵਿਚਾਰ 2009 ਵਿੱਚ ਅਮਰੀਕਾ ਦੇ ਵਾਲਟਰ ਰੀਡ ਆਰਮੀ ਇੰਸਟੀਚਿਊਟ ਆਫ਼ ਰਿਸਰਚ ਦੇ ਨੀਂਦ ਵਿਗਿਆਨੀਆਂ ਨੇ ਪੇਸ਼ ਕੀਤਾ ਸੀ।

ਇਸ ਟੀਮ ਦੀ ਅਗਵਾਈ ਟ੍ਰੇਸੀ ਰੱਪ ਕਰ ਰਹੀ ਸੀ, ਜੋ ਹੁਣ ਯੂਟਾਹ ਸਟੇਟ ਯੂਨੀਵਰਸਿਟੀ ਨਾਲ ਜੁੜੀ ਹੋਈ ਹੈ। ਟੀਮ ਇਹ ਜਾਂਚ ਕਰਨਾ ਚਾਹੁੰਦੀ ਸੀ ਕਿ ਕੀ ਮਿਸ਼ਨਾਂ ਤੋਂ ਪਹਿਲਾਂ ਵੱਧ ਨੀਂਦ ਲੈਣ ਨਾਲ ਸੈਨਿਕਾਂ ਦੀ ਚੌਕਸੀ ਸੁਧਰ ਸਕਦੀ ਹੈ।

ਇਸ ਅਧਿਐਨ ਵਿੱਚ 24 ਫੌਜੀ ਕਰਮਚਾਰੀਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਇੱਕ ਗਰੁੱਪ ਨੂੰ ਹਰ ਰਾਤ ਸੱਤ ਘੰਟੇ ਬਿਸਤਰ 'ਚ ਰਹਿਣ ਦੀ ਆਗਿਆ ਸੀ, ਜਦਕਿ ਦੂਜੇ ਗਰੁੱਪ ਨੂੰ ਦਸ ਘੰਟੇ।

ਅਗਲੇ ਹਫ਼ਤੇ ਦੌਰਾਨ ਸਾਰੇ ਭਾਗੀਦਾਰਾਂ ਦੀ ਨੀਂਦ ਘਟਾ ਕੇ ਹਰ ਰਾਤ ਸਿਰਫ਼ ਤਿੰਨ ਘੰਟੇ ਕਰ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਅੱਠ ਘੰਟੇ ਨੀਂਦ ਲੈਣ ਦੀ ਆਗਿਆ ਮਿਲੀ।

ਨਤੀਜੇ ਕਾਫੀ ਧਿਆਨ ਖਿੱਚਣ ਵਾਲੇ ਸਨ। ਜਿਨ੍ਹਾਂ ਲੋਕਾਂ ਨੇ ਪਹਿਲਾਂ ਤਿੰਨ ਘੰਟੇ ਵੱਧ ਨੀਂਦ ਲਈ ਸੀ, ਉਨ੍ਹਾਂ ਦੀ ਚੌਕਸੀ ਅਤੇ ਧਿਆਨ ਕਾਇਮ ਰੱਖਣ ਦੀ ਸਮਰੱਥਾ ਵਿੱਚ ਨੀਂਦ ਘੱਟ ਹੋਣ ਦੇ ਦੌਰਾਨ ਘੱਟ ਕਮੀ ਆਈ।

ਗੁੱਲਕ

ਤਸਵੀਰ ਸਰੋਤ, Serenity Strull/ BBC

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਨੀਂਦ ਇੱਕ ਗੁੱਲਕ ਵਾਂਗ ਨਹੀਂ, ਸਗੋਂ ਕ੍ਰੈਡਿਟ ਕਾਰਡ ਵਾਂਗ ਹੁੰਦੀ ਹੈ

ਇਸ ਤੋਂ ਇਲਾਵਾ, ਉਹ ਉਨ੍ਹਾਂ ਦੇ ਮੁਕਾਬਲੇ ਆਪਣੀ ਆਮ ਕਾਰਗੁਜ਼ਾਰੀ 'ਤੇ ਵੀ ਜਲਦੀ ਵਾਪਸ ਆ ਗਏ ਜੋ ਪਹਿਲਾਂ ਵੱਧ ਨਹੀਂ ਸੁੱਤੇ ਸਨ।

ਬਾਅਦ ਦੇ ਸਾਲਾਂ ਵਿੱਚ ਵੱਖ-ਵੱਖ ਹਾਲਾਤਾਂ 'ਚ ਹੋਈ ਖੋਜ ਨੇ ਵੀ ਦੱਸਿਆ ਹੈ ਕਿ ਸਲੀਪ ਬੈਂਕਿੰਗ ਬਿਨਾਂ ਨੀਂਦ ਵਾਲੀਆਂ ਰਾਤਾਂ ਤੋਂ ਪਹਿਲਾਂ ਦਿਮਾਗੀ ਅਤੇ ਸਰੀਰਕ ਤੌਰ 'ਤੇ ਇੱਕ ਤਰ੍ਹਾਂ ਦੀ ਸੁਰੱਖਿਆ ਦੇ ਤੌਰ 'ਤੇ ਕੰਮ ਕਰ ਸਕਦੀ ਹੈ।

2023 ਵਿੱਚ ਮਿਆਮੀ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ 'ਤੇ ਕੀਤੀ ਗਈ ਇੱਕ ਸਟੱਡੀ ਵਿੱਚ ਪਾਇਆ ਗਿਆ ਕਿ ਤਿੰਨ ਰਾਤਾਂ ਤੱਕ ਲਗਭਗ 90 ਮਿੰਟ ਵਾਧੂ ਨੀਂਦ ਲੈਣ ਨਾਲ ਅਗਲੇ ਦੋ ਹਫ਼ਤਿਆਂ ਦੀ ਨਾਈਟ ਸ਼ਿਫ਼ਟ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਬਿਹਤਰ ਰਹੀ।

ਹੋਰ ਅਧਿਐਨਾਂ ਵਿੱਚ ਵੀ ਪਤਾ ਲੱਗਿਆ ਹੈ ਕਿ ਇਹ ਤਰੀਕਾ ਖੇਡਾਂ ਵਿੱਚ ਪ੍ਰਦਰਸ਼ਨ ਸੁਧਾਰਨ ਲਈ ਵੀ ਫਾਇਦੇਮੰਦ ਹੋ ਸਕਦਾ ਹੈ।

ਸੇਲਿੰਗ ਰੇਸ (ਬੇੜੀਆਂ ਦੀ ਦੌੜ) ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਅਕਸਰ ਸਲੀਪ ਬੈਂਕਿੰਗ ਵਰਤਦੇ ਹਨ ਅਤੇ ਇਹ ਛੋਟੀਆਂ ਦੌੜਾਂ ਦੌਰਾਨ ਨੀਂਦ ਦੀ ਕਮੀ ਕਾਰਨ ਹੋਣ ਵਾਲੀਆਂ ਗ਼ਲਤੀਆਂ ਅਤੇ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਂਦੀ ਨਜ਼ਰ ਆਈ ਹੈ।

ਪੇਸ਼ਾਵਰ ਰਗਬੀ ਖਿਡਾਰੀ ਜਿਨ੍ਹਾਂ ਨੇ ਤਿੰਨ ਹਫ਼ਤਿਆਂ ਤੱਕ ਹਰ ਰਾਤ ਦਸ ਘੰਟੇ ਨੀਂਦ ਲਈ, ਉਨ੍ਹਾਂ ਵਿੱਚ ਸਰੀਰਕ ਤਣਾਅ ਘੱਟ ਪਾਇਆ ਗਿਆ।

ਇਸੇ ਤਰ੍ਹਾਂ, ਟੈਨਿਸ ਖਿਡਾਰੀਆਂ ਵਿੱਚ ਇੱਕ ਹਫ਼ਤਾ ਹਰ ਰਾਤ ਨੌਂ ਘੰਟੇ ਨੀਂਦ ਨਾਲ ਸਟੀਕ ਨਿਸ਼ਾਨੇਬੰਦੀ ਵਿੱਚ ਸੁਧਾਰ ਦੇਖਿਆ ਗਿਆ।

ਬਾਸਕਟਬਾਲ ਖਿਡਾਰੀਆਂ ਜਿਨ੍ਹਾਂ ਨੇ ਪੰਜ ਤੋਂ ਸੱਤ ਹਫ਼ਤਿਆਂ ਤੱਕ ਵੱਧ ਨੀਂਦ ਲਈ, ਉਨ੍ਹਾਂ ਦੀ ਸ਼ੂਟਿੰਗ ਸਹੀ ਹੋਈ ਅਤੇ ਉਹ ਤੇਜ਼ ਦੌੜਣ ਦੇ ਯੋਗ ਹੋ ਗਏ।

ਸੁੱਤੀ ਹੋਈ ਔਰਤ

ਸਲੀਪ ਬੈਂਕ ਜਾਂ ਕ੍ਰੇਡਿਟ ਕਾਰਡ?

ਪਰ ਸਲੀਪ ਬੈਂਕਿੰਗ ਦੀ ਧਾਰਨਾ ਅਜੇ ਵੀ ਵਿਵਾਦੀ ਹੈ। ਸਾਰੇ ਖੋਜਕਾਰ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਨੀਂਦ ਨੂੰ ਜਾਣ-ਬੁੱਝ ਕੇ "ਜਮ੍ਹਾਂ" ਕਰ ਕੇ ਬਾਅਦ ਵਿੱਚ ਲੰਬੇ ਸਮੇਂ ਤੱਕ ਜਾਗਣ ਲਈ ਵਰਤਿਆ ਜਾ ਸਕਦਾ ਹੈ।

ਕੁਝ ਵਿਗਿਆਨੀ ਕਹਿੰਦੇ ਹਨ ਕਿ ਇਹ ਸਮਝਣਾ ਔਖਾ ਹੈ ਕਿ ਕੀ ਸਰੀਰ ਵਾਕਈ ਭਵਿੱਖ ਲਈ ਨੀਂਦ ਸੰਭਾਲ ਰਿਹਾ ਹੈ ਜਾਂ ਫਿਰ ਸਿਰਫ਼ ਪਹਿਲਾਂ ਤੋਂ ਮੌਜੂਦ ਨੀਂਦ ਦੀ ਘਾਟ ਨੂੰ ਪੂਰਾ ਕਰ ਰਿਹਾ ਹੈ।

ਸ਼ਿਫ਼ਟ ਵਰਕਰਾਂ ਵਿੱਚ ਸਲੀਪ ਬੈਂਕਿੰਗ ਬਾਰੇ ਕੀਤੀ ਗਈ ਇੱਕ ਵਿਗਿਆਨਕ ਸਮੀਖਿਆ ਨੇ ਇਹ ਵੀ ਦਰਸਾਇਆ ਹੈ ਕਿ ਕੁਝ ਅਧਿਐਨਾਂ ਵਿੱਚ ਪੱਖਪਾਤ ਹੋ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਮੌਜੂਦਾ ਰਿਸਰਚ ਇਹ ਸਾਬਤ ਨਹੀਂ ਕਰਦੀ ਕਿ ਕਾਰਗੁਜ਼ਾਰੀ ਵਿੱਚ ਆਇਆ ਸੁਧਾਰ ਸਿੱਧੇ ਤੌਰ 'ਤੇ ਅੱਗੇ ਤੋਂ ਵੱਧ ਨੀਂਦ ਲੈਣ ਕਾਰਨ ਹੀ ਹੋਇਆ ਹੈ।

ਇਸ ਤਰਕ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਸਾਡੇ ਸਰੀਰ ਨੂੰ ਨੀਂਦ ਦੀ ਲੋੜ ਕਿਉਂ ਪੈਂਦੀ ਹੈ।

ਹੈਕਨਸੈਕ ਮੈਰਿਡੀਅਨ ਸਕੂਲ ਆਫ਼ ਮੈਡੀਸਨ ਦੇ ਨੀਂਦ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਪੀਟਰ ਪੋਲੋਸ ਕਹਿੰਦੇ ਹਨ, "ਨੀਂਦ ਬਾਰੇ ਕਈ ਸਿਧਾਂਤ ਹਨ। ਨੀਂਦ ਦੌਰਾਨ ਸਰੀਰ ਦੇ ਮੈਟਾਬੋਲਿਕ, ਹਾਰਮੋਨਲ, ਨਰਵਸ ਅਤੇ ਦਿਮਾਗ਼ੀ ਕੰਮ ਠੀਕ ਹੁੰਦੇ ਹਨ। ਦਿਮਾਗ਼ ਲਈ ਇਹ ਸਮਾਂ ਸੋਚਾਂ ਨੂੰ ਸਹੀ ਢੰਗ ਨਾਲ ਸੈਟ ਕਰਨ ਜਾਂ ਜ਼ਰੂਰੀ ਜਾਣਕਾਰੀ ਨੂੰ ਤਰਜੀਹ ਦੇਣ ਦਾ ਹੁੰਦਾ ਹੈ।"

ਸਰੀਰਕ ਤੌਰ 'ਤੇ ਨੀਂਦ ਸਾਡੇ ਸਰੀਰ ਦੇ ਅਰਬਾਂ ਸੈੱਲਾਂ ਲਈ ਬਹੁਤ ਜ਼ਰੂਰੀ ਹੈ। ਯੂਨੀਵਰਸਿਟੀ ਆਫ਼ ਮਿਨੇਸੋਟਾ ਦੇ ਨਰੋਲੋਜੀ ਪ੍ਰੋਫੈਸਰ ਮਾਈਕਲ ਹੌਵਲ ਕਹਿੰਦੇ ਹਨ, "ਸਾਰੇ ਸੈੱਲਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਲਈ ਨੀਂਦ ਦੀ ਲੋੜ ਹੁੰਦੀ ਹੈ। ਦਿਨ ਭਰ ਸਰੀਰ ਅਤੇ ਦਿਮਾਗ਼ ਵਿੱਚ ਕਈ ਕਿਸਮ ਦੇ ਫ਼ਜ਼ੂਲ ਪਦਾਰਥ ਇਕੱਠੇ ਹੋ ਜਾਂਦੇ ਹਨ। ਨੀਂਦ ਦੌਰਾਨ ਦਿਮਾਗ਼ ਇਨ੍ਹਾਂ ਨੂੰ ਸਾਫ਼ ਕਰਦਾ ਹੈ।"

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਇਹ ਵੀ ਕਹਿੰਦੇ ਹਨ ਕਿ ਜੇ ਤੁਹਾਡਾ ਸਰੀਰ ਸਵੇਰੇ 6 ਵਜੇ ਉੱਠਣ ਦਾ ਆਦੀ ਹੈ, ਤਾਂ ਤੁਸੀਂ ਅਲਾਰਮ 7 ਵਜੇ ਦਾ ਵੀ ਲਗਾ ਸਕਦੇ ਹੋ, ਪਰ ਫਿਰ ਵੀ ਸੰਭਵ ਹੈ ਕਿ ਤੁਸੀਂ 6 ਵਜੇ ਹੀ ਜਾਗ ਜਾਓ

ਹੌਵੈਲ ਦੇ ਅਨੁਸਾਰ, ਜ਼ਿਆਦਾਤਰ ਬਾਲਗਾਂ ਲਈ ਹਰ ਰਾਤ ਸੱਤ ਤੋਂ ਨੌਂ ਘੰਟੇ ਦੀ ਨੀਂਦ ਸਭ ਤੋਂ ਵਧੀਆ ਹੁੰਦੀ ਹੈ। "ਚਾਰ ਜਾਂ ਪੰਜ ਘੰਟਿਆਂ ਦੀ ਨੀਂਦ ਨਾਲ ਠੀਕ ਰਹਿਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ।"

ਇਸੇ ਲਈ ਨੀਂਦ ਦੀ ਗੰਭੀਰ ਘਾਟ ਬਹੁਤ ਨੁਕਸਾਨਦਾਇਕ ਹੁੰਦੀ ਹੈ। ਪੋਲੋਸ ਕਹਿੰਦੇ ਹਨ, "ਕਦੇ-ਕਦੇ ਇੱਕ ਘੰਟਾ ਨੀਂਦ ਘੱਟ ਹੋ ਜਾਣ ਨਾਲ ਅਕਸਰ ਕੋਈ ਵੱਡਾ ਅਸਰ ਨਹੀਂ ਪੈਂਦਾ। ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅਜਿਹਾ ਲਗਾਤਾਰ ਹੋਵੇ। ਇਸ ਦੇ ਅਸਰ ਸਮੇਂ ਨਾਲ ਵੱਧਦੇ ਜਾਂਦੇ ਹਨ, ਜਿਵੇਂ ਕੰਮ ਜਾਂ ਸਮਾਜਿਕ ਜੀਵਨ ਵਿੱਚ ਕਾਰਗੁਜ਼ਾਰੀ ਘਟਣਾ, ਉਤਸ਼ਾਹ ਦੀ ਕਮੀ ਅਤੇ ਸੋਚਣ-ਸਮਝਣ ਵਿੱਚ ਸੁਸਤੀ ਆਉਣਾ।"

ਹੌਵਲ ਕਹਿੰਦੇ ਹਨ ਕਿ ਪੂਰੀ ਨੀਂਦ ਨਾ ਹੋਣ ਨਾਲ ਦਿਮਾਗ਼ ਫ਼ਜ਼ੂਲ ਪਦਾਰਥ ਠੀਕ ਤਰੀਕੇ ਨਾਲ ਸਾਫ਼ ਨਹੀਂ ਕਰਦਾ , ਜਿਸ ਕਾਰਨ ਅਗਲੇ ਦਿਨ ਧਿਆਨ ਕੇਂਦਰਿਤ ਅਤੇ ਜ਼ਰੂਰੀ ਜਾਣਕਾਰੀ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ।

ਹੌਵੈਲ ਕਹਿੰਦੇ ਹਨ, "ਜੇ ਤੁਸੀਂ ਕੋਈ ਭਾਸ਼ਾ ਜਾਂ ਸਾਜ਼ ਸਿੱਖ ਰਹੇ ਹੋ, ਜਾਂ ਕੋਈ ਖਿਡਾਰੀ ਹੋ ਜੋ ਨਵੀਂ ਕਲਾ ਸਿੱਖਣਾ ਚਾਹੁੰਦਾ ਹੈ, ਤਾਂ ਤੁਹਾਨੂੰ ਧਿਆਨ ਲਗਾਉਣ ਅਤੇ ਜਾਣਕਾਰੀ ਸਮਝਣ ਵਿੱਚ ਦਿੱਕਤ ਆਵੇਗੀ। ਨਾਲ ਹੀ, ਉਸ ਜਾਣਕਾਰੀ ਨੂੰ ਲੰਬੇ ਸਮੇਂ ਲਈ ਯਾਦ ਰੱਖਣਾ ਵੀ ਔਖਾ ਹੋ ਜਾਵੇਗਾ।"

ਟ੍ਰੇਸੀ ਰੱਪ ਅਤੇ ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਸਲੀਪ ਬੈਂਕਿੰਗ ਦਿਮਾਗ਼ ਨੂੰ ਨਰਵ ਸੈੱਲਾਂ ਦੇ ਫ਼ਜ਼ੂਲ ਪਦਾਰਥ ਸਾਫ਼ ਕਰਨ ਅਤੇ ਗਲਾਇਕੋਜਨ ਸਟੋਰ ਭਰਨ ਲਈ ਵਧੇਰੇ ਸਮਾਂ ਦਿੰਦੀ ਹੈ। ਇਹ ਗਲਾਇਕੋਜਨ ਦਿਮਾਗ਼ ਲਈ ਊਰਜਾ ਦਾ ਮੁੱਖ ਸਰੋਤ ਹੁੰਦਾ ਹੈ, ਖ਼ਾਸ ਕਰਕੇ ਜਦੋਂ ਖੂਨ ਵਿੱਚ ਸ਼ੱਕਰ ਘੱਟ ਹੋ ਜਾਵੇ। ਇਸ ਨਾਲ ਨੀਂਦ ਦੀ ਕਮੀ ਆਉਣ 'ਤੇ ਦਿਮਾਗ਼ ਵਧੀਆ ਤਰੀਕੇ ਨਾਲ ਨਿਭ ਸਕਦਾ ਹੈ।

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਨ ਵੇਲੇ ਸੌਣ ਦੁਆਰਾ ਨੀਂਦ ਦੇ ਕਰਜ਼ੇ ਨੂੰ ਪੂਰਾ ਕਰਨ ਦੀ ਸਿਫਾਰਸ਼ ਅਕਸਰ ਉਨ੍ਹਾਂ ਲੋਕਾਂ ਲਈ ਕੀਤੀ ਜਾਂਦੀ ਹੈ ਜੋ ਜ਼ਿਆਦਾ ਦੇਰ ਤੱਕ ਬਿਸਤਰੇ ਵਿੱਚ ਨਹੀਂ ਰਹਿ ਸਕਦੇ

ਸਵੇਰੇ ਜਾਂ ਰਾਤ ਨੂੰ ਬੈਂਕ ਕਰੀਏ?

ਸਲੀਪ ਬੈਂਕਿੰਗ ਦੇ ਸਮਰਥਕ ਕਹਿੰਦੇ ਹਨ ਕਿ ਇਹ ਤਰੀਕਾ ਹਰ ਉਸ ਵਿਅਕਤੀ ਲਈ ਲਾਭਦਾਇਕ ਹੋ ਸਕਦਾ ਹੈ, ਜਿਸ ਦੇ ਸਾਹਮਣੇ ਨੀਂਦ ਵਿੱਚ ਰੁਕਾਵਟ ਆਉਣ ਵਾਲੀ ਹੋਵੇ, ਜਿਵੇਂ ਲੰਬਾ ਹਵਾਈ ਸਫ਼ਰ, ਇਮਤਿਹਾਨਾਂ ਦੀ ਤਿਆਰੀ ਜਾਂ ਡੈੱਡਲਾਈਨ ਲਈ ਦੇਰ ਰਾਤ ਤੱਕ ਕੰਮ ਕਰਨਾ।

ਹੌਵੈਲ ਕਹਿੰਦੇ ਹਨ, "ਜੇ ਤੁਸੀਂ ਸਲੀਪ ਬੈਂਕਿੰਗ ਅਜ਼ਮਾਉਣਾ ਚਾਹੁੰਦੇ ਹੋ, ਤਾਂ ਮੈਂ ਇਹ ਸਲਾਹ ਦਿਆਂਗਾ ਕਿ ਜਿਸ ਕੰਮ ਜਾਂ ਸਮੇਂ ਦੌਰਾਨ ਤੁਹਾਨੂੰ ਨੀਂਦ ਘੱਟ ਹੋਣ ਦੀ ਸੰਭਾਵਨਾ ਹੈ, ਉਸ ਤੋਂ ਲਗਭਗ ਇੱਕ ਤੋਂ ਦੋ ਹਫ਼ਤੇ ਪਹਿਲਾਂ, ਜੇ ਹੋ ਸਕੇ ਤਾਂ ਹਰ ਰਾਤ 30 ਤੋਂ 60 ਮਿੰਟ ਵੱਧ ਨੀਂਦ ਲੈਣ ਦੀ ਕੋਸ਼ਿਸ਼ ਕਰੋ।"

ਉਹ ਮੰਨਦੇ ਹਨ ਕਿ ਸਵੇਰੇ ਅਲਾਰਮ ਥੋੜ੍ਹਾ ਦੇਰ ਨਾਲ ਲਗਾਉਣਾ ਆਮ ਤੌਰ 'ਤੇ ਆਸਾਨ ਹੁੰਦਾ ਹੈ, ਕਿਉਂਕਿ "ਸਧਾਰਣ ਤੌਰ 'ਤੇ ਲੋਕਾਂ ਲਈ ਸਵੇਰੇ ਦੇਰ ਤੱਕ ਸੌਣਾ, ਰਾਤ ਨੂੰ ਜਲਦੀ ਨੀਂਦ ਆਉਣ ਨਾਲੋਂ ਆਸਾਨ ਹੁੰਦਾ ਹੈ, ਹਾਲਾਂਕਿ ਇਹ ਹਰ ਕਿਸੇ ਲਈ ਲਾਜ਼ਮੀ ਨਹੀਂ।"

ਇਸ ਦੇ ਉਲਟ, ਪੋਲੋਸ ਕਹਿੰਦੇ ਹਨ ਕਿ ਕੁਝ ਲੋਕਾਂ ਲਈ ਰਾਤ ਨੂੰ ਜਲਦੀ ਸੋਣਾ ਵਧੀਆ ਤਰੀਕਾ ਹੋ ਸਕਦਾ ਹੈ। ਉਹ ਕਹਿੰਦੇ ਹਨ, "ਜੇ ਤੁਹਾਡਾ ਸਰੀਰ ਸਵੇਰੇ 6 ਵਜੇ ਉੱਠਣ ਦਾ ਆਦੀ ਹੈ, ਤਾਂ ਤੁਸੀਂ ਅਲਾਰਮ 7 ਵਜੇ ਦਾ ਵੀ ਲਗਾ ਸਕਦੇ ਹੋ, ਪਰ ਫਿਰ ਵੀ ਸੰਭਵ ਹੈ ਕਿ ਤੁਸੀਂ 6 ਵਜੇ ਹੀ ਜਾਗ ਜਾਓ।"

ਹੌਵੈਲ ਕਹਿੰਦੇ ਹਨ, "ਜੇ ਤੁਸੀਂ ਬਾਅਦ ਵਿੱਚ ਨੀਂਦ ਘੱਟ ਲੈਣੀ ਹੈ, ਤਾਂ ਦਿਨ ਵਿੱਚ ਨੈਪ ਲੈਣਾ ਵੀ ਆਪਣੀ ਨੀਂਦ ਦੇ ਖਾਤੇ ਵਿੱਚ ਜਮ੍ਹਾਂ ਕਰਨ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ," ਬਸ਼ਰਤੇ ਇਹ ਤੁਹਾਡੀ ਰਾਤ ਦੀ ਨੀਂਦ ਨੂੰ ਪ੍ਰਭਾਵਿਤ ਨਾ ਕਰੇ।

ਇੱਕ ਗੱਲ ਜਿਸ 'ਤੇ ਖੋਜਕਾਰ ਸਹਿਮਤ ਨਹੀਂ ਹਨ , ਉਹ ਇਹ ਹੈ ਕਿ ਜੇ ਕੋਈ ਵਿਅਕਤੀ ਪਹਿਲਾਂ ਹੀ ਬਹੁਤ ਜ਼ਿਆਦਾ ਨੀਂਦ ਦੀ ਘਾਟ ਵਿੱਚ ਹੋਵੇ, ਤਾਂ ਕੀ ਸਲੀਪ ਬੈਂਕਿੰਗ ਫਾਇਦੇਮੰਦ ਹੋ ਸਕਦੀ ਹੈ।

ਟ੍ਰੇਸੀ ਰੱਪ ਅਤੇ ਉਨ੍ਹਾਂ ਦੇ ਸਾਥੀ ਕਹਿੰਦੇ ਹਨ ਕਿ ਇਹ ਸੰਭਵ ਹੈ, ਪਰ ਨਾਲ ਹੀ ਇਹ ਵੀ ਕਹਿੰਦੇ ਹਨ ਕਿ "ਨੀਂਦ ਦੀ ਘਾਟ ਨੂੰ ਜਿੰਨਾ ਜਲਦੀ ਹੋ ਸਕੇ, ਪੂਰਾ ਕਰਨਾ ਚਾਹੀਦਾ ਹੈ।"

ਮੈਸਾਚੂਸੇਟਸ ਜਨਰਲ ਹਸਪਤਾਲ ਅਤੇ ਹਾਰਵਰਡ ਮੈਡੀਕਲ ਸਕੂਲ ਦੀ ਨਰੋਲੋਜੀ ਪ੍ਰੋਫੈਸਰ ਐਲਿਜ਼ਾਬੇਥ ਕਲੇਰਮੈਨ ਇਸ ਵਿਚਾਰ ਨਾਲ ਅਸਹਿਮਤ ਹਨ।

ਉਹ ਕਹਿੰਦੀ ਹਨ, "ਇਹ ਸਾਬਤ ਕਰਨ ਲਈ ਕਿ ਸਲੀਪ ਬੈਂਕਿੰਗ ਹੁੰਦੀ ਹੈ, ਇਹ ਦਿਖਾਉਣਾ ਪਵੇਗਾ ਕਿ ਕੋਈ ਵਿਅਕਤੀ ਥੱਕਿਆ ਨਾ ਹੋਣ ਦੇ ਬਾਵਜੂਦ ਵੀ ਸੌ ਸਕਦਾ ਹੈ, ਪਰ ਇਸਦਾ ਕੋਈ ਸਬੂਤ ਮੌਜੂਦ ਨਹੀਂ ਹੈ।"

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਲੋਸ ਕਹਿੰਦੇ ਹਨ ਕਿ ਭਾਵੇਂ ਸਲੀਪ ਬੈਂਕਿੰਗ ਕੰਮ ਕਰਦੀ ਵੀ ਹੋਵੇ, ਪਰ ਇਸਨੂੰ ਲੰਬੇ ਸਮੇਂ ਦਾ ਹੱਲ ਨਹੀਂ ਮੰਨਣਾ ਚਾਹੀਦਾ

ਉਹ ਉਨ੍ਹਾਂ ਤਜਰਬਿਆਂ ਦਾ ਹਵਾਲਾ ਦਿੰਦੀ ਹੈ ਜਿੱਥੇ ਲੋਕਾਂ ਨੂੰ ਬਿਸਤਰ ਵਿੱਚ ਵੱਧ ਸਮਾਂ ਦਿੱਤਾ ਗਿਆ, ਪਰ ਉਹ ਵੱਧ ਨੀਂਦ ਨਹੀਂ ਲੈ ਸਕੇ

ਇਸੇ ਲਈ ਉਹ ਕਹਿੰਦੀ ਹਨ ਕਿ ਨੀਂਦ ਇੱਕ ਗੁੱਲਕ ਵਾਂਗ ਨਹੀਂ, ਸਗੋਂ ਕ੍ਰੈਡਿਟ ਕਾਰਡ ਵਾਂਗ ਹੁੰਦੀ ਹੈ। "ਦੂਜੇ ਸ਼ਬਦਾਂ ਵਿੱਚ, ਤੁਸੀਂ ਨੀਂਦ ਦਾ ਕਰਜ਼ਾ ਤਾਂ ਬਣਾ ਸਕਦੇ ਹੋ, ਪਰ ਵਾਧੂ ਨੀਂਦ ਇਕੱਠੀ ਨਹੀਂ ਕਰ ਸਕਦੇ।

ਕਲੇਰਮੈਨ ਨੂੰ ਚਿੰਤਾ ਹੈ ਕਿ ਜੇ ਲੋਕ ਮੰਨ ਲੈਣ ਕਿ ਸਲੀਪ ਬੈਂਕਿੰਗ ਪ੍ਰਭਾਵਸ਼ਾਲੀ ਹੈ, ਤਾਂ ਉਹ ਸੋਚ ਸਕਦੇ ਹਨ ਕਿ ਪਹਿਲਾਂ ਚੰਗੀ ਨੀਂਦ ਲੈਣ ਤੋਂ ਬਾਅਦ ਹੁਣ ਨੀਂਦ ਘੱਟ ਕਰਨਾ ਠੀਕ ਹੈ।

ਉਹ ਕਹਿੰਦੀ ਹਨ, "ਇਸਦਾ ਮਤਲਬ ਇਹ ਹੋਵੇਗਾ ਕਿ ਉਹ ਆਪਣੇ ਆਪ ਨੂੰ ਉਸ ਚੀਜ਼ ਤੋਂ ਵਾਂਝੇ ਕਰ ਰਹੇ ਹਨ, ਜੋ ਉਨ੍ਹਾਂ ਦੀ ਸਿਹਤ ਅਤੇ ਭਲਾਈ ਲਈ ਬੁਨਿਆਦੀ ਤੌਰ 'ਤੇ ਬਹੁਤ ਜ਼ਰੂਰੀ ਹੈ।"

ਹਾਲਾਂਕਿ, ਉਹ ਗੁਆਚੀ ਹੋਈ ਨੀਂਦ ਪੂਰੀ ਕਰਨ ਦੇ ਹੱਕ ਵਿੱਚ ਹਨ, ਪਰ ਦੁਪਹਿਰੇ 45 ਮਿੰਟ ਤੋਂ ਵੱਧ ਨੈਪ ਲੈਣ ਤੋਂ ਸਾਵਧਾਨ ਵੀ ਕਰਦੀ ਹੈ ਕਿਉਂਕਿ ਇਸ ਨਾਲ ਉੱਠਣ 'ਤੇ ਸੁਸਤੀ ਆ ਸਕਦੀ ਹੈ, ਜਿਸਨੂੰ ਤਕਨੀਕੀ ਤੌਰ 'ਤੇ ਸਲੀਪ ਇਨਰਸ਼ੀਆ ਕਿਹਾ ਜਾਂਦਾ ਹੈ।

ਭਾਵੇਂ ਅਸੀਂ ਅੱਗੇ ਲਈ ਨੀਂਦ ਬੈਂਕ ਕਰ ਰਹੇ ਹਾਂ ਜਾਂ ਸਿਰਫ਼ ਆਪਣੀ ਨੀਂਦ ਦੀ ਘਾਟ ਪੂਰੀ ਕਰ ਰਹੇ ਹਾਂ, ਇਹ ਗੱਲ ਸਪੱਸ਼ਟ ਹੈ ਕਿ ਹਰ ਰਾਤ ਲਗਭਗ ਅੱਧਾ ਘੰਟਾ ਵੱਧ ਨੀਂਦ ਲੈਣਾ ਆਮ ਤੌਰ 'ਤੇ ਫਾਇਦੇਮੰਦ ਹੁੰਦਾ ਹੈ।

ਹੌਵੈਲ ਕਹਿੰਦੇ ਹਨ ਕਿ ਜੇ ਕਿਸੇ ਵਿਅਕਤੀ ਨੂੰ ਨਿਯਮਤ ਤੌਰ 'ਤੇ ਹਰ ਰਾਤ 12 ਘੰਟਿਆਂ ਤੋਂ ਵੱਧ ਨੀਂਦ ਦੀ ਲੋੜ ਪੈਂਦੀ ਹੈ, ਤਾਂ ਇਹ ਕਿਸੇ ਅੰਦਰੂਨੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਪੋਲੋਸ ਕਹਿੰਦੇ ਹਨ ਕਿ ਭਾਵੇਂ ਸਲੀਪ ਬੈਂਕਿੰਗ ਕੰਮ ਕਰਦੀ ਵੀ ਹੋਵੇ, ਪਰ ਇਸਨੂੰ ਲੰਬੇ ਸਮੇਂ ਦਾ ਹੱਲ ਨਹੀਂ ਮੰਨਣਾ ਚਾਹੀਦਾ। ਉਹ ਕਹਿੰਦੇ ਹਨ, "ਆਪਣੀ ਹਰ ਨੀਂਦ ਦੀ ਸਮੱਸਿਆ ਜਾਂ ਕੰਮ ਅਤੇ ਸਮਾਜ ਵੱਲੋਂ ਪਾਏ ਜਾ ਰਹੇ ਦਬਾਅ ਦਾ ਹੱਲ ਇਸਨੂੰ ਨਾ ਬਣਾਓ।"

ਆਖ਼ਿਰਕਾਰ, ਨੀਂਦ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣਾ ਹੀ ਲੰਬੇ ਸਮੇਂ ਵਿੱਚ ਵਧੀਆ ਨਤੀਜੇ ਦੇਵੇਗਾ।

ਪੋਲੋਸ ਕਹਿੰਦੇ ਹਨ, "ਸੋਣ ਅਤੇ ਉੱਠਣ ਦਾ ਨਿਯਮਤ ਸਮਾਂ ਬਣਾਓ ਅਤੇ ਨੀਂਦ ਦੀ ਗੁਣਵੱਤਾ ਅਤੇ ਮਾਤਰਾ ਦੋਵਾਂ ਨੂੰ ਯਕੀਨੀ ਬਣਾਓ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)