ਬ੍ਰਿਟੇਨ ਵਿੱਚ ਗ਼ੈਰ-ਕਾਨੂੰਨੀ ਪਰਵਾਸ ਕਰਵਾਉਣ ਦੇ ਜੁਰਮ ’ਚ ਦੋ ਪੰਜਾਬੀਆਂ ਨੂੰ ਕੈਦ, ਜਾਣੋ ਕਿਵੇਂ ਆਏ ਗ੍ਰਿਫ਼ਤ ਵਿੱਚ

ਪੰਜਾਬੀ ਮੂਲ ਦੇ ਦੋ ਬਰਤਾਨੀਆ ਦੇ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਮਨੁੱਖੀ ਤਸਕਰੀ ਕਰਨ ਦੇ ਜੁਰਮ ਅਧੀਨ ਬਰਤਾਨੀਆ ਵਿੱਚ 3-3 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ।

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪਲਵਿੰਦਰ ਸਿੰਘ ਫ਼ੁੱਲ ਅਤੇ ਹਰਜੀਤ ਸਿੰਘ ’ਤੇ ਸੱਤ ਭਾਰਤੀ ਪਰਵਾਸੀਆਂ ਨੂੰ ਇੱਕ ਕਿਸ਼ਤੀ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਰਤਾਨੀਆ ਵਿੱਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਸਨ। ਇਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ

ਜ਼ਿਕਰਯੋਗ ਹੈ ਕਿ ਇਹ ਮਾਮਲਾ 8 ਜੁਲਾਈ, 2018 ਦਾ ਹੈ ਜਿਸ ਵਿੱਚ ਪਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਹਰਜੀਤ ਸਿੰਘ ਦੀ ਸ਼ਮੂਲੀਅਤ ਪਾਈ ਗਈ ਹੈ। ਇਸ ਬਾਰੇ ਫ਼ੈਸਲਾ 13 ਜੁਲਾਈ ਨੂੰ ਸੁਣਾਇਆ ਹੈ।

ਗ਼ੈਰ-ਕਾਨੂੰਨੀ ਪਰਵਾਸ ਵਿੱਚ ਮਦਦ

ਬਰਤਾਨਵੀ ਗ੍ਰਹਿ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮਾਮਲੇ ਵਿੱਚ ਦੋਸ਼ੀ 48 ਸਾਲਾ ਪਲਵਿੰਦਰ ਸਿੰਘ ਫ਼ੁੱਲ ਹੌਂਸਲੋ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ 8 ਜੁਲਾਈ 2018 ਨੂੰ ਬਰਤਾਵਨੀ ਸਰਹੱਦ ’ਤੇ ਰੋਕਿਆ ਗਿਆ ਸੀ।

ਫ਼ੁੱਲ ਇੱਕ ਕਿਰਾਏ ਦੀ ਕਿਸ਼ਤੀ ਵਿੱਚ ਸਵਾਰ ਹੋ ਕੇ ਡੋਵਰ ਜ਼ਰੀਏ ਬਰਤਾਨੀਆ ਪਹੁੰਚ ਰਹੇ ਸਨ।

ਉਨ੍ਹਾਂ ਨਾਲ ਕਿਸ਼ਤੀ ਵਿੱਚ 7 ਹੋਰ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਦੇ ਅਫ਼ਗਾਨ ਸਿੱਖ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਦਕਿ ਬਾਅਦ ਵਿੱਚ ਉਨ੍ਹਾਂ ਦੇ ਭਾਰਤੀ ਨਾਗਰਿਕ ਹੋਣ ਬਾਰੇ ਪੁਸ਼ਟੀ ਹੋਈ ਸੀ।

ਪਲਵਿੰਦਰ ਸਿੰਘ ਨੂੰ ਗ਼ੈਰ-ਕਾਨੂੰਨੀ ਪਰਵਾਸ ਵਿੱਚ ਸਹਿਯੋਗੀ ਹੋਣ ਬਦਲੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਫ਼ੁੱਲ ਦੇ ਇੱਕ ਹੋਰ ਸਾਥੀ ਨੂੰ ਵੀ ਉਨ੍ਹਾਂ ਦੀ ਮਦਦ ਕਰਨ ਬਦਲੇ ਸਜ਼ਾ ਸੁਣਾਈ ਗਈ ਹੈ।

45 ਸਾਲਾ ਹਰਜੀਤ ਸਿੰਘ ਧਾਲੀਵਾਲ, ਮਿਡਲਸੈਕਸ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਵੀ ਗ਼ੈਰ-ਕਾਨੂੰਨੀ ਪਰਵਾਸ ਵਿੱਚ ਮਦਦ ਕਰਨ ਲਈ ਦੋਸ਼ੀ ਪਾਇਆ ਗਿਆ ਤੇ 3 ਸਾਲ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਧਾਲੀਵਾਲ ਨੂੰ ਫ਼ੁੱਲ ਦੀ ਗ੍ਰਿਫ਼ਤਾਰੀ ਤੋਂ ਚਾਰ ਦਿਨ ਬਾਅਦ 12 ਜੁਲਾਈ, 2018 ਨੂੰ ਬਰਤਾਵਨੀ ਸਰਹੱਦ ’ਤੇ ਰੋਕਿਆ ਗਿਆ ਸੀ।

ਇਸ ਮਾਮਲੇ ਵਿੱਚ ਵੀ ਕਿਰਾਏ ਦੀ ਕਿਸ਼ਤੀ ਜ਼ਰੀਏ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰੀ ਹੋਈ ਸੀ। ਹਰਜੀਤ ਸਿੰਘ ਜਿਸ ਕਿਸ਼ਤੀ ਵਿੱਚ ਸਫ਼ਰ ਕਰ ਰਹੇ ਸਨ ਉਸ ਵਿੱਚ ਚਾਰ ਭਾਰਤੀ ਨਾਗਰਿਕ ਲੁਕੇ ਹੋਏ ਸਨ।

ਹੋਮ ਆਫ਼ਿਸ ਕ੍ਰਿਮੀਨਲ ਐਂਡ ਫ਼ਾਈਨੈਂਸ਼ੀਅਲ ਇਨਵੈਸਟੀਗੇਸ਼ਨ (ਸੀਐਫ਼ਆਈ) ਯੂਨਿਟ ਦੀ ਜਾਂਚ ਤੋਂ ਬਾਅਦ, ਸ਼ੱਕੀ ਵਿਅਕਤੀਆਂ ਦੇ ਮੋਬਾਇਲ ਫ਼ੋਨਾਂ ਜ਼ਰੀਏ ਇੱਕ ਦੂਜੇ ਦੇ ਰਾਬਤੇ ਵਿੱਚ ਹੋਣ ਬਾਰੇ ਪੁਸ਼ਟੀ ਹੋਈ ਹੈ।

ਦੋਵਾਂ ਨੂੰ ਕੈਂਟਰਬਰੀ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਗਈ ਹੈ। ਇੱਥੇ ਦੋਵਾਂ ਨੂੰ ਗ਼ੈਰ-ਕਾਨੂੰਨੀ ਪਰਵਾਸ ਵਿੱਚ ਸਹਾਇਤਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਜਾਨਾਂ ਦਾ ਖੌਅ ਵੀ ਹੈ ਪਰਵਾਸ

  • ਪੰਜਾਬੀਆਂ ਦੇ ਪਰਵਾਸ ਨਾਲ ਕਾਮਾਗਾਟਾ ਮਾਰੂ ਅਤੇ ਮਾਲਟਾ ਕਾਂਡ ਜੁੜੇ ਹੋਏ ਹਨ
  • ਦਿੱਲੀ ਤੋਂ ਜਹਾਜ਼ ਦੇ ਟਾਇਰਾਂ ਵਿਚ ਲੁਕ ਕੇ ਲੰਡਨ ਪਹੁੰਚਣ ਦੀ ਕਹਾਣੀ ਦੇ ਪਾਤਰ ਵੀ ਪੰਜਾਬੀ ਹਨ
  • ਰੇਗਿਤਸਤਾਨ, ਜੰਗਲਾਂ ਅਤੇ ਸੁਮੰਦਰੀ ਰਾਹਾਂ ਦੀਆਂ ਦੁਸ਼ਵਾਰੀਆਂ ਅਨੇਕਾਂ ਜਾਨਾਂ ਲੈ ਚੁੱਕੀਆਂ ਹਨ
  • ਪਰਵਾਸ ਦਾ ਘੇਰਾ ਪੰਜਾਬ ਜਾਂ ਗੁਜਰਾਤ ਤੱਕ ਨਹੀਂ ਬਲਕਿ ਦੁਨੀਆਂ ਭਰ ਦੀ ਇਹੀ ਕਹਾਣੀ ਹੈ।

ਬਰਤਾਨਵੀ ਗ੍ਰਹਿ ਮੰਤਰਾਲੇ ਨੇ ਕੀ ਕਿਹਾ

ਹੋਮ ਆਫ਼ਿਸ ਦੇ ਅਪਰਾਧਿਕ ਅਤੇ ਵਿੱਤੀ ਜਾਂਚ ਦੇ ਡਿਪਟੀ ਡਾਇਰੈਕਟਰ ਕ੍ਰਿਸ ਫ਼ੋਸਟਰ ਨੇ ਕਿਹਾ ਕਿ, “ਅੱਜ ਦੀ ਸਜ਼ਾ ਸਾਡੇ ਕਾਨੂੰਨਾਂ ਅਤੇ ਸਰਹੱਦਾਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੰਦੀ ਹੈ।”

“ਅਸੀਂ ਯੂਕੇ ਵਿੱਚ ਮਨੁੱਖੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਆਂ ਅਧੀਨ ਸਜ਼ਾ ਦੇਣ ਤੋਂ ਰੁਕਾਂਗੇ ਨਹੀਂ।”

“ਮੈਂ ਆਪਣੀ ਟੀਮ ਦੀ ਸਖ਼ਤ ਮਿਹਨਤ ਅਤੇ ਇਸ ਕਿਸਮ ਦੇ ਅਪਰਾਧ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਸ਼ਾਲਾਘਾ ਕਰਨਾ ਚਾਹਾਂਗਾ। ਅਸੀਂ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੂੰ ਅਤੇ ਸਾਡੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਨੱਥ ਪਾਉਣ ਲਈ ਕੰਮ ਕਰਾਂਗੇ। ਇਸ ਲਈ ਅਸੀਂ ਕਾਨੂੰਨ ਲਾਗੂ ਕਰਨ ਵਾਲੀਆਂ ਭਾਈਵਾਲ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।”

ਪੰਜਾਬ ਤੋਂ ਗ਼ੈਰ-ਕਾਨੂੰਨ ਪਰਵਾਸ

ਅਜੋਕੇ ਦੌਰ ’ਚ ਪੰਜਾਬ ਦੀਆਂ ਪਰਵਾਸ ਨਾਲ ਜੁੜੀਆਂ ਤ੍ਰਾਸਦੀਆਂ ਕਾਮਾਗਾਟਾ ਮਾਰੂ ਜਹਾਜ਼ (1914) ਤੋਂ ਮਾਲਟਾ ਕਾਂਡ (1996) ਤੱਕ ਫੈਲੀਆਂ ਹੋਈਆਂ ਹਨ।

ਮਾਪੇ ਪਰਦੇਸੀਂ ਵਸਣ ਲਈ ਅਣਜਾਣ ਧਰਤੀਆਂ ਦੇ ਜੱਗ-ਜ਼ਾਹਿਰ ਖ਼ਤਰਿਆਂ ਨੂੰ ਸਹੇੜਨ ਅਤੇ ਅਣਭੋਲ ਜ਼ਿੰਦਗੀਆਂ ਨੂੰ ਦਾਅ ਉੱਤੇ ਲਗਾਉਣ ਲਈ ਤਿਆਰ ਹਨ।

ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੀ ਤ੍ਰਾਸਦੀ ਦਾ ਕੋਈ ਸਿਰਾ ਲਾਤੀਨੀ ਅਮਰੀਕਾ ਤੋਂ ਕਿਸ਼ਤੀਆਂ ਰਾਹੀਂ ਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਪਹੁੰਚਣ ਦੇ ਉਪਰਾਲੇ ਵਜੋਂ ਦਰਜ ਹੋ ਰਿਹਾ ਹੈ।

ਇਸੇ ਤਰ੍ਹਾਂ ਕਿਸ਼ਤੀਆਂ ਰਾਹੀਂ ਬਰਤਾਨੀਆਂ ਤੱਕ ਪਹੁੰਚਣ ਦਾ।

ਪਰਵਾਸ ਦੇ ਅਜਿਹੇ ਉਪਰਾਲਿਆਂ ਦੀ ਹਿੰਢ ਨੇ ਮਾਲਟਾ ਦੀ ਤ੍ਰਾਸਦੀ ਵਾਂਗ ਸਮੁੰਦਰ ਦੇ ਕੰਢਿਆਂ ’ਤੇ ਨਿਸ਼ਾਨੀਆਂ ਨਹੀਂ ਛੱਡੀਆਂ।

ਇਨ੍ਹਾਂ ਜੰਗਲਾਂ-ਸੰਮੁਦਰਾਂ ਵਿੱਚੋਂ ਈਰਾਕ ਦੇ ਸ਼ਹਿਰ ਮੋਸੁਲ (ਮਾਰਚ 2018) ਵਾਂਗ ਡਾਕਟਰੀ ਸ਼ਨਾਖ਼ਤ ਕਰਨ ਜਿੰਨੀਆਂ ਦੇਹਾਂ ਵੀ ਨਹੀਂ ਪਰਤੀਆਂ ਹਨ।

ਇਸ ਤ੍ਰਾਸਦੀ ਦਾ ਕੋਈ ਸਿਰਾ ਅਮਰੀਕਾ ਦੇ ਸ਼ਹਿਰਾਂ ਵਿੱਚ ਬਣੇ ਬੰਦੀ-ਖ਼ਾਨਿਆਂ ਵਿੱਚ ਵੀ ਸੁਲਗ਼ ਰਿਹਾ ਹੈ।

ਆਲਮੀ ਹਾਲਾਤ ਵਿੱਚ ਪੰਜਾਬ

ਪੰਜਾਬੀਆਂ ਦੇ ਦੂਜੇ ਮੁਲਕਾਂ ਵਿੱਚ ਜਾਣ ਦਾ ਰੁਝਾਨ ਵਿਦਿਆਰਥੀ ਵੀਜ਼ਾ ਦੀ ਖੁੱਲ੍ਹ, ਸੈਲਾਨੀ ਵੀਜ਼ਾ ਦੇ ਸੁਖਾਲੇ ਹੋਣ ਅਤੇ ਇਮੀਗਰੇਸ਼ਨ ਦੀਆਂ ਯੋਜਨਾਵਾਂ ਤਹਿਤ ਪ੍ਰਚੰਡ ਹੋਇਆ ਹੈ।

ਆਈਲਟਸ ਕੇਂਦਰਾਂ ਨਾਲ ਜੁੜੇ ਵੀਜ਼ਾ ਅਤੇ ਵਿਆਹ ਦੇ ਵਪਾਰ ਨੇ ਇਸੇ ਰੁਝਾਨ ਨੂੰ ਤੇਜ਼ ਕੀਤਾ ਹੈ। ਇਸ ਰੁਝਾਨ ਵਿੱਚ ਪੰਜਾਬ ਇਕੱਲਾ ਨਹੀਂ ਹੈ।

ਇਸ ਲਈ ਪੰਜਾਬ ਦੇ ਹਿੱਸੇ ਉਹ ਸਾਰੀਆਂ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਆਉਣੀਆਂ ਤੈਅ ਜਾਪਦੀਆਂ ਹਨ ਜੋ ਸੀਰੀਆ ਜਾਂ ਅਫ਼ਗ਼ਾਨਿਸਤਾਨ ਤੋਂ ਉਜੜੇ ਲੋਕਾਂ ਦੇ ਹਿੱਸੇ ਆਉਣੀਆਂ ਹਨ ਜਾਂ ਜਿਨ੍ਹਾਂ ਦੇ ਭਾਰਤ ਵਿੱਚ ਬਣੇ ਨਵੇਂ ਕਾਨੂੰਨਾਂ ਤਹਿਤ ਮੁਸਲਮਾਨ ਆਬਾਦੀ ਦੇ ਹਿੱਸੇ ਆਉਣ ਦੇ ਖ਼ਦਸ਼ੇ ਬਣੇ ਹੋਏ ਹਨ।

ਇਹ ਸਮਝ ਲੈਣਾ ਜ਼ਰੂਰੀ ਹੈ ਕਿ ਪਰਵਾਸੀਆਂ ਵਿੱਚ ਪਰਵਾਸਿ-ਜਬਰ ਅਤੇ ਪਰਵਾਸਿ-ਰਜ਼ਾ ਦੇ ਦੋਵੇਂ ਪੱਖ ਸ਼ਾਮਿਲ ਹਨ।

ਇਨ੍ਹਾਂ ਵਿੱਚ ਸਿਆਸੀ, ਸਮਾਜਿਕ, ਆਰਥਿਕ ਹਾਲਾਤ ਅਤੇ ਕੁਦਰਤੀ ਆਫ਼ਤਾਂ ਕਾਰਨ ਬੇਘਰ ਹੋਣ ਤੋਂ ਬਾਅਦ ਪਨਾਹਗ਼ੀਰਾਂ ਵਜੋਂ ਦੂਜੇ ਮੁਲਕਾਂ ਵਿੱਚ ਜਾਣ ਵਾਲੇ ਲੋਕ ਸ਼ਾਮਿਲ ਹਨ।

ਇਨ੍ਹਾਂ ਵਿੱਚ ਜ਼ਿੰਦਗੀ ਦੇ ਬਿਹਤਰ ਮੌਕਿਆਂ, ਵਿਦਿਆ, ਵਪਾਰ ਅਤੇ ਖ਼ੁਸ਼ਹਾਲੀ ਲਈ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾ ਰਹੇ ਲੋਕ ਵੀ ਸ਼ਾਮਿਲ ਹਨ।