ਜੇ ਤੁਹਾਡਾ ਦਫ਼ਤਰ ’ਚ ਅਫੇਅਰ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ, ਨਹੀਂ ਤਾਂ ਨੌਕਰੀ ਵੀ ਜਾ ਸਕਦੀ ਹੈ

    • ਲੇਖਕ, ਬੀਬੀਸੀ

ਅਮਰੀਕੀ ਤਕਨੀਕੀ ਕੰਪਨੀ 'ਐਸਟ੍ਰੋਨੋਮਰ' ਨੇ ਆਪਣੇ ਸੀਈਓ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਇਸਦੇ ਪਿੱਛੇ ਕਾਰਨ ਇਹ ਹੈ ਉਹ ਵੀਡੀਓ ਜੋ ਇੱਕ ਲਾਈਵ ਮਿਊਜ਼ਿਕ ਕਾਂਸਰਟ ਦੌਰਾਨ ਵਾਇਰਲ ਹੋ ਗਿਆ ਸੀ। ਤੁਸੀਂ ਵੀ ਕੋਲਡਪਲੇ ਕਾਂਸਰਟ ਦਾ ਉਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ।

ਇਹ ਕਾਂਸਰਟ ਮੈਸੇਚਿਉਸੇਟਸ ਦੇ ਗਿਲੇਟ ਸਟੇਡੀਅਮ ਵਿੱਚ ਹੋ ਰਿਹਾ ਸੀ। ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉਸਦੇ ਵਿਚਕਾਰ ਹੀ ਕੈਮਰਿਆਂ ਨੇ ਇੱਕ ਜੋੜੇ ਦੀਆਂ ਤਸਵੀਰਾਂ ਕੈਦ ਕਰ ਲਈਆਂ, ਜੋ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸਨ ਅਤੇ ਦੋਵਾਂ ਨੇ ਇੱਕ-ਦੂਜੇ ਨੂੰ ਪਿਆਰ ਨਾਲ ਫੜ੍ਹਿਆ ਹੋਇਆ ਸੀ।

ਜਿਵੇਂ ਹੀ ਦੋਵਾਂ ਨੂੰ ਕੈਮਰਿਆਂ ਦਾ ਅਹਿਸਾਸ ਹੋਇਆ, ਦੋਵਾਂ ਨੇ ਆਪਣੇ ਚਿਹਰੇ ਲੁਕਾ ਲਏ। ਹਾਲਾਂਕਿ ਵੀਡੀਓ ਖੂਬ ਵਾਇਰਲ ਹੋਇਆ। ਪਤਾ ਲੱਗਾ ਕਿ ਦੋਵੇਂ ਇੱਕੋ ਦਫ਼ਤਰ ਵਿੱਚ ਕੰਮ ਕਰਦੇ ਹਨ ਅਤੇ ਦੋਵਾਂ ਵਿਚਕਾਰ ਅਫ਼ੇਅਰ ਚੱਲ ਰਿਹਾ ਹੈ।

ਹਾਲਾਂਕਿ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੰਪਨੀ ਦੇ ਸੀਈਓ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਜਦਕਿ ਉਨ੍ਹਾਂ ਦੀ ਮਹਿਲਾ ਮਿੱਤਰ ਅਜੇ ਵੀ ਕੰਪਨੀ ਵਿੱਚ 'ਚੀਫ਼ ਪੀਪਲ ਅਫਸਰ' (ਐਚਆਰ) ਦੇ ਅਹੁਦੇ 'ਤੇ ਬਣੇ ਹੋਏ ਹਨ।

ਪਰ, ਇਸ ਸਭ ਦੇ ਨਾਲ ਆਫ਼ਿਸ ਦੇ ਅਫ਼ੇਅਰ ਜਾਂ ਕੰਮ ਵਾਲੀ ਥਾਂ 'ਤੇ ਬਣਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

ਤਾਂ ਮੰਨ ਲਓ ਕਿ ਤੁਹਾਨੂੰ ਵੀ ਆਪਣੇ ਦਫ਼ਤਰ ਵਿੱਚ ਕਿਸੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਅੱਗੇ ਕੀ ਕਰਨਾ ਚਾਹੀਦਾ ਹੈ?

ਆਫਿਸ 'ਚ ਅਫੇਅਰ, ਕੀ ਕੀਤਾ ਜਾਵੇ?

ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਆਪਣੇ ਆਫਿਸ ਵਿੱਚ ਜਾਂ ਸਹਿਕਰਮੀ ਨਾਲ ਅਫੇਅਰ ਕਾਰਨ ਕਈ ਉੱਚ-ਦਰਜੇ ਦੇ ਅਧਿਕਾਰੀਆਂ ਨੂੰ ਆਪਣੀ ਨੌਕਰੀ ਗੁਆਉਣੀ ਪਈ ਹੈ।

ਭਾਵੇਂ ਤੁਹਾਡਾ ਦਫ਼ਤਰ ਕੰਪਲੈਕਸ ਤੋਂ ਬਾਹਰ, ਦਫ਼ਤਰ ਦੇ ਹੀ ਕਿਸੇ ਕਰਮਚਾਰੀ ਨਾਲ ਰਿਸ਼ਤਾ ਹੈ, ਤਾਂ ਵੀ ਇਸਨੂੰ ਆਫਿਸ ਰਿਲੇਸ਼ਨਸ਼ਿਪ ਹੀ ਕਿਹਾ ਜਾਵੇਗਾ।

ਜ਼ਿਆਦਾਤਰ ਕੰਪਨੀਆਂ ਦੀ ਕਰਮਚਾਰੀ ਹੈਂਡਬੁੱਕ ਜਾਂ ਆਚਾਰ ਸੰਹਿਤਾ ਹੁੰਦੀ ਹੈ ਜੋ ਇਸ ਬਾਰੇ ਦਿਸ਼ਾ-ਨਿਰਦੇਸ਼ ਦਿੰਦੀ ਹੈ ਕਿ ਕੰਮ ਵਾਲੀ ਥਾਂ 'ਤੇ ਤੁਹਾਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ।

ਇਸ ਲਈ, ਜੇਕਰ ਕੰਮ 'ਤੇ ਚੀਜ਼ਾਂ ਗੁੰਝਲਦਾਰ ਹੋਣ ਲੱਗਦੀਆਂ ਹਨ, ਜਾਂ ਰਿਸ਼ਤੇ ਸਰੇਆਮ ਨਜ਼ਰ ਆਉਣ ਲੱਗਦੇ ਹਨ ਤਾਂ ਇਨ੍ਹਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖੋ।

ਸਭ ਤੋਂ ਮਹੱਤਵਪੂਰਨ ਗੱਲ - ਕੰਪਨੀ ਦੀ ਨੀਤੀ ਕੀ ਕਹਿੰਦੀ ਹੈ?

ਜਿਸ ਕੰਪਨੀ ਲਈ ਤੁਸੀਂ ਕੰਮ ਕਰਦੇ ਹੋ, ਪਤਾ ਕਰੋ ਕਿ ਇਸ ਬਾਰੇ ਉਸਦੀ ਕੀ ਨੀਤੀ ਹੈ। ਬਹੁਤ ਸਾਰੀਆਂ ਕੰਪਨੀਆਂ ਦੀਆਂ ਇਸ ਬਾਰੇ ਅਧਿਕਾਰਤ ਨੀਤੀਆਂ ਹਨ।

ਇਹ ਇਸ ਤੱਥ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਕੀ ਅਜਿਹੇ ਰਿਸ਼ਤੇ ਦੀ ਕੰਪਨੀ ਵਿੱਚ ਇਜਾਜ਼ਤ ਹੈ ਜਾਂ ਨਹੀਂ।

ਮਿਸਾਲ ਵਜੋਂ, ਬਹੁਤ ਸਾਰੀਆਂ ਕੰਪਨੀਆਂ ਵਿੱਚ ਇੱਕ ਮੈਨੇਜਰ ਅਤੇ ਉਸਦੇ ਅਧੀਨ ਕੰਮ ਕਰਨ ਵਾਲੇ ਵਿਅਕਤੀ ਵਿਚਕਾਰ ਸਬੰਧ ਦੀ ਇਜਾਜ਼ਤ ਨਹੀਂ ਹੈ।

ਕਿਉਂਕਿ ਇਸ ਨਾਲ ਕੰਮ ਵਾਲੀ ਥਾਂ 'ਤੇ ਵਿਤਕਰਾ ਹੋ ਸਕਦਾ ਹੈ, ਜਿਵੇਂ ਕਿ ਮੈਨੇਜਰ ਵੱਲੋਂ ਆਪਣੇ ਕਰੀਬੀ ਲਈ ਪੱਖਪਾਤੀ ਹੋਣਾ ਆਦਿ।

ਕੁਝ ਕੰਪਨੀ ਦੀਆਂ ਨੀਤੀਆਂ ਦੇ ਅਨੁਸਾਰ, ਜੇਕਰ ਇੱਕੋ ਕੰਪਨੀ ਲਈ ਕੰਮ ਕਰਨ ਵਾਲੇ ਦੋ ਲੋਕ ਵਿਆਹ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਇੱਕੋ ਕੰਪਨੀ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਉਨ੍ਹਾਂ ਵਿੱਚੋਂ ਇੱਕ ਨੂੰ ਆਪਣੀ ਨੌਕਰੀ ਛੱਡਣੀ ਪੈਂਦੀ ਹੈ।

ਬਹੁਤ ਸਾਰੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਵਿਚਕਾਰ ਸਬੰਧਾਂ 'ਤੇ ਇਤਰਾਜ਼ ਨਹੀਂ ਕਰਦੀਆਂ, ਪਰ ਉਹ ਕਰਮਚਾਰੀਆਂ ਤੋਂ ਇਹ ਉਮੀਦ ਜ਼ਰੂਰ ਕਰਦੀਆਂ ਹਨ ਕਿ ਉਹ ਆਪਣੇ ਅਜਿਹੇ ਸਬੰਧਾਂ ਬਾਰੇ ਕੰਪਨੀ ਨੂੰ ਸਪਸ਼ਟ ਤੌਰ 'ਤੇ ਦੱਸ ਦੇਣ।

ਅਜਿਹੇ ਮਾਮਲਿਆਂ ਵਿੱਚ ਅਕਸਰ, ਦੋਵੇਂ ਕਰਮਚਾਰੀ ਇੱਕੋ ਟੀਮ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਦਾ ਪੇਸ਼ੇਵਰ ਰਿਸ਼ਤਾ ਬੌਸ-ਕਰਮਚਾਰੀ ਦਾ ਹੁੰਦਾ ਹੈ, ਜਦੋਂ ਕਿ ਐਚਆਰ ਇਹ ਯਕੀਨੀ ਬਣਾ ਸਕਦਾ ਹੈ ਕਿ ਦੋਵਾਂ ਦੀਆਂ ਟੀਮਾਂ ਵੱਖਰੀਆਂ ਹੋਣ।

ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਬਾਰੇ ਤੁਹਾਡੀ ਕੰਪਨੀ ਦੀਆਂ ਨੀਤੀਆਂ ਕੀ ਕਹਿੰਦੀਆਂ ਹਨ।

'ਕੰਮ 'ਤੇ ਪੇਸ਼ੇਵਰ ਬਣੋ'

ਦਫ਼ਤਰ ਵਿੱਚ ਰਿਸ਼ਤਾ ਹੋਣਾ ਇੱਕ ਬਹੁਤ ਹੀ ਨਾਜ਼ੁਕ ਮਾਮਲਾ ਹੈ। ਇਸ ਲਈ ਇਸਨੂੰ ਸੰਵੇਦਨਸ਼ੀਲਤਾ ਨਾਲ ਦੇਖਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਕਾਰਨ ਤੁਹਾਡੀਆਂ ਪੇਸ਼ੇਵਰ ਸੀਮਾਵਾਂ ਦੀ ਉਲੰਘਣਾ ਨਾ ਹੋਵੇ।

ਇਸ ਸਬੰਧੀ ਬੀਬੀਸੀ ਵਰਕਲਾਈਫ ਦਾ ਇੱਕ ਲੇਖ ਹੈ, ਜਿਸ ਵਿੱਚ ਕੁਝ ਗੱਲਾਂ 'ਤੇ ਧਿਆਨ ਦਿਵਾਇਆ ਗਿਆ ਹੈ।

ਭਾਵੇਂ ਤੁਹਾਡਾ ਆਪਣੀ ਟੀਮ ਦੇ ਕਿਸੇ ਮੈਂਬਰ ਨਾਲ ਖਾਸ ਰਿਸ਼ਤਾ ਹੈ, ਪਰ ਕੰਮ 'ਤੇ ਇਸ ਨੂੰ ਹਾਵੀ ਨਾ ਹੋਣ ਦਿਓ। ਦਫ਼ਤਰ ਵਿੱਚ ਨਿੱਜੀ ਮਾਮਲਿਆਂ 'ਤੇ ਚਰਚਾ ਨਾ ਕਰੋ।

ਆਪਣੇ ਦਫ਼ਤਰੀ ਸਬੰਧਾਂ ਨੂੰ ਪੇਸ਼ੇਵਰ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਇਹ ਰਿਸ਼ਤਾ, ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਵੀ, ਦਫ਼ਤਰ ਵਿੱਚ ਤੁਹਾਡੇ ਕੰਮ ਨੂੰ ਪ੍ਰਭਾਵਿਤ ਨਾ ਕਰੇ ਜਾਂ ਇਸ ਕਾਰਨ ਕਿਸੇ ਪ੍ਰਕਾਰ ਦਾ ਵਿਤਕਰਾ ਨਾ ਹੋਵੇ।

ਇਹ ਵੀ ਯਾਦ ਰੱਖੋ ਕਿ ਕੰਮ 'ਤੇ ਬਣਨ ਵਾਲੇ ਅਜਿਹੇ ਨਿੱਜੀ ਰਿਸ਼ਤੇ ਸ਼ੋਸ਼ਣ ਦਾ ਕਾਰਨ ਵੀ ਬਣ ਸਕਦੇ ਹਨ।

ਖਾਸ ਕਰਕੇ ਜੇਕਰ ਇਹ ਰਿਸ਼ਤਾ ਕਿਸੇ ਸੀਨੀਅਰ ਅਤੇ ਜੂਨੀਅਰ ਵਿਚਕਾਰ ਬਣਿਆ ਹੈ, ਤਾਂ ਇਸਦੀ ਵਰਤੋਂ ਦਬਾਅ ਪਾਉਣ, ਖਾਸ ਜਾਂ ਜ਼ਬਰਦਸਤੀ ਕੰਮ ਕਰਵਾਉਣ ਲਈ ਵੀ ਕੀਤੀ ਜਾ ਸਕਦੀ ਹੈ, ਆਦਿ। ਇਸ ਲਈ, ਇਹ ਸਮਝਣ ਦੀ ਵੀ ਕੋਸ਼ਿਸ਼ ਕਰੋ ਕਿ ਤੁਹਾਡਾ ਰਿਸ਼ਤਾ ਵਾਕਈ ਹੈ ਜਾਂ ਰਿਸ਼ਤੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਜੇਕਰ ਤੁਸੀਂ ਅਜਿਹੇ ਰਿਸ਼ਤੇ ਵਿੱਚ ਫਸਿਆ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੀ ਕੰਪਨੀ ਦੇ ਐਚਆਰ 'ਤੇ ਭਰੋਸਾ ਕਰ ਸਕਦੇ ਹੋ ਅਤੇ ਇਸ ਬਾਰੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹੋ।

ਇਹ ਜ਼ਰੂਰੀ ਨਹੀਂ ਕਿ ਜੋ ਰਿਸ਼ਤਾ ਸ਼ੁਰੂ ਹੋਇਆ ਹੈ ਉਹ ਆਪਣੇ ਮੁਕਾਮ 'ਤੇ ਪਹੁੰਚੇਗਾ ਹੀ, ਕੁਝ ਰਿਸ਼ਤੇ ਬਹੁਤ ਚਿਰ ਨਹੀਂ ਚੱਲਦੇ। ਤਾਂ ਜੇਕਰ ਤੁਹਾਡਾ ਸਬੰਧ ਵੀ ਕਿਸੇ ਕਾਰਨ ਟੁੱਟ ਜਾਂ ਵਿਗੜ ਗਿਆ ਹੈ ਤਾਂ ਇਸ ਦਾ ਅਸਰ ਤੁਹਾਡੇ ਕੰਮ 'ਤੇ ਨਜ਼ਰ ਨਹੀਂ ਆਉਣਾ ਚਾਹੀਦਾ।

ਅਜਿਹੇ ਸਮੇਂ ਚੀਜ਼ਾਂ ਨੂੰ ਸੰਜਮ ਅਤੇ ਸਮਝਦਾਰੀ ਨਾਲ ਸੰਭਾਲੋ। ਕਿਉਂਕਿ ਭਾਵੇਂ ਬ੍ਰੇਕਅੱਪ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਹੋਇਆ ਹੈ, ਉਹ ਵਿਅਕਤੀ ਅਜੇ ਵੀ ਉਸੇ ਦਫ਼ਤਰ ਵਿੱਚ ਰਹੇਗਾ।

ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਆਪਣੀਆਂ ਨਿੱਜੀ ਭਾਵਨਾਵਾਂ ਨੂੰ ਆਪਣੀ ਕੰਮ ਵਾਲੀ ਜ਼ਿੰਦਗੀ ਵਿੱਚ ਲਿਆਉਣਾ ਸਹੀ ਨਹੀਂ ਹੈ, ਜਾਂ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਜੋ ਵੀ ਹੋਇਆ ਉਸਦਾ ਗੁੱਸਾ ਤੁਸੀਂ ਆਪਣੀ ਪੇਸ਼ੇਵਰ ਜ਼ਿੰਦਗੀ 'ਚ ਨਹੀਂ ਕੱਢ ਸਕਦੇ।

ਕੰਮ ਵਾਲੀ ਥਾਂ 'ਤੇ ਸਬੰਧਾਂ ਨੂੰ ਸਹੀ ਢੰਗ ਨਾਲ ਲੈ ਕੇ ਚੱਲਣਾ ਤੁਹਾਡੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਤੁਹਾਡੇ ਕਰੀਅਰ ਭਾਵ ਤੁਹਾਡੀ ਪੇਸ਼ੇਵਰ ਜ਼ਿੰਦਗੀ ਲਈ ਵੀ ਮਹੱਤਵਪੂਰਨ ਹੈ।

ਕਿਉਂਕਿ ਜੇਕਰ ਤੁਸੀਂ ਕੰਪਨੀ ਦੇ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਕਰਦੇ ਹੋ ਜਾਂ ਜੇਕਰ ਤੁਸੀਂ ਕੁਝ ਅਜਿਹਾ ਕਰਦੇ ਹੋ ਜੋ ਕੰਪਨੀ ਦੀ ਸਾਖ ਜਾਂ ਕੰਮ ਨੂੰ ਖਤਰੇ ਵਿੱਚ ਪਾਉਂਦਾ ਹੈ, ਤਾਂ ਤੁਸੀਂ ਨਾ ਸਿਰਫ਼ ਆਪਣੀ ਨੌਕਰੀ ਗੁਆ ਦਿਓਗੇ, ਸਗੋਂ ਇਹ ਤੁਹਾਡੇ ਸੀਵੀ 'ਤੇ ਵੀ ਹਮੇਸ਼ਾ ਲਈ ਆਪਣੀ ਛਾਪ ਛੱਡ ਦੇਵੇਗਾ।

ਬੀਬੀਸੀ ਵਰਕਲਾਈਫ ਨੇ ਕੰਮ ਵਾਲੀ ਥਾਂ 'ਤੇ ਸਬੰਧਾਂ ਬਾਰੇ ਨੈਤਿਕ ਜ਼ਿੰਮੇਵਾਰੀਆਂ 'ਤੇ ਇੱਕ ਲੇਖ ਲਿਖਿਆ ਹੈ। ਤੁਸੀਂ ਇਸਨੂੰ ਇੱਥੇ ਵਿਸਥਾਰ ਵਿੱਚ ਵੀ ਪੜ੍ਹ ਸਕਦੇ ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)