'ਸੜਕ 'ਤੇ ਜਾਂਦੇ ਵੇਲੇ ਹਾਦਸੇ ਦਾ ਡਰ, ਕਦੇ ਉੱਚੀ ਚੀਕਣ ਦਾ ਮਨ ਕਰਨਾ', ਇਸ ਤਰ੍ਹਾਂ ਦੇ ਹੋਰ ਕਿਹੜੇ ਵਿਚਾਰ ਹਨ ਜੋ ਬਿਮਾਰੀ ਵਿੱਚ ਬਦਲ ਸਕਦੇ ਹਨ

ਪਰੇਸ਼ਾਨ ਮਹਿਲਾ, ਹਨੇਰੇ ਵਿੱਚ ਬੈਠੀ ਹੈ ਅਤੇ ਮੂੰਹ ਉੱਤੇ ਮੋਬਾਈਲ ਸਕੀਰਨ ਦੀ ਰੌਸ਼ਨੀ ਪੈ ਰਹੀ ਹੈ, ਬਾਕੀ ਕਮਰੇ ਵਿੱਚ ਹਨੇਰਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਨੂੰ "ਇੰਟਰੂਸਿਵ ਥਾਟਸ" ਕਹਿੰਦੇ ਹਨ (ਸੰਕੇਤਕ ਤਸਵੀਰ)
    • ਲੇਖਕ, ਯਾਸਮੀਨ ਰੂਫੋ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਕਦੇ ਕਿਸੇ ਉਬਾਊ ਮੀਟਿੰਗ ਵਿੱਚ ਬੈਠੇ ਹੋਏ ਇਹ ਸੋਚਿਆ ਹੈ: "ਕੀ ਹੋਵੇਗਾ ਜੇ ਮੈਂ ਅਚਾਨਕ ਚੀਕਣਾ ਸ਼ੁਰੂ ਕਰ ਦੇਵਾਂ?" ਜਾਂ ਤੁਸੀਂ ਗੱਡੀ ਚਲਾ ਰਹੇ ਹੋਵੋ ਅਤੇ ਸੋਚੋ: "ਕੀ ਹੋਵੇਗਾ ਜੇ ਮੇਰੀ ਟੱਕਰ ਹੋ ਜਾਵੇ?"

ਇਨ੍ਹਾਂ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਨੂੰ "ਇੰਟਰੂਸਿਵ ਥਾਟਸ" (ਦਖ਼ਲਅੰਦਾਜ਼ੀ ਵਾਲੇ ਵਿਚਾਰ) ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਅਨੁਭਵ ਸਾਡੇ ਵਿੱਚੋਂ ਬਹੁਤੇ ਲੋਕ ਸਮੇਂ-ਸਮੇਂ 'ਤੇ ਕਰਦੇ ਹਨ ਅਤੇ ਕੁਝ ਲੋਕ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੇ ਯੋਗ ਹੁੰਦੇ ਹਨ।

ਪਰ ਕੁਝ ਅਜਿਹੇ ਵਿਚਾਰ ਹੁੰਦੇ ਹਨ ਜੋ ਤੁਹਾਨੂੰ ਅਜਿਹਾ ਕਰਨ ਲਈ ਮਜਬੂਰ ਕਰ ਦੇਣ ਜੋ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੇ।

ਕੁਝ ਲੋਕਾਂ ਲਈ ਇਹ ਵਿਚਾਰ ਭਾਰੂ ਪੈ ਕੇ ਜਨੂੰਨ ਬਣ ਸਕਦੇ ਹਨ। ਜਿਸ ਕਾਰਨ ਉਹ ਮਜਬੂਰੀ ਵੱਸ ਅਜਿਹਾ ਵਿਹਾਰ ਕਰਦੇ ਹਨ ਜਿਸ ਉੱਤੇ ਉਨ੍ਹਾਂ ਦਾ ਕੋਈ ਕਾਬੂ ਨਹੀਂ ਹੁੰਦਾ (ਕੰਪਲਸਿਵ ਬੀਹੇਵੀਅਰਸ)।

ਜਦੋਂ ਡਾ. ਨੀਨਾ ਹਿਗਸਨ-ਸਵੀਨੀ ਬੱਚੀ ਸੀ, ਤਾਂ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਜਦੋਂ ਤੱਕ ਉਹ ਸਕੂਲ ਤੋਂ ਘਰ ਵਾਪਸ ਆਉਂਦੇ ਸਮੇਂ ਸਿਰਫ਼ "ਚੰਗੇ" ਵਿਚਾਰ ਨਹੀਂ ਰੱਖਣਗੇ ਤਾਂ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚੇਗਾ।

ਉਹ ਕਹਿੰਦੇ ਹਨ, "ਜੇ ਮੇਰੇ ਮਨ ਵਿੱਚ ਕੋਈ ਅਜਿਹਾ ਵਿਚਾਰ ਆਉਂਦਾ, ਤਾਂ ਮੈਂ ਬੱਸ ਸਟਾਪ ਤੋਂ ਦੁਬਾਰਾ ਤੁਰਨਾ ਸ਼ੁਰੂ ਕਰ ਦਿੰਦੀ ਸੀ। ਮੈਂ ਸੱਚਮੁੱਚ ਡਰੀ ਹੋਈ ਸੀ ਕਿ ਜੇ ਮੈਂ ਅਜਿਹਾ ਨਾ ਕੀਤਾ ਅਤੇ ਕੁਝ ਹੋ ਗਿਆ, ਤਾਂ ਇਹ ਮੇਰੀ ਗਲਤੀ ਹੋਵੇਗੀ।"

ਡਾ. ਨੀਨਾ ਹਿਗਸਨ-ਸਵੀਨੀ ਦੀ ਇੱਕ ਤਸਵੀਰ, ਜਿਸ ਵਿੱਚ ਉਸਦੇ ਵਾਲ ਪਿੱਛੇ ਬੰਨ੍ਹੇ ਹੋਏ ਹਨ

ਤਸਵੀਰ ਸਰੋਤ, Dr Nina Higson-Sweeney

ਤਸਵੀਰ ਕੈਪਸ਼ਨ, ਨੀਨਾ ਅਜੇ ਵੀ ਓਸੀਡੀ ਨਾਲ ਜਿਉਂ ਰਹੇ ਹਨ ਪਰ ਉਨ੍ਹਾਂ ਨੇ ਇਸ ਨੂੰ ਬਿਹਤਰ ਤਰੀਕੇ ਨਾਲ ਸੰਭਾਲਣਾ ਸਿੱਖ ਲਿਆ ਹੈ

ਨੀਨਾ ਨੂੰ 10 ਸਾਲ ਦੀ ਉਮਰ ਵਿੱਚ ਓਬਸੈਸਿਵ ਕੰਪਲਸਿਵ ਡਿਸਆਰਡਰ (OCD) ਹੋਣ ਦਾ ਪਤਾ ਲੱਗਾ ਸੀ ਅਤੇ ਹੁਣ ਉਹ ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਖੋਜਕਰਤਾ ਵਜੋਂ ਕੰਮ ਕਰਦੇ ਹਨ਼, ਜਿੱਥੇ ਉਹ ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕ ਸਿਹਤ ਵਿੱਚ ਮਾਹਿਰ ਹੈ।

ਨੀਨਾ ਬੀਬੀਸੀ ਨੂੰ ਦੱਸਦੇ ਹਨ, "ਓਬਸੈਸ਼ਨ (ਜਨੂੰਨ) ਦਖ਼ਲਅੰਦਾਜ਼ੀ ਵਾਲੇ ਅਤੇ ਅਣਚਾਹੇ ਵਿਚਾਰ, ਭਾਵਨਾਵਾਂ ਅਤੇ ਅਹਿਸਾਸ ਹੁੰਦੇ ਹਨ, ਜਦੋਂ ਕਿ ਕੰਪਲਸ਼ਨ (ਮਜਬੂਰੀਆਂ) ਵਾਰ-ਵਾਰ ਕੀਤੀਆਂ ਜਾਣ ਵਾਲੀਆਂ ਰਸਮਾਂ ਵਾਂਗ ਕੀਤੇ ਜਾਣ ਵਾਲੇ ਕੰਮ ਹੁੰਦੇ ਹਨ ਜੋ ਜਨੂੰਨ ਕਾਰਨ ਹੋਣ ਵਾਲੀ ਚਿੰਤਾ ਨੂੰ ਖ਼ਤਮ ਕਰਨ ਜਾਂ ਘਟਾਉਣ ਲਈ ਕੀਤੇ ਜਾਂਦੇ ਹਨ।"

ਇੱਕ ਅੰਦਾਜ਼ੇ ਅਨੁਸਾਰ, OCD ਦੁਨੀਆ ਦੀ 1%-3% ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ।

ਦਖ਼ਲਅੰਦਾਜ਼ੀ ਵਾਲੇ ਵਿਚਾਰ ਬਹੁਤ ਜ਼ਿਆਦਾ ਦੁਖਦਾਈ ਹੋ ਸਕਦੇ ਹਨ ਅਤੇ ਅਕਸਰ ਅਜਿਹੇ ਵਿਸ਼ਿਆਂ 'ਤੇ ਦੁਆਲੇ ਘੁੰਮਦੇ ਹੁੰਦੇ ਹਨ ਜੋ ਵਿਅਕਤੀ ਦੀਆਂ ਕਦਰਾਂ-ਕੀਮਤਾਂ ਜਾਂ ਪਛਾਣ ਤੋਂ ਬਿਲਕੁਲ ਉਲਟ ਹੁੰਦੇ ਹਨ।

ਨੀਨਾ ਕਹਿੰਦੀ ਹੈ, "ਤੁਹਾਨੂੰ ਆਪਣੇ ਪਿਆਰਿਆਂ ਨੂੰ ਨੁਕਸਾਨ ਪਹੁੰਚਣ ਦੇ ਵਿਚਾਰ ਆ ਸਕਦੇ ਹਨ।"

"ਇਹ ਕਿਸੇ ਦੀ ਜਿਨਸੀ ਖਿੱਚ ਬਾਰੇ ਸਵਾਲ ਹੋ ਸਕਦਾ ਹੈ, ਇਹ ਸੋਚਣਾ ਕਿ ਕੀ ਤੁਸੀਂ ਸਮਲਿੰਗੀ ਹੋ? ਕੀ ਤੁਸੀਂ ਵਿਪਰੀਤ ਲਿੰਗੀ ਹੋ? ਇਹ ਇੰਨਾ ਗੰਭੀਰ ਵੀ ਹੋ ਸਕਦਾ ਹੈ ਕਿ ਤੁਸੀਂ ਇਸ ਗੱਲ ਦੀ ਚਿੰਤਾ ਕਰੋ ਕਿ ਕੀ ਤੁਸੀਂ ਬੱਚਿਆਂ ਦਾ ਜਿਨਸੀ ਸੋਸ਼ਣ ਤਾਂ ਨਹੀਂ ਕਰਦੇ?"

ਉਹ ਕਹਿੰਦੇ ਹਨ, "ਇੱਕ ਬਹੁਤ ਹੀ ਆਮ ਗੱਲ ਗੰਦਗੀ ਬਾਰੇ ਵਿਚਾਰ ਅਤੇ ਬਿਮਾਰ ਹੋਣ ਜਾਂ ਬਿਮਾਰੀ ਫੈਲਾਉਣ ਬਾਰੇ ਚਿੰਤਾਵਾਂ ਹਨ।"

ਉਹ ਕਹਿੰਦੇ ਹਨ ਕਿ ਓਸੀਡੀ ਆਮ ਤੌਰ 'ਤੇ ਜਵਾਨੀ ਜਾਂ ਸ਼ੁਰੂਆਤੀ ਕਿਸ਼ੋਰ ਅਵਸਥਾ ਵਿੱਚ ਸ਼ੁਰੂ ਹੁੰਦਾ ਹੈ, ਪਰ ਕੁਝ ਲੋਕਾਂ ਵਿੱਚ ਇਸ ਦਾ ਪਤਾ ਬਾਅਦ ਵਿੱਚ ਲੱਗਦਾ ਹੈ ਕਿਉਂਕਿ ਉਹ "ਕਈ ਸਾਲਾਂ ਤੱਕ ਇਸ ਤਕਲੀਫ ਨੂੰ ਲੁਕਾ ਕੇ ਜਾਂ ਢੱਕ ਕੇ ਰੱਖ ਸਕਦੇ ਹਨ।"

ਖੋਜ ਸੁਝਾਅ ਦਿੰਦੀ ਹੈ ਕਿ ਓਸੀਡੀ ਦੇ ਵਿਕਾਸ ਵਿੱਚ ਜੈਨੇਟਿਕ ਕਾਰਨ ਹੋ ਸਕਦੇ ਹਨ ਅਤੇ ਨਾਲ ਹੀ ਸ਼ੁਰੂਆਤੀ ਜੀਵਨ ਦੇ ਤਣਾਅ ਜਿਵੇਂ ਕਿ ਧੌਂਸਬਾਜ਼ੀ ਸਹਿਣਾ, ਕਿਸੇ ਦੀ ਮੌਤ ਜਾਂ ਪਰਿਵਾਰ ਦੇ ਟੁੱਟਣ ਨਾਲ ਵੀ ਸਬੰਧ ਹੋ ਸਕਦੇ ਹਨ।

ਚਾਰਟਰਡ ਮਨੋਵਿਗਿਆਨੀ ਕਿੰਬਰਲੇ ਵਿਲਸਨ ਦਾ ਕਥਨ

ਚਾਰਟਰਡ ਮਨੋਵਿਗਿਆਨੀ ਕਿੰਬਰਲੇ ਵਿਲਸਨ ਦਾ ਕਹਿਣਾ ਹੈ ਕਿ ਲਗਭਗ ਹਰ ਕੋਈ ਕਿਸੇ ਨਾ ਕਿਸੇ ਮੋੜ 'ਤੇ ਅਜਿਹੇ ਦਖ਼ਲਅੰਦਾਜ਼ੀ ਵਾਲੇ ਵਿਚਾਰਾਂ ਦਾ ਅਨੁਭਵ ਕਰਦਾ ਹੈ।

ਉਹ ਦੱਸਦੇ ਹਨ, "ਖੋਜ ਮੁਤਾਬਕ ਸਾਡੇ ਵਿੱਚੋਂ ਲਗਭਗ 80% ਲੋਕਾਂ ਨੂੰ ਇਹ ਵਿਚਾਰ ਆਉਂਦੇ ਹਨ।"

ਜ਼ਿਆਦਾਤਰ ਲੋਕਾਂ ਕੋਲੋਂ, ਇਹ ਵਿਚਾਰ ਜਲਦੀ ਲੰਘ ਜਾਂਦੇ ਹਨ।

ਉਹ ਕਹਿੰਦੇ ਹਨ, "ਅਸੀਂ ਉਨ੍ਹਾਂ ਵਿਚਾਰਾਂ ਵੱਲ ਦੇਖ ਸਕਦੇ ਹਾਂ, ਸੋਚ ਸਕਦੇ ਹਾਂ ਕਿ ਉਹ ਅਜੀਬ ਹਨ, ਅਤੇ ਉਨ੍ਹਾਂ ਨੂੰ ਪਾਸੇ ਰੱਖ ਸਕਦੇ ਹਾਂ।"

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਉਨ੍ਹਾਂ ਵਿਚਾਰਾਂ ਨੂੰ ਖਾਰਜ ਕਰਨ ਵਿੱਚ ਅਸਮਰੱਥ ਹੋ, ਤਾਂ ਤੁਹਾਨੂੰ ਮਦਦ ਲੈਣ ਦੀ ਲੋੜ ਹੋ ਸਕਦੀ ਹੈ।

"ਓਸੀਡੀ ਨਾਲ ਸਬੰਧਤ ਵਿਚਾਰ ਲੰਘਦੇ ਨਹੀਂ ਹਨ, ਉਹ ਆਪਣਾ ਪੱਕਾ ਡੇਰਾ ਜਮਾ ਲੈਂਦੇ ਹਨ ਅਤੇ ਉਹ ਕਦੇ ਵੀ ਹਾਂਮੁਖੀ ਨਹੀਂ ਹੁੰਦੇ - ਉਹ ਹਮਲਾਵਰ, ਦੁਸ਼ਮਣੀ ਭਰੇ ਹੁੰਦੇ ਹਨ ਅਤੇ ਉਨ੍ਹਾਂ ਨਾਲ ਨਜਿੱਠਣਾ ਸੌਖਾ ਨਹੀਂ ਹੁੰਦਾ। ਇਹ ਉਦੋਂ ਹੁੰਦਾ ਹੈ ਜਦੋਂ ਇਹ ਪੂਰੀ ਤਰ੍ਹਾਂ ਹਾਵੀ ਹੋ ਜਾਂਦੇ ਹਨ ਅਤੇ ਮਜਬੂਰੀਆਂ ਵੱਲ ਲੈ ਜਾਂਦੇ ਹਨ।"

ਕੰਪਲਸ਼ਨ (ਮਜਬੂਰੀ) ਦੇ ਲੱਛਣ ਮਾਨਸਿਕ ਹੋ ਸਕਦੇ ਹਨ, ਜਿਵੇਂ ਕਿ ਕਿਸੇ ਖਾਸ ਨੰਬਰ ਤੱਕ ਗਿਣਨਾ, ਜਾਂ ਦਿਖਾਈ ਦੇਣ ਵਾਲੇ, ਜਿਵੇਂ ਕਿ ਕਾਰ ਦੇ ਟਾਇਰਾਂ ਨੂੰ ਵਾਰ-ਵਾਰ ਚੈੱਕ ਕਰਨਾ ਭਾਵੇਂ ਤੁਸੀਂ ਜਾਣਦੇ ਹੋਵੋ ਕਿ ਉਹ ਠੀਕ ਹਨ।

ਓਸੀਡੀ ਲਈ ਉਪਾਅ

ਇੱਕ ਸਿਆਹਫ਼ਾਮ ਮੁਟਿਆਰ ਜਿਸ ਦੇ ਵਾਲ ਜੂੜੇ ਵਿੱਚ ਬੰਨ੍ਹੇ ਹੋਏ ਹਨ ਅਤੇ ਉਸਨੇ ਸੂਟ ਪਾਇਆ ਹੋਇਆ ਹੈ, ਇੱਕ ਮੀਟਿੰਗ ਦੌਰਾਨ ਆਪਣੇ ਚਿਹਰੇ 'ਤੇ ਚਿੰਤਾ ਦੇ ਭਾਵਾਂ ਨਾਲ ਵੇਖ ਰਹੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜ ਦੱਸਦੀ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਦੇ ਮਨ ਵਿੱਚ ਸਮੇਂ-ਸਮੇਂ 'ਤੇ ਅਜਿਹੇ ਪਰੇਸ਼ਾਨ ਕਰਨ ਵਾਲੇ ਹਾਲਾਤਾਂ ਬਾਰੇ ਖਿਆਲ ਜ਼ਰੂਰ ਆਉਂਦੇ ਹਨ। (ਸੰਕੇਤਕ ਤਸਵੀਰ)

ਨੀਨਾ ਕਹਿੰਦੇ ਹਨ ਕਿ ਇਨ੍ਹਾਂ ਮਾਮਲਿਆਂ ਵਿੱਚ "ਕੋਈ ਪੇਸ਼ੇਵਰ ਜਾਂ ਮਾਹਰ ਇਹ ਤੈਅ ਕਰ ਸਕਦਾ ਹੈ ਕਿ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ।"

ਪੇਸ਼ੇਵਰ ਮਦਦ ਦੇ ਨਾਲ-ਨਾਲ, ਨੀਨਾ ਕਹਿੰਦੇ ਹਨ ਕਿ ਅਜਿਹੀਆਂ ਤਕਨੀਕਾਂ ਹਨ ਜਿਨ੍ਹਾਂ ਦੀ ਵਰਤੋਂ ਲੋਕ ਰੋਜ਼ਾਨਾ ਪ੍ਰੇਸ਼ਾਨੀ ਨੂੰ ਘਟਾਉਣ ਲਈ ਕਰ ਸਕਦੇ ਹਨ।

ਇੱਕ ਤਕਨੀਕ ਹੈ ਵਿਚਾਰਾਂ ਦੀ ਪਛਾਣ ਕਰਨਾ ਸਿੱਖਣਾ।

ਉਹ ਦੱਸਦੀ ਹੈ, "'ਮੈਨੂੰ ਇੱਕ ਦਖ਼ਲਅੰਦਾਜ਼ੀ ਵਾਲਾ ਵਿਚਾਰ ਆ ਰਿਹਾ ਹੈ' ਨੂੰ ਪਛਾਣਨਾ ਇੱਕ ਦੂਰੀ ਬਣਾਉਂਦਾ ਹੈ ਅਤੇ ਮੈਨੂੰ ਯਾਦ ਦਿਵਾਉਂਦਾ ਹੈ ਕਿ ਇਹ ਮੈਂ ਨਹੀਂ ਹਾਂ।"

ਕੁਝ ਲੋਕਾਂ ਨੂੰ ਓਸੀਡੀ ਇੱਕ ਵੱਖਰੀ ਚੀਜ਼ ਵਜੋਂ ਦੇਖਣਾ ਵੀ ਮਦਦਗਾਰ ਲੱਗਦਾ ਹੈ।

"ਓਸੀਡੀ ਕਿਸ ਤਰ੍ਹਾਂ ਦਾ ਹੈ, ਇਸ ਨੂੰ ਸਮਝਣਾ ਵੀ ਮਦਦ ਕਰ ਸਕਦਾ ਹੈ - ਇੱਕ ਮੈਂ ਹਾਂ ਅਤੇ ਦੂਜਾ ਓਸੀਡੀ ਹੈ, ਅਤੇ ਇਹ ਦੋਵੇਂ ਵੱਖ-ਵੱਖ ਚੀਜ਼ਾਂ ਹਨ।"

ਆਪਣਾ ਧਿਆਨ ਰੱਖਣਾ ਵੀ ਮਾਇਨੇ ਰੱਖਦਾ ਹੈ। ਉਹ ਕਹਿੰਦੇ ਹਨ, "ਚੰਗਾ ਖਾਣਾ, ਆਰਾਮ ਕਰਨਾ ਅਤੇ ਸਰੀਰਕ ਸਰਗਰਮੀ ਮਦਦ ਕਰ ਸਕਦੀ ਹੈ ਕਿਉਂਕਿ ਜਦੋਂ ਮੈਂ ਤਣਾਅ ਵਿੱਚ ਹੁੰਦੀ ਹਾਂ ਅਤੇ ਆਪਣੀ ਦੇਖਭਾਲ ਨਹੀਂ ਕਰ ਰਹੀ ਹੁੰਦੀ ਤਾਂ ਮੇਰਾ ਓਸੀਡੀ ਹਮੇਸ਼ਾ ਵਿਗੜ ਜਾਂਦਾ ਹੈ।"

ਅੱਜ, ਨੀਨਾ ਅਜੇ ਵੀ ਓਸੀਡੀ ਨਾਲ ਜਿਉਂ ਰਹੇ ਹਨ ਪਰ ਉਨ੍ਹਾਂ ਨੇ ਇਸ ਨੂੰ ਕਾਬੂ ਕਰਨਾ ਸਿੱਖ ਲਿਆ ਹੈ।

"ਮੈਂ ਕਦੇ ਵੀ ਓਸੀਡੀ ਉੱਤੇ ਪੂਰੀ ਤਰ੍ਹਾਂ ਕਾਠੀ ਨਹੀਂ ਪਾ ਸਕੀ, ਪਰ ਮੈਂ ਇਸ ਦੇ ਬਾਵਜੂਦ ਆਪਣਾ ਕੰਮ ਕਰ ਸਕਦੀ ਹਾਂ। ਹੁਣ ਮੈਨੂੰ ਹਲਕੇ ਦਖ਼ਲਅੰਦਾਜ਼ੀ ਵਾਲੇ ਵਿਚਾਰ ਆਉਂਦੇ ਹਨ ਅਤੇ ਮੈਨੂੰ ਇਸ ਗੱਲ ਦੀ ਕਾਫ਼ੀ ਸਮਝ ਹੈ ਕਿ ਮੈਂ ਇਸ ਨੂੰ ਕਿਵੇਂ ਸੰਭਾਲਣਾ ਹੈ। ਹਾਲਾਂਕਿ, ਜਦੋਂ ਮੈਂ ਤਣਾਅ ਵਿੱਚ ਹੁੰਦੀ ਹਾਂ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੁੰਦਾ ਹੈ ਅਤੇ ਇਹ ਅਜੇ ਵੀ ਮਜਬੂਰੀਆਂ ਦਾ ਕਾਰਨ ਬਣ ਸਕਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)