ਮਾਈਗ੍ਰੇਨ ਔਰਤਾਂ ਨੂੰ ਸਭ ਤੋਂ ਵੱਧ ਕਿਉਂ ਪ੍ਰਭਾਵਿਤ ਕਰਦਾ ਹੈ? ਛੇ ਬਿੰਦੂਆਂ ਵਿੱਚ ਲੱਛਣਾਂ, ਕਾਰਨਾਂ ਅਤੇ ਇਲਾਜ ਨੂੰ ਸਮਝੋ

    • ਲੇਖਕ, ਆਨੰਦ ਮਨੀ ਤ੍ਰਿਪਾਠੀ
    • ਰੋਲ, ਬੀਬੀਸੀ ਪੱਤਰਕਾਰ

ਮਾਈਗ੍ਰੇਨ ਦਾ ਅਰਥ ਹੈ ਸਿਰ ਵਿੱਚ ਤੇਜ਼ ਦਰਦ... ਅਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਦੁਨੀਆ ਦੇ ਲਗਭਗ ਇੱਕ ਅਰਬ ਲੋਕ ਇਸ ਤੋਂ ਪੀੜਤ ਹਨ।

ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਸਿਰ ਦਰਦ ਇੰਨਾ ਤੇਜ਼ ਹੁੰਦਾ ਹੈ ਕਿ ਰੋਜ਼ਾਨਾ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਅਮਰੀਕਾ ਦੇ ਸਕਾਟਸਡੇਲ ਵਿੱਚ ਮੇਓ ਕਲੀਨਿਕ ਦੇ ਨਿਊਰੋਲੋਜਿਸਟ ਡਾ. ਅਮਲ ਸਟਾਰਲਿੰਗ ਦਾ ਕਹਿਣਾ ਹੈ ਕਿ ਮਾਈਗ੍ਰੇਨ ਸਿਰਫ਼ ਸਿਰ ਦਰਦ ਨਹੀਂ ਹੈ, ਸਗੋਂ ਇਹ ਦਿਮਾਗ਼ ਦੇ ਕੰਮ ਕਰਨ ਦੇ ਸਾਰੇ ਤਰੀਕਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਉਹ ਕਹਿੰਦੀ ਹੈ, "ਜਿਸ ਵਿਅਕਤੀ ਨੂੰ ਮਾਈਗ੍ਰੇਨ ਦਾ ਦੌਰਾ ਪੈਂਦਾ ਹੈ, ਉਸ ਦਾ ਇਲਾਜ ਸਿਰਫ਼ ਐਸਪਰੀਨ ਲੈਣ ਨਾਲ ਨਹੀਂ ਹੁੰਦਾ। ਦੌਰੇ ਦੌਰਾਨ, ਦਰਦ ਇੰਨਾ ਵੱਧ ਜਾਂਦਾ ਹੈ ਕਿ ਦਿਮਾਗ਼ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।"

1. ਔਰਤਾਂ ਦੀਆਂ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਮਾਈਗ੍ਰੇਨ

ਇੱਕ ਖੋਜ ਦੇ ਅਨੁਸਾਰ, 15 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਦਿਮਾਗ਼ੀ ਸਮੱਸਿਆਵਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਮਾਈਗ੍ਰੇਨ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਚਾਰ ਵਿੱਚੋਂ ਤਿੰਨ ਮਰੀਜ਼ ਔਰਤਾਂ ਹੁੰਦੀਆਂ ਹਨ।

ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਦੇ ਸੀਨੀਅਰ ਪ੍ਰੋਫੈਸਰ ਅਤੇ ਨਿਊਰੋਲੋਜੀ ਵਿਭਾਗ ਦੇ ਮੁਖੀ ਡਾ. ਭਾਵਨਾ ਸ਼ਰਮਾ ਦਾ ਕਹਿਣਾ ਹੈ, "ਹਾਰਮੋਨਲ ਬਦਲਾਅ ਦਾ ਮਾਈਗ੍ਰੇਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਹ ਬਦਲਾਅ ਸਭ ਤੋਂ ਵੱਧ ਔਰਤਾਂ ਵਿੱਚ ਪਾਏ ਜਾਂਦੇ ਹਨ।"

ਉਹ ਕਹਿੰਦੀ ਹੈ, "ਇਸਦਾ ਇੱਕ ਕਾਰਨ ਇਹ ਹੈ ਕਿ ਔਰਤਾਂ ਦੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੂੰ ਘਰ ਅਤੇ ਦਫ਼ਤਰ ਵਿਚਕਾਰ ਘੱਟ ਆਰਾਮ ਦਾ ਸਮਾਂ ਮਿਲ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਲੋੜੀਂਦੀ ਨੀਂਦ ਨਹੀਂ ਮਿਲ ਰਹੀ ਹੈ ਅਤੇ ਇਸ ਤੋਂ ਪੈਦਾ ਹੋਣ ਵਾਲਾ ਤਣਾਅ ਵੀ ਮਾਈਗ੍ਰੇਨ ਨੂੰ ਟ੍ਰਿਗਰ ਕਰ ਰਿਹਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਨੀਂਦ ਦੀ ਘਾਟ ਅਤੇ ਤਣਾਅ ਕਾਰਨ ਮਾਈਗ੍ਰੇਨ ਦੀ ਸਮੱਸਿਆ ਲਗਾਤਾਰ ਹੋ ਸਕਦੀ ਹੈ। ਇਸ ਕਾਰਨ ਮਰੀਜ਼ ਦੀ ਕੰਮ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ।

ਡਾ. ਸ਼ਰਮਾ ਦਾ ਕਹਿਣਾ ਹੈ, "ਦੌਰੇ ਦੇ ਆਖ਼ਰੀ ਪੜਾਅ ਵਿੱਚ, ਦਿਮਾਗ਼ ਨੂੰ ਧੁੰਦਲਾ ਜਿਹਾ ਮਹਿਸੂਸ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ। ਇਹ ਸਥਿਤੀ ਇੰਨੀ ਦਰਦਨਾਕ ਹੁੰਦੀ ਹੈ ਕਿ ਮਰੀਜ਼ ਹਮੇਸ਼ਾ ਚਿੰਤਤ ਰਹਿੰਦੇ ਹਨ ਕਿ ਅਗਲਾ ਦੌਰਾ ਕਦੇ ਵੀ ਪੈ ਸਕਦਾ ਹੈ।"

ਇਸ ਡਰ ਕਾਰਨ, ਉਨ੍ਹਾਂ ਕੋਲੋਂ ਕੰਮ ਨੂੰ ਲੈ ਕੇ ਚੀਜ਼ਾਂ ਪਲਾਨ ਨਹੀਂ ਹੁੰਦੀਆਂ ਕਿ ਉਹ ਅਗਲੇ ਦਿਨ ਜਾਂ ਕੁਝ ਦਿਨਾਂ ਬਾਅਦ ਕਿਵੇਂ ਕੰਮ ਕਰਨਗੇ ਜਾਂ ਬਾਹਰ ਜਾਣਗੇ।

2. ਮਾਈਗ੍ਰੇਨ ਦੇ ਲੱਛਣ

ਮਾਈਗ੍ਰੇਨ ਦੇ ਹਮਲੇ ਦੇ ਲੱਛਣ ਕਈ ਪੜਾਵਾਂ ਵਿੱਚ ਆਉਂਦੇ ਹਨ।

ਡਾ. ਅਮਲ ਸਟਾਰਲਿੰਗ ਨੇ ਕਿਹਾ, "ਮਾਈਗ੍ਰੇਨ ਦੇ ਹਮਲੇ ਦੇ ਪਹਿਲੇ ਪੜਾਅ ਵਿੱਚ ਕੁਝ ਨਾ ਕੁਝ ਖਾਣ ਦੀ ਇੱਛਾ ਹੁੰਦੀ ਹੈ ਜਾਂ ਚਿੜਚਿੜਾਪਨ ਹੁੰਦਾ ਹੈ। ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ, ਉਬਾਸੀਆਂ ਆਉਂਦੀਆਂ ਹਨ ਅਤੇ ਗਰਦਨ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।"

"ਪਹਿਲੇ ਪੜਾਅ ਤੋਂ ਕੁਝ ਘੰਟਿਆਂ ਬਾਅਦ ਤੇਜ਼ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਤੇਜ਼ ਸਿਰ ਦਰਦ ਦੌਰਾਨ, ਰੌਸ਼ਨੀ ਤੇਜ਼ ਲੱਗਦੀ ਹੈ, ਸਰੀਰ ਵਿੱਚ ਝਰਨਾਹਟ ਮਹਿਸੂਸ ਹੁੰਦੀ ਹੈ ਅਤੇ ਸੁੰਘਣ ਦੀ ਸੰਵੇਦਨਾ ਪ੍ਰਭਾਵਿਤ ਹੁੰਦੀ ਹੈ। ਜੀਅ ਕੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ।"

ਸਟਾਰਲਿੰਗ ਕਹਿੰਦੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਮਰੀਜ਼ਾਂ ਵਿੱਚ ਇਹ ਸਾਰੇ ਲੱਛਣ ਹੋਣ। ਕੁਝ ਲੋਕਾਂ ਨੂੰ ਇਨ੍ਹਾਂ ਵਿੱਚੋਂ ਕੁਝ ਲੱਛਣ ਹੀ ਦਿਖਾਈ ਦਿੰਦੇ ਹਨ।

ਮਾਈਗ੍ਰੇਨ ਦੇ ਲੱਛਣਾਂ ਬਾਰੇ ਹੋਰ ਵੀ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਹਨ। ਕਈ ਵਾਰ ਲੋਕ ਗਰਦਨ ਜਾਂ ਸਾਈਨਸ ਕਾਰਨ ਹੋਣ ਵਾਲੇ ਸਿਰ ਦਰਦ ਅਤੇ ਮਾਈਗ੍ਰੇਨ ਵਿੱਚ ਫਰਕ ਨਹੀਂ ਸਮਝਦੇ।

ਡਾ. ਅਮਲ ਸਟਾਰਲਿੰਗ ਦੇ ਅਨੁਸਾਰ, "ਕਈ ਵਾਰ ਮਰੀਜ਼ਾਂ ਵਿੱਚ ਮਾਈਗ੍ਰੇਨ ਦੇ ਲੱਛਣ ਸਪੱਸ਼ਟ ਅਤੇ ਤੀਬਰ ਨਹੀਂ ਹੁੰਦੇ। ਪਰ ਚੱਕਰ ਆਉਣਾ ਮਾਈਗ੍ਰੇਨ ਦਾ ਇੱਕ ਸਥਾਈ ਅਤੇ ਮੁੱਖ ਲੱਛਣ ਹੈ। ਆਮ ਤੌਰ 'ਤੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੰਨ ਵਿੱਚ ਸਮੱਸਿਆ ਕਾਰਨ ਹੋ ਰਿਹਾ ਹੈ। ਪਰ ਕੰਨ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ।"

"ਅਸਲ ਵਿੱਚ ਸਮੱਸਿਆ ਇਹ ਹੈ ਕਿ ਜਦੋਂ ਕੰਨ ਦਿਮਾਗ਼ ਨੂੰ ਸਿਗਨਲ ਭੇਜਦਾ ਹੈ, ਤਾਂ ਮਾਈਗ੍ਰੇਨ ਤੋਂ ਪ੍ਰਭਾਵਿਤ ਦਿਮਾਗ਼ ਇਸਨੂੰ ਸਹੀ ਢੰਗ ਨਾਲ ਪ੍ਰਕਿਰਿਆ ਕਰਨ ਦੇ ਯੋਗ ਨਹੀਂ ਹੁੰਦਾ, ਜਿਸ ਕਾਰਨ ਸਰੀਰ ਦਾ ਸੰਤੁਲਨ ਅਸਥਿਰ ਹੋ ਜਾਂਦਾ ਹੈ ਜਾਂ ਸਿਰ ਚਕਰਾਉਣਾ ਸ਼ੁਰੂ ਹੋ ਜਾਂਦਾ ਹੈ।"

"ਜੇਕਰ ਸਮੇਂ ਸਿਰ ਮਾਈਗ੍ਰੇਨ ਦੀ ਪਛਾਣ ਅਤੇ ਇਲਾਜ ਨਾ ਕੀਤਾ ਜਾਵੇ, ਤਾਂ ਸਥਿਤੀ ਵਿਗੜ ਸਕਦੀ ਹੈ ਅਤੇ ਮਾਈਗ੍ਰੇਨ ਕ੍ਰੋਨਿਕ (ਪੁਰਾਣੀ) ਮਾਈਗ੍ਰੇਨ ਵਿੱਚ ਬਦਲ ਸਕਦਾ ਹੈ। ਦੂਜਾ, ਹਰ ਮਰੀਜ਼ ਨੂੰ ਇੱਕ ਵੱਖਰੀ ਕਿਸਮ ਦਾ ਮਾਈਗ੍ਰੇਨ ਹੋ ਸਕਦਾ ਹੈ।"

3. ਮਾਈਗ੍ਰੇਨ ਦੌਰਾਨ ਸਰੀਰ ਵਿੱਚ ਕੀ ਹੁੰਦਾ ਹੈ?

ਡਾ. ਭਾਵਨਾ ਸ਼ਰਮਾ ਦੱਸਦੀ ਹੈ ਕਿ ਦਰਅਸਲ, ਮਾਈਗ੍ਰੇਨ ਦੌਰਾਨ, ਦਿਮਾਗ਼ ਅਤੇ ਗਰਦਨ ਤੋਂ ਆਉਣ ਵਾਲੇ ਸਿਗਨਲ ਵਿਗੜ ਜਾਂਦੇ ਹਨ।

ਇਸ ਕਾਰਨ, ਦਿਮਾਗ਼ ਤੋਂ ਕੁਝ ਕਿਸਮ ਦੇ ਰਸਾਇਣ ਨਿਕਲਦੇ ਹਨ ਜੋ ਸਿਰ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੇ ਹਨ।

ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਰਸਾਇਣ ਸੀਜੀਆਰਪੀ ਹੈ, ਜੋ ਨਾੜੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਦਰਦ ਸ਼ੁਰੂ ਹੁੰਦਾ ਹੈ।

ਜਿਵੇਂ-ਜਿਵੇਂ ਇਹ ਸਥਿਤੀ ਵਧਦੀ ਹੈ, ਜੀਅ ਘਬਰਾਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਰੌਸ਼ਨੀ ਅਤੇ ਆਵਾਜ਼ ਪ੍ਰਤੀ ਚਿੜਚਿੜਾਪਣ ਵਧ ਜਾਂਦਾ ਹੈ।

4. ਮਾਈਗ੍ਰੇਨ ਦੀ ਸਮੱਸਿਆ ਵੱਡੀ ਹੈ

ਮਾਈਗ੍ਰੇਨ ਦੀ ਸਮੱਸਿਆ ਕਲਪਨਾ ਤੋਂ ਵੀ ਕਿਤੇ ਵੱਡੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ ਇੱਕ ਅਰਬ ਲੋਕ ਮਾਈਗ੍ਰੇਨ ਤੋਂ ਪ੍ਰਭਾਵਿਤ ਹਨ।

ਸੰਸਥਾ ਨੇ ਮਾਈਗ੍ਰੇਨ ਨੂੰ ਦੁਨੀਆ ਵਿੱਚ ਸੱਤਵਾਂ ਸਭ ਤੋਂ ਵੱਧ ਅਪਾਹਜ ਕਰਨ ਵਾਲਾ ਰੋਗ ਮੰਨਿਆ ਹੈ।

5. ਮਾਈਗ੍ਰੇਨ ਨਾਲ ਨਜਿੱਠਣ ਦਾ ਤਰੀਕਾ ਕੀ ਹੈ?

ਚੰਗੀ ਨੀਂਦ ਮਾਈਗ੍ਰੇਨ ਨੂੰ ਘਟਾਉਣ ਦਾ ਇੱਕ ਕੁਦਰਤੀ ਤਰੀਕਾ ਹੈ। ਇਸ ਤੋਂ ਇਲਾਵਾ, ਦਵਾਈਆਂ, ਬੋਟੌਕਸ ਜਾਂ ਨਰਵ ਬਲਾਕ ਵਰਗੇ ਡਾਕਟਰੀ ਤਰੀਕੇ ਵੀ ਇਸ ਵਿੱਚ ਮਦਦ ਕਰਦੇ ਹਨ।

ਡਾ. ਭਾਵਨਾ ਸ਼ਰਮਾ ਕਹਿੰਦੀ ਹੈ ਕਿ ਔਰਤਾਂ ਲਈ ਧੁੱਪ ਵਿੱਚ ਬਾਹਰ ਜਾਂਦੇ ਸਮੇਂ ਧੁੱਪ ਦੀਆਂ ਐਨਕਾਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ।

ਉਨ੍ਹਾਂ ਦੇ ਅਨੁਸਾਰ, ਰੋਜ਼ਾਨਾ ਰੁਟੀਨ ਵਿੱਚ ਯੋਗਾ ਤੇ ਧਿਆਨ ਨੂੰ ਸ਼ਾਮਲ ਕਰਨਾ ਅਤੇ ਤਣਾਅ ਨੂੰ ਘੱਟ ਰੱਖਣਾ ਮਾਈਗ੍ਰੇਨ ਨਾਲ ਨਜਿੱਠਣ ਲਈ ਬਹੁਤ ਜ਼ਰੂਰੀ ਹੈ।

ਕਈ ਵਾਰ ਕੁਝ ਭੋਜਨ ਜਾਂ ਸਥਿਤੀਆਂ ਵੀ ਮਾਈਗ੍ਰੇਨ ਨੂੰ ਟ੍ਰਿਗਰ ਕਰਦੀਆਂ ਹਨ।

ਡਾ. ਸ਼ਰਮਾ ਕਹਿੰਦੀ ਹੈ ਕਿ ਪਨੀਰ, ਕੇਲਾ, ਟਮਾਟਰ, ਚਾਕਲੇਟ, ਚਾਹ ਅਤੇ ਕੌਫੀ ਅਜਿਹੇ ਤੱਤ ਹਨ ਜੋ ਬਹੁਤ ਸਾਰੇ ਲੋਕਾਂ ਵਿੱਚ ਦਰਦ ਵਧਾ ਸਕਦੇ ਹਨ। ਜਿਨ੍ਹਾਂ ਨੂੰ ਇਸ ਦੀ ਸਮੱਸਿਆ ਮਹਿਸੂਸ ਹੁੰਦੀ ਹੈ ਉਨ੍ਹਾਂ ਨੂੰ ਤੁਰੰਤ ਉਨ੍ਹਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।

ਉਹ ਕਹਿੰਦੀ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਾਸ਼ਤਾ ਕਰਨਾ। ਇਹ ਨਾ ਸਿਰਫ਼ ਸਰੀਰ ਨੂੰ ਪੋਸ਼ਣ ਦਿੰਦਾ ਹੈ ਬਲਕਿ ਮਾਈਗ੍ਰੇਨ ਨਾਲ ਨਜਿੱਠਣ ਵਿੱਚ ਵੀ ਮਦਦ ਕਰਦਾ ਹੈ।

ਮਾਈਗ੍ਰੇਨ ਨੂੰ ਹੁਣ ਜੈਨੇਟਿਕਸ ਅਤੇ ਜੀਨੋਮਿਕਸ ਨਾਲ ਜੋੜਿਆ ਜਾ ਰਿਹਾ ਹੈ। ਕਈ ਅਧਿਐਨਾਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਖ਼ਾਨਦਾਨੀ ਕਾਰਨਾਂ ਨਾਲ ਵੀ ਸਬੰਧਤ ਹੋ ਸਕਦਾ ਹੈ।

6. ਭੋਜਨ ਦਾ ਕਿੰਨਾ ਪ੍ਰਭਾਵ ਪੈਂਦਾ ਹੈ?

ਚਾਕਲੇਟ ਤੋਂ ਲੈ ਕੇ ਪਨੀਰ ਤੱਕ, ਤੁਸੀਂ ਜੋ ਵੀ ਖਾਂਦੇ-ਪੀਂਦੇ ਹੋ, ਇਸ ਬਾਰੇ ਡਾਕਟਰੀ ਮਾਹਰਾਂ ਦੀ ਆਪਣੀ ਰਾਏ ਹੈ।

ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਸੁਧੀਰ ਮਹਾਰਿਸ਼ੀ ਦੱਸਦੇ ਹਨ ਕਿ ਮਾਈਗ੍ਰੇਨ ਮੂਲ ਰੂਪ ਵਿੱਚ ਨਸਾਂ ਨਾਲ ਸਬੰਧਤ ਸਮੱਸਿਆ ਹੈ, ਪਰ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਇਸ ਦਾ ਅਸਰ ਵਧਾ ਸਕਦੀਆਂ ਹਨ।

ਉਹ ਕਹਿੰਦੇ ਹਨ, "ਚਾਕਲੇਟ, ਸ਼ਰਾਬ, ਬੀਅਰ, ਸ਼ੂਗਰ ਫ੍ਰੀ ਉਤਪਾਦ, ਪ੍ਰੋਸੈਸਡ ਭੋਜਨ, ਪੁਰਾਣਾ ਚੀਜ਼, ਪਨੀਰ, ਕਾਫੀ, ਚਾਹ ਅਤੇ ਹੋਰ ਕੈਫੀਨ ਵਾਲੇ ਪਦਾਰਥ ਮਾਈਗ੍ਰੇਨ ਦੇ ਦਰਦ ਨੂੰ ਵਧਾ ਸਕਦੇ ਹਨ। ਹਾਲਾਂਕਿ, ਚਾਹ ਅਤੇ ਕੌਫੀ ਵੀ ਬਹੁਤ ਸਾਰੇ ਲੋਕਾਂ ਨੂੰ ਦਰਦ ਤੋਂ ਰਾਹਤ ਵੀ ਦਿੰਦੇ ਹਨ।"

ਉਨ੍ਹਾਂ ਦੇ ਅਨੁਸਾਰ, "ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਅਸਰਾ ਵੱਖ-ਵੱਖ ਹੋ ਸਕਦਾ ਹੈ। ਪਰ ਤੈਅ ਸਮੇਂ 'ਤੇ ਨਾ ਖਾਣਾ ਜਾਂ ਖਾਣਾ ਛੱਡਣਾ ਵੀ ਮਾਈਗ੍ਰੇਨ ਦਾ ਕਾਰਨ ਬਣ ਸਕਦਾ ਹੈ।"

ਡਾ. ਮਹਾਰਿਸ਼ੀ ਦੱਸਦੇ ਹਨ, "ਖਰਾਬ ਖਾਣ-ਪੀਣ ਅਤੇ ਰੁਟੀਨ ਇਸ ਦੇ ਕਾਰਨ ਹੋ ਸਕਦੇ ਹਨ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਰੁਟੀਨ ਸੰਤੁਲਿਤ ਰਹੇ ਅਤੇ ਭੋਜਨ ਜਿੰਨਾ ਸੰਭਵ ਹੋ ਸਕੇ ਘਰ ਦਾ ਬਣਾਇਆ ਜਾਵੇ। ਇਹ ਮਾਈਗ੍ਰੇਨ ਦੇ ਦਰਦ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)