You’re viewing a text-only version of this website that uses less data. View the main version of the website including all images and videos.
ਇੰਗਲੈਂਡ ਪਹੁੰਚਣ ਲਈ 14 ਸਾਲਾਂ ਦੇ ਬੱਚੇ ਨੂੰ ਬਰਫ਼ੀਲੀ ਨਹਿਰ ਪਾਰ ਕਰਨ ਲਈ ਕਿਵੇਂ ਮਜਬੂਰ ਹੋਣਾ ਪਿਆ
- ਲੇਖਕ, ਐਂਡਰਿਊ ਹਾਰਡਿੰਗ
- ਰੋਲ, ਬੀਬੀਸੀ ਨਿਊਜ਼
ਜਿਸ ਰਾਤ ਉਹ ਡੁੱਬਿਆ, 14 ਸਾਲਾ ਓਬਾਦਾ ਅਬਦ ਰਬੋ ਇੱਕ ਵਾਰ ਫੇਰ ਦੁਚਿੱਤੀ ਵਿੱਚ ਸੀ।
ਜਦੋਂ ਉਹ ਰਾਤ ਦੇ ਹਨੇਰੇ ਵਿੱਚ ਬਰਫ਼ੀਲੀਆਂ ਲਹਿਰਾਂ ਵੱਲ ਗਿੱਲੇ ਸਲਿਪਵੇਅ (ਕਿਸ਼ਤੀਆਂ ਪਾਣੀ ਵਿੱਚ ਉਤਾਰਨ ਵਾਲੇ ਰਾਹ) 'ਤੇ ਪੈਰ ਘਸੀਟਦੇ ਜਾ ਰਹੇ ਸਨ।
ਇਸ ਵੇਲੇ ਉਹ ਆਪਣੇ ਆਲੇ-ਦੁਆਲੇ ਦੇ ਵਿਅਕਤੀਆਂ ਨੂੰ ਕਹਿੰਦਾ ਰਿਹਾ, “ਮੈਂ ਤੈਰ ਨਹੀਂ ਸਕਦਾ।”
ਓਬਾਦਾ ਦੇ ਵੱਡੇ ਭਰਾ 24 ਸਾਲਾ ਆਇਸਰ ਨੇ ਉਨ੍ਹਾਂ ਦਾ ਹੱਥ ਘੁੱਟਿਆ।
ਨੌਂ ਮਹੀਨੇ ਪਹਿਲਾਂ ਸੀਰੀਆ ਛੱਡਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਉਹ ਦਰਿਆ ਵੱਲ ਨੂੰ ਵਧ ਰਹੇ ਸਨ।
ਹਰ ਵਾਰ ਓਬਾਦਾ ਇਹ ਫ਼ਿਕਰ ਕਰਦਾ ਸੀ ਕਿ ਉਸਨੂੰ ਡਰ ਲਗਦਾ ਹੈ, ਉਸ ਨੂੰ ਤੈਰਨਾ ਨਹੀਂ ਆਉਂਦਾ।
ਉਸ ਰਾਤ ਉੱਤਰੀ ਫਰਾਂਸ ਦੇ ਕੰਢੇ, ਕਿਨਾਰੇ ਤੋਂ ਕੁਝ ਮੀਟਰ ਦੀ ਦੂਰੀ ’ਤੇ ਡੁੱਬਣ ਵਾਲੇ ਪੰਜ ਲੋਕਾਂ ਵਿੱਚ ਓਬਾਦਾ ਤੇ ਆਇਸਰ ਵੀ ਸਨ।
2024 ਦੇ ਨਵੇਂ ਚੜ੍ਹੇ ਸਾਲ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਛੋਟੀ ਜਿਹੀ ਕਿਸ਼ਤੀ ਵਿੱਚ ਸਵਾਰ ਹੋ ਕੇ ਦਰਿਆ ਟੱਪ ਕੇ ਯੂਕੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਮਰਨ ਵਾਲੇ ਉਹ ਪਹਿਲੇ ਲੋਕ ਸਨ।
ਇਹ ਸਮਝਣ ਲਈ ਕਿ ਇੱਕ ਬੱਚੇ ਦੀ ਅਜਿਹਾ ਕਰਨ ਪਿੱਛੇ ਕੀ ਮਜਬੂਰੀ ਹੋ ਸਕਦੀ ਹੈ, ਬੀਬੀਸੀ ਨੇ ਵੀਡੀਓਜ਼, ਮੈਸੇਜਸ ਅਤੇ ਦੋਵਾਂ ਭਰਾਵਾਂ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਨਾਲ ਸਫ਼ਰ ਕਰਨ ਵਾਲਿਆਂ ਨਾਲ ਇੰਟਰਵਿਊ ਦੇ ਜ਼ਰੀਏ ਸੀਰੀਆ ਤੋਂ ਓਬਾਦਾ ਦੇ ਸਫ਼ਰ ਨੂੰ ਦੁਹਰਾਇਆ ਹੈ।
ਸਾਡਾ ਟੀਚਾ ਹਰ ਪੜਾਅ ’ਤੇ ਉਨ੍ਹਾਂ ਵੱਲੋਂ ਲਏ ਦੁਖਦ ਫ਼ੈਸਲਿਆਂ ਬਾਰੇ ਜਾਣਨਾ ਸੀ।
ਅਸੀਂ ਉਸ ਅਸਧਾਰਣ ਦਬਾਅ ਬਾਰੇ ਜਾਣਿਆ ਜੋ ਮਾਪਿਆਂ, ਰਿਸ਼ਤੇਦਾਰਾਂ ਅਤੇ ਸਮੱਗਲਰਾਂ ਵੱਲੋਂ ਬੱਚਿਆਂ ’ਤੇ ਪਾਇਆ ਜਾਂਦਾ ਨਜ਼ਰ ਆ ਰਿਹਾ ਸੀ।
ਅਸੀਂ ਯੂਕੇ ਜਾਣ ਦੀ ਚਾਹ ਰੱਖਣ ਵਾਲਿਆਂ ਦੇ ਮੰਤਵ ਅਤੇ ਰਣਨੀਤੀਆਂ, ਅਤੇ ਬ੍ਰਿਟਿਸ਼ ਤੇ ਹੋਰ ਸਰਕਾਰਾਂ ਵੱਲੋਂ ਅਮਲ ਵਿੱਚ ਲਿਆਂਦੀਆਂ ਰੁਕਾਵਟਾਂ ਦੇ ਅਸਰ ਦੀ ਕਹਾਣੀ ਬਾਰੇ ਜਾਣਿਆ।
ਮਹੀਨਿਆਂ ਲੰਬਾ ਸਫ਼ਰ
ਪਿਛਲੇ ਮਹੀਨਿਆਂ ਦੌਰਾਨ ਸਲਿਪਵੇਅ ’ਤੇ ਓਬਾਦਾ ਦੇ ਸਾਥੀ ਉਸ ਨੂੰ ਦ੍ਰਿੜ੍ਹ ਬਣਨ, ਆਪਣਾ ਖਿਆਲ ਰੱਖਣ, ਬੰਦਾ ਬਣਨ ਬਾਰੇ ਕਹਿ ਕੇ ਤਕੜਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਸਨ।
ਇਨ੍ਹਾਂ ਸਾਥੀਆਂ ਵਿੱਚੋਂ ਤਕਰੀਬਨ ਇੱਕ ਦਰਜਨ ਦੱਖਣੀ ਸੀਰੀਆ ਦੇ ਸ਼ਹਿਰ ਦੱਰਾ ਦੇ ਇੱਕੋ ਗੁਆਂਢ ਦੇ ਸਨ।
ਪਰ ਇਸ ਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ। ਮਰਦਾਂ ਵੱਲੋਂ ਇਸ ਸਫ਼ਰ ਨੂੰ ਤੈਅ ਕਰਨ ਦੀ ਕੋਸ਼ਿਸ਼ ਕਰਨਾ ਆਮ ਸੀ।
ਔਰਤਾਂ ਲਈ ਇਹ ਕੰਮ ਵੱਧ ਖ਼ਤਰੇ ਵਾਲਾ ਮੰਨਿਆ ਜਾਂਦਾ ਸੀ ਕਿਉਂਕਿ ਇਸ ਸਫ਼ਰ ਲਈ ਜੰਗ ਨਾਲ ਗ੍ਰਸਤ ਲੀਬੀਆ ਵਿੱਚੋਂ ਲੰਘਣਾ ਪੈਂਦਾ ਹੈ।
ਪਰ ਉਸ ਰਾਤ ਆਪਣੇ ਕਿਸ਼ੋਰ ਬੱਚਿਆਂ ਨਾਲ ਦੋ ਮਾਵਾਂ ਵੀ ਦਰਿਆ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਸਲਿਪਵੇਅ ਦੇ ਅਖੀਰ ਵਿੱਚ ਹਵਾ ਭਰ ਕੇ ਫੁਲਾਈ ਹੋਈ ਕਿਸ਼ਤੀ ਪਹਿਲਾਂ ਹੀ ਪਾਣੀ ਵਿੱਚ ਸੀ।
ਕੁਝ ਲੋਕ ਉਸ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਦੁਆਲੇ ਭੀੜ ਵਿੱਚ ਕਰੀਬ 60 ਲੋਕ ਸਨ ਜੋ ਕਿਸ਼ਤੀ ਵਿੱਚ ਚੜ੍ਹਨ ਦੀ ਆਸ ਰੱਖੀ ਬੈਠੇ ਸਨ।
ਇਹ ਗਿਣਤੀ ਉਸ ਕਿਸ਼ਤੀ ਵਿੱਚ ਜਿੰਨੇ ਲੋਕ ਸੁਰੱਖਿਅਤ ਬੈਠ ਸਕਦੇ ਸਨ ਉਸ ਤੋਂ ਕਿਤੇ ਜ਼ਿਆਦਾ ਸੀ।
ਸਮੱਗਲਰਾਂ ਨੇ ਮੋਟਰਸਾਈਕਲਾਂ ਦੀਆਂ ਟਿਊਬਾਂ ਵੀ ਤੈਰਨ ਵਿੱਚ ਮਦਦ ਲਈ ਦਿੱਤੀਆਂ ਸਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਕਿਸ਼ਤੀ ਇੰਗਲੈਂਡ ਦੇ ਰਾਹ ਤੁਰ ਨਾ ਪਵੇ ਉਦੋਂ ਤੱਕ ਇਹ ਟਿਊਬਾਂ ਨਹੀਂ ਚਲਾਉਣੀਆਂ।
ਲਹਿੰਦਾ ਜਵਾਰਭਾਟਾ ਛੇਤੀ ਹੀ ਕਿਸ਼ਤੀ ਨੂੰ ਸਲਿਪਵੇਅ ਤੋਂ ਦੂਰ, ਡੂੰਘੇ ਪਾਣੀ ਵੱਲ ਖਿੱਚਣ ਲੱਗਾ।
14 ਜਨਵਰੀ ਐਤਵਾਰ ਨੂੰ ਸਵੇਰ ਦਾ ਸਮਾਂ ਸੀ ਤੇ ਹਵਾ ਦੀ ਗਤੀ ਐਨੀ ਕੁ ਘਟ ਗਈ ਸੀ ਕਿ ਸਮੱਗਲਰਾਂ ਦੇ ਗੈਂਗ 2024 ਵਿੱਚ ਦਰਿਆ ਪਾਰ ਕਰਾਉਣ ਦੀਆਂ ਪਹਿਲੀਆਂ ਕੋਸ਼ਿਸ਼ਾਂ ਕਰ ਸਕਣ।
ਜਿਵੇਂ ਹੀ ਕਿਨਾਰੇ ਤੋਂ ਕਿਸ਼ਤੀ ਖਿਸਕੀ, ਤਾਂ ਕਾਹਲੀ ਵਿੱਚ ਕਿਸ਼ਤੀ ’ਤੇ ਚੜ੍ਹਨ ਲਈ ਦਰਿਆ ਵੱਲ ਲੋਕਾਂ ਨੇ ਹਫੜਾ-ਦਫੜੀ ਮਚਾ ਦਿੱਤੀ।
ਇਸ ਦੇ ਨਾਲ ਹੀ ਹਫੜਾ-ਦਫੜੀ ਮਚ ਗਈ ਅਤੇ ਭੰਬਲਭੂਸੇ ਦੀ ਗੂੜ੍ਹੀ ਭਾਵਨਾ ਪੈਦਾ ਹੋ ਗਈ।
ਇਹ ਆਮ ਵਰਗਾ ਚੌੜਾ ਸਮੁੰਦਰੀ ਤੱਟ ਨਹੀਂ ਸੀ ਜੋ ਉਹਨਾਂ ਸਾਰਿਆਂ ਨੇ ਉੱਤਰੀ ਫਰਾਂਸ ਦੇ ਕੰਢੇ ਦੇਖਿਆ ਹੋਇਆ ਸੀ।
ਸਗੋਂ ਸਮੱਗਲਰ ਉਨ੍ਹਾਂ ਨੂੰ ਬੂਲੌਇਨ ਦੀ ਬੰਦਰਗਾਹ ਦੇ ਉੱਤਰ ਵਾਲੇ ਪਾਸੇ ਇੱਕ ਛੋਟੇ ਜਿਹੇ ਸੈਰ-ਸਪਾਟੇ ਵਾਲੇ ਕਸਬੇ ਵੀਮਰੂ ਦੇ ਕੇਂਦਰ ਵਿੱਚ, ਚੜ੍ਹਦੇ ਜਵਾਰਭਾਟੇ ਵੇਲੇ ਸਮੁੰਦਰੀ ਦੀਵਾਰ ਦੇ ਵਿਚਕਾਰ ਸਲਿਪਵੇਅ ’ਤੇ ਲੈ ਆਏ ਸਨ।
‘ਇਹ ਉਵੇਂ ਨਹੀਂ ਸੀ ਜਿਵੇਂ ਅਸੀਂ ਸੋਚਿਆ ਸੀ’
ਪਿੱਛੇ ਖਿਸਕ ਰਹੀ ਕਿਸ਼ਤੀ ਉੱਤੇ ਚੜ੍ਹਨ ਲਈ ਪਾਣੀ ਦੀ ਸਤਹਿ ’ਤੇ ਕੋਈ ਫੱਟਾ ਨਹੀਂ ਸੀ, ਸਗੋਂ ਸਲਿਪਵੇਅ ਦੇ ਪਾਸਿਆਂ ਤੋਂ ਡੂੰਘੇ ਪਾਣੀ ਵੱਲ ਤਿੱਖੀ ਢਾਲ ਸੀ।
ਜ਼ਿੰਦਾ ਬਚੇ ਇੱਕ ਸ਼ਖਸ ਨੇ ਕਿਹਾ, “ਇਹ ਉਵੇਂ ਨਹੀਂ ਸੀ ਜਿਵੇਂ ਅਸੀਂ ਸੋਚਿਆ ਸੀ। ”
ਪੱਛਮੀ ਲੰਡਨ ਦੇ ਆਪਣੇ ਕਮਰੇ ਵਿੱਚ ਓਬਾਦਾ ਦਾ ਇੱਕ ਹੋਰ ਭਰਾ, 25 ਸਾਲਾ ਨਾਦਾ ਆਪਣਾ ਫੋਨ ਵੇਖਦਾ ਰਿਹਾ। ਲੰਡਨ ਵਿੱਚ ਰਾਤ ਦਾ ਇੱਕ ਵੱਜਿਆ ਸੀ, ਫਰਾਂਸ ਵਿੱਚ ਰਾਤ ਦੇ 2 ਵੱਜੇ ਹੋਏ ਸਨ।
ਕੁਝ ਘੰਟੇ ਪਹਿਲਾਂ ਨਾਦਾ ਨੇ ਸਾਰੇ ਗਰੁੱਪ ਨੂੰ ਫੋਨ ਕੀਤਾ ਸੀ ਜਦ ਉਹ ਕਾਲੇ ਵਿੱਚ ਨਹਿਰ ਦੇ ਪੁਲ ਹੇਠਾਂ ਬਣਾਏ ਆਪਣੇ ਅਸਥਾਈ ਕੈਂਪ ਵਿੱਚ ਅੱਗ ਬਾਲ ਕੇ ਨਿੱਘ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਆਪਣੇ ਸਫ਼ਰ ਨੂੰ ਲੈ ਕੇ ਕਾਫ਼ੀ ਭਰੋਸੇ ਵਿੱਚ ਸਨ।
ਓਬਾਦਾ, ਜਿਸਨੇ ਗੂੜ੍ਹੇ ਰੰਗ ਦੀ ਬੁਣੀ ਹੋਈ ਟੋਪੀ ਤੇ ਨੀਲਾ ਮਫਲਰ ਪਾਇਆ ਹੋਇਆ ਸੀ, ਵੀ ਮੁਸਕੁਰਾਇਆ ਸੀ, ਤੇ ਉਸ ਨੇ ਕੈਮਰੇ ਅੱਗੇ ਦੋ ਉਂਗਲਾਂ ਨਾਲ ਜਿੱਤ ਦਾ ਨਿਸ਼ਾਨ ਵੀ ਬਣਾਇਆ ਸੀ।
ਉਨ੍ਹਾਂ ਦਾ ਲੰਬਾ, ਔਖਾ ਸਫ਼ਰ ਬਸ ਮੁੱਕਣ ਹੀ ਵਾਲਾ ਸੀ।
ਨਾਦਾ ਨੇ ਵੀ ਦੋ ਸਾਲ ਪਹਿਲਾਂ ਇਸੇ ਤਰ੍ਹਾਂ ਗ਼ੈਰ-ਕਾਨੂੰਨੀ ਤੌਰ ’ਤੇ ਦਰਿਆ ਪਾਰ ਕੀਤਾ ਸੀ, ਦਾਨਾ ਵਿੱਚ ਆਪਣੇ ਘਰ ਆਪਣੇ ਪਿਤਾ ਦੇ ਕਹੇ ਨੂੰ ਅਣਸੁਣਿਆ ਕਰਕੇ, ਜੋ ਉਸਨੂੰ ਸ਼ੁਰੂ ਵਿੱਚ ਇਹ ਕਹਿ ਕੇ ਸਬਰ ਰੱਖਣ ਲਈ ਕਹਿੰਦਾ ਰਿਹਾ ਸੀ ਕਿ ਸ਼ਾਇਦ ਸੀਰੀਆ ਵਿੱਚ ਜੰਗ ਜਲਦੀ ਮੁੱਕ ਜਾਵੇਗੀ।
ਨਾਦਾ ਨੇ ਆਪਣੇ ਪਿਤਾ ਨੂੰ ਕਿਹਾ ਸੀ, “ਪਰ ਅਸੀਂ 12 ਸਾਲ ਉਡੀਕਦੇ ਰਹੇ, ਜੰਗ ਨਹੀਂ ਮੁੱਕੀ। ਕਿਤੇ ਸੁਰੱਖਿਆ ਨਹੀਂ ਸੀ। ਪਨਾਹ ਲੈਣ ਦਾ (ਹੋਰ) ਕੋਈ ਤਰੀਕਾ ਨਹੀਂ ਸੀ।”
ਨਾਦਾ ਦਾੜ੍ਹੀ ਵਾਲਾ, ਸਹਿਜ ਸੁਭਾਅ ਦਾ ਅਤੇ ਆਪਣੇ ਹੋਰਨਾਂ ਭਰਾਵਾਂ ਵਾਂਗ ਉੱਚਾ ਲੰਬਾ ਵਿਅਕਤੀ ਹੈ।
ਨਾਦਾ ਨੇ ਇੰਗਲੈਂਡ ਜਾਣ ਦਾ ਇਸ ਕਰਕੇ ਸੋਚਿਆ ਕਿਉਂਕਿ ਉਸਦਾ ਇੱਕ ਚਾਚਾ ਤਕਰੀਬਨ ਇੱਕ ਦਹਾਕੇ ਪਹਿਲਾਂ ਇਹੋ ਜਿਹਾ ਸਫ਼ਰ ਤੈਅ ਕਰ ਚੁੱਕਾ ਸੀ ਅਤੇ ਉਸ ਨੂੰ ਉੱਥੇ ਰਹਿਣ ਦੀ ਆਗਿਆ ਮਿਲ ਗਈ ਸੀ।
ਦੋਵੇਂ ਵਿਅਕਤੀ ਗ਼ੈਰ-ਕਾਨੂੰਨੀ ਤੌਰ ’ਤੇ ਆਏ ਸਨ ਕਿਉਂਕਿ ਨਾਦਾ ਮੁਤਾਬਕ ਕੋਈ ਹੋਰ ਰਾਹ ਨਹੀਂ ਸੀ।
ਅਸਾਈਲਮ ਏਡ ਸੰਸਥਾ ਪਨਾਹ ਦੇ ਚਾਹਵਾਨ ਲੋਕਾਂ ਨੂੰ ਮਾਹਰ ਕਾਨੂੰਨੀ ਸਲਾਹ ਮੁਹੱਈਆ ਕਰਵਾ ਰਹੀ ਹੈ।
ਅਸਾਈਲਮ ਏਡ ਮੁਤਾਬਕ ਖੁਦ ਯੂਕੇ ਆਏ ਬਿਨ੍ਹਾਂ ਸੀਰੀਆ ਦੇ ਲੋਕਾਂ ਕੋਲ ਪਨਾਹ ਦੀ ਅਰਜ਼ੀ ਦੇਣ ਦਾ ਹੋਰ ਕੋਈ ਤਰੀਕਾ ਨਹੀਂ।
ਜ਼ਿਆਦਾਤਰ ਲੋਕ ਗੈਰ-ਕਾਨੂੰਨੀ ਤੌਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਪਨਾਹ ਲੈਣ ਲਈ ਵੀਜ਼ੇ ਦੀ ਅਰਜ਼ੀ ਨਹੀਂ ਦਿੱਤੀ ਜਾ ਸਕਦੀ।
ਇੱਥੋਂ ਤੱਕ ਕਿ ਪਰਿਵਾਰ ਨੂੰ ਮਿਲਣ – ਕੁਝ ਕਾਨੂੰਨੀ ਰਾਹਾਂ ਜ਼ਰੀਏ – ਦੇ ਨਿਯਮ ਵੀ ਸਖ਼ਤ ਹਨ ਅਤੇ ਆਮ ਕਰਕੇ ਵੀਜ਼ਾ ਨਹੀਂ ਦਿੱਤਾ ਜਾਂਦਾ।
ਜੋ ਲੋਕ ਸੀਰੀਆ ਤੋਂ ਯੂਕੇ ਪਹੁੰਚ ਜਾਂਦੇ ਹਨ, ਉਨ੍ਹਾਂ ਵਿੱਚੋਂ ਪਨਾਹ ਲੈਣ ਵਿੱਚ 90% ਸਫ਼ਲ ਹੋ ਜਾਂਦੇ ਹਨ ਕਿਉਂਕਿ ਮੁਲਕ ਵਿੱਚ ਅਜੇ ਵੀ ਜੰਗ ਜਾਰੀ ਹੈ।
ਇੰਗਲੈਂਡ ਆ ਕੇ ਨਾਦਾ ਨੇ ਅਫ਼ਸਰਾਂ ਨੂੰ ਦੱਸਿਆ ਸੀ ਕਿ ਸਰਕਾਰ ਨਾਲ ਗ਼ੱਦਾਰੀ ਕਰਨ ਦੇ ਇਲਜ਼ਾਮ ਲਾ ਕੇ ਉਸ ਨੂੰ ਡਮਾਸਕਸ(ਸੀਰੀਆ ਦੀ ਯੂਨੀਵਰਸਿਟੀ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਇਹ ਕਿ ਉਹ ਫੌਜ ਵਿੱਚ ਭਰਤੀ ਹੋਣ ਤੋਂ ਬਚਣਾ ਚਾਹੁੰਦਾ ਸੀ।
“ਇਸ ਵਿੱਚ ਕੋਈ ਸੁਰੱਖਿਆ ਨਹੀਂ ਸੀ। ਤੁਸੀਂ ਫੌਜ ਵਿੱਚ ਭਰਤੀ ਹੁੰਦੇ ਹੋ ਤੇ 10 ਸਾਲ ਫੌਜ ਵਿੱਚ ਰਹਿੰਦੇ ਹੋ। ਤੁਹਾਨੂੰ ਕਤਲ ਕਰਨੇ ਪੈਂਦੇ ਹਨ, ਜਾਂ ਤੁਸੀਂ ਖ਼ੁਦ ਮਰ ਜਾਂਦੇ ਹੋ। ਅਸੀਂ ਇਹ ਸਭ ਨਹੀਂ ਚਾਹੁੰਦੇ।”
ਪਿਛਲੇ ਸਾਲ ਅਕਤੂਬਰ ਵਿੱਚ ਨਾਦਾ ਨੂੰ ਰਫਿਊਜੀ ਦਾ ਦਰਜਾ ਦੇ ਦਿੱਤਾ ਗਿਆ ਅਤੇ ਪੰਜ ਸਾਲ ਲਈ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਗਈ।
ਹਾਲ ਹੀ ਵਿੱਚ ਉਸਨੂੰ ਵੈਂਬਲੇ ਕੋਲ ਇੱਕ ਗੁਦਾਮ ਵਿੱਚ ਨੌਕਰੀ ਮਿਲ ਗਈ।
ਉਹ ਇਸ ਵੇਲੇ ਅੰਗਰੇਜ਼ੀ ਭਾਸ਼ਾ ਸਿੱਖ ਰਿਹਾ ਹੈ।
ਉਸ ਨੂੰ ਉਮੀਦ ਹੈ ਕਿ ਉਹ ਜਲਦ ਹੀ ਸੀਰੀਆ ਤੋਂ ਆਪਣੀ ਪਤਨੀ ਨੂੰ ਵੀ ਇੰਗਲੈਂਡ ਲਿਆਵੇਗਾ ਅਤੇ ਆਪਣੀ ਕਾਨੂੰਨ ਦੀ ਡਿਗਰੀ ਪੂਰੀ ਕਰੇਗਾ।
ਉਹ ਕਾਨੂੰਨੀ ਤੌਰ ਉੱਤੇ ਆਪਣੀ ਪਤਨੀ ਨੂੰ ਇੰਗਲੈਂਡ ਲਿਆ ਸਕਦਾ ਹੈ।
ਭਰਾਵਾਂ ਨੂੰ ਉਤਸ਼ਾਹਿਤ ਕੀਤਾ
ਯੂਕੇ ਪਹੁੰਚਣ ਦੇ ਕੁਝ ਹੀ ਸਮੇਂ ਬਾਅਦ ਨਾਦਾ ਨੇ ਦੱਰਾ ਵਿੱਚ ਹੀ ਘਰ ਵਿੱਚ ਰਹਿ ਰਹੇ ਆਪਣੇ ਭਰਾਵਾਂ ਨੂੰ ਵੀ ਆਪਣੇ ਕੋਲ ਆਉਣ ਲਈ ਉਤਸ਼ਾਹਤ ਕੀਤਾ ਸੀ।
ਉਸ ਨੇ ਦੱਸਿਆ ਕਿ ਉਸ ਨੇ ਓਬਾਦਾ ਨੂੰ ਫੋਨ ’ਤੇ ਕਿਹਾ ਸੀ, “ਤੁਸੀਂ ਨੌਜਵਾਨ ਹੋ, ਇੱਥੇ ਪੜ੍ਹ ਸਕਦੇ ਹੋ,”
ਸੀਰੀਆ ਵਿੱਚ ਖਾਨਾਜੰਗੀ ਦੀ ਸ਼ੁਰੂਆਤ ਤੋਂ ਲੈ ਕੇ ਉਨ੍ਹਾਂ ਦੇ ਕਈ ਚਚੇਰੇ ਭਰਾ ਵੀ ਯੂਕੇ ਪਹੁੰਚ ਚੁੱਕੇ ਸਨ।
ਅਸਦ ਹਕੂਮਤ ਦੇ ਖਿਲਾਫ਼ ਬਗਾਵਤ ਨੂੰ ਜਨਮ ਦੇਣ ਵਾਲੀ ਧਰਤੀ ਦੇ ਤੌਰ ’ਤੇ ਮਸ਼ਹੂਰ ਹੋਏ ਸ਼ਹਿਰ ਦੱਰਾ ਦੇ ਲੋਕਾਂ ਦਾ ਇੱਥੇ ਆਪਣਾ ਪੂਰਾ ਫੈਲਾਅ ਸੀ।
ਨਾਦਾ ਨੇ ਉਤਸ਼ਾਹਿਤ ਕਰਦਿਆਂ ਕਿਹਾ ਸੀ, “ਤੁਸੀਂ ਇੱਥੇ ਨਵੀਂ ਜ਼ਿੰਦਗੀ ਜਿਉਂ ਸਕਦੇ ਹੋ।"
ਦੱਰਾ ਵਿੱਚ ਓਬਾਦਾ ਸਕੂਲ ਜਾਂਦਾ ਸੀ।
ਉਸ ਦੇ ਭਰਾ ਸੋਚਦੇ ਸਨ ਕਿ ਉਹ “ਬਹੁਤ ਚੰਗਾ ਤੇ ਬਹੁਤ ਚਲਾਕ ਹੈ,” ਅਤੇ ਉਮੀਦ ਰੱਖਦੇ ਸਨ ਕਿ ਸ਼ਾਇਦ ਉਹ ਡਾਕਟਰ ਬਣਨਾ ਚਾਹੇਗਾ।
ਉਹ ਫੁੱਟਬਾਲ ਦਾ ਚੰਗਾ ਖਿਡਾਰੀ ਸੀ ਤੇ ਉਸਨੇ ਇੰਗਲੈਂਡ ਵਿੱਚ ਮਾਨਚੈਸਟਰ ਸ਼ਹਿਰ ਦੀ ਖੇਡ ਦੇਖਣ ਬਾਰੇ ਨਾਦਾ ਨਾਲ ਬਹੁਤ ਖੁਸ਼ ਹੋ ਕੇ ਗੱਲਾਂ ਕੀਤੀਆਂ ਸਨ।
ਸੀਰੀਆ ਵਿੱਚ ਉਸ ਨੂੰ ਜਾਣਨ ਵਾਲੇ ਇੱਕ ਦੋਸਤ ਨੇ ਕਿਹਾ, “ਉਹ ਬਿਲਕੁਲ ਬੱਚੇ ਦੇ ਵਾਂਗ ਬੋਲਿਆ।”
ਪਰ ਇਸ ਬਾਰੇ ਵੀ ਨਿਸ਼ਾਨੀਆਂ ਮਿਲਦੀਆਂ ਹਨ ਕਿ ਓਬਾਦਾ ਨੂੰ ਸਫ਼ਰ ਲਈ ਉਸਦੇ ਨਿਰਾਸ਼ ਹੁੰਦੇ ਜਾ ਰਹੇ ਮਾਪਿਆਂ ਨੇ ਵੀ ਉਤਸ਼ਾਹਿਤ ਕੀਤਾ, ਜਾਂ ਸ਼ਾਇਦ ਦਬਾਅ ਵੀ ਪਾਇਆ ਸੀ।
ਉਸ ਦੇ ਪਿਤਾ ਅਬੂ ਆਇਸਰ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਹੁਣ ਯੂਕੇ ਵਿੱਚ ਇਲਾਜ ਕਰਾਉਣ ਦੀ ਉਮੀਦ ਕਰ ਰਹੇ ਸਨ।
ਉਸ ਦੀ ਮਾਂ, ਉਮ ਆਇਸਰ ਨੇ ਵੀਡੀਓ ਮੈਸੇਜ ਰਾਹੀਂ ਸਾਨੂੰ ਦੱਸਿਆ, “ਮੇਰਾ ਛੋਟਾ ਬੇਟਾ ਇਸ ਲਈ ਗਿਆ ਤਾਂ ਕਿ ਉਹ ਭਵਿੱਖ ਵਿੱਚ ਸਾਨੂੰ ਫਿਰ ਮਿਲ ਸਕੇ।”
ਦੱਰਾ ਤੋਂ ਉਨ੍ਹਾਂ ਦੇ ਗੁਆਂਢੀ ਨੇ ਵੀ ਇਹੀ ਕਿਹਾ। ਇਹ ਗੁਆਂਢੀ ਉਸ ਰਾਤ ਓਬਾਦਾ ਨਾਲ ਸੀ ਜਿਸ ਰਾਤ ਉਹ ਡੁੱਬ ਗਿਆ
ਆਪਣਾ ਨਾਮ ਨਾ ਦੱਸਣ ਦੀ ਅਪੀਲ ਕਰਦਿਆਂ ਉਸ ਸ਼ਖਸ ਨੇ ਕਿਹਾ, “ਉਹ ਜਲਦ ਹੀ ਬ੍ਰਿਟੇਨ ਪਹੁੰਚ ਕੇ ਆਪਣੇ ਭਰਾ ਨੂੰ ਮਿਲਦਾ ਅਤੇ ਉਸ ਤੋਂ ਬਾਅਦ ਜਲਦੀ ਹੀ ਆਪਣੇ ਮਾਂ-ਪਿਉ ਨੂੰ ਵੀ ਬੁਲਾ ਲੈਂਦਾ। ਉਨ੍ਹਾਂ ਦੇ ਪਿਤਾ ਵਿਦੇਸ਼ ਵਿੱਚ ਆਪਣਾ ਇਲਾਜ ਕਰਾ ਸਕਣ, ਇਹੀ ਉਹਨਾਂ ਦੇ ਜਾਣ ਦੀ ਵਜ੍ਹਾ ਸੀ,”
ਅਸਲ ਵਿੱਚ ਇਹ ਤਰਕੀਬ ਸ਼ੁਰੂਆਤ ਤੋਂ ਹੀ ਗੜਬੜ ਸੀ।
ਜਦ ਉਸਦਾ ਵੱਡਾ ਭਰਾ ਪਹਿਲਾਂ ਹੀ ਲੰਡਨ ਵਿੱਚ ਸੀ, ਓਬਾਦਾ ਨੇ, ਨਾਬਾਲਗ ਹੁੰਦਿਆਂ, ਕਾਨੂੰਨੀ ਤੌਰ ’ਤੇ ਆਪਣੇ ਮਾਪਿਆਂ ਨੂੰ ਨਹੀਂ ਬੁਲਾ ਸਕਣਾ ਸੀ।
ਕੀ ਰਿਹਾ 13 ਸਾਲ ਦੇ ਬੱਚੇ ਦੇ ਸਫ਼ਰ
ਓਬਾਦਾ ਅਜੇ 13 ਸਾਲ ਦਾ ਸੀ ਜਦ ਪਿਛਲੇ ਸਾਲ ਮਈ ਵਿੱਚ ਉਹ ਤੇ ਉਹਦਾ ਭਰਾ ਆਇਸਰ ਡਮਾਸਕਸ ਤੋਂ ਲੀਬੀਆ ਦੇ ਸ਼ਹਿਰ ਬੈਨਗਾਜ਼ੀ ਜਾਣ ਲਈ ਹਵਾਈ ਜਹਾਜ਼ ਉੱਤੇ ਸਵਾਰ ਹੋਏ ਸਨ।
ਲੀਬੀਆ ਜਾਣ ਲਈ ਸੀਰੀਆ ਦੇ ਲੋਕਾਂ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ।
ਉਨ੍ਹਾਂ ਦੇ ਦੁਬਈ ਵਿੱਚ ਕੰਮ ਕਰਦੇ ਚਾਚੇ ਨੇ ਪੈਸਿਆਂ ਦਾ ਜੁਗਾੜ ਕਰ ਦਿੱਤਾ ਸੀ, ਪਰ ਉਹ ਉਸ ਕੋਲ ਨਹੀਂ ਜਾ ਸਕਦੇ ਸਨ।
ਦੁਬਈ ਵਿੱਚ ਪਨਾਹ ਲੈਣ ਦੀ ਕੋਈ ਵਿਵਸਥਾ ਨਹੀਂ ਸੀ।
ਓਬਾਦਾ ਨੇ ਉੱਥੇ ਸਕੂਲ ਨਹੀਂ ਜਾ ਸਕਣਾ ਸੀ ਅਤੇ ਉਸ ਦਾ ਪਰਿਵਾਰ ਉਸ ਨੂੰ ਯੂਕੇ ਭੇਜਣਾ ਚਾਹੁੰਦਾ ਸੀ।
ਸ਼ਾਇਦ ਜੇ ਆਪਣੇ ਮਾਪਿਆਂ ਦੇ ਤਰਲੇ ਅਤੇ ਆਪਣੇ ਵੱਡੇ ਭਰਾ ਦੇ ਉਤਸ਼ਾਹ ਤੇ ਦ੍ਰਿੜ੍ਹਤਾ ਵੇਖ, ਓਬਾਦਾ ਖ਼ਤਰਿਆਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਸੀ, ਤਾਂ ਜਲਦੀ ਹੀ ਸਮਝ ਜਾਵੇਗਾ।
ਲੀਬੀਆ ਵਿੱਚ ਮਹੀਨਿਆਂ ਬੱਧੀ ਇੰਤਜ਼ਾਰ ਤੋਂ ਬਾਅਦ ਅਕਤੂਬਰ 2023 ਵਿੱਚ ਦੋਵੇਂ ਭਰਾਵਾਂ ਨੇ ਰਾਜਧਾਨੀ ਟ੍ਰਿਪੋਲੀ ਤੋਂ ਸਮੱਗਲਰਾਂ ਦੀ ਕਿਸ਼ਤੀ ਵਿੱਚ ਭੂਮੱਧਸਾਗਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ।
ਪਰ ਉਹਨਾਂ ਨੂੰ ਟਿਊਨੀਜ਼ੀਆ ਦੀ ਗਸ਼ਤ ਕਰ ਰਹੀ ਪੁਲਿਸ ਦੀ ਕਿਸ਼ਤੀ ਵੱਲੋਂ ਫੜ ਲਿਆ ਗਿਆ ਤੇ ਲੀਬੀਆ ਵਾਪਸ ਲਿਜਾਇਆ ਗਿਆ, ਜਿੱਥੇ ਉਹ ਸਥਾਨਕ ਸੈਨਾ (ਲੜਾਕਿਆਂ) ਦੇ ਹੱਥ ਚੜ੍ਹ ਗਏ।
ਦੱਰਾ ਤੋਂ ਉਹਨਾਂ ਦੇ ਗੁਆਂਢੀ 23 ਸਾਲਾ ਫਾਰਿਸ ਨੇ ਦੱਸਿਆ, “ਸਾਨੂੰ ਇੱਕ ਮਹੀਨਾ ਕੈਦ ਵਿੱਚ ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ, ਸੀਰੀਆ ਤੋਂ ਉਨ੍ਹਾਂ ਨਾਲ ਲਗਾਤਾਰ ਸਫ਼ਰ ਵਿੱਚ ਸ਼ਾਮਲ ਰਹੇ।"
ਉਹ ਫਰਸ਼ ਉੱਤੇ ਸੁੱਤੇ, ਅਤੇ ਉਹਨਾਂ ਨੂੰ ਆਮ ਤੌਰ ’ਤੇ ਦਿਨ ਵਿੱਚ ਇੱਕ ਵਾਰ ਛੋਟੀ ਜਿਹੀ ਕੌਲੀ ਪਾਸਤਾ ਦੀ ਖਾਣ ਨੂੰ ਦਿੱਤੀ ਜਾਂਦੀ ਸੀ।
ਆਖ਼ਰ ਨੂੰ ਦੁਬਈ ਵਿਚਲੇ ਆਪਣੇ ਚਾਚੇ ਤੋਂ ਹੋਰ ਮਾਲੀ ਮਦਦ ਰਾਹੀਂ, ਦੋਵੇਂ ਭਰਾ ਇੱਕ ਜਣੇ ਦੇ 900 ਡਾਲਰ (707 ਪੌਂਡ) ਵਿੱਚ ਆਪਣੀ ਆਜ਼ਾਦੀ ਖਰੀਦਣ ਵਿੱਚ ਕਾਮਯਾਬ ਹੋ ਗਏ।
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਸ ਮੌਕੇ ਓਬਾਦਾ ਨੇ ਸਫ਼ਰ ਜਾਰੀ ਰੱਖਣ ਬਾਰੇ ਗੰਭੀਰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ।
ਫਾਰਿਸ ਨੇ ਯਾਦ ਕਰਦਿਆਂ ਦੱਸਿਆ, “ਉਹ ਡਰਿਆ ਹੋਇਆ ਸੀ। ਅਸੀਂ ਉਸਨੂੰ ਤਕੜਾ ਕਰਨ ਲਈ ਉਸ ਨਾਲ ਗੱਲ ਕਰਦੇ ਤੇ ਉਸ ਨੂੰ ਕਿਸੇ ਗੱਲ ਦੀ ਚਿੰਤਾ ਨਾ ਕਰਨ ਲਈ ਕਹਿੰਦੇ, ਪਰ ਉਸਨੂੰ ਕੋਈ ਚਾਹੀਦਾ ਸੀ ਜੋ ਉਸਦੀ ਸੰਭਾਲ ਕਰ ਸਕਦਾ। ”
ਜਦ ਗਰੁੱਪ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਇਟਲੀ ਲਿਜਾਣ ਲਈ ਇੱਕ ਹੋਰ ਸਮੱਗਲਰ ਲੱਭ ਲਿਆ ਹੈ ਤਾਂ ਓਬਾਦਾ ਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਿਹਾ ਕਿ ਇਹ ਭੂਮੱਧਸਾਗਰ ਪਾਰ ਕਰਨ ਦੀ ਉਸਦੀ ਆਖ਼ਰੀ ਕੋਸ਼ਿਸ਼ ਹੋਵੇਗੀ।
ਜੇ ਇਹ ਨਾ ਹੋ ਸਕਿਆ ਤਾਂ ਉਹ ਵਾਪਸ ਘਰ ਆ ਜਾਵੇਗਾ।
‘ਭਰਾਵਾਂ ਨੇ ਗੱਲ ਨਹੀਂ ਮੰਨੀ’
ਦਸੰਬਰ ਵਿੱਚ ਇੱਕ ਹੋਰ ਹਵਾ ਭਰ ਕੇ ਫੁਲਾਈ ਹੋਈ ਕਿਸ਼ਤੀ ਵਿੱਚ ਚੜ੍ਹਨ ਸਮੇਂ ਬਾਰੇ ਦੱਸਦੇ ਹੋਏ ਫਾਰਿਸ ਨੇ ਕਿਹਾ “ਅਸੀਂ ਉਸ ਦਾ ਹੱਥ ਫੜਿਆ, ਅਸੀਂ ਉਸਨੂੰ ਕਿਹਾ, ਅਸੀਂ ਤੇਰੇ ਨਾਲ ਹਾਂ, ਡਰਨ ਦੀ ਕੋਈ ਲੋੜ ਨਹੀਂ।"
ਇਸ ਵਾਰ ਉਹ ਬਹੁਤ ਮੁਸ਼ਕਲ ਨਾਲ ਸਫ਼ਲ ਹੋਏ।
22 ਘੰਟੇ ਦਰਿਆ ਵਿੱਚ ਰਹਿਣ ਤੋਂ ਬਾਅਦ ਉਹਨਾਂ ਨੂੰ ਲਾਂਪੇਡੂਸਾ ਟਾਪੂ ਨੇੜੇ ਇਟਲੀ ਦੇ ਤੱਟ ਰੱਖਿਅਕਾਂ ਵੱਲੋਂ ਉਨ੍ਹਾਂ ਨੂੰ ਬਚਾ ਲਿਆ ਗਿਆ।
ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਜਿਸਟਰ ਕਰ ਲਿਆ ਜਿਸ ਨਾਲ ਉਹਨਾਂ ਨੂੰ ਇਟਲੀ ਬਿਨ੍ਹਾਂ ਕਿਸੇ ਵੀ ਹੋਰ ਯੂਰਪੀ ਮੁਲਕ ਵਿੱਚ ਪਨਾਹ ਲੈਣ ਲਈ ਅਰਜ਼ੀ ਦੇਣਾ ਮੁਸ਼ਕਿਲ ਹੋ ਜਾਵੇਗਾ।
ਪਰ ਫੇਰ ਵੀ ਜਦ ਉਹਨਾਂ ਨੂੰ ਆਜ਼ਾਦ ਛੱਡ ਦਿੱਤਾ ਗਿਆ ਤਾਂ ਉਹ ਇਟਲੀ ਦੇ ਬੋਲੋਨਾ ਤੋਂ ਪਹਿਲਾਂ ਮਿਲਾਨ ਅਤੇ ਫੇਰ ਸਰਹੱਦ ਪਾਰ ਫਰਾਂਸ ਵੱਲ ਨੂੰ ਚੱਲ ਪਏ।
ਉਦੋਂ ਤੱਕ ਨਾਦਾ ਨੂੰ ਖੁਦ ਚਿੰਤਾ ਹੋਣ ਲੱਗੀ। ਯੂਕੇ ਵਿੱਚ ਸ਼ਰਨਾਰਥੀਆਂ ਲਈ ਨਿਯਮ ਸਖ਼ਤ ਹੁੰਦੇ ਜਾ ਰਹੇ ਸਨ।
ਉਸ ਨੇ ਮੁੜ ਆਪਣੇ ਭਰਾਵਾਂ ਫੋਨ ਕੀਤਾ।
“ਮੈਂ (ਉਹਨਾਂ ਨੂੰ) ਜਰਮਨੀ, ਜਾਂ ਇਟਲੀ ਜਾਣ ਲਈ ਕਿਹਾ, ਕਿਉਂਕਿ ਇੱਥੇ ਨਿਯਮ ਸਖ਼ਤ ਹਨ। ਸ਼ਰਨਾਰਥੀਆਂ ਲਈ ਨਵੇਂ ਨਿਯਮ ਬਹੁਤ ਸਖ਼ਤ ਹਨ।”
ਪਰ ਭਰਾਵਾਂ ਨੇ ਨਾ ਮੰਨੀ।
ਕਾਗਜ਼ੀ ਤੌਰ ’ਤੇ, ਯੂਕੇ ਦੇ ਨਵੇਂ ਗੈਰ-ਕਾਨੂੰਨੀ ਪਰਵਾਸ ਦੇ ਕਾਨੂੰਨ, ਜੋ ਪਿਛਲੇ ਸਾਲ ਜੁਲਾਈ ਵਿੱਚ ਅਮਲ ਲਿਆਂਦਾ ਗਿਆ, ਮੁਤਾਬਕ ਹੁਣ ਓਬਾਦਾ ਨੂੰ ਯੂਕੇ ਵਿੱਚ ਪਨਾਹ ਲੈਣ ਅਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਦਿੱਤਾ ਜਾਵੇਗਾ।
ਪਰ ਅਸਲ ਵਿੱਚ ਛੋਟੀਆਂ ਕਿਸ਼ਤੀਆਂ ਵਿੱਚ ਆ ਰਹੇ ਲੋਕਾਂ ਨੂੰ ਕਿੱਥੇ ਭੇਜਿਆ ਜਾਵੇ, ਇਸ ਬਾਰੇ ਕੋਈ ਸਲਾਹ ਨਾ ਬਣਨ ਕਰਕੇ ਓਬਾਦਾ ਸੰਭਵ ਤੌਰ ’ਤੇ ਉਹਨਾਂ ਹਜ਼ਾਰਾਂ ਲੋਕਾਂ ਵਿੱਚ ਸ਼ਾਮਲ ਹੁੰਦਾ ਜਿਹਨਾਂ ਨੂੰ ਰਫਿਊਜੀ ਕਾਊਂਸਲ ਵੱਲੋਂ “ਸਥਾਈ ਤੌਰ ’ਤੇ ਭੰਬਲਭੂਸੇ ਦੀ ਸਥਿਤੀ” – ਯੂਕੇ ਵਿੱਚ ਰਹਿ ਰਹੇ, ਪਰ ਕੋਈ ਭਵਿੱਖ ਦਿਖਾਈ ਨਹੀਂ ਦਿੰਦਾ – ਕਿਹਾ ਜਾਂਦਾ ਹੈ।
ਨਾਦਾ ਦੇ ਭਰਾਵਾਂ ਨੇ ਰੇਲ ਜ਼ਰੀਏ ਪੈਰਿਸ ਦਾ ਸਫ਼ਰ ਜਾਰੀ ਰੱਖਿਆ।
ਉਹ ਯੂਰਪ ਵਿੱਚ ਕਿਸੇ ਨੂੰ ਨਹੀਂ ਜਾਣਦੇ ਸਨ ਅਤੇ ਹੋਰਨਾਂ ਰਿਸ਼ਤੇਦਾਰਾਂ ਵਾਂਗ ਨਾਦਾ ਇੰਗਲੈਂਡ ਵਿੱਚ ਸੀ।
ਇਸ ਤੋਂ ਇਲਾਵਾ ਸਫ਼ਰ ਦਾ ਔਖਾ ਹਿੱਸਾ ਤਾਂ ਮੁੱਕ ਹੀ ਚੁੱਕਿਆ ਸੀ।
ਓਬਾਦਾ ਦਾ ਕਿਹਾ ਯਾਦ ਕਰਦਿਆਂ ਨਾਦਾ ਨੇ ਦੱਸਿਆ, “ਮੈਂ ਇੱਥੇ (ਯੂਕੇ) ਆਉਣਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਇੱਥੇ ਹੋ।”
ਉਹ ਆਪਣੀ ਅਸਲੀ ਤਰਕੀਬ ਮੁਤਾਬਕ ਚੱਲਣਗੇ ਅਤੇ ਇਸ ਤਰ੍ਹਾਂ ਜਨਵਰੀ ਦੇ ਸ਼ੁਰੂ ਵਿੱਚ ਓਬਾਦਾ, ਆਇਸਰ ਅਤੇ ਅੱਧਾ ਦਰਜਣ ਸੀਰੀਆਈ ਦੋਸਤ ਕਾਲੇ ਪਹੁੰਚ ਗਏ।
ਉਨ੍ਹਾਂ ਨੇ ਫਰਾਂਸ ਦੀ ਪੁਲਿਸ ਤੋਂ ਬਚਦੇ ਹੋਏ ਇੱਕ ਪੁਲ ਹੇਠਾਂ ਟੈਂਟ ਲਾਏ, ਜੋ ਕਈ ਵਾਰ ਉਹਨਾਂ ਦੇ ਟੈਂਟ ਲੈ ਜਾਂਦੀ ਸੀ ਅਤੇ ਉਹਨਾਂ “ਅੱਗੇ ਵਧਣ” ਲਈ ਕਹਿੰਦੀ ਸੀ।
ਬੀਬੀਸੀ ਨੇ ਇੱਕ ਸਥਾਨਕ ਸਮਾਜਸੇਵੀ ਸੰਸਥਾ ਨਾਲ ਗੱਲ ਕੀਤੀ ਜਿਸ ਵੱਲੋਂ ਕਾਲੇ ਵਿੱਚ ਇਸ ਗਰੁੱਪ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਓਬਾਦਾ ਨੂੰ ਨਾਬਾਲਗ ਹੋਣ ਕਰਕੇ ਆਸਰੇ ਦੀ ਪੇਸ਼ਕਸ਼ ਕੀਤੀ ਗਈ ਪਰ ਉਸਨੇ ਕਿਹਾ ਕਿ ਉਹ ਆਪਣੇ ਭਰਾ ਨਾਲ ਰਹਿਣਾ ਚਾਹੁੰਦਾ ਹੈ।
ਇਹ ਸੰਸਥਾ, ਜਿਨ੍ਹਾਂ ਵੱਲੋਂ ਆਪਣੇ ਕੰਮ ਦੀ ਸੰਵੇਦਨਸ਼ੀਲਤਾ ਕਰਕੇ ਆਪਣਾ ਨਾਮ ਗੁੰਮਨਾਮ ਰੱਖਣ ਲਈ ਕਿਹਾ ਗਿਆ, ਘੱਟੋ ਘੱਟ ਦੋ ਹੋਰ ਕਿਸ਼ੋਰ ਉਮਰ ਦੇ ਲੜਕਿਆਂ ਨਾਲ ਸੰਪਰਕ ਵਿੱਚ ਸੀ ਜਿਨ੍ਹਾਂ ਨੇ ਉਸੇ ਕਿਸ਼ਤੀ ਉੱਤੇ ਚੜ੍ਹਨਾ ਸੀ, ਜਿਸ ਵਿੱਚ ਓਬਾਦਾ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ ਸੀ।
ਸੰਸਥਾ ਦੇ ਨੁਮਾਇੰਦੇ ਨੇ ਸਾਨੂੰ ਦੱਸਿਆ ਕਿ ਕਾਲੇ ਦੇ ਸਮੱਗਲਰਾਂ ਨੇ ਇਹਨਾਂ ਲੜਕਿਆਂ ਵਿੱਚੋਂ ਕੁਝ ਨੂੰ “ਆਪਣੇ ਤੌਰ ’ਤੇ ਫੈਸਲਾ ਲੈਣ” ਤੋਂ ਰੋਕਿਆ ਅਤੇ ਇਹ ਵੀ ਦੱਸਿਆ ਕਿ ਉਹ “ਆਪਣੇ ਪਰਿਵਾਰ ਵੱਲੋਂ ਵੀ ਦਬਾਅ” ਮਹਿਸੂਸ ਕਰ ਰਹੇ ਸਨ।
ਇੱਕ ਹੋਰ ਲੜਕੇ ਬਾਰੇ ਗੱਲ ਕਰਦਿਆਂ ਉਸ ਪ੍ਰਤੀਨਿਧ ਨੇ ਦੱਸਿਆ,“ਉਸ ਨੇ ਸਾਨੂੰ ਇਹ ਦੱਸਣ ਲਈ ਫੋਨ ਕੀਤਾ ਕਿ ਉਹ ਡਰਿਆ ਹੋਇਆ ਹੈ। ਉਸ ਨੇ ਸਾਨੂੰ ਦੱਸਿਆ ਕਿ ਉਸਨੂੰ (ਦਰਿਆ ਪਾਰ ਕਰਨ ਦੀ ਕੋਸ਼ਿਸ਼ ਲਈ) ਉਸਦੇ ਮਾਪਿਆਂ ਨੇ ਮਜਬੂਰ ਕੀਤਾ ਸੀ।”
ਇੱਕ ਹਫ਼ਤੇ ਤੋਂ ਵੱਧ ਦੇ ਸਮੇਂ ਤੋਂ ਬਾਅਦ ਸੀਰੀਆਈ ਸਮੱਗਲਰਾਂ, ਜਿਹਨਾਂ ਨੂੰ ਉਨ੍ਹਾਂ ਨੇ ਯੂਕੇ ਲਿਜਾਣ ਲਈ 2000 ਯੂਰੋ ਦਿੱਤੇ ਸਨ, ਨੇ ਉਨ੍ਹਾਂ ਦੇ ਗਰੁੱਪ ਨੂੰ ਤਿਆਰ ਹੋਣ ਲਈ ਕਿਹਾ।
ਭਵਿੱਖਬਾਣੀ ਮੁਤਾਬਕ ਮੌਸਮ ਚੰਗਾ ਰਹਿਣ ਵਾਲਾ ਸੀ। ਉਹ ਸ਼ਨੀਵਾਰ ਦੀ ਰਾਤ ਨੂੰ ਜਾਣਗੇ।
ਤੱਟ ਨੇੜੇ ਹਵਾ ਦੀ ਗਤੀ ਘਟ ਗਈ ਸੀ। ਪਰ ਤਾਪਮਾਨ ਬਰਫ਼ ਜੰਮਣ ਨਾਲੋਂ ਥੋੜ੍ਹਾ ਹੀ ਬਿਹਤਰ ਸੀ, ਅਤੇ ਦਰਿਆ ਦਾ ਤਾਪਮਾਨ ਸ਼ਾਇਦ 7 ਡਿਗਰੀ ਸੀ।
10 ਮੀਟਰ ਗਹਿਰੇ ਪਾਣੀ ਵਿੱਚ ਜਾ ਡੁੱਬੇ
ਵੀਮਰੂ ਵਿੱਚ ਹਨੇਰੇ ਵਿੱਚ ਓਬਾਦਾ ਜਹਾਜ਼ ਦੇ ਰਾਹ ਕੋਲੋਂ ਪਿੱਛੇ ਨੂੰ ਜਾ ਰਹੀ ਹਵਾ ਨਾਲ ਭਰ ਕੇ ਫੁਲਾਈ ਹੋਈ ਕਿਸ਼ਤੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪਰ ਉਸੇ ਵੇਲੇ ਉਸ ਨੂੰ ਅਤੇ ਆਇਸਰ ਨੂੰ ਅਹਿਸਾਸ ਹੋਇਆ ਕਿ ਉਹ ਡੂੰਘੇ ਵਿੱਚ ਉੱਤਰ ਗਏ ਅਤੇ ਠੰਢੇ ਦਰਿਆ ਵਿੱਚ ਪਾਣੀ ਨਾਲ ਟਕਰਾ ਗਏ।
ਫਾਰਿਸ ਸਲਿਪਵੇਅ ’ਤੇ ਚੜ੍ਹਨ ਵਿੱਚ ਕਾਮਯਾਬ ਹੋ ਗਿਆ ਸੀ ਤੇ ਪਹਿਲਾਂ ਹੀ ਪਾਣੀ ਵਿੱਚੋਂ ਲੋਕਾਂ ਨੂੰ ਕੱਢਣ ਵਿੱਚ ਮਦਦ ਕਰ ਰਿਹਾ ਸੀ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਚੀਕਣਾ ਅਤੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਹਨੇਰੇ ਵਿੱਚ ਉਸਨੂੰ ਪਤਾ ਨਹੀਂ ਲੱਗਿਆ ਕਿ ਓਬਾਦਾ ਕਿੱਥੇ ਸੀ।"
ਉਸ ਨੇ ਦੱਸਿਆ, “ਮੈਂ ਉਨ੍ਹਾਂ ਨੂੰ ਨਹੀਂ ਦੇਖ ਸਕਿਆ। ਉਹ ਪਾਣੀ ਵਿੱਚ ਗਾਇਬ ਹੋ ਗਏ। ਪਾਣੀ ਉਹਨਾਂ ਨੂੰ ਖਿੱਚ ਕੇ ਲੈ ਗਿਆ, ਤੇ ਮੈਂ ਉਹਨਾਂ ਤੱਕ ਨਹੀਂ ਪਹੁੰਚ ਪਾਇਆ। ਸਾਨੂੰ ਨਹੀਂ ਪਤਾ ਸੀ ਕਿ ਇਹ ਇਸ ਤਰ੍ਹਾਂ (ਡੂੰਘਾ) ਹੋਵੇਗਾ।"
ਫਰਾਂਸੀਸੀ ਪੁਲਿਸ ਕੋਲ ਹੀ ਗਸ਼ਤ ਕਰ ਰਹੀ ਸੀ।
ਯੂਕੇ ਵੱਲੋਂ ਵਧਾਈ ਫੰਡਿੰਗ ਨਾਲ ਫਰਾਂਸ ਨੂੰ ਇਸ ਇਲਾਕੇ ਵਿੱਚ ਅਫ਼ਸਰਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਮਿਲੀ ਹੈ, ਪਰ ਫੇਰ ਵੀ ਇਹ ਸਮੱਗਲਰਾਂ ਵੱਲੋਂ ਵਰਤੀ ਜਾਂਦੀ 150 ਕਿਲੋਮੀਟਰ (93 ਮੀਲ) ਦੀ ਤੱਟਰੇਖਾ ਦੇ ਹਰ ਹਿੱਸੇ ਉੱਤੇ ਨਿਗਰਾਨੀ ਰੱਖਣ ਲਈ ਕਾਫੀ ਨਹੀਂ।
ਰਾਤ ਦੇ 2 ਵੱਜ ਕੇ 15 ਮਿੰਟ ਤੇ ਉੱਥੇ ਜਲਸੈਨਾ ਦਾ ਹੈਲੀਕਾਪਟਰ ਅਤੇ ਗਸ਼ਤ ਵਾਲੀ ਕਿਸ਼ਤੀ ਪਹੁੰਚੀ।
ਬਚਾਅ ਕਾਰਜਾਂ ਵਿੱਚ ਲੱਗੇ ਕਾਮਿਆਂ ਨੇ ਹਾਈਪੋਥਰਮੀਆ ਜਾ ਸ਼ਿਕਾਰ ਹੋਏ ਤਕਰੀਬਨ 20 ਪਰਵਾਸੀਆਂ ਦਾ ਇਲਾਜ ਕਰਨ ਵਿੱਚ ਮਦਦ ਕੀਤੀ। ਪਰ ਓਬਾਦਾ ਇਹਨਾਂ ਵਿੱਚ ਸ਼ਾਮਲ ਨਹੀਂ ਸੀ।
ਸਾਰਜੈਂਟ ਮੇਜਰ ਮੈਗਜ਼ਿਮ ਮੇਨੂ ਨੇ ਉਸ ਰਾਤ ਉਸੇ ਇਲਾਕੇ ਵਿੱਚ ਇੱਕ ਹੋਰ ਬਚਾਅ ਕਾਰਜ ਦੌਰਾਨ ਠੰਢੇ ਪਾਣੀ ਵਿੱਚ ਛਾਲ ਮਾਰੀ ਸੀ।
ਉਨ੍ਹਾਂ ਨੇ ਦੱਸਿਆ,“ਮੈਂ ਅਜੇ ਵੀ ਆਪਣੇ ਮਨ ਵਿੱਚ ਚੀਕਾਂ, ਤੁਸੀਂ ਕਹਿ ਸਕਦੇ ਹੋ ਕਿ ਚੀਕ-ਚੀਕ ਕੇ ਦਮ ਤੋੜਨ ਨੂੰ ਸੁਣ ਸਕਦਾ ਹਾਂ।”
ਲੰਡਨ ਵਿੱਚ ਕੁਝ ਮਿੰਟਾਂ ਬਾਅਦ ਨਾਦਾ ਨੂੰ ਫੋਨ ਗਿਆ।
“ਉਹ ਦੋਵੇਂ ਚਲੇ ਗਏ।”
ਗਰੁੱਪ ਵਿਚਲੇ ਇੱਕ ਹੋਰ ਸੀਰੀਆਈ ਨੇ ਫੋਨ ਕੀਤਾ ਸੀ।
ਉਹ ਸਭ ਤੋਂ ਪਹਿਲਾਂ ਆਇਸਰ ਨੂੰ ਪਾਣੀ ਵਿੱਚੋਂ ਕੱਢਣ ਵਿੱਚ ਕਾਮਯਾਬ ਹੋ ਗਏ ਸੀ, ਪਰ ਬਹੁਤ ਦੇਰ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਓਬਾਦਾ ਦਾ ਸਰੀਰ ਕਿਨਾਰੇ ’ਤੇ ਕੱਢ ਲਿਆਂਦਾ ਗਿਆ।
ਦੋਵੇਂ ਤੈਰ ਨਾ ਸਕਣ ਕਾਰਨ ਸਲਿਪਵੇਅ ਤੋਂ ਸ਼ਾਇਦ 10 ਮੀਟਰ (11 ਯਾਰਡ) ਹੇਠਾਂ ਗਹਿਰੇ ਪਾਣੀ ਵਿੱਚ ਡੁੱਬ ਗਏ ਸਨ।
ਫੋਨ ’ਤੇ ਗੱਲ ਕਰਨ ਨੂੰ ਯਾਦ ਕਰਦਿਆਂ ਆਪਣੇ ਕਮਰੇ ਵਿੱਚ ਬੈਠੇ ਨਾਦਾ ਦੀਆਂ ਅੱਖਾਂ ਵਹਿ ਤੁਰੀਆਂ। ਉਹ ਰੋਣ ਲੱਗਿਆ, ਉਸਦੀ ਛਾਤੀ ਭਰ ਆਈ, ਫੇਰ ਉਸਨੇ ਆਪਣੀਆਂ ਅੱਖਾਂ ਪੂੰਝ ਲਈਆਂ।
ਮੈਂ ਉਨ੍ਹਾਂ ਨੂੰ ਪੁੱਛਿਆ, ਜੋ ਤੁਹਾਨੂੰ ਹੁਣ ਪਤਾ ਹੈ ਜੇ ਉਦੋਂ ਪਤਾ ਹੁੰਦਾ, ਕੀ ਤੁਸੀਂ ਸੀਰੀਆ ਵਿੱਚ ਹੀ ਰਹਿੰਦੇ?
ਉਨ੍ਹਾਂ ਨੇ ਜਵਾਬ ਦਿੱਤਾ “ਹਾਂ, ਆਇਸਰ ਤੇ ਓਬਾਦਾ ਨਾਲ ਜੋ ਹੋਇਆ, ਉਸ ਤੋਂ ਬਾਅਦ ਮੈਂ ਸੀਰੀਆ ਵਿੱਚ ਹੀ ਰਹਿੰਦਾ।"
ਕੀ ਤੁਸੀਂ ਸੋਚਦੇ ਹੋ ਕਿ ਓਬਾਦਾ ਵੀ ਸੀਰੀਆ ਵਿੱਚ ਹੀ ਰਹਿ ਗਿਆ ਹੁੰਦਾ?
“ਹਾਂ”
ਕੀ ਤੁਸੀਂ ਉਨ੍ਹਾਂ ਸਫ਼ਰ ਕਰਨ ਲਈ ਉਤਸ਼ਾਹਤ ਕਰਨ ਬਾਰੇ ਆਪਣੇ ਆਪ ਨੂੰ ਦੋਸ਼ ਦਿੰਦੇ ਹੋ?
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਹਾਂ, ਦਿੰਦਾ ਹਾਂ,”
ਅਗਲੀ ਸ਼ਾਮ ਕਾਲੇ ਦੇ ਤਕਰੀਬਨ 100 ਸਥਾਨਕ ਲੋਕ ਅਤੇ ਕੁਝ ਪਰਵਾਸੀ ਪੰਜ ਮਰਹੂਮਾਂ ਲਈ ਇੱਕ ਮਿੰਟ ਦਾ ਮੌਨ ਰੱਖਣ ਲਈ ਅਤੇ ਹਾਲ ਹੀ ਦੇ ਸਾਲਾਂ ਵਿੱਚ ਖਾੜੀ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਜਾਨ ਗਵਾ ਬੈਠੇ ਲੋਕਾਂ ਦੀ ਲੰਮੀ ਸੂਚੀ ਵਿੱਚ ਓਬਾਦਾ ਅਤੇ ਆਇਸਰ ਦਾ ਨਾਮ ਜੋੜਨ ਲਈ ਕਸਬੇ ਦੇ ਕੇਂਦਰ ਵਿੱਚ ਇਕੱਠੇ ਹੋਏ।
ਉਦਾਸ ਭੀੜ ਨੂੰ ਸੰਬੋਧਨ ਹੁੰਦਿਆਂ ਇੱਕ ਫਰਾਂਸੀਸੀ ਔਰਤ ਨੇ ਕਿਹਾ, “ਸਭ ਤੋਂ ਵੱਡਾ ਕਸੂਰ ਯੂਰਪ ਦੇ ਕਾਨੂੰਨਾਂ ਦਾ ਹੈ ਜੋ ਰਫਿਊਜੀਆਂ ਦਾ ਜੀਣਾ ਮੁਸ਼ਕਿਲ ਬਣਾ ਦਿੰਦੇ ਹਨ।"
"ਜੋ ਉਹਨਾਂ ਨੂੰ ਕੋਈ ਹੱਕ ਨਹੀਂ ਦਿੰਦੇ। ਜੋ ਉਹਨਾਂ ਦੀ ਕਾਲੇ ਅਤੇ ਸਰਹੱਦਾਂ ਦੁਆਲੇ ਉਹਨਾਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਦਿੰਦੇ ਹਨ। ਅਤੇ ਸਾਨੂੰ ਇਹ ਯਾਦ ਰੱਖਣਾ ਪਵੇਗਾ। ਇਹ ਯੂਰਪੀ ਕਾਨੂੰਨਾਂ ਦਾ ਕਸੂਰ ਹੈ।"
ਉੱਧਰ ਦੱਰਾ ਵਿੱਚ, ਓਬਾਦਾ ਦੇ ਮਾਪਿਆਂ ਨੇ ਸਾਨੂੰ ਆਪਣੇ ਪੁੱਤਰ ਦੇ ਖਾਲੀ ਕਮਰੇ ਦੀ ਵੀਡੀਓ ਭੇਜੀ।
ਹਉਕੇ ਲੈਂਦਿਆਂ ਉਨ੍ਹਾਂ ਦੀ ਮਾਂ, ਉਮ ਆਇਸਰ ਨੇ ਕਿਹਾ, “ਅਸੀਂ ਇੱਕ ਆਖਰੀ ਵਾਰ ਆਪਣੇ ਬੱਚਿਆਂ ਨੂੰ ਦੇਖਣਾ ਚਾਹੁੰਦੇ ਹਾਂ। ਇਹ ਮੇਰੀ ਇੱਕੋ ਬੇਨਤੀ ਹੈ। ਛੋਟਾ ਬੇਟਾ 14 ਸਾਲ ਦਾ ਸੀ। ਮੈਂ ਉਸ ਨੂੰ ਦਫ਼ਨ ਕਰਨ ਤੋਂ ਪਹਿਲਾਂ ਉਸ ਨੂੰ ਦੇਖਣਾ ਚਾਹੁੰਦੀ ਹਾਂ।"
ਉਨ੍ਹਾਂ ਦੇ ਪਿਤਾ ਅਬੂ ਆਇਸਰ ਨੇ ਦੱਸਿਆ, “ਮੈਂ ਮਰੀਜ਼ ਆਦਮੀ ਹਾਂ। ਮੈਨੂੰ ਸਾਹ ਲੈਣ ਲਈ ਆਕਸੀਜਨ ਚਾਹੀਦੀ ਹੈ।"
ਓਬਾਦਾ ਦੀ ਕਹਾਣੀ ਬਾਰੇ ਕੀ ਰਾਇ ਬਣਾਈ ਜਾਣੀ ਚਾਹੀਦੀ ਹੈ?
ਕਈ ਲੋਕ ਐਨੇ ਔਖੇ ਸਫ਼ਰ ਉੱਤੇ ਬੱਚੇ ਦੀ ਜਾਨ ਖ਼ਤਰੇ ਵਿੱਚ ਪਾਉਣ ਲਈ ਉਸਦੇ ਮਾਪਿਆਂ ਅਤੇ ਪਰਿਵਾਰ ਦੀ ਅਲੋਚਨਾ ਕਰਨ ਦਾ ਸੋਚਣਗੇ।
ਬਾਕੀ, ਜਿਨ੍ਹਾਂ ਨੇ ਸੀਰੀਆ ਵਰਗੇ ਜੰਗੀ ਹਾਲਾਤਾਂ ਨੂੰ ਦੇਖਿਆ ਹੈ, ਕਹਿ ਸਕਦੇ ਹਨ ਕਿ ਇਹ ਮਾਪਿਆਂ ਦੀ ਲਾਚਾਰਗੀ ਦਾ ਪ੍ਰਮਾਣ ਹੈ ਜਿਸ ਵਿੱਚ ਉਹਨਾਂ ਨੇ ਅਜਿਹਾ ਕਦਮ ਚੁੱਕਿਆ।
ਅਜਿਹਾ ਲਗਦਾ ਹੈ ਕਿ ਓਬਾਦਾ, ਅਤੇ ਉਸਦੇ ਭਰਾ ਦਾ ਸਰੀਰ ਆਉਂਦੇ ਦਿਨਾਂ ਵਿੱਚ ਕਾਲੇ ਵਿੱਚ ਦਫਨਾਇਆ ਜਾਵੇਗਾ। ਫਰਾਂਸੀਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ (ਸਰੀਰਾਂ) ਨੂੰ ਯੂਕੇ ਭੇਜਣਾ ਸੰਭਵ ਨਹੀਂ ਹੋਵੇਗਾ, ਅਤੇ ਨਾਦਾ ਮੁਤਾਬਕ ਸੀਰੀਆ ਭੇਜਣ ਦਾ ਖਰਚਾ ਵਿਚਾਰਨਾ ਵੀ ਔਖਾ ਹੈ।
ਕੈਥੀ ਲੌਂਗ, ਫੈਰਸ ਕੱਵਾਫ ਅਤੇ ਮੈਰੀਅਨ ਬੈਸਨੀ ਵੱਲੋਂ ਹੋਰ ਖੋਜ ਕੀਤੀ ਗਈ; ਲਿਲੀ ਹੁਇਨ ਅਤੇ ਮੈਟ ਥੌਮਸ ਵੱਲੋਂ ਡਿਜ਼ਾਈਨ; ਜੇਮਜ਼ ਪਰਸੀ ਅਤੇ ਡੌਮੀਨਿਕ ਬੇਲੀ ਵੱਲੋਂ ਸੰਪਾਦਤ