You’re viewing a text-only version of this website that uses less data. View the main version of the website including all images and videos.
ਜੋਤੀ ਮੌਰਿਆ ਮਾਮਲਾ ਕੀ ਹੈ, ਜਿਸ ਕਰਕੇ ਦਾਅਵੇ ਹੋ ਰਹੇ ਕਿ ‘ਬਹੁਤੇ ਪਰਿਵਾਰਾਂ ਨੇ ਆਪਣੀਆਂ ਨੂਹਾਂ ਦੀ ਪੜ੍ਹਾਈ ਰੋਕ ਦਿੱਤੀ’
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਸਰਕਾਰ ਦੇ ਮਹਿਲਾ ਅਧਿਕਾਰੀ, ਐਸਡੀਐਮ ਜੋਤੀ ਮੌਰਿਆ ਅਤੇ ਉਨ੍ਹਾਂ ਦੇ ਪਤੀ ਆਲੋਕ ਮੌਰਿਆ ਦਾ ਮਾਮਲਾ ਖਾਸਾ ਚਰਚਾ ਵਿੱਚ ਹੈ।
ਸੋਸ਼ਲ ਮੀਡੀਆ 'ਤੇ ਆਲੋਕ ਮੌਰਿਆ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀ ਪਤਨੀ ਜੋਤੀ ਮੌਰਿਆ ਨੇ ਐਸਡੀਐਮ ਬਣਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ।
ਆਲੋਕ ਮੌਰਿਆ ਨੇ ਆਪਣੀ ਪਤਨੀ ਨਾਲ ਚੈਟ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਵਿਚਾਰ ਸਾਹਮਣੇ ਰੱਖ ਰਹੇ ਹਨ। ਦੂਜੇ ਸ਼ਬਦਾਂ 'ਚ ਕਹੀਏ ਤਾਂ ਇਸ ਪੂਰੇ ਵਿਵਾਦ 'ਤੇ ਸੋਸ਼ਲ ਮੀਡੀਆ ਦੋ ਹਿੱਸਿਆਂ 'ਚ ਵੰਡਿਆ ਨਜ਼ਰ ਆ ਰਿਹਾ ਹੈ।
ਇੱਕ ਪੱਖ ਦਾ ਕਹਿਣਾ ਹੈ ਕਿ ਇਹ ਜੋਤੀ ਮੌਰਿਆ ਅਤੇ ਆਲੋਕ ਮੌਰਿਆ ਦਾ ਨਿੱਜੀ ਮਾਮਲਾ ਹੈ ਅਤੇ ਮੀਡੀਆ ਜਾਂ ਜਨਤਾ ਨੂੰ ਇਸ ਮਾਮਲੇ ਵਿੱਚ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ।
ਦੂਸਰਾ ਪੱਖ ਅਜਿਹੀਆਂ ਵੀਡੀਓਜ਼ ਪੋਸਟ ਕਰਕੇ ਇਹ ਦਾਅਵਾ ਕਰ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਕਈ ਪਤੀਆਂ ਨੇ ਆਪਣੀਆਂ ਪਤਨੀਆਂ ਦੀ ਅੱਗੇ ਦੀ ਪੜ੍ਹਾਈ 'ਤੇ ਰੋਕ ਲਗਾ ਦਿੱਤੀ ਹੈ।
ਇਸੇ ਸਾਲ ਜੂਨ ਮਹੀਨੇ 'ਚ ਆਲੋਕ ਮੌਰਿਆ ਦਾ ਕੁਝ ਪੱਤਰਕਾਰਾਂ ਨਾਲ ਗੱਲਬਾਤ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਨੇ ਰੋਂਦੇ ਹੋਏ ਜੋਤੀ ਮੌਰਿਆ 'ਤੇ ਧੋਖਾ ਦੇਣ ਅਤੇ ਆਪਣੇ ਬੱਚਿਆਂ ਨੂੰ ਮਿਲਣ ਨਾ ਦੇਣ ਦਾ ਇਲਜ਼ਾਮ ਲਗਾਇਆ ਸੀ।
ਆਲੋਕ ਮੌਰਿਆ ਨੇ ਦੱਸਿਆ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ 'ਚ ਪੰਚਾਇਤੀ ਰਾਜ ਵਿਭਾਗ 'ਚ ਦਰਜਾ-4 ਦੇ ਕਰਮਚਾਰੀ ਹਨ ਅਤੇ ਜੋਤੀ ਨਾਲ ਉਨ੍ਹਾਂ ਦਾ ਵਿਆਹ ਸਾਲ 2010 'ਚ ਹੋਇਆ ਸੀ।
ਆਲੋਕ ਦਾ ਦਾਅਵਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਜੋਤੀ ਮੌਰਿਆ ਦੀ ਪੜ੍ਹਾਈ ਲਈ ਕਰਜ਼ਾ ਵੀ ਲਿਆ ਸੀ। ਸਾਲ 2015 ਵਿੱਚ, ਇਸ ਜੋੜੇ ਦੇ ਘਰ ਜੁੜਵਾਂ ਧੀਆਂ ਹੋਈਆਂ।
ਇਸ ਤੋਂ ਬਾਅਦ ਜੋਤੀ ਨੇ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰ ਲਈ। ਜਿਸ ਮਗਰੋਂ ਮਾਮਲੇ 'ਚ ਨਵਾਂ ਮੋੜ ਆਇਆ ਅਤੇ ਆਲੋਕ ਮੌਰਿਆ ਨੇ ਜੋਤੀ ਮੌਰਿਆ 'ਤੇ ਇਲਜ਼ਾਮ ਲਗਾਏ।
ਇੱਥੋਂ ਹੀ ਇੱਕ-ਦੂਜੇ 'ਤੇ ਇਲਜ਼ਾਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਜੋਤੀ ਨੇ ਦਾਅਵਾ ਕੀਤਾ ਕਿ ਆਲੋਕ ਨੇ ਕਿਹਾ ਸੀ ਕਿ ਉਹ ਗ੍ਰਾਮ ਪੰਚਾਇਤ 'ਚ ਅਧਿਕਾਰੀ ਹਨ, ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਸਫ਼ਾਈ ਕਰਮੀ ਦਾ ਕੰਮ ਕਰਦੇ ਸਨ।
ਇਸ ਮਾਮਲੇ ਦਾ ਅਸਰ ਹੋਰ ਮਹਿਲਾਵਾਂ 'ਤੇ ਪਿਆ
ਸੁਪਰੀਮ ਕੋਰਟ ਦੇ ਦੋ ਵਕੀਲਾਂ ਸੱਤਿਅਮ ਸਿੰਘ ਅਤੇ ਦੀਕਸ਼ਾ ਦਾਦੂ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਇਸ ਪੂਰੇ ਵਿਵਾਦ 'ਤੇ ਕਾਰਵਾਈ ਦੀ ਮੰਗ ਕੀਤੀ ਹੈ।
ਸੱਤਿਅਮ ਸਿੰਘ ਇੰਟਰਨੈਸ਼ਨਲ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਲੀਗਲ ਸੈੱਲ ਦੇ ਜਨਰਲ ਸਕੱਤਰ ਹਨ।
ਉਨ੍ਹਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਪਰਿਵਾਰਾਂ ਨੇ ਆਪਣੀਆਂ ਨੂੰਹਾਂ ਦੀ ਪੜ੍ਹਾਈ ਬੰਦ ਕਰਵਾ ਦਿੱਤੀ ਹੈ।
ਇੱਕ ਐਨਜੀਓ ਚਲਾਉਣ ਵਾਲੇ ਸੱਤਿਅਮ ਸਿੰਘ ਦਾ ਕਹਿਣਾ ਹੈ, "ਇਹ ਮਸਲਾ ਸਿਰਫ਼ ਜੋਤੀ ਮੌਰਿਆ ਤੱਕ ਸੀਮਤ ਨਹੀਂ ਰਹਿ ਗਿਆ ਹੈ, ਇਸ ਦਾ ਅਸਰ ਉਨ੍ਹਾਂ ਕੁੜੀਆਂ ਜਾਂ ਵਿਆਹੁਤਾ ਮਹਿਲਾਵਾਂ 'ਤੇ ਪਿਆ ਹੈ, ਜੋ ਪੜ੍ਹਾਈ ਕਰਨਾ ਚਾਹੁੰਦੀਆਂ ਹਨ। ਹੁਣ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਨੇ ਪਿੱਤਰਵਾਦੀ ਮਾਨਸਿਕਤਾ ਨੂੰ ਹੋਰ ਮਜ਼ਬੂਤ ਕੀਤਾ ਹੈ।''
ਸੱਤਿਅਮ ਨੇ ਕਿਹਾ ਕਿ ਹਾਲ ਹੀ ਵਿੱਚ ਮਹਿਲਾਵਾਂ ਦੀ ਸਿੱਖਿਆ ਪ੍ਰਤੀ ਕੁਝ ਬਦਲਾਅ ਆਇਆ ਸੀ ਅਤੇ ਕਈ ਪਰਿਵਾਰਾਂ ਨੇ ਆਪਣੀਆਂ ਨੂੰਹਾਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਵੀ ਕੀਤਾ ਸੀ ਪਰ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਇਨ੍ਹਾਂ ਯਤਨਾਂ ਨੂੰ ਝਟਕਾ ਲੱਗੇਗਾ।
ਕੋਈ ਜਨਤਕ ਮੁਕੱਦਮਾ ਨਹੀਂ ਹੋਣਾ ਚਾਹੀਦਾ
ਪੰਜਾਬ ਯੂਨੀਵਰਸਿਟੀ ਦੇ ਵੂਮੈਨ ਸਟੱਡੀਜ਼ ਵਿਭਾਗ ਵਿੱਚ ਡਾਕਟਰ ਅਮੀਰ ਸੁਲਤਾਨਾ ਇੱਕ ਹੋਰ ਪਹਿਲੂ ਦੀ ਗੱਲ ਕਰਦੇ ਹਨ।
ਉਹ ਕਹਿੰਦੇ ਹਨ, "ਭਾਰਤੀ ਸੰਵਿਧਾਨ ਵਿੱਚ ਹਰੇਕ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਗਿਆ ਹੈ, ਤਾਂ ਇੱਕ ਮਹਿਲਾ ਨੂੰ ਇਸ ਤੋਂ ਕਿਵੇਂ ਵਾਂਝਾ ਰੱਖਿਆ ਜਾ ਸਕਦਾ ਹੈ।"
ਡਾਕਟਰ ਸੁਲਤਾਨਾ ਨੇ ਬੀਬੀਸੀ ਨੂੰ ਦੱਸਿਆ, "ਭਾਰਤ ਵਿੱਚ ਕਿੰਨੇ ਅਜਿਹੇ ਮਾਮਲੇ ਦੇਖਣ ਨੂੰ ਮਿਲ ਜਾਣਗੇ ਜਿੱਥੇ ਮਹਿਲਾਵਾਂ ਹੀ ਘਰ ਵਿੱਚ ਇਕੱਲੀਆਂ ਕਮਾਉਣ ਵਾਲੀਆਂ ਹੁੰਦੀਆਂ ਹਨ ਅਤੇ ਪਤੀ ਤੇ ਪਰਿਵਾਰ ਬੈਠ ਕੇ ਖਾ ਰਹੇ ਹੁੰਦੇ ਹਨ। ਉਹ ਘਰੇਲੂ ਹਿੰਸਾ ਬਰਦਾਸ਼ਤ ਕਰ ਰਹੀਆਂ ਹੁੰਦੀਆਂ ਹਨ, ਪਰ ਸੋਸ਼ਲ ਮੀਡੀਆ 'ਤੇ ਅਜਿਹੇ ਮਾਮਲਿਆਂ 'ਤੇ ਤਾਂ ਚਰਚਾ ਨਹੀਂ ਹੁੰਦੀ।''
"ਇਸ ਮਾਮਲੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਟ੍ਰਾਇਲ ਦੀ ਆਲੋਚਨਾ ਨਹੀਂ ਕਰਦਾ, ਜਦਕਿ ਇਹ ਨਿੱਜਤਾ ਦਾ ਮਾਮਲਾ ਹੈ ਅਤੇ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਕਾਨੂੰਨੀ ਸਹਾਰਾ ਲੈ ਕੇ ਆਪਣੀ ਲੜਾਈ ਲੜ ਸਕਦੀਆਂ ਹਨ।"
ਸੋਸ਼ਲ ਮੀਡੀਆ 'ਤੇ ਮਹਿਲਾ ਦੇ ਹੀ ਚਰਿੱਤਰ 'ਤੇ ਸਵਾਲ
ਦਿੱਲੀ ਦੀ ਅੰਬੇਡਕਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰੀ ਅਤੇ ਲਿੰਗਕ ਮੁੱਦਿਆਂ 'ਤੇ ਕੰਮ ਕਰ ਰਹੇ ਡਾਕਟਰ ਦੀਪਾ ਸਿਨ੍ਹਾ ਦਾ ਕਹਿਣਾ ਹੈ ਕਿ ਇਹ ਸਪਸ਼ਟ ਤੌਰ 'ਤੇ ਜੋਤੀ ਮੌਰਿਆ ਅਤੇ ਆਲੋਕ ਮੌਰਿਆ ਦਾ ਨਿੱਜੀ ਮਾਮਲਾ ਹੈ, ਜਿਸ 'ਤੇ ਕਿਸੇ ਨੂੰ ਕੁਝ ਬੋਲਣ ਦਾ ਕੋਈ ਮਤਲਬ ਨਹੀਂ।
"ਪਰ ਸੋਸ਼ਲ ਮੀਡੀਆ 'ਤੇ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਲੋਕ ਉੱਥੇ ਹੀ ਨਿਆਂ ਕਰਨਾ ਸ਼ੁਰੂ ਕਰ ਦਿੰਦੇ ਹਨ...ਲੋਕ ਮਹਿਲਾ ਦੇ ਅਕਸ ਅਤੇ ਚਰਿੱਤਰ 'ਤੇ ਸਵਾਲ ਉਠਾਉਣ ਲੱਗਦੇ ਹਨ।"
ਡਾਕਟਰ ਦੀਪਾ ਕਹਿੰਦੇ ਹਨ, "ਇੱਕ ਮਹਿਲਾ ਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ, ਬੱਚੇ ਅਤੇ ਪਰਿਵਾਰ ਦੀ ਦੇਖਭਾਲ ਕਰਨੀ ਚਾਹੀਦੀ ਹੈ, ਇਹ ਸਾਰੇ ਵਿਤਕਰੇ ਨੂੰ ਹੋਰ ਵਧਾ ਦਿੱਤਾ ਗਿਆ ਹੈ। ਇਹ ਮਹਿਲਾਵਾਂ ਪ੍ਰਤੀ ਸਮਾਜ ਦੀ ਸੋਚ ਨੂੰ ਦਰਸਾਉਂਦਾ ਹੈ।"
ਦੀਪਾ ਸਿਨ੍ਹਾ, ਤੇਲੰਗਾਨਾ ਦੇ ਸਕੂਲਾਂ ਵਿੱਚ ਕੀਤੀ ਗਈ ਰਿਸਰਚ ਦਾ ਉਦਾਹਰਣ ਦਿੰਦੇ ਹਨ।
ਉਹ ਦੱਸਦੇ ਹਨ ਕਿ ਜੇਕਰ ਸਕੂਲ ਵਿੱਚ ਕੋਈ ਮੁੰਡਾ ਕੰਧ 'ਤੇ ਕਿਸੇ ਕੁੜੀ ਦਾ ਨਾਮ ਲਿਖ ਦਿੰਦਾ ਸੀ ਤਾਂ ਮਾਪੇ ਇੱਕ ਤੋਂ ਬਾਅਦ ਇੱਕ ਆਪਣੀਆਂ ਕੁੜੀਆਂ ਦੇ ਹੀ ਨਾਂ ਸਕੂਲ ਤੋਂ ਹਟਵਾ ਲੈਂਦੇ ਸਨ, ਕਿਉਂਕਿ ਹਰ ਚੀਜ਼ ਇੱਜ਼ਤ ਨਾਲ ਜੁੜ ਜਾਂਦੀ ਹੈ।
ਦੀਪਾ ਸਿਨ੍ਹਾ ਕਹਿੰਦੇ ਹਨ ਕਿ ਮਹਿਲਾਵਾਂ ਅਤੇ ਸਿਆਸਤਦਾਨਾਂ ਨੂੰ ਅਜਿਹੀਆਂ ਮਹਿਲਾਵਾਂ ਦੇ ਹੱਕਾਂ 'ਚ ਖੜ੍ਹੇ ਹੋਣਾ ਚਾਹੀਦਾ ਹੈ।
ਐਡਵੋਕੇਟ ਸੱਤਿਅਮ ਸਿੰਘ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਲਗਾਮ ਲਗਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਨਕਾਰਾਤਮਕ ਵਿਚਾਰਾਂ ਨੂੰ ਰੋਕਣ ਲਈ ਕੌਮੀ ਮਹਿਲਾ ਕਮਿਸ਼ਨ ਜਾਂ ਮਹਿਲਾਵਾਂ ਨਾਲ ਸਬੰਧਤ ਸੰਸਥਾਵਾਂ ਨੂੰ ਅਜਿਹੇ ਮਾਮਲਿਆਂ ਵਿੱਚ ਦਖ਼ਲ ਦੇਣਾ ਚਾਹੀਦਾ ਹੈ।