ਸਿਹਤਮੰਦ ਜ਼ਿੰਦਗੀ ਲਈ ਕਿੰਨਾ ਖਾਣਾ ਚਾਹੀਦਾ ਤੇ ਕਿੰਨੀ ਕਸਰਤ ਕਰਨੀ ਚਾਹੀਦੀ ਹੈ

    • ਲੇਖਕ, ਡਾਕਟਰ ਅਵਿਨਾਸ਼ ਬੋਂਦਵੇ
    • ਰੋਲ, ਸਿਹਤ ਮਾਹਰ

ਰਵਾਇਤੀ ਤਰੀਕੇ ਦੀ ਗੱਲ ਕਰੀਏ ਤਾਂ ਬਿਹਤਰ ਜ਼ਿੰਦਗੀ ਦਾ ਸੁਫ਼ਨਾ ਕੁਝ ਸੌਖਾ ਸੀ ਰੱਜ ਕੇ ਦੇਸੀ ਭੋਜਣ ਖਾਣਾ ਤੇ ਦੱਬ ਕੇ ਕੰਮ ਕਰਨਾ। ਪਰ ਹੁਣ ਦੇ ਜ਼ਮਾਨੇ ਵਿੱਚ ਬਹੁਤ ਚੀਜ਼ਾਂ ਦਾ ਮਸ਼ੀਨੀਕਰਨ ਹੋ ਚੁੱਕਿਆ ਹੈ।

ਕੀ ਕਦੇ ਸੋਚਿਆ ਕਿ ਸਾਡੀ ਮੌਜੂਦਾ ਜੀਵਨ ਸ਼ੈਲੀ ਜਿਸ ਵਿੱਚ ਜੇ ਅਸੀਂ ਕਸਰਤ ਨਾ ਕਰੀਏ ਤਾਂ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ।

ਅੱਜ ਦੇ ਯੁੱਗ ਵਿੱਚ ਬਹੁਤਾ ਕਰਕੇ ਕੱਪੜੇ ਧੌਣ ਤੇ ਸਾਫ਼-ਸਫ਼ਾਈ ਤੋਂ ਲੈ ਕੇ ਹੁਣ ਰੋਟੀ ਬਣਾਉਣ ਤੱਕ ਦੀਆਂ ਮਸ਼ੀਨਾਂ ਸਾਡੇ ਘਰਾਂ ਦਾ ਹਿੱਸਾ ਬਣ ਗਈਆਂ ਹਨ। ਇੱਕ ਪਾਸੇ ਕੰਮ ਘਟੇ ਹਨ ਤਾਂ ਦੂਜੇ ਪਾਸੇ ਖਾਣ ਵਾਲੇ ਪਦਾਰਥਾਂ ਦੀ ਗੁਣਵੱਤਾ ਵੀ ਘੱਟੀ ਹੈ।

ਘਰੇਲੂ ਕੰਮਾਂ ਦਾ ਬੋਝ ਘਟਿਆ ਹੈ। ਬੱਚਿਆਂ ਨੂੰ ਸਕੂਲ ਜਾਣ ਲਈ ਜਾਂ ਕਿਸੇ ਵੱਡੇ ਨੂੰ ਦਫ਼ਤਰ ਜਾਣ ਲਈ ਵੀ ਤੁਰਨ ਦੀ ਲੋੜ ਨਹੀਂ ਪੈਂਦੀ ਇਥੋਂ ਤੱਕ ਕਿ ਸਾਈਕਲ ਵਗੈਰਾ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ ਤੇ ਮੋਟਰ ਗੱਡੀਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।

ਅਸੀਂ ਘਰ ਵਿੱਚ ਲੋੜੀਂਦਾ ਰਾਸ਼ਨ ਜਾਂ ਹੋਰ ਸਮਾਨ ਵੀ ਔਨਲਈਨ ਆਰਡਰ ਕਰਕੇ ਮੰਗਵਾਉਣ ਦੀ ਤਾਕ ਵਿੱਚ ਰਹਿੰਦੇ ਹਾਂ। ਇਸ ਤਰ੍ਹਾਂ ਸਰੀਰਕ ਕਸਰਤ ਲਈ ਤਾਂ ਕਿਤੇ ਥਾਂ ਹੀ ਨਹੀਂ ਬਚਦੀ।

ਜ਼ਿੰਦਗੀ ਤੇਜ਼ ਹੋ ਗਈ ਹੈ ਪਰ ਸਰੀਰਕ ਕੰਮ-ਕਾਜ ਘੱਟ ਗਏ ਹਨ। ਇਹ ਸਭ ਸਾਡੀ ਸਿਹਤ ਦਾ ਦੁਸ਼ਮਣ ਬਣ ਰਿਹਾ ਹੈ। ਆਮ ਲੋਕਾਂ ਦੇ ਭਾਰ ਵੱਧਣ ਦੀ ਔਸਤਨ ਦਰ ਵੱਧ ਰਹੀ ਹੈ। ਇਸ ਦਾ ਸਰੀਰਕ ਤੇ ਮਾਨਸਿਕ ਸਿਹਤ ’ਤੇ ਬੁਰਾ ਅਸਰ ਪੈ ਰਿਹਾ ਹੈ।

ਹਾਲ ਹੀ ਵਿੱਚ ਜਾਰੀ ਕੀਤੇ ਗਏ ਆਈਸੀਐੱਮਆਰ ਅਧਿਐਨ ਮੁਤਾਬਕ, ਭਾਰਤ ਵਿੱਚ 10 ਕਰੋੜ ਤੋਂ ਵੱਧ ਸ਼ੂਗਰ ਰੋਗੀ ਅਤੇ 13.5 ਕਰੋੜ ਤੋਂ ਵੱਧ ਪ੍ਰੀਡਾਇਬਟਿਕਸ ਤੋਂ ਪੀੜਤ ਲੋਕ ਹਨ।

ਅੱਜ ਦੇ ਸਮੇਂ ਵਿੱਚ ਬਿਮਾਰੀਆਂ ਸਿਰਫ਼ ਵੱਡੀ ਉਮਰ ਦੇ ਲੋਕਾਂ ਤੱਕ ਹੀ ਨਹੀਂ ਬਲਕਿ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ।

ਸੰਤੁਲਿਤ ਖੁਰਾਕ, ਨਿਯਮਤ ਕਸਰਤ, ਸਹੀ ਸਮੇਂ 'ਤੇ ਸਹੀ ਨੀਂਦ, ਨਸ਼ਾ ਨਾ ਕਰਨਾ ਅਤੇ ਤਣਾਅ ਨੂੰ ਕੰਟਰੋਲ ਕਰਨਾ ਸਿਹਤ ਦੇ ਮੁੱਖ ਸੂਤਰ ਹਨ।

ਅੱਜ ਦੀ ਜੀਵਨ ਸ਼ੈਲੀ ਵਿੱਚ ਸਿਹਤ ਦੇ ਇਹ ਸਾਰੇ ਨਿਯਮ ਅੱਖੋ-ਪਰੋਖੇ ਹੋ ਰਹੇ ਹਨ। ਇਸ ਲਈ, ਜੀਵਨ ਸ਼ੈਲੀ ਨੂੰ ਬਦਲਣਾ ਇੱਕ ਸਿਹਤਮੰਦ ਜੀਵਨ ਦੀ ਕੁੰਜੀ ਹੈ।

1. ਚਾਰ ਵਾਰ ਸੀਮਤ ਅਤੇ ਸੰਤੁਲਿਤ ਖੁਰਾਕ

ਖੁਰਾਕ ਦੀ ਗੱਲ ਕਰੀਏ ਤਾਂ ਭਾਰਤੀ ਖੁਰਾਕ ਸਟਾਰਚ ਵਾਲੇ ਭੋਜਨ, ਚੀਨੀ ਅਤੇ ਘਿਓ ਨਾਲ ਬਹੁਤ ਜ਼ਿਆਦਾ ਭਰਪੂਰ ਹੈ। ਅਤੇ ਇਸ ਵਿੱਚ ਪ੍ਰੋਟੀਨ ਲੋੜ ਨਾਲੋਂ ਘੱਟ ਹੁੰਦੀ ਹੈ।

ਭਾਰਤੀ ਭੋਜਨ ਵਿੱਚ ਸਰੀਰ ਨੂੰ ਲੋੜ ਤੋਂ ਵੱਧ ਕੈਲੋਰੀ ਮਿਲਦੀ ਹੈ। ਆਮ ਤੌਰ 'ਤੇ ਇੱਕ ਬਾਲਗ ਨੂੰ 1500 ਕੈਲੋਰੀਆਂ ਦੀ ਜ਼ਰੂਰਤ ਹੁੰਦੀ ਹੈ, ਪਰ ਅਸੀਂ ਖਾਂਦੇ ਹਾਂ 2200 ਤੋਂ 2500 ਕੈਲੋਰੀਜ਼।

ਇਹ ਵਾਧੂ ਕੈਲੋਰੀ ਸਰੀਰ ਦੀ ਚਰਬੀ ਵਿੱਚ ਬਦਲ ਜਾਂਦੀ ਹੈ ਅਤੇ ਪੇਟ ਅਤੇ ਕਮਰ ਦੇ ਆਲੇ ਦੁਆਲੇ ਇਕੱਠੀ ਹੋ ਜਾਂਦੀ ਹੈ।

ਇਸ ਤੋਂ ਬਚਣ ਲਈ, ਆਪਣੇ ਹਰ ਦਿਨ ਦੇ ਭੋਜਨ ਨੂੰ 4 ਹਿੱਸਿਆਂ ਵਿੱਚ ਵੰਡੋ।

ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ, ਸ਼ਾਮ ਨੂੰ 4-5 ਵਜੇ ਕੁਝ ਸਨੈਕਸ ਅਤੇ ਰਾਤ ਦਾ ਖਾਣਾ 8-9 ਵਜੇ ਦੇ ਵਿਚਕਾਰ, ਖੁਰਾਕ ਵਿੱਚ 30 ਪ੍ਰਤੀਸ਼ਤ ਸਟਾਰਚ ਵਾਲਾ ਭੋਜਨ, 25 ਪ੍ਰਤੀਸ਼ਤ ਚਰਬੀ ਵਾਲਾ ਭੋਜਨ ਅਤੇ 45 ਪ੍ਰਤੀਸ਼ਤ ਪ੍ਰੋਟੀਨ ਹੋਣਾ ਚਾਹੀਦਾ ਹੈ।

ਪ੍ਰੋਟੀਨ, ਸ਼ਾਕਾਹਾਰੀ ਭੋਜਨ ਵਿੱਚ ਦਾਲਾਂ, ਸਾਬਤ ਅਨਾਜਾਂ ਵਿੱਚ ਹੁੰਦਾ ਹੈ ਤੇ ਜੇ ਮਾਸਾਹਾਰੀ ਹੋ ਤਾਂ ਅੰਡੇ, ਚਿਕਨ ਅਤੇ ਮੀਟ ਵਿੱਚ ਮੌਜੂਦ ਹੁੰਦਾ ਹੈ।

ਫ਼ਾਈਬਰ ਪੱਤੇਦਾਰ ਸਬਜ਼ੀਆਂ ਤੇ ਤਾਜ਼ੇ ਫਲਾਂ ਨਾਲ ਹਾਸਿਲ ਹੁੰਦਾ ਹੈ।

ਅੱਜ ਕੱਲ੍ਹ ਬਾਜ਼ਾਰ ਵਿੱਚ ਪੀਜ਼ਾ, ਬਰਗਰ ਵਰਗੇ ਫਾਸਟ ਫੂਡ, ਜੰਕ ਫੂਡ ਜਿਵੇਂ ਵੜਾ, ਸਮੋਸਾ ਅਤੇ ਬੇਕਰੀ ਉਤਪਾਦ ਜਿਵੇਂ ਚਾਕਲੇਟ, ਕੇਕ, ਬਿਸਕੁਟ ਉਪਲੱਬਧ ਹਨ।

ਇਨ੍ਹਾਂ ਖਾਧ ਪਦਾਰਥਾਂ ਤੋਂ ਮਿਲਣ ਵਾਲੀਆਂ ਵਾਧੂ ਕੈਲੋਰੀ ਕਾਰਨ ਮੋਟਾਪਾ ਵੱਧਦਾ ਹੈ। ਅਜਿਹੇ ਭੋਜਨਾਂ ਤੋਂ ਪਰਹੇਜ਼ ਕਰਨ ਨਾਲ ਜੀਵਨ ਸ਼ੈਲੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

2. ਨਿਯਮਤ ਕਸਰਤ

ਜੇ ਜੀਵਨਸ਼ੈਲੀ ਸੁਸਤ ਹੈ ਤਾਂ ਬਿਮਾਰੀਆਂ ਦਾ ਤੁਹਾਡੇ ਨੇੜੇ ਆਉਣਾ ਲਾਜ਼ਮੀ ਹੈ।

ਪਰ 35 ਤੋਂ 45 ਮਿੰਟ ਤੱਕ ਦੀ ਦਰਮਿਆਨੀ ਤੀਬਰਤਾ ਵਾਲੀ ਕਸਰਤ ਬਿਮਾਰੀਆਂ ਨੂੰ ਤੁਹਾਡੇ ਤੋਂ ਦੂਰ ਰੱਖ ਸਕਦੀ ਹੈ।

ਭਾਰਤ ਵਿੱਚ ਔਸਤਨ, 10 ਫ਼ੀਸਦ ਤੋਂ ਘੱਟ ਭਾਰਤੀ ਲੋਕ ਨਿਯਮਿਤ ਤੌਰ 'ਤੇ ਕਸਰਤ ਕਰਦੇ ਹਨ।

ਰੋਜ਼ਾਨਾ 4-6 ਕਿਲੋਮੀਟਰ ਤੇਜ਼ ਸੈਰ ਦੀ ਐਰੋਬਿਕ ਕਸਰਤ ਜਾਂ ਵੇਟ ਟਰੇਨਿੰਗ ਦੇ ਨਾਲ-ਨਾਲ ਜਿੰਮ ਵਿੱਚ 45 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ।

ਤੁਸੀਂ ਵੱਖ -ਵੱਖ ਦਿਨਾਂ ਵਿੱਚ ਅਲੱਗ-ਅਲੱਗ ਕਸਰਤ ਵੀ ਕਰ ਸਕਦੇ ਹੋ।

ਸੈਰ, ਦੌੜਨਾ, ਜਾਗਿੰਗ, ਸਾਈਕਲਿੰਗ, ਤੈਰਾਕੀ, ਪਹਾੜ ਚੜ੍ਹਣਾ ਵਰਗੀਆਂ ਐਰੋਬਿਕ ਕਸਰਤਾਂ ਭਾਰ ਘਟਾ ਸਕਦੀਆਂ ਹਨ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ਨੂੰ ਤੋਂ ਤੁਹਾਡਾ ਬਚਾ ਕਰ ਸਕਦੀਆਂ ਹਨ।

ਕਸਰਤ ਹੱਡੀਆਂ, ਜੋੜਾਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ।

ਸਿਹਤ ਦੇ ਪੰਜ ਸੂਤਰ

  • ਚੰਗੀ ਸਿਹਤ ਲਈ ਸੰਤੁਲਿਤ ਭੋਜਣ ਸਭ ਤੋਂ ਪਹਿਲੀ ਲੋੜ ਹੈ
  • ਰੋਜ਼ਾਨਾਂ 35 ਤੋਂ 45 ਮਿੰਟ ਤੱਕ ਦੀ ਦਰਮਿਆਨੀ ਤੀਬਰਤਾ ਵਾਲੀ ਕਸਰਤ ਬਿਮਾਰੀਆਂ ਨੂੰ ਤੁਹਾਡੇ ਤੋਂ ਦੂਰ ਰੱਖ ਸਕਦੀ ਹੈ।
  • ਸਰੀਰਕ ਤੇ ਮਾਨਸਿਕ ਸਿਹਤ ਲਈ ਲੋੜੀਂਦੀ ਨੀਂਦ ਲੈਣੀ ਬਹੁਤ ਅਹਿਮ ਹੈ
  • ਸਿਗਰਟਨੋਸ਼ੀ ਤੇ ਹੋਰ ਨਸ਼ੇ ਦਿਲ ਦੀਆਂ ਬਿਮਾਰੀਆਂ ਦੇ ਨਾਲ ਨਾਲ ਬਲੱਡ-ਪ੍ਰੈਸ਼ਰ ਲਈ ਵੀ ਨੁਕਸਾਨਦੇਹ ਹੁੰਦੇ ਹਨ
  • ਮਾਨਸਿਕ ਤਣਾਅ ਨੂੰ ਕਾਬੂ ਵਿੱਚ ਰੱਖਣ ਲਈ ਲੋੜੀਂਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਓ ਤੋ ਕਸਰਤ ਕਰੋ।

3. ਸੌਣਾ ਅਤੇ ਆਰਾਮ ਕਰਨਾ

ਕਾਰੋਬਾਰ ਲਈ ਦਿਨ-ਰਾਤ ਕੰਮ ਕਰਨਾ, ਦੇਰ ਰਾਤ ਤੱਕ ਟੀਵੀ ਦੇਖਣਾ, ਮੋਬਾਈਲ ਅਤੇ ਕੰਪਿਊਟਰ ਵਿੱਚ ਸੋਸ਼ਲ ਮੀਡੀਆ ਦਾ ਆਨੰਦ ਲੈਣਾ ਜਾਂ ਪਾਰਟੀਆਂ, ਕਲੱਬਾਂ ਵਿੱਚ ਰਾਤ ਤੱਕ ਰੁੱਝੇ ਰਹਿਣਾ, ਇਹ ਆਦਤਾਂ ਸਿਹਤਮੰਦ ਜ਼ਿੰਦਗੀ ਦੇ ਹੱਕ ਵਿੱਚ ਨਹੀਂ ਹਨ।

ਨਤੀਜੇ ਵਜੋਂ, ਰਾਤ ਨੂੰ ਦੇਰ ਨਾਲ ਸੌਣ ਅਤੇ ਪੂਰੀ ਨੀਂਦ ਲਏ ਬਿਨਾਂ ਅਗਲੇ ਦਿਨ ਕੰਮ 'ਤੇ ਪਰਤਣ ਨਾਲ ਨੀਂਦ ਦੇ ਸਮੇਂ ਦੀ ਅਨਿਯਮਿਤਤਾ ਅਤੇ ਅਧੂਰਾਪਨ ਵਧ ਗਿਆ ਹੈ।

ਨੀਂਦ ਦੀ ਕਮੀ ਨਾਲ ਭਾਰ ਵਧਦਾ ਹੈ, ਦਿਮਾਗ ਅਤੇ ਦਿਲ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਅਤੇ ਸਭ ਤੋਂ ਮਹੱਤਵਪੂਰਨ, ਤਣਾਅ ਨਿਯੰਤਰਣ ਕਰਨ ਦੀ ਸਮਰੱਥਾ ਵਿੱਚ ਕਮੀ ਆਉਂਦੀ ਹੈ।

ਸੌਣ ਵੇਲੇ ਮੋਬਾਈਲ ਫੋਨ, ਟੀਵੀ, ਕੰਪਿਊਟਰ ਦੀ ਵਰਤੋਂ ਕਰਨ ਨਾਲ ਇਨ੍ਹਾਂ ਦੇ ਰੇਡੀਏਸ਼ਨ ਕਾਰਨ ਦੇਰ ਤੱਕ ਨੀਂਦ ਨਹੀਂ ਆਉਂਦੀ।

ਇਸ ਲਈ ਰਾਤ ਨੂੰ 9-10 ਵਜੇ ਦੇ ਕਰੀਬ ਇਨ੍ਹਾਂ ਮਸ਼ੀਨਾਂ ਨੂੰ ਬੰਦ ਕਰਕੇ ਸੌਣਾਂ ਇੱਕ ਚੰਗੀ ਆਦਤ ਮੰਨੀ ਜਾਂਦੀ ਹੈ।

ਆਮ ਤੌਰ 'ਤੇ ਸਿਹਤ ਲਈ ਹਰ ਕਿਸੇ ਨੂੰ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਰਾਤ ਨੂੰ ਜਾਗਣ ਅਤੇ ਦੁਪਹਿਰ ਨੂੰ ਨੀਂਦ ਨਾ ਆਉਣ ਨਾਲ ਵੀ ਭਾਰ ਵਧਦਾ ਹੈ।

4. ਨਸ਼ਿਆਂ ਤੋਂ ਪਰਹੇਜ਼

ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ ਦਿਲ ਦੀ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਸਭ ਤੋਂ ਵੱਡਾ ਜੋਖਮ ਭਰਿਆ ਕਾਰਕ ਹਨ।

ਮੌਜੂਦਾ ਸਮੇਂ ਵਿੱਚ ਨਸ਼ੇ ਨੌਜਵਾਨਾਂ ਅਤੇ ਔਰਤਾਂ ਤੱਕ ਵੀ ਪਹੁੰਚ ਗਏ ਹਨ।

ਇਸ ਦੇ ਨਾਲ ਹੀ ਕੋਲਡ ਡਰਿੰਕਸ, ਕੋਲਾ ਡਰਿੰਕਸ, ਐਨਰਜੀ ਡਰਿੰਕਸ, ਕੋਲਡ ਕੌਫੀ ਵੀ ਭਾਰ ਵਧਣ ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ।

5. ਮਾਨਸਿਕ ਤਣਾਅ ਤੋਂ ਬਚੋ

ਅੱਜ ਦੀ ਜ਼ਿੰਦਗੀ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਕੋਈ ਨਾ ਕੋਈ ਤਣਾਅ ਹੁੰਦਾ ਹੈ ਅਤੇ ਇਹ ਲਗਾਤਾਰ ਵਧਦਾ ਹੀ ਰਹਿੰਦਾ ਹੈ।

ਤਣਾਅ ਜ਼ਿੰਦਗੀ ਵਿੱਚ ਰਹਿੰਦਾ ਹੀ ਹੈ ਤੇ ਇਸ ਨੂੰ ਮੁਕੰਮਲ ਤੌਰ ’ਤੇ ਖਤਮ ਨਹੀਂ ਕੀਤਾ ਜਾ ਸਕਦਾ, ਪਰ ਸਰੀਰ 'ਤੇ ਇਸ ਦੇ ਪ੍ਰਭਾਵ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ।

ਇਸ ਦੇ ਲਈ ਧਿਆਨ, ਯੋਗਾ, ਡੂੰਘੇ ਸਾਹ ਲੈਣ, ਆਰਾਮ ਕਰਨ ਦੀਆਂ ਤਕਨੀਕਾਂ ਦੀ ਵਰਤੋਂ ਕਰਨਾ ਕਾਰਗਰ ਸਾਬਤ ਹੋ ਸਕਦਾ ਹੈ।

ਆਪਣੇ ਦਿਨ ਦੇ ਕੰਮਾਂ ਲਈ ਇੱਕ ਸੌਖਾ ਜਿਹਾ ਟਾਈਮ-ਟੇਬਲ ਬਣਾਓ। ਵੱਖ-ਵੱਖ ਕੰਮਾਂ ਲਈ ਉਨ੍ਹਾਂ ਦੀ ਅਹਿਮੀਅਤ ਦੇ ਹਿਸਾਬ ਨਾਲ ਸਮਾਂ ਵੰਡੋ।

ਦਫਤਰ ਦਾ ਕੰਮ ਘਰ ਨਾ ਲਿਆਓ।

ਬੱਚਿਆਂ ਨਾਲ ਖੇਡਣਾ, ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਬਾਤ ਕਰਨਾ, ਪਾਲਤੂ ਜਾਨਵਰਾਂ ਨਾਲ ਖੇਡਣਾ, ਡਾਂਸ, ਸੰਗੀਤ, ਚਿੱਤਰਕਾਰੀ, ਮੂਰਤੀ ਕਲਾ ਵਰਗੀ ਕਲਾ ਪੈਦਾ ਕਰਨਾ, ਕੁਝ ਸ਼ੌਕ ਵਿਕਸਿਤ ਕਰਨ ਨਾਲ ਵੀ ਤਣਾਅ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।

ਜੀਵਨ ਸ਼ੈਲੀ ਵਿੱਚ ਇਹ ਬਦਲਾਅ ਕਰਨ ਨਾਲ ਜ਼ਿਆਦਾਤਰ ਬਿਮਾਰੀਆਂ ਦੂਰ ਹੋ ਸਕਦੀਆਂ ਹਨ, ਇਸ ਦੇ ਨਾਲ ਹੀ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਕਾਬੂ ਵਿੱਚ ਰਹਿੰਦੀਆਂ ਹਨ।

ਜੀਵਨ ਸ਼ੈਲੀ ਵਿੱਚ ਤਬਦੀਲੀਆਂ ਜਿਵੇਂ ਕਿ ਖੁਰਾਕ, ਕਸਰਤ, ਨੀਂਦ, ਨਸ਼ਿਆਂ ਤੋਂ ਬਚਣਾ ਅਤੇ ਤਣਾਅ ਦਾ ਪ੍ਰਬੰਧਨ ਚੰਗੀ ਸਿਹਤ ਦੀਆਂ ਕੁੰਜੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)