You’re viewing a text-only version of this website that uses less data. View the main version of the website including all images and videos.
ਹਨੀ ਸਿੰਘ ਦੇ ਨਵੇਂ ਗਾਣੇ ਵਿੱਚ ਅਸ਼ਲੀਲਤਾ ਨੂੰ ਲੈ ਕੇ ਹੋਇਆ ਵਿਵਾਦ ਭੋਜਪੁਰੀ ਗਾਇਕੀ ਦੇ ਮੌਜੂਦਾ ਵਰਤਾਰੇ ਬਾਰੇ ਕੀ ਦੱਸਦਾ ਹੈ
- ਲੇਖਕ, ਨਿਰਾਲਾ ਬਿਦੇਸੀਆ
- ਰੋਲ, ਬੀਬੀਸੀ ਲਈ
ਫਰਵਰੀ ਦੇ ਮਹੀਨੇ ਹੀ ਭੋਜਪੁਰੀ ਭਾਸ਼ੀ ਲੋਕ ਆਪਣੇ ਗੌਰਵ ਦੇ ਦਿਨ ਨੂੰ ਯਾਦ ਕਰਦੇ ਹਨ। ਸੋਸ਼ਲ ਮੀਡੀਆ 'ਤੇ ਪੋਸਟਾਂ ਵਿੱਚ ਇਸ ਖਾਸ ਦਿਨ ਦੇ ਜਸ਼ਨ ਮਨਾਉਂਦੇ ਵੇਖੇ ਜਾ ਸਕਦੇ ਹਨ।
ਦਰਅਸਲ 22 ਫਰਵਰੀ, 1963 ਨੂੰ ਪਹਿਲੀ ਭੋਜਪੁਰੀ ਫਿਲਮ 'ਹੇ ਗੰਗਾ ਮਾਇਆ ਤੋਹੇ ਪਿਆਰੀ ਚੜ੍ਹਈਬੋ' ਰਿਲੀਜ਼ ਹੋਈ ਸੀ।
ਇਸ ਫਿਲਮ ਨੇ ਭੋਜਪੁਰੀ ਸਿਨੇਮਾ ਦੀ ਵੱਖਰੀ ਹੋਂਦ ਕਾਇਮ ਕੀਤੀ ਅਤੇ ਨਾਲ ਹੀ ਭਵਿੱਖ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਇਸ ਫਿਲਮ ਰਾਹੀਂ ਗੀਤਕਾਰ ਸ਼ੈਲੇਂਦਰ ਅਤੇ ਸੰਗੀਤਕਾਰ ਚਿੱਤਰਗੁਪਤ ਦੀ ਜੋੜੀ ਨੇ ਭੋਜਪੁਰੀ ਗੀਤਾਂ ਅਤੇ ਸੰਗੀਤ ਦਾ ਰੁਖ਼ ਬਦਲ ਦਿੱਤਾ।
ਪਰ ਇਸ ਸਾਲ 22 ਫਰਵਰੀ ਦੇ ਦਿਨ ਭੋਜਪੁਰੀ ਬੋਲਣ ਵਾਲਿਆਂ ਦਾ ਵੱਡਾ ਹਿੱਸਾ ਵੱਖਰੇ ਅੰਦਾਜ਼ ਨਾਲ ਜਸ਼ਨ ਮਨਾ ਰਿਹਾ ਸੀ।
ਉਸ ਦਿਨ ਮਸ਼ਹੂਰ ਰੈਪਰ ਹਨੀ ਸਿੰਘ ਦਾ ਨਵਾਂ ਗੀਤ 'ਮੈਨਿਆਕ' ਰਿਲੀਜ਼ ਹੋਇਆ ਸੀ।
ਇਹ ਗਾਣਾ ਥੋੜੇ ਸਮੇਂ ਵਿੱਚ ਹੀ ਸ਼ੋੋਸਲ ਮੀਡੀਆ 'ਤੇ ਛਾ ਗਿਆ, ਗੀਤ ਵਿੱਚ ਹਨੀ ਸਿੰਘ ਨੇ ਭੋਜਪੁਰੀ ਤੜਕਾ ਵੀ ਲਗਾਇਆ ਸੀ।
ਹਾਲਾਂਕਿ ਇਹ ਜਲਦੀ ਹੀ ਆਲੋਚਕਾਂ ਦੇ ਨਿਸ਼ਾਨੇੇ 'ਤੇ ਆ ਗਿਆ, ਗਾਣੇ ਦੇ ਇੱਕ ਅੰਤਰੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।
ਇਸ ਗਾਣੇ ਦੇ ਹਿੱਸੇ ਨੂੰ ਰਾਗਿਨੀ ਵਿਸ਼ਵਕਰਮਾ ਨੇ ਗਾਇਆ ਹੈ। ਭੋਜਪੁਰੀ ਖੇਤਰ ਵਿੱਚ ਰਾਗਿਨੀ ਕੋਈ ਨਵਾਂ ਚਿਹਰਾ ਨਹੀਂ ਹੈ, ਪਿਛਲੇ ਕੁਝ ਸਾਲਾਂ ਤੋਂ ਉਹ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ 'ਤੇ ਪ੍ਰਸਿੱਧ ਹਨ।
ਇਸ ਇੱਕ ਹਿੱਸੇ ਨੇ ਹੀ ਗਾਣੇ ਨੂੰ ਵਿਵਾਦਾਂ ਵਿੱਚ ਘੇਰਿਆ ਹੈ।
ਇਸ ਹਿੱਸੇ ਦੇ ਵਿਵਾਦਾਂ ਵਿੱਚ ਹੋਣ ਦਾ ਕਾਰਨ ਹੈ, ਅਸ਼ਲੀਲਤਾ ਦਾ ਹੋਣਾ, ਭਾਵੇਂ ਕਿ ਭੋਜਪੁਰੀ ਗੀਤਾਂ ਵਿੱਚ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ।
ਕਈ ਸਾਲਾਂ ਤੋਂ ਭੋਜਪੁਰੀ ਗਾਇਕ ਔਰਤਾਂ ਦੇ ਵੱਖ-ਵੱਖ ਅੰਗਾਂ ਦੀ ਸੁੰਦਰਤਾ ਬਾਰੇ ਗਾ ਰਹੇ ਹਨ ਪਰ ਇਨ੍ਹਾਂ ਗੀਤਾਂ ਦੀਆਂ ਸਤਰਾਂ ਸੁੰਦਰਤਾ ਬਿਆਨ ਕਰਨ ਤੱਕ ਸੀਮਤ ਨਹੀਂ ਰਹੀਆਂ ਇਨ੍ਹਾਂ ਭੋਜਪੁਰੀ ਗੀਤਾਂ ਅੰਗਾਂ ਨੂੰ ਨੋਚ ਕੇ ਖਾਣ ਵਾਲੇ ਅੰਦਾਜ਼ ਵਿੱਚ ਸਰੋਤਿਆਂ ਅੱਗੇ ਪੇਸ਼ ਕਰਦੇ ਆ ਰਹੇ ਹਨ।
ਹਨੀ ਸਿੰਘ ਤੋਂ ਕਿਉਂ ਲੋਕ ਨਿਰਾਸ਼ ਹੋਏ
ਭੋਜਪੁਰੀ ਗਾਣਿਆਂ ਵਿੱਚ ਔਰਤਾਂ ਦੇ ਅੰਗਾਂ ਦਾ ਵਰਨਣ ਸਿਰਫ਼ ਬੋਲਾਂ ਤੱਕ ਸੀਮਤ ਨਹੀਂ ਰਿਹਾ ਹੈ, ਸਗੋਂ ਗੀਤਕਾਰ ਔਰਤ ਕਲਾਕਾਰਾਂ ਅਤੇ ਲੜਕੀਆਂ ਦੇ ਸਮੂਹਾਂ ਨੂੰ ਵੀ ਸਟੇਜ 'ਤੇ ਨਾਲ ਲੈ ਜਾਂਦੇ ਹਨ, ਤਾਂ ਕਿ ਜੋ ਉਹ ਗਾ ਰਹੇ ਹਨ, ਉਸਦਾ ਮਤਲਬ ਵੀ ਸਰੋਤਿਆਂ ਨੂੰ ਸਮਝਾ ਸਕਣ।
ਜੇਕਰ ਪੁਰਾਣੇ ਸਮੇਂ ਨੂੰ ਦੇਖਿਆ ਜਾਵੇ ਤਾਂ ਇਹ ਭੋਜਪੁਰੀ ਗਾਇਕੀ ਲਈ ਕੋਈ ਨਵੀਂ ਗੱਲ ਨਹੀਂ ਹੈ।
ਨਵੀਂ ਗੱਲ ਇਹ ਰਹੀ ਕਿ ਹੁਣ ਤੱਕ ਇਹ ਵੱਡੇ ਭੋਜਪੁਰੀ ਗਾਇਕ ਕਰ ਰਹੇ ਸਨ ਪਰ ਹੁਣ ਹਨੀ ਸਿੰਘ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਗੀਤ ਵਿੱਚ ਵਧੇਰੇ ਪੈਸੇ ਖਰਚ ਕੀਤੇ ਹਨ ਅਤੇ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਹੈ।
ਹਾਲਾਂਕਿ ਕੁਝ ਲੋਕ ਹਤਾਸ਼ ਹਨ ਕਿ ਹਨੀ ਸਿੰਘ ਵਰਗੇ ਵੱਡੇ ਨਾਮੀ ਗਾਇਕ ਨੇ ਭੋਜਪੁਰੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਪ੍ਰਚਲਿਤ ਕਲਚਰ ਨੂੰ ਕਿਉਂ ਅਪਣਾਇਆ? ਇਸ ਵਿੱਚ ਨਵਾਂਪਣ ਕੀ ਹੈ?
ਇਹ ਤਾਂ ਪਹਿਲਾਂ ਹੀ ਭੋਜਪੁਰੀ ਦੇ ਵੱਡੇ ਕਲਾਕਾਰ ਕਰ ਹੀ ਰਹੇ ਸਨ।
ਹਨੀ ਸਿੰਘ ਨੇ ਆਪਣੇ ਗੀਤ ਵਿੱਚ ਭੋਜਪੁਰੀ ਸੰਗੀਤ ਨੂੰ ਸ਼ਾਮਲ ਕੀਤਾ ਪਰ ਇੰਨੇ ਹਲਕੇ ਤਰੀਕੇ ਨਾਲ ਕਿਉਂ ਕੀਤਾ?
ਹਨੀ ਸਿੰਘ ਦਾ ਸਮਰਥਨ ਕਰਨ ਵਾਲਿਆਂ ਦੇ ਆਪਣੇ ਤਰਕ ਹਨ, ਭਾਵ ਕਿ ਭੋਜਪੁਰੀ ਵਿੱਚ ਪਹਿਲਾਂ ਹੀ ਅਜਿਹੇ ਗੀਤ ਹਨ, ਹਨੀ ਸਿੰਘ ਨੇ ਕੀ ਗਲਤ ਕੀਤਾ?
ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਹਨੀ ਸਿੰਘ ਨੇ ਘੱਟ ਪ੍ਰਸਿੱਧ ਗਾਇਕ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਭਰਾਰਿਆ ਹੈ।
ਭੋਜਪੁਰੀ ਸੰਗੀਤ ਨੂੰ ਇੰਨੇ ਵੱਡੇ ਪੱਧਰ 'ਤੇ ਪ੍ਰਸਿੱਧ ਬਣਾਇਆ ਹੈ।
ਭੋਜਪੁਰੀ ਜਨ ਕਲਚਰ ਦਾ ਹਿੱਸਾ ਹੈ ਪਰ
ਭੋਜਪੁਰੀ ਵਿੱਚ ਕੀਤੇ ਗਈ ਅਜਿਹੀ ਪੇਸ਼ਕਾਰੀ ਨਾਲ ਹਰ ਵਾਰ ਇਹੀ ਦਲੀਲ ਦਿੱਤੀ ਜਾਂਦੀ ਹੈ।
ਪਰ ਅਸਲੀਅਤ ਇੰਨੀ ਸਰਲ ਨਹੀਂ ਹੈ। ਭੋਜਪੁਰੀ ਸੰਗੀਤ ਨੂੰ ਕੋਈ ਖ਼ਾਸ ਜਾਣ-ਪਛਾਣ ਦੀ ਲੋੜ ਹੈ ਅਤੇ ਇਸ ਦੀ ਪ੍ਰਸਿੱਧੀ ਵੀ ਪਹਿਲਾਂ ਹੀ ਕਾਇਮ ਹੈ। ਹਰ ਹਫ਼ਤੇ ਭੋਜਪੁਰੀ ਦੇ ਗਾਣਿਆਂ ਨੂੰ ਲੱਖਾਂ ਵਿਊਜ਼ ਮਿਲਦੇ ਹਨ।
ਭੋਜਪੁਰੀ ਸੰਗੀਤ ਵਿੱਚ ਰੈਪ ਪਹਿਲੀ ਵਾਰ ਨਹੀਂ ਹੋ ਹੋਇਆ ਅਤੇ ਸੰਗੀਤ ਅੰਤਰਰਾਸ਼ਟਰੀ ਪੱਧਰ 'ਤੇ ਵੀ ਪਹਿਲਾਂ ਹੀ ਪਹੁੰਚ ਚੁੱਕਿਆ ਸੀ।
ਕੋਰੋਨਾ ਦੇ ਸਮੇਂ ਦੌਰਾਨ, ਡਾ. ਸਾਗਰ ਨੇ 'ਕਾ ਬਾ' ਸਿਰਲੇਖ ਹੇਠ ਗੀਤ ਲਿਖਿਆ ਸੀ, ਜਿਸਨੂੰ ਮਨੋਜ ਬਾਜਪਾਈ ਨੇ ਗਾਇਆ ਸੀ।
ਇਹ ਰੈਪ ਦੇ ਸਵਰੂਪ ਵਿੱਚ ਆਇਆ ਸੀ ਅਤੇ ਹਾਲ ਹੀ ਦੇ ਸਾਲਾਂ ਵਿੱਚ ਇੱਕ ਪ੍ਰਮੁੱਖ ਭੋਜਪੁਰੀ ਗੀਤ ਬਣ ਗਿਆ।
ਭੋਜਪੁਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਵਿੱਚ ਕੋਈ ਚੁਣੌਤੀ ਨਹੀਂ ਹੈ, ਭੋਜਪੁਰੀ ਗਾਇਕੀ ਪਹਿਲਾਂ ਹੀ ਆਪਣੀ ਪਹੁੰਚ ਦਰਜ ਕਰਵਾ ਚੁੱਕੀ ਹੈ।
ਸੁੰਦਰ ਪੋਪੋ ਤੋਂ ਲੈ ਕੇ ਰਾਜਮੋਹਨ ਅਤੇ ਰਾਗ ਡੀ ਮੀਤਰਿਊ ਤੱਕ, ਭੋਜਪੁਰੀ ਗਾਇਕੀ ਵਿੱਚ ਅਜਿਹੇ ਕਲਾਕਾਰਾਂ ਦੀ ਇੱਕ ਲੰਬੀ ਕਤਾਰ ਰਹੀ ਹੈ ਜੋ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਭੋਜਪੁਰੀ ਨੂੰ ਗਾ ਰਹੇ ਹਨ ਅਤੇ ਫੈਲਾ ਰਹੇ ਹਨ।
ਸੁੰਦਰ ਪੋਪੋ ਦੁਆਰਾ ਗਾਇਆ ਗਿਆ ਗੀਤ 'ਫੁੱਲੌਰੀ ਬਿਨਾਂ ਚਟਨੀ ਕੈਸੇ ਬਨੀ' 70 ਅਤੇ 80 ਦੇ ਦਹਾਕੇ ਵਿੱਚ ਦੁਨੀਆ ਭਰ ਵਿੱਚ ਪ੍ਰਸਿੱਧ ਹੋਇਆ ਸੀ। ਇਸ ਗੀਤ ਨੂੰ ਦੁਬਾਰਾ ਗਾ ਕੇ ਦੋ ਭਾਰਤੀ ਕਲਾਕਾਰਾਂ ਕੰਚਨ ਅਤੇ ਬਾਵਲਾ ਨੇ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕੀਤੀ।
ਭੋਜਪੁਰੀ ਗਾਣੇ ਕਦੇ ਚੋਟੀ ਦੇ ਹੁੰਦੇ ਸਨ
ਭੋਜਪੁਰੀ ਨੂੰ ਬਾਲੀਵੁੱਡ ਜਾਂ ਹਿੰਦੀ ਸਿਨੇਮਾ ਜਗਤ ਨਾਲ ਕਿਵੇਂ ਜੁੜਨਾ ਹੈ ਇਸ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਇਹ ਵੀ ਪਹਿਲਾਂ ਹੀ ਦਰਜ ਹੈ।
1948 ਵਿੱਚ ਆਈ ਦਿਲੀਪ ਕੁਮਾਰ ਅਤੇ ਕਾਮਿਨੀ ਕੌਸ਼ਲ ਦੀ ਫਿਲਮ 'ਨਦੀਆ ਕੇ ਪਾਰ' ਵਿੱਚ ਭੋਜਪੁਰੀ ਗਾਣੇ ਸਨ। ਉਹ ਗੀਤ ਭੋਜਪੁਰੀ ਦੇ ਗੀਤਕਾਰ ਅਤੇ ਕਵੀ ਮੋਤੀ ਬੀਏ ਦੁਆਰਾ ਲਿਖੇ ਗਏ ਸਨ।
ਇਸ ਤੋਂ ਬਾਅਦ 'ਮੈਂਨੇ ਪਿਆਰ ਕੀਆ', 'ਹਮ ਆਪਕੇ ਹੈਂ ਕੌਨ', 'ਗੈਂਗਸ ਆਫ ਵਾਸੇਪੁਰ' ਵਰਗੀਆਂ ਕਈ ਫਿਲਮਾਂ ਵਿੱਚ ਭੋਜਪੁਰੀ ਗਾਣੇ ਸਨ। ਪੰਡਿਤ ਰਵੀ ਸ਼ੰਕਰ ਨੇ ਭੋਜਪੁਰੀ ਵਿੱਚ ਸੰਗੀਤ ਦਿੱਤਾ। ਸ਼ੈਲੇਂਦਰ ਵਰਗੇ ਮਹਾਨ ਕਵੀ ਅਤੇ ਗੀਤਕਾਰ ਨੇ ਭੋਜਪੁਰੀ ਗੀਤ ਲਿਖੇ ਹਨ।
ਭੋਜਪੁਰੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜਨ ਸੱਭਿਆਚਾਰ ਦਾ ਦੂਰ ਹੋਣਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ, ਭੋਜਪੁਰੀ ਦੀ ਪ੍ਰਸਿੱਧੀ ਗੈਰ-ਭੋਜਪੁਰੀ ਬੋਲਣ ਵਾਲਿਆਂ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਪਰ ਉਸੇ ਰਫ਼ਤਾਰ ਨਾਲ ਭੋਜਪੁਰੀ ਬੋਲਣ ਵਾਲੇ ਲੋਕਾਂ ਦਾ ਵਰਗ ਵੀ ਇਸ ਤੋਂ ਕੱਟਿਆ ਗਿਆ ਹੈ।
ਇਹ ਜਨਤਾ ਤੱਕ ਪਹੁੰਚਣ ਦੀ ਦੌੜ ਵਿੱਚ ਸੀ ਕਿ ਭੋਜਪੁਰੀ ਗਾਇਕੀ ਨੇ ਆਪਣਾ ਰਸਤਾ ਬਦਲ ਲਿਆ। ਇਹਨਾਂ ਵਿੱਚੋਂ ਜ਼ਿਆਦਾਤਰ ਗਾਣੇ ਔਰਤਾਂ ਦੇ ਸਰੀਰਾਂ ਦੁਆਲੇ ਘੁੰਮਦੇ ਰਹੇ। ਜਿਵੇਂ ਹੀ ਔਰਤ ਦਾ ਸਰੀਰ ਕੇਂਦਰ ਵਿੱਚ ਆਇਆ, ਭੋਜਪੁਰੀ ਗੀਤਾਂ ਦਾ ਬਾਜ਼ਾਰ ਇੰਨਾ ਫੈਲ ਗਿਆ ਕਿ ਗੈਰ-ਭੋਜਪੁਰੀ ਬੋਲਣ ਵਾਲੇ ਵੀ ਵੱਡੇ ਪੱਧਰ 'ਤੇ ਭੋਜਪੁਰੀ ਗੀਤਾਂ ਨਾਲ ਜੁੜ ਗਏ।
ਭੋਜਪੁਰੀ ਗੀਤਾਂ ਦਾ ਇਹ ਕ੍ਰੇਜ ਸਰੋਤਿਆਂ ਤੋਂ ਲੈ ਕੇ ਕਲਾਕਾਰਾਂ ਤੱਕ ਫੈਲ ਗਿਆ। ਮੈਥਿਲੀ, ਅਵਧੀ, ਮਾਘੀ ਅਤੇ ਹਿੰਦੀ ਦੇ ਕਲਾਕਾਰ ਵੀ ਭੋਜਪੁਰੀ ਵੱਲ ਰੁੱਖ ਕਰਨ ਲੱਗੇ। ਅਚਾਨਕ ਭੋਜਪੁਰੀ ਸੰਗੀਤ ਜਗਤ ਵਿੱਚ ਕਲਾਕਾਰਾਂ ਦਾ ਹੜ੍ਹ ਆ ਗਿਆ। ਛੋਟੇ ਕਸਬਿਆਂ ਵਿੱਚ ਸਾਊਂਡ ਰਿਕਾਰਡਿੰਗ ਸਟੂਡੀਓ ਖੁੱਲ੍ਹਣੇ ਸ਼ੁਰੂ ਹੋ ਗਏ।
ਹਰ ਪਿੰਡ ਵਿੱਚ ਇੱਕ ਗਾਇਕ ਜਾ ਗਾਇਕਾ ਪੈਦਾ ਹੋਣ ਲੱਗਿਆ। ਭੋਜਪੁਰੀ ਸੰਗੀਤ ਗਾਇਕ ਬਣਨ ਦਾ ਆਸਾਨ ਫਾਰਮੂਲਾ ਬਣ ਗਿਆ। ਇੱਕ ਅਸ਼ਲੀਲ ਜਾ ਕਾਮੁਕ ਗੀਤ ਗਾਉਣਾ ਅਤੇ ਉਸੇ ਤਰੀਕੇ ਨਾਲ ਫਿਲਮਾਉਣਾ। ਜੇਕਰ ਅਸੀਂ ਭੋਜਪੁਰੀ ਦੇ ਇਸ ਰੁਝਾਨ 'ਤੇ ਨਜ਼ਰ ਮਾਰੀਏ, ਤਾਂ ਹਨੀ ਸਿੰਘ ਵੀ ਇਸ ਰੁਝਾਨ ਨਾਲ ਜੁੜਦੇ ਹਨ।
ਦੇਸ਼ ਅਤੇ ਦੁਨੀਆ ਵਿੱਚ ਪ੍ਰਸਿੱਧੀ ਕਮਾਉਣ ਤੋਂ ਬਾਅਦ, ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਇਹ ਹਨੀ ਸਿੰਘ ਦਾ ਨਵਾਂ ਪ੍ਰਯੋਗ ਹੈ ਜਾਂ ਇੱਕ ਪ੍ਰਸਿੱਧ ਪ੍ਰਯੋਗ ਦਾ ਦਾ ਹਿੱਸਾ ਬਣਨਾ ਹੈ।
ਹਨੀ ਸਿੰਘ ਦੇ ਪ੍ਰਯੋਗ ਨੂੰ ਨਵਾਂ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਦੋ ਪੰਜਾਬੀ ਕਲਾਕਾਰ ਭੋਜਪੁਰੀ ਵਿੱਚ ਅਜਿਹੀ ਹੀ ਪੇਸ਼ਕਾਰੀ ਕਰ ਚੁੱਕੇ ਹਨ।
ਇਸ ਬਾਰੇ ਭੋਜਪੁਰੀ ਫਿਲਮ ਨਿਰਦੇਸ਼ਕ ਨਿਤਿਨ ਚੰਦਰ ਕਹਿੰਦੇ ਹਨ, "ਇਸ ਲਈ ਸਿਰਫ਼ ਹਨੀ ਸਿੰਘ ਨੂੰ ਹੀ ਕਿਉਂ ਦੋਸ਼ੀ ਠਹਿਰਾਇਆ ਜਾਵੇ, ਇਸ ਤੋਂ ਪਹਿਲਾਂ ਬਾਦਸ਼ਾਹ ਵੀ ਅਜਿਹੀ ਪੇਸ਼ਕਾਰੀ ਕਰ ਚੁੱਕਾ ਹੈ। ਜਦੋਂ ਪ੍ਰਿਯੰਕਾ ਚੋਪੜਾ ਨੇ ਫਿਲਮ 'ਬਮ ਬਮ ਬੋਲ ਰਹਾ ਹੈ ਕਾਸ਼ੀ' ਬਣਾਈ ਸੀ, ਤਾਂ ਉਸ ਦੇ ਟ੍ਰੇਲਰ ਵਿੱਚ ਵੀ ਅਜਿਹਾ ਹੀ ਗੀਤ ਦਿਖਾਇਆ ਗਿਆ ਸੀ।"
ਨਿਤਿਨ ਚੰਦਰਾ ਕਹਿੰਦੇ ਹਨ, "ਹਨੀ ਸਿੰਘ ਦਾ ਭੋਜਪੁਰੀ ਨਾਲ ਅਸ਼ਲੀਲ ਪੇਸ਼ਕਾਰੀ ਦੁਖਦਾਈ ਨਹੀਂ ਹੈ। ਦੁੱਖ ਦੀ ਗੱਲ ਇਹ ਹੈ ਕਿ ਚੰਗੇ ਲੋਕ, ਪ੍ਰਭਾਵਸ਼ਾਲੀ ਲੋਕ, ਜਿਨ੍ਹਾਂ ਦੇ ਸ਼ਬਦਾਂ ਦਾ ਪ੍ਰਭਾਵ ਹੋ ਸਕਦਾ ਹੈ, ਉਹ ਕੁਝ ਨਹੀਂ ਕਹਿੰਦੇ। ਪ੍ਰਿਯੰਕਾ ਚੋਪੜਾ ਜਾਂ ਕਿਸੇ ਹੋਰ ਕਲਾਕਾਰ ਕੋਲ ਇਹ ਹਿੰਮਤ ਹੈ ਕਿ ਉਹ ਮਰਾਠੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਅਜਿਹੀ ਪੇਸ਼ਕਾਰੀ ਕਰ ਸਕਣ।"
ਨਿਤਿਨ ਚੰਦਰ ਕਿਸੇ ਦਾ ਨਾਮ ਨਹੀਂ ਲੈਂਦੇ। ਪਰ ਜੇਕਰ ਅਸੀਂ ਇਸਨੂੰ ਫਰੋਲਿਆ ਜਾਵੇ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿਨੇਮਾ ਅਤੇ ਸੰਗੀਤ ਨਾਲ ਜੁੜੇ ਭੋਜਪੁਰੀ ਖੇਤਰ ਦੇ ਮਸ਼ਹੂਰ ਲੋਕਾਂ ਨੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ ਗਾਇਕੀ ਛੱਡ ਦਿੱਤੀ ਹੈ। ਉਸ ਖਲਾਅ ਨੂੰ ਵੱਡੇ ਭੋਜਪੁਰੀ ਕਲਾਕਾਰਾਂ ਅਤੇ ਹੋਰ ਭਾਸ਼ਾਵਾਂ ਦੇ ਵੱਡੇ ਫਿਲਮ ਨਿਰਮਾਤਾਵਾਂ ਅਤੇ ਗਾਇਕਾਂ ਨੇ ਭਰਨਾ ਸ਼ੁਰੂ ਕਰ ਦਿੱਤਾ ਹੈ ।
ਇੱਕ ਸਮਾਂ ਸੀ ਜਦੋਂ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਮੁਕੇਸ਼, ਮਹਿੰਦਰ ਕਪੂਰ ਵਰਗੇ ਸਾਰੇ ਚੋਟੀ ਦੇ ਕਲਾਕਾਰ ਭੋਜਪੁਰੀ ਗਾ ਰਹੇ ਸਨ।
ਪੰਡਿਤ ਰਵੀ ਸ਼ੰਕਰ ਵਰਗੇ ਚੋਟੀ ਦੇ ਕਲਾਕਾਰ ਭੋਜਪੁਰੀ ਲਈ ਸੰਗੀਤ ਤਿਆਰ ਕਰ ਰਹੇ ਸਨ। ਸ਼ੈਲੇਂਦਰ ਅਤੇ ਮਜਰੂਹ ਸੁਲਤਾਨਪੁਰੀ ਵਰਗੇ ਕਵੀ ਭੋਜਪੁਰੀ ਗੀਤ ਲਿਖ ਰਹੇ ਸਨ।
ਇਹ ਸਭ ਇਸ ਲਈ ਸੰਭਵ ਹੋਇਆ ਕਿਉਂਕਿ ਭੋਜਪੁਰੀ ਭਾਸ਼ਾ ਖੇਤਰ ਤੋਂ ਆਏ ਡਾ. ਰਾਜੇਂਦਰ ਪ੍ਰਸਾਦ ਅਤੇ ਜਗਜੀਵਨ ਰਾਮ ਵਰਗੇ ਲੀਡਰ ਆਪਣੀ ਭਾਸ਼ਾ ਪ੍ਰਤੀ ਚਿੰਤਤ ਸਨ ਅਤੇ ਇਸਦੀ ਸੁੰਦਰਤਾ ਨੂੰ ਵਧਾਉਣ ਲਈ ਚਾਰਾਜੋਈ ਕਰ ਰਹੇ ਸਨ।
ਚਿੱਤਰਗੁਪਤ ਅਤੇ ਐਸ ਐਨ ਤ੍ਰਿਪਾਠੀ ਵਰਗੇ ਸੰਗੀਤਕਾਰ, ਹਿੰਦੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਬਾਵਜੂਦ, ਆਪਣੀ ਭਾਸ਼ਾ ਭੋਜਪੁਰੀ ਲਈ ਲਗਾਤਾਰ ਕੰਮ ਕਰ ਰਹੇ ਸਨ।
ਭੋਜਪੁਰੀ ਅਦਾਕਾਰਾਂ 'ਤੇ ਵੀ ਸਵਾਲ
ਭੋਜਪੁਰੀ ਜਹਤ ਵਿੱਚ ਪ੍ਰਕਾਸ਼ ਝਾਅ, ਮਨੋਜ ਬਾਜਪਾਈ ਅਤੇ ਪੰਕਜ ਤ੍ਰਿਪਾਠੀ ਦਾ ਦੌਰ ਆਇਆ।
ਇਨ੍ਹਾਂ ਭੋਜਪੁਰੀ ਕਲਾਕਾਰਾਂ ਦੀ ਮੌਜੂਦਗੀ ਦੇ ਬਾਵਜੂਦ, ਭਾਸ਼ਾ ਦਾ ਪੱਧਰ ਅਤੇ ਇਸਦੀ ਵਰਤੋਂ ਨਹੀਂ ਬਦਲੀ ਹੈ। ਬਹੁਤ ਸਾਰੇ ਕਲਾਕਾਰਾਂ ਨੂੰ ਭੋਜਪੁਰੀ ਵਿੱਚ ਕੰਮ ਕਰਨਾ ਆਪਣੇ ਕਰੀਅਰ ਨੂੰ ਸੀਮਤ ਕਰਨ ਵਾਂਗ ਜਾਪਦਾ ਸੀ।
ਇਸ ਸਭ ਦਾ ਇੱਕ ਨਤੀਜਾ ਇਹ ਨਿਕਲਿਆ ਕਿ ਅਦਾਕਾਰੀ ਦਾ ਕੋਈ ਗਿਆਨ ਨਾ ਹੋਣ ਦੇ ਬਾਵਜੂਦ ਵੀ ਲੋਕ ਅਚਾਨਕ ਭੋਜਪੁਰੀ ਵਿੱਚ ਸੁਪਰਸਟਾਰ ਅਦਾਕਾਰ ਬਣਨ ਲੱਗ ਪਏ ਅਤੇ ਆਟੋ-ਟਿਊਨ 'ਤੇ ਗਾਉਣ ਵਾਲੇ ਗਾਇਕਾਂ ਦੀ ਪ੍ਰਸਿੱਧੀ ਵਧ ਗਈ।
ਇਸ ਦੌਰਾਨ, ਔਰਤ ਦੇ ਸਰੀਰ ਨੂੰ ਕੇਂਦਰ ਵਿੱਚ ਰੱਖ ਕੇ ਗਾਣੇ ਅਤੇ ਫਿਲਮਾਂ ਦੋਵੇਂ ਬਣਨ ਲੱਗੀਆਂ।
ਜੇਕਰ ਅਸੀਂ ਇਸਨੂੰ ਇਸ ਤਰ੍ਹਾਂ ਵੇਖੀਏ, ਤਾਂ ਹਨੀ ਸਿੰਘ ਨੇ ਫਿਰ ਤੋਂ ਭੋਜਪੁਰੀ ਸੰਗੀਤ ਨੂੰ ਉਸੇ ਜਗਾਂ 'ਤੇ ਵਾਪਸ ਲਿਆਂਦਾ ਹੈ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ