ਹਿਊਮਨ ਐਟਲਸ: ਸਰੀਰ ਦਾ ਅਜਿਹਾ ਨਕਸ਼ਾ ਜੋ ਬਿਮਾਰੀ ਨੂੰ ਆਮ ਟੈਸਟ ਰਾਹੀਂ ਫੜ੍ਹਨ 'ਚ ਮਦਦਗਾਰ ਹੋਵੇਗਾ

ਮਨੁੱਖੀ ਸੱਭਿਅਤਾਵਾਂ ਨੇ ਸ਼ੁਰੂ ਤੋਂ ਹੀ ਸੰਸਾਰ ਨੂੰ ਸਮਝਣ ਲਈ ਨਕਸ਼ੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ।

ਦਰਿਆਵਾਂ ਅਤੇ ਪਹਾੜਾਂ ਤੋਂ ਲੈ ਕੇ ਬ੍ਰਹਿਮੰਡ ਦੀ ਸਟੀਕ ਤਸਵੀਰ ਲੈਣ ਲਈ ਵਿਗਿਆਨੀ ਨਕਸ਼ੇ ਬਣਾਉਂਦੇ ਰਹੇ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਵਿਗਿਆਨੀ ਮਨੁੱਖੀ ਸਰੀਰ ਦੀ ਬੁਨਿਆਦੀ ਬਣਤਰ ਨੂੰ ਸਮਝਣ ਲਈ ਨਕਸ਼ੇ ਬਣਾ ਰਹੇ ਹਨ।

ਇਹ ਸਮਝਣ ਲਈ ਕਿ ਮਨੁੱਖੀ ਜੀਨ ਕਿਵੇਂ ਕੰਮ ਕਰਦੇ ਹਨ, ਛੇ ਦੇਸ਼ਾਂ ਦੇ ਵਿਗਿਆਨੀਆਂ ਨੇ 1990 ਵਿੱਚ ਮਨੁੱਖੀ ਜੀਨੋਮ ਪ੍ਰੋਜੈਕਟ ਸ਼ੁਰੂ ਕੀਤਾ ਸੀ।

ਲਗਭਗ ਦਸ ਸਾਲਾਂ ਵਿੱਚ, ਉਨ੍ਹਾਂ ਨੇ ਮਨੁੱਖੀ ਸਰੀਰ ਵਿੱਚ ਜੀਨਾਂ ਅਤੇ ਕ੍ਰੋਮੋਸੋਮਜ਼ ਦੀ ਬਣਤਰ ਦਾ ਨਕਸ਼ਾ ਬਣਾ ਲਿਆ ਹੈ।

ਇਹ ਇੱਕ ਕ੍ਰਾਂਤੀਕਾਰੀ ਪ੍ਰਾਪਤੀ ਸੀ ਕਿਉਂਕਿ ਇਹ ਜਾਣਕਾਰੀ ਦੁਨੀਆ ਭਰ ਦੇ ਮੈਡੀਕਲ ਖੇਤਰ ਵਿੱਚ ਵਰਤੀ ਜਾਣ ਲੱਗੀ।

ਪਰ ਜੀਨੋਮ ਪ੍ਰੋਜੈਕਟ ਸਿਰਫ ਇੱਕ ਸ਼ੁਰੂਆਤ ਸੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰੀਰ ਵਿੱਚ ਜੋ ਵੀ ਹੁੰਦਾ ਹੈ, ਉਹ ਸਰੀਰ ਦੇ ਸੈੱਲਾਂ ਯਾਨਿ ਕੋਸ਼ਿਕਾਵਾਂ ਦੀ ਬਣਤਰ 'ਤੇ ਨਿਰਭਰ ਕਰਦਾ ਹੈ।

ਉਹ ਕਿਵੇਂ ਬਣਦੇ ਹਨ, ਉਹ ਕਿਵੇਂ ਕੰਮ ਕਰਦੇ ਹਨ? ਇਹ ਵਿਗਿਆਨ ਲਈ ਇੱਕ ਮਹੱਤਵਪੂਰਨ ਬੁਝਾਰਤ ਰਹੀ ਹੈ। ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਮਨੁੱਖੀ ਸੈੱਲ ਐਟਲਸ ਕੀ ਹੈ?

ਜੀਵਨ ਦਾ ਸਭ ਤੋਂ ਛੋਟਾ ਰੂਪ

ਹਿਊਮਨ ਸੈੱਲ ਜਾਂ ਮਨੁੱਖੀ ਕੋਸ਼ਿਕਾਵਾਂ ਦਾ ਨਕਸ਼ਾ ਬਣਾਉਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸੈੱਲ ਅਸਲ ਵਿੱਚ ਕੀ ਹਨ?

ਅਸੀਂ ਮਨੁੱਖੀ ਸੈੱਲ ਐਟਲਸ ਪ੍ਰੋਜੈਕਟ ਦੇ ਸਹਿ-ਮੁਖੀ ਅਵੀਵ ਰੇਗੇਵ ਨਾਲ ਗੱਲ ਕੀਤੀ। ਇਹ ਪ੍ਰੋਜੈਕਟ 2016 ਵਿੱਚ ਸ਼ੁਰੂ ਕੀਤਾ ਗਿਆ ਸੀ।

ਅਵੀਵ ਦੱਸਦੇ ਹਨ, "ਇੱਕ ਸੈੱਲ ਜੀਵਨ ਦਾ ਸਭ ਤੋਂ ਛੋਟਾ ਰੂਪ ਹੈ, ਇਸ ਦੇ ਅੰਦਰ ਸਾਡਾ ਜੈਨੇਟਿਕ ਕੋਡ ਹੁੰਦਾ ਹੈ। ਸੈੱਲ ਇਸ ਡੀਐੱਨਏ ਨੂੰ ਸਰਗਰਮ ਕਰਕੇ ਮੋਲੀਕਿਊਲ (ਅਣੂ) ਬਣਾਉਣ ਵਿੱਚ ਮਦਦ ਕਰਦੇ ਹਨ।

ਹਰੇਕ ਸੈੱਲ ਵਿੱਚ ਇੱਕ ਵੱਖਰੇ ਕਿਸਮ ਦੇ ਜੀਨ ਹੁੰਦੇ ਹਨ, ਜੋ ਸੈੱਲ ਨੂੰ ਦੱਸਦੇ ਹਨ ਕਿ ਕੀ ਕਰਨਾ ਹੈ।

ਜੇਕਰ ਕੋਸ਼ਿਕਾਵਾਂ ਯਾਨਿ ਸੈੱਲ ਠੀਕ ਤਰ੍ਹਾਂ ਕੰਮ ਕਰਨ ਤਾਂ ਅਸੀਂ ਸਿਹਤਮੰਦ ਰਹਿੰਦੇ ਹਾਂ ਪਰ ਜੇਕਰ ਜੀਨ ਇਨ੍ਹਾਂ ਸੈੱਲਾਂ ਨੂੰ ਗ਼ਲਤ ਨਿਰਦੇਸ਼ ਦੇਣ ਲੱਗ ਜਾਣ ਤਾਂ ਉਹ ਗ਼ਲਤ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਅਸੀਂ ਬੀਮਾਰ ਹੋ ਜਾਂਦੇ ਹਾਂ।

ਉਦਾਹਰਨ ਲਈ, ਇੱਕ ਸੈੱਲ ਹੈ, ਜੋ ਸਿਸਟਿਕ ਫਾਈਬਰੋਸਿਸ ਦਾ ਕਾਰਨ ਬਣਦਾ ਹੈ। ਇਹ ਇੱਕ ਖ਼ਾਨਦਾਨੀ ਰੋਗ ਹੈ ਜੋ ਫੇਫੜਿਆਂ ਅਤੇ ਪਾਚਨ ਪ੍ਰਣਾਲੀ ਵਿੱਚ ਸਮੱਸਿਆਵਾਂ ਪੈਦਾ ਕਰਦਾ ਹੈ।

ਇਸ ਬੀਮਾਰੀ ਦਾ ਕਾਰਨ ਬਣਨ ਵਾਲੇ ਜੀਨ ਦੀ ਪਛਾਣ ਤੀਹ ਸਾਲ ਪਹਿਲਾਂ ਕਰ ਲਈ ਗਈ ਸੀ। ਪਰ ਇਹ ਨਹੀਂ ਪਤਾ ਸੀ ਕਿ ਇਸ ਜੀਨ ਦੀਆਂ ਗ਼ਲਤ ਹਦਾਇਤਾਂ ਕਾਰਨ ਕਿਹੜੇ ਸੈੱਲ ਠੀਕ ਤਰ੍ਹਾਂ ਕੰਮ ਨਹੀਂ ਕਰਦੇ।

ਫਿਰ 2018 ਵਿੱਚ, ਅਤਿ-ਆਧੁਨਿਕ ਤਕਨਾਲੋਜੀ ਦੀ ਮਦਦ ਨਾਲ, ਅਵੀਵ ਰੇਗੇਵ ਸਮੇਤ ਕੁਝ ਵਿਗਿਆਨੀਆਂ ਨੇ ਇਸ ਵਿਸ਼ੇਸ਼ ਸੈੱਲ ਦੀ ਖੋਜ ਕਰ ਲਈ ਹੈ।

ਇਸ ਸੈੱਲ ਦੇ ਗ਼ਲਤ ਢੰਗ ਨਾਲ ਕੰਮ ਕਰਨ ਕਰਕੇ ਫੇਫੜਿਆਂ 'ਚ ਪਸ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਬੈਕਟੀਰੀਆ ਵਧਦੇ ਹਨ ਅਤੇ ਬੀਮਾਰੀਆਂ ਫੈਲਦੀਆਂ ਹਨ।

ਅਵੀਵ ਦਾ ਕਹਿਣਾ ਹੈ ਕਿ ਹਰੇਕ ਸੈੱਲ ਨੂੰ ਵਿਸਥਾਰ ਨਾਲ ਸਮਝਣ ਨਾਲ ਮਨੁੱਖੀ ਸਰੀਰ ਬਾਰੇ ਸਾਡੀ ਸਮਝ ਹੋਰ ਡੂੰਘੀ ਹੋ ਜਾਵੇਗੀ।

ਅਵੀਵ ਰੇਗੇਵ ਕਹਿੰਦੀ ਹੈ, “ਕਲਪਨਾ ਕਰੋ ਕਿ ਤੁਹਾਡੇ ਘਰ ਵਿੱਚ ਕਈ ਤਰ੍ਹਾਂ ਦੇ ਫਲ ਹਨ, ਕੇਲੇ, ਜਾਮੁਨ, ਅਨਾਰ। ਸਾਰੇ ਕੇਲੇ ਇੱਕੋ ਜਿਹੇ ਨਹੀਂ ਹੁੰਦੇ ਅਤੇ ਨਾ ਹੀ ਸਾਰੇ ਜਾਮੁਨ ਇੱਕੋ ਜਿਹੇ ਹੁੰਦੇ ਹਨ। ਸੈੱਲ ਵੀ ਇਸ ਤਰ੍ਹਾਂ ਦੇ ਹੁੰਦੇ ਹਨ।"

"ਜਾਂਚ ਦੌਰਾਨ, ਜਦੋਂ ਅਸੀਂ ਸੈੱਲਾਂ ਨੂੰ ਇਕੱਠਾ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਤਸਵੀਰ ਬਹੁਤ ਸਪੱਸ਼ਟ ਨਹੀਂ ਸੀ, ਕਿਉਂਕਿ ਸਾਡੇ ਸਰੀਰ ਵਿੱਚ ਲੱਖਾਂ, ਅਰਬਾਂ ਸੈੱਲ ਹਨ।"

ਇਸ ਨੂੰ ਇਸ ਤਰ੍ਹਾਂ ਸਮਝੋ ਕਿ ਸਾਰੇ ਫ਼ਲਾਂ ਨੂੰ ਬਲੈਂਡਰ ਵਿੱਚ ਪਾ ਕੇ ਪੀਸ ਲਈਏ ਤਾਂ ਕੀ ਹੋਵੇਗਾ। ਕੋਈ ਵੀ ਫ਼ਲ ਵੱਖਰੇ ਤੌਰ 'ਤੇ ਦਿਖਾਈ ਨਹੀਂ ਦੇਵੇਗਾ, ਪਰ ਹੁਣ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਅਸੀਂ ਹਰੇਕ ਸੈੱਲ ਨੂੰ ਵੱਖਰੇ ਤੌਰ 'ਤੇ ਦੇਖ ਸਕਾਂਗੇ।

ਅਸੀਂ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਜੀਨ ਪਰਿਵਰਤਨ (ਜੀਨ ਮਿਊਟੇਸ਼ਨ) ਇੱਕ ਕਾਰਨ ਹੈ ਕਿ ਸੈੱਲ ਸਹੀ ਢੰਗ ਨਾਲ ਕੰਮ ਨਹੀਂ ਕਰਦੇ। ਦੂਜਾ ਕਾਰਨ ਵਾਇਰਸ ਹੈ।

ਸੈੱਲ ਦੇ ਗ਼ਲਤ ਢੰਗ ਨਾਲ ਕੰਮ ਕਰਨ ਨਾਲ ਕੀ ਹੁੰਦਾ ਹੈ?

ਅਵੀਵ ਰੇਗੇਵ ਕਹਿੰਦੀ ਹੈ ਕਿ ਇਸ ਨਾਲ ਬਿਮਾਰੀ ਹੁੰਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਹੜਾ ਸੈੱਲ ਗ਼ਲਤ ਢੰਗ ਨਾਲ ਕੰਮ ਕਰ ਰਿਹਾ ਹੈ।

ਉਦਾਹਰਨ ਲਈ, ਜੇ ਸੈੱਲ ਬੇਕਾਬੂ ਤੌਰ 'ਤੇ ਵੰਡਣ ਲੱਗਦੇ ਹਨ, ਤਾਂ ਇਹ ਕੈਂਸਰ ਦਾ ਕਾਰਨ ਬਣਦੇ ਹਨ। ਇਸ ਕਾਰਨ ਫੋੜੇ ਹੋ ਜਾਂਦੇ ਹਨ।

ਕਿਹੜੀ ਬਿਮਾਰੀ ਹੋ ਸਕਦੀ ਹੈ ਇਹ ਨਿਰਭਰ ਕਰਦਾ ਹੈ ਕਿ ਕਿਹੜਾ ਸੈੱਲ ਗ਼ਲਤ ਕੰਮ ਕਰ ਰਿਹਾ ਹੈ। ਇਸ ਲਈ, ਸਾਡੇ ਲਈ ਹਰੇਕ ਕਿਸਮ ਦੇ ਸੈੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ।

ਇਹ ਦੁਨੀਆ ਦੇ ਅਭਿਲਾਸ਼ੀ ਪ੍ਰੋਜੈਕਟ ਹਿਊਮਨ ਸੈੱਲ ਐਟਲਸ ਦਾ ਉਦੇਸ਼ ਹੈ।

ਮਨੁੱਖੀ ਸੈੱਲ ਐਟਲਸ

ਸੈਰਾ ਟਾਇਕਮਨ ਮਨੁੱਖੀ ਸੈੱਲ ਐਟਲਸ ਪ੍ਰੋਜੈਕਟ ਦੀ ਦੂਜੀ ਸਹਿ-ਸੰਸਥਾਪਕ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਮਨੁੱਖੀ ਸੈੱਲ ਐਟਲਸ ਪ੍ਰੋਜੈਕਟ ਕਿਉਂ ਸ਼ੁਰੂ ਕੀਤਾ ਗਿਆ ਸੀ।

ਉਹ ਕਹਿੰਦੀ ਹੈ, "ਸਾਨੂੰ ਮਨੁੱਖੀ ਸਰੀਰ ਵਿੱਚ ਮੌਜੂਦ ਸਾਰੇ ਸੈੱਲਾਂ ਦਾ ਨਕਸ਼ਾ ਬਣਾਉਣ ਦੀ ਲੋੜ ਹੈ ਤਾਂ ਜੋ ਅਸੀਂ ਸਰੀਰ ਨੂੰ ਚੰਗੀ ਤਰ੍ਹਾਂ ਸਮਝ ਸਕੀਏ।"

"ਇਸ ਨਾਲ ਸਾਨੂੰ ਬਿਮਾਰੀਆਂ ਦੇ ਕਾਰਨਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਇਲਾਜ ਕਰਨ ਵਿੱਚ ਮਦਦ ਮਿਲੇਗੀ। ਇਹ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।"

ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਸੈੱਲ ਐਟਲਸ ਸਰੀਰ ਦਾ ਗੂਗਲ ਮੈਪ ਹੋਵੇਗਾ।

ਸੈਰਾ ਟਾਇਕਮਨ ਦਾ ਕਹਿਣਾ ਹੈ ਕਿ ਇਸ ਨੂੰ ਸਮਝਣ ਨਾਲ ਅਸੀਂ ਉਨ੍ਹਾਂ ਟਿਸ਼ੂਆਂ ਨੂੰ ਸਮਝ ਸਕਾਂਗੇ ਜਿਨ੍ਹਾਂ ਤੋਂ ਸਾਡੇ ਸਰੀਰ ਦੇ ਅੰਗ ਬਣਦੇ ਹਨ।

ਇਸਦਾ ਮਤਲਬ ਹੈ ਕਿ ਸੈੱਲ ਨੂੰ ਸਮਝਣ ਨਾਲ ਜੀਵ ਵਿਗਿਆਨ ਦੀ ਸਾਡੀ ਸਮਝ 'ਤੇ ਡੂੰਘਾ ਪ੍ਰਭਾਵ ਪਵੇਗਾ। ਇਸ ਨਾਲ ਬਿਮਾਰੀਆਂ ਦੇ ਇਲਾਜ ਲਈ ਨਵੀਂ ਤਕਨੀਕ ਅਤੇ ਦਵਾਈਆਂ ਬਣਾਉਣ ਵਿੱਚ ਮਦਦ ਮਿਲੇਗੀ।

ਹੁਣ ਆਧੁਨਿਕ ਤਕਨੀਕ ਦੀ ਮਦਦ ਨਾਲ ਸ਼ਕਤੀਸ਼ਾਲੀ ਮਾਈਕ੍ਰੋਸਕੋਪ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਸੈੱਲਾਂ ਅਤੇ ਅਣੂਆਂ ਨੂੰ ਦੇਖਿਆ ਜਾ ਸਕਦਾ ਹੈ। ਇਸ ਜਾਣਕਾਰੀ ਨੂੰ ਸ਼ਕਤੀਸ਼ਾਲੀ ਕੰਪਿਊਟਰਾਂ ਰਾਹੀਂ ਪ੍ਰੋਸੈਸ ਕੀਤਾ ਜਾ ਸਕਦਾ ਹੈ।

ਹਿਊਮਨ ਐਟਲਸ ਰਾਹੀਂ ਹੁਣ ਤੱਕ ਕੀਤੇ ਗਏ ਕੰਮ ਦੀ ਵਰਤੋਂ ਕੋਵਿਡ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਕੀਤੀ ਜਾ ਚੁੱਕੀ ਹੈ।

ਇਸ ਕੰਮ ਦੇ ਜ਼ਰੀਏ, ਵਿਗਿਆਨੀਆਂ ਨੇ ਪਤਾ ਲਗਾਇਆ ਸੀ ਕਿ ਵਾਇਰਸ ਸਾਡੀਆਂ ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦੇ ਹਨ।

ਜਨਤਕ ਸਿਹਤ ਨੀਤੀਆਂ ਇਸ ਜਾਣਕਾਰੀ ਤੋਂ ਪ੍ਰਭਾਵਿਤ ਹੋਈਆਂ ਅਤੇ ਇਸ ਆਧਾਰ 'ਤੇ ਮਾਸਕ ਪਹਿਨਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਇਹ ਖੋਜ ਸਿਰਫ਼ ਇੱਕ ਝਲਕ ਹੈ। ਜੇਕਰ ਸਾਡੇ ਕੋਲ ਮਨੁੱਖੀ ਸਰੀਰ ਦੇ ਸਾਰੇ ਸੈੱਲਾਂ ਦਾ ਨਕਸ਼ਾ ਆ ਜਾਵੇ ਤਾਂ ਉਹ ਬਹੁਤ ਲਾਭਦਾਇਕ ਹੋਵੇਗਾ।

ਇੱਕ ਸ਼ਕਤੀਸ਼ਾਲੀ ਮਾਈਕ੍ਰੋਸਕੋਪ ਰਾਹੀਂ ਅਸੀਂ ਇਹ ਦੇਖਣ ਅਤੇ ਸਮਝਣ ਦੇ ਯੋਗ ਹੋਵਾਂਗੇ ਕਿ ਸਾਡਾ ਸਰੀਰ ਕਿਹੜੇ ਤੱਤਾਂ ਤੋਂ ਬਣਿਆ ਹੈ। ਇਹ ਮਨੁੱਖੀ ਸੈੱਲ ਐਟਲਸ ਪ੍ਰੋਜੈਕਟ ਦਾ ਉਦੇਸ਼ ਹੈ।

ਇਹ ਪ੍ਰੋਜੈਕਟ ਅੰਤਰਰਾਸ਼ਟਰੀ ਸਹਿਯੋਗ 'ਤੇ ਆਧਾਰਿਤ ਹੈ। ਇਸ ਸਮੇਂ ਦੌਰਾਨ, ਅਣਗਿਣਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜਿਸ ਦਾ ਮੁਲਾਂਕਣ ਕਰਨਾ ਇੱਕ ਛੋਟੀ ਟੀਮ ਲਈ ਮੁਸ਼ਕਲ ਹੈ.

ਇਸ ਲਈ ਇਸ ਪ੍ਰਾਜੈਕਟ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਵਿਗਿਆਨੀਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ।

ਗਲੋਬਲ ਪੱਧਰ ਦਾ ਪ੍ਰੋਜੈਕਟ

ਸੈੱਲਾਂ ਦਾ ਨਕਸ਼ਾ ਯਾਨਿ ਮਨੁੱਖੀ ਸੈੱਲਾਂ ਦਾ ਨਕਸ਼ਾ ਤਿਆਰ ਕੀਤਾ ਜਾ ਰਿਹਾ ਹੈ, ਪਰ ਸੈੱਲ ਡੀਐੱਨਏ ਦੁਆਰਾ ਨਿਯੰਤਰਿਤ ਹੁੰਦੇ ਹਨ ਅਤੇ ਹਰ ਕਿਸੇ ਦਾ ਡੀਐੱਨਏ ਵੱਖਰਾ ਹੁੰਦਾ ਹੈ।

ਅਸੀਂ ਜਾਪਾਨ ਵਿੱਚ ਰੀਕੇਨ ਸੈਂਟਰ ਦੇ ਇੱਕ ਜੈਨੇਟਿਕਸਿਸਟ ਪਿਏਰੋ ਕਾਰਨਿੰਚੀ ਨਾਲ ਗੱਲ ਕੀਤੀ ਕਿ ਇਹ ਪ੍ਰਕਿਰਿਆ ਕਿੰਨੀ ਗੁੰਝਲਦਾਰ ਹੈ।

ਉਹ ਕਹਿੰਦੇ ਹਨ, "ਸਭ ਦੇ ਡੀਐੱਨਏ ਵੱਖਰੇ ਹੋਣ ਕਾਰਨ ਹਰ ਕਿਸੇ ਵਿੱਚ ਜਦੋਂ ਕੋਈ ਬਿਮਾਰੀ ਫੈਲਦੀ ਹੈ, ਤਾਂ ਉਨ੍ਹਾਂ ਦੇ ਸੈੱਲਾਂ ਦੀ ਪ੍ਰਤੀਕ੍ਰਿਆ ਵੱਖਰੀ ਹੁੰਦੀ ਹੈ।"

"ਉਦਾਹਰਨ ਲਈ, ਵੱਖ-ਵੱਖ ਆਬਾਦੀਆਂ ਵਿੱਚ ਸ਼ੂਗਰ ਦੀ ਪ੍ਰਕਿਰਤੀ ਥੋੜ੍ਹੀ ਵੱਖਰੀ ਹੁੰਦੀ ਹੈ। ਵਾਤਾਵਰਨ ਅਤੇ ਖਾਣ-ਪੀਣ ਦੀਆਂ ਆਦਤਾਂ ਵੀ ਇਸ ਨੂੰ ਪ੍ਰਭਾਵਿਤ ਕਰਦੀਆਂ ਹਨ।"

ਯਾਨਿ ਵਾਤਾਵਰਣ ਅਤੇ ਖਾਣ ਵਾਲੇ ਭੋਜਨ ਦੀ ਕਿਸਮ ਦਾ ਵੀ ਸਿਹਤ 'ਤੇ ਅਸਰ ਪੈਂਦਾ ਹੈ।

ਅਜਿਹੇ 'ਚ ਜੇਕਰ ਛੋਟੇ ਭਾਈਚਾਰੇ ਤੋਂ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਸ ਦਾ ਬਹੁਤਾ ਫਾਇਦਾ ਨਹੀਂ ਹੋਵੇਗਾ। ਇਸ ਲਈ ਵਿਆਪਕ ਅਧਿਐਨ ਦੀ ਲੋੜ ਹੈ।

ਪਿਏਰੋ ਕਾਰਨਿੰਚੀ ਦਾ ਕਹਿਣਾ ਹੈ ਕਿ ਅਸੀਂ ਅਜਿਹੀ ਦਵਾਈ ਨਹੀਂ ਬਣਾਉਣਾ ਚਾਹੁੰਦੇ ਜੋ ਦੁਨੀਆ ਦੀ ਆਬਾਦੀ ਦੇ ਇਕ ਛੋਟੇ ਜਿਹੇ ਹਿੱਸੇ 'ਤੇ ਹੀ ਅਸਰਦਾਰ ਸਾਬਤ ਹੋਵੇ। ਇਸ ਲਈ ਅਸੀਂ ਵੱਡੀ ਆਬਾਦੀ ਤੋਂ ਸਿਹਤਮੰਦ ਅਤੇ ਬਿਮਾਰ ਲੋਕਾਂ ਦੇ ਨਮੂਨੇ ਇਕੱਠੇ ਕਰਨਾ ਚਾਹੁੰਦੇ ਹਾਂ।

ਸਿਹਤ ਸੇਵਾਵਾਂ ਦੇ ਲੋਕਤੰਤਰੀਕਰਨ ਦਾ ਮੁੱਦਾ ਵੀ ਇਸ ਨਾਲ ਜੁੜਿਆ ਹੋਇਆ ਹੈ। ਜੇਕਰ ਇਹ ਡਾਟਾ ਗਰੀਬ ਦੇਸ਼ਾਂ ਦੇ ਡਾਕਟਰਾਂ ਅਤੇ ਵਿਗਿਆਨੀਆਂ ਨਾਲ ਸਾਂਝਾ ਕੀਤਾ ਜਾਵੇ ਤਾਂ ਉਹ ਵੱਧ ਤੋਂ ਵੱਧ ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾ ਸਕਣਗੇ।

ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਦੁਨੀਆ ਭਰ ਦੇ ਵਿਗਿਆਨੀਆਂ ਨੂੰ ਇਕੱਠਾ ਕਰਨਾ ਕਿੰਨਾ ਮੁਸ਼ਕਲ ਸੀ?

ਪਿਏਰੋ ਕਾਰਾਨਿੰਚੀ ਨੇ ਇਸ ਬਾਰੇ ਕਿਹਾ, "ਦੁਨੀਆ ਭਰ ਦੇ ਵਿਗਿਆਨੀਆਂ ਅਤੇ ਡਾਕਟਰਾਂ ਨੂੰ ਇਸ ਪ੍ਰੋਜੈਕਟ ਬਾਰੇ ਸਮਝਾਉਣਾ ਅਤੇ ਨਮੂਨੇ ਇਕੱਠੇ ਕਰਨਾ, ਉਨ੍ਹਾਂ ਨੂੰ ਇਸ ਦੇ ਵਿਸ਼ਲੇਸ਼ਣ ਵਿੱਚ ਮਦਦ ਕਰਨ ਲਈ ਰਾਜ਼ੀ ਕਰਨਾ ਅਤੇ ਉਨ੍ਹਾਂ ਨਾਲ ਤਾਲਮੇਲ ਸਥਾਪਤ ਕਰਨਾ ਚੁਣੌਤੀਪੂਰਨ ਸੀ। ਇਸ ਵਿੱਚ ਭਾਸ਼ਾ ਦੀ ਸਮੱਸਿਆ ਵੀ ਸੀ।"

ਇਸ ਕੰਮ ਵਿੱਚ ਕਈ ਭਾਸ਼ਾਈ, ਸੱਭਿਆਚਾਰਕ ਅਤੇ ਸਰਕਾਰੀ ਸਮੱਸਿਆਵਾਂ ਹਨ। ਲੋਕਾਂ ਦੀ ਸਿਹਤ ਜਾਣਕਾਰੀ ਜਾਂ ਡੇਟਾ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇਗਾ ਇਸ ਬਾਰੇ ਵੀ ਚਿੰਤਾਵਾਂ ਹਨ। ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਇਹ ਇੱਕ ਬਹੁਤ ਹੀ ਉਤਸ਼ਾਹੀ ਪ੍ਰੋਜੈਕਟ ਹੈ।

ਸਮੱਸਿਆਵਾਂ ਦੇ ਬਾਵਜੂਦ, ਇਹ ਵਿਗਿਆਨੀਆਂ ਲਈ ਇੰਨਾ ਆਕਰਸ਼ਕ ਹੈ ਕਿ 94 ਦੇਸ਼ਾਂ ਦੇ ਤਿੰਨ ਹਜ਼ਾਰ ਤੋਂ ਵੱਧ ਖੋਜਕਰਤਾ ਇਸ ਵਿੱਚ ਸ਼ਾਮਲ ਹੋਏ ਹਨ, ਪਰ ਇਹ ਵਿਹਾਰਕ ਤੌਰ 'ਤੇ ਕਿਵੇਂ ਕੰਮ ਕਰੇਗਾ ਅਤੇ ਮਰੀਜ਼ਾਂ 'ਤੇ ਇਸਦਾ ਕੀ ਪ੍ਰਭਾਵ ਹੋਵੇਗਾ?

ਮਨੁੱਖੀ ਸੈੱਲ ਐਟਲਸ ਦਾ ਕੀ ਲਾਭ ਹੋਵੇਗਾ?

ਹਿਊਮਨ ਸੈੱਲ ਐਟਲਸ ਪ੍ਰੋਜੈਕਟ ਦਾ ਉਦੇਸ਼ ਮਨੁੱਖੀ ਸਰੀਰ ਵਿੱਚ ਮੌਜੂਦ ਸਾਰੇ ਸੈੱਲਾਂ ਦਾ ਨਕਸ਼ਾ ਬਣਾਉਣਾ ਹੈ ਤਾਂ ਜੋ ਦੁਨੀਆ ਵਿੱਚ ਕਿਤੇ ਵੀ ਡਾਕਟਰਾਂ ਨੂੰ ਪਤਾ ਲੱਗ ਸਕੇ ਕਿ ਇੱਕ ਸਿਹਤਮੰਦ ਸੈੱਲ ਕਿਹੋ ਜਿਹਾ ਹੁੰਦਾ ਹੈ।

ਸ਼ੌਨ ਰੈਂਡਲ, ਸਟੈਨਫੋਰਡ ਯੂਨੀਵਰਸਿਟੀ ਵਿੱਚ ਪੈਥੋਲੋਜੀ ਅਤੇ ਇਮਯੂਨੋਲੋਜੀ ਦੇ ਪ੍ਰੋਫੈਸਰ, ਦੱਸਦੇ ਹਨ ਕਿ ਮਨੁੱਖੀ ਸੈੱਲ ਐਟਲਸ ਕਿਹੋ ਜਿਹਾ ਦਿਖਾਈ ਦੇਵੇਗਾ।

ਉਹ ਦੱਸਦੇ ਹਨ, "ਮਨੁੱਖੀ ਸਰੀਰ ਦੇ ਸਾਰੇ ਅੰਗਾਂ ਨੂੰ ਇਸ ਐਟਲਸ 'ਤੇ ਦਰਸਾਇਆ ਜਾਵੇਗਾ, ਉਨ੍ਹਾਂ ਵਿੱਚੋਂ ਕਿਸੇ 'ਤੇ ਕਲਿੱਕ ਕਰਕੇ ਤੁਸੀਂ ਇਸ ਦੀ ਡੂੰਘਾਈ ਵਿੱਚ ਜਾ ਸਕਦੇ ਹੋ।"

"ਇਸ ਵਿੱਚ ਤੁਸੀਂ ਟਿਸ਼ੂ ਦੀ ਤਸਵੀਰ ਦੇਖ ਸਕਦੇ ਹੋ। ਇਸ ਵਿੱਚ ਉਸ ਟਿਸ਼ੂ ਦੀਆਂ ਅਜਿਹੀਆਂ ਤਸਵੀਰਾਂ ਹੋਣਗੀਆਂ ਜੋ ਇਹ ਦੱਸਣਗੀਆਂ ਕਿ ਸਿਹਤਮੰਦ ਟੀਸ਼ੂ ਕਿਵੇਂ ਦਿਖਾਈ ਦਿੰਦਾ ਹੈ ਅਤੇ ਬਿਮਾਰ ਟੀਸ਼ੂ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ।"

ਸ਼ੌਨ ਦਾ ਕਹਿਣਾ ਹੈ ਕਿ ਇਹ ਐਟਲਸ ਮਨੁੱਖੀ ਸਰੀਰ ਦਾ ਗੂਗਲ ਮੈਪ ਜਾਂ ਇਕ ਤਰ੍ਹਾਂ ਦਾ ਵਿਸ਼ਾਲ ਡਿਕਸ਼ਨਰੀ ਹੋਵੇਗੀ ਜਿਸ ਵਿਚ ਹਰ ਸੈੱਲ ਬਾਰੇ ਜਾਣਕਾਰੀ ਮਿਲ ਸਕੇਗੀ।

ਸ਼ੌਨ ਰੈਂਡਲ ਨੇ ਕਿਹਾ ਕਿ ਇਸ ਵਿੱਚ ਵੱਖ-ਵੱਖ ਥਾਵਾਂ, ਪਿਛੋਕੜ ਅਤੇ ਵੱਖ-ਵੱਖ ਉਮਰਾਂ ਦੇ ਲੋਕਾਂ ਤੋਂ ਸੈੱਲ ਦੇ ਨਮੂਨੇ ਅਤੇ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ।

ਇਸ ਵਿਚ ਸਿਹਤਮੰਦ ਅਤੇ ਬਿਮਾਰ ਲੋਕਾਂ ਦੇ ਸੈਂਪਲ ਵੀ ਹੋਣਗੇ। ਇਸ ਐਟਲਸ ਦੀ ਮਦਦ ਨਾਲ ਅਸੀਂ ਵੱਖ-ਵੱਖ ਸੈੱਲਾਂ ਦੇ ਨਮੂਨਿਆਂ ਦੀ ਤੁਲਨਾ ਕਰਨ ਦੇ ਯੋਗ ਹੋ ਸਕਾਂਗੇ।

ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਸ ਜਾਣਕਾਰੀ ਦੀ ਮਦਦ ਨਾਲ ਡਾਕਟਰ ਬਹੁਤ ਜਲਦੀ ਬੀਮਾਰੀ ਦਾ ਪਤਾ ਲਗਾ ਸਕਣਗੇ।

ਯਾਨਿ, ਡਾਕਟਰ ਖ਼ੂਨ ਦੇ ਟੈਸਟਾਂ ਦੁਆਰਾ ਸੈੱਲਾਂ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਜੋ ਉਹ ਜਾਣ ਸਕਣ ਕਿ ਕਿਹੜਾ ਸੈੱਲ ਆਮ ਨਾਲੋਂ ਵੱਖਰਾ ਹੈ ਅਤੇ ਫਿਰ ਉਹ ਫ਼ੈਸਲਾ ਕਰਦੇ ਹਨ ਕਿ ਇਸਦਾ ਇਲਾਜ ਕਿਵੇਂ ਕਰਨਾ ਹੈ।

ਇਸ ਐਟਲਸ ਵਿਚ ਮੌਜੂਦ ਵਿਸ਼ਾਲ ਡੇਟਾਬੇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਬੀਮਾਰੀ ਦਾ ਗ਼ਲਤ ਅੰਦਾਜ਼ਾ ਜਾਂ ਗ਼ਲਤ ਨਿਦਾਨ ਨਹੀਂ ਹੋਵੇਗਾ।

ਸ਼ੌਨ ਰੈਂਡਲ ਦਾ ਕਹਿਣਾ ਹੈ ਕਿ ਉਦਾਹਰਨ ਲਈ ਹੈਪੇਟਾਈਟਸ ਦੀ ਬਿਮਾਰੀ। ਇਹ ਜਿਗਰ ਯਾਨਿ ਲੀਵਰ ਦੀ ਬਿਮਾਰੀ ਹੈ। ਅਸੀਂ ਜਾਣਦੇ ਹਾਂ ਕਿ ਇਹ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਹੋ ਸਕਦਾ ਹੈ ਜਾਂ ਇਹ ਜੈਨੇਟਿਕ ਕਾਰਨਾਂ ਕਰਕੇ ਵੀ ਹੋ ਸਕਦਾ ਹੈ।

ਉਹ ਕਹਿੰਦੇ ਹਨ ਕਿ ਇਸ ਦੇ ਵੱਖ-ਵੱਖ ਰੂਪ ਅਤੇ ਕਾਰਨ ਹੁੰਦੇ ਹਨ। ਇਸੇ ਤਰ੍ਹਾਂ ਇਲਾਜ ਵੀ ਵੱਖੋ-ਵੱਖਰੇ ਹਨ।

ਪਰ ਇਨ੍ਹਾਂ ਸਾਰੀਆਂ ਬਿਮਾਰੀਆਂ ਦੇ ਲੱਛਣ ਇੱਕੋ ਜਿਹੇ ਹਨ। ਇਸ ਪ੍ਰੋਜੈਕਟ ਵਿੱਚ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਧਾਰ 'ਤੇ ਅਸੀਂ ਵੱਖ-ਵੱਖ ਕਿਸਮਾਂ ਦੀਆਂ ਬਿਮਾਰੀਆਂ ਵਿੱਚ ਅੰਤਰ ਕਰ ਸਕਾਂਗੇ।

ਯਾਨਿ ਇਸ ਐਟਲਸ ਦੀ ਮਦਦ ਨਾਲ ਬੀਮਾਰੀ ਦੀ ਜਾਂਚ ਵੀ ਸਟੀਕ ਹੋਵੇਗੀ ਅਤੇ ਇਸ ਕਾਰਨ ਸਹੀ ਇਲਾਜ ਵੀ ਮਿਲ ਸਕੇਗਾ।

ਇੱਕ ਫਾਇਦਾ ਇਹ ਵੀ ਹੋਵੇਗਾ ਕਿ ਡਾਕਟਰਾਂ ਨੂੰ ਕੋਈ ਵਿਸ਼ੇਸ਼ ਟੈਸਟ ਨਹੀਂ ਕਰਵਾਉਣੇ ਪੈਣਗੇ, ਸਗੋਂ ਸਧਾਰਨ ਟੈਸਟਾਂ ਰਾਹੀਂ ਬਿਮਾਰੀ ਦਾ ਪਤਾ ਲੱਗ ਜਾਵੇਗਾ।

ਸ਼ੌਨ ਦਾ ਕਹਿਣਾ ਹੈ ਕਿ ਜੇਕਰ ਡਾਕਟਰਾਂ ਨੂੰ ਰੂਟੀਨ ਟੈਸਟ ਦੌਰਾਨ ਕਿਸੇ ਸੈੱਲ ਵਿੱਚ ਕੁਝ ਅਸਧਾਰਨ ਮਿਲਦਾ ਹੈ, ਤਾਂ ਉਹ ਐਟਲਸ ਵਿੱਚ ਮੌਜੂਦ ਸੈੱਲ ਡੇਟਾਬੇਸ ਨਾਲ ਤੁਲਨਾ ਕਰਕੇ ਬਿਮਾਰੀ ਦਾ ਪਤਾ ਲਗਾ ਸਕਦੇ ਹਨ।

ਹੁਣ ਅਸੀਂ ਆਪਣੇ ਮੁੱਖ ਸਵਾਲ 'ਤੇ ਵਾਪਸ ਆਉਂਦੇ ਹਾਂ... ਮਨੁੱਖੀ ਸੈੱਲ ਐਟਲਸ ਕੀ ਹੈ?

ਅਸੀਂ ਆਪਣੇ ਮਾਹਰਾਂ ਤੋਂ ਸੁਣਿਆ ਹੈ ਕਿ ਮਨੁੱਖੀ ਸੈੱਲ ਐਟਲਸ ਜਾਂ ਮਨੁੱਖੀ ਸੈੱਲਾਂ ਦਾ ਨਕਸ਼ਾ ਅਸਲ ਵਿੱਚ ਸਾਡੇ ਸਰੀਰ ਦੇ ਸਾਰੇ ਸੈੱਲਾਂ ਬਾਰੇ ਇੱਕ ਅਧਿਐਨ ਅਤੇ ਜਾਣਕਾਰੀ ਹੈ।

ਕਿਉਂਕਿ ਇਹ ਗਲੋਬਲ ਸਹਿਯੋਗ ਦੁਆਰਾ ਚਲਾਇਆ ਗਿਆ ਇੱਕ ਪ੍ਰੋਜੈਕਟ ਹੈ। ਇਸ ਤੋਂ ਅਸੀਂ ਜਾਣਾਂਗੇ ਕਿ ਵੱਖ-ਵੱਖ ਆਬਾਦੀਆਂ ਵਿੱਚ ਪਾਏ ਜਾਣ ਵਾਲੇ ਸੈੱਲਾਂ ਵਿੱਚ ਕੀ ਅੰਤਰ ਹੈ।

ਇਹ ਇਕ ਰੈਫਰੈਂਸ ਮੈਪ ਹੋਵੇਗਾ, ਜਿਸ ਦੀ ਮਦਦ ਨਾਲ ਡਾਕਟਰ ਬੀਮਾਰੀ ਦਾ ਜਲਦੀ ਪਤਾ ਲਗਾ ਸਕਣਗੇ।

ਇਸ ਦੇ ਲਾਭ ਹਾਲ ਹੀ ਵਿੱਚ ਕੋਵਿਡ ਮਹਾਂਮਾਰੀ ਦੇ ਦੌਰਾਨ ਨਜ਼ਰ ਆਏ ਸਨ, ਜਦੋਂ ਮਨੁੱਖੀ ਸੈੱਲ ਐਟਲਸ ਤੋਂ ਜਾਣਕਾਰੀ ਨੇ ਸਾਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਫੇਫੜੇ ਕਿਵੇਂ ਕੰਮ ਕਰਦੇ ਹਨ ਅਤੇ ਬਿਮਾਰੀ ਉਹਨਾਂ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ।

ਇਸ ਪ੍ਰੋਜੈਕਟ ਵਿੱਚ ਸੌ ਤੋਂ ਵੱਧ ਦੇਸ਼ਾਂ ਦੇ ਵਿਗਿਆਨੀ ਅਤੇ ਖੋਜਕਰਤਾ ਸ਼ਾਮਲ ਹਨ, ਇਸ ਲਈ ਸਾਰਿਆਂ ਵਿੱਚ ਤਾਲਮੇਲ ਬਣਾਈ ਰੱਖਣਾ ਚੁਣੌਤੀਪੂਰਨ ਹੈ। ਪਰ ਇਹ ਮੈਡੀਕਲ ਜਗਤ ਲਈ ਕ੍ਰਾਂਤੀਕਾਰੀ ਸਾਬਤ ਹੋ ਸਕਦਾ ਹੈ।

ਇਸ ਦੇ ਨਾਲ ਹੀ ਇਹ ਵਿਸ਼ਵ ਵਿੱਚ ਮੈਡੀਕਲ ਸੇਵਾਵਾਂ ਦੇ ਲੋਕਤੰਤਰੀਕਰਨ ਵੱਲ ਇੱਕ ਜ਼ਰੂਰੀ ਕਦਮ ਹੈ।

ਇਸ ਦੇ ਪੂਰਾ ਹੋਣ ਤੋਂ ਬਾਅਦ, ਸਾਰੇ ਦੇਸ਼ਾਂ, ਅਮੀਰ ਅਤੇ ਗਰੀਬ, ਕੋਲ ਬਿਮਾਰੀ ਦਾ ਪਤਾ ਲਗਾਉਣ ਲਈ ਇੱਕੋ ਜਿਹੀ ਜਾਣਕਾਰੀ ਜਾਂ ਕੁੰਜੀ ਹੋਵੇਗੀ।

ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਹਿਊਮਨ ਸੈੱਲ ਐਟਲਸ ਨਾ ਸਿਰਫ਼ ਮੈਡੀਕਲ ਜਗਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਬਦਲਾਅ ਲਿਆ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)