You’re viewing a text-only version of this website that uses less data. View the main version of the website including all images and videos.
ਦੀਵਾਲੀ ਸੁਰੱਖਿਅਤ ਕਿਵੇਂ ਹੋਵੇ: ਪਟਾਕਿਆਂ ਦੀ ਅੱਗ ਤੋਂ ਅੱਖਾਂ, ਕੰਨ ਤੇ ਚਮੜੀ ਦਾ ਇੰਝ ਕਰੋ ਬਚਾਅ
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਦੀਵਾਲੀ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਇੱਕ ਹੈ।
ਇਸ ਦਿਨ ਚਾਰੇ ਪਾਸੇ ਹੋ ਰਹੀ ਜਗ-ਮਗ, ਮਠਿਆਈਆਂ ਦਾ ਅਦਾਨ-ਪ੍ਰਦਾਨ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਦਾ ਹੈ।
ਪਰ ਦੀਵਾਲੀ ਦਾ ਇੱਕ ਹੋਰ ਪੱਖ਼ ਵੀ ਹੈ, ਜੋ ਉਦਾਸ ਅਤੇ ਦੁਖਦਾਈ ਹੋ ਸਕਦਾ ਹੈ।
ਇਸ ਤਿਉਹਾਰ ਮੌਕੇ ਜਸ਼ਨ ਦੇ ਨਾਲ ਸੰਭਾਵੀ ਸਿਹਤ ਖ਼ਤਰੇ ਵੀ ਆਉਂਦੇ ਹਨ, ਜੋ ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਮੰਦਭਾਗਾ ਬਣਾ ਸਕਦੇ ਹਨ।
ਇਨ੍ਹਾਂ ਖ਼ਤਰਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ, ਪਟਾਕਿਆਂ ਕਰ ਕੇ ਹੋਣ ਵਾਲੀਆਂ ਅਣ-ਹੋਣੀਆਂ ਅਤੇ ਦੀਵਾਲੀ ਤੋਂ ਬਾਅਦ ਹੋਣ ਵਾਲਾ ਪ੍ਰਦੂਸ਼ਣ ਸ਼ਾਮਲ ਹੈ।
ਇਹ ਉਹ ਸਮੱਸਿਆਵਾਂ ਹਨ, ਜਿਨ੍ਹਾਂ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।
ਇਹ ਯਕੀਨੀ ਬਣਾਉਣ ਲਈ ਕਿ ਦੀਵਾਲੀ ਖੁਸ਼ਹਾਲ ਅਤੇ ਸੁਰੱਖਿਅਤ ਹੋਵੇ, ਬੀਬੀਸੀ ਨੇ ਇਨ੍ਹਾਂ ਹਾਦਸਿਆਂ ਦੌਰਾਨ ਬਚਾਅ ਅਤੇ ਸਾਵਧਾਨੀਆਂ ਵਰਤਣ ਲਈ ਵੱਖ-ਵੱਖ ਮਾਹਰਾਂ ਨਾਲ ਗੱਲਬਾਤ ਕੀਤੀ ਹੈ।
ਕੀ ਕਹਿੰਦੇ ਹਨ ਚਮੜੀ ਦੇ ਮਾਹਰ ?
ਅੱਗ ਲੱਗਣ ਜਾਂ ਫਿਰ ਪਟਾਕਿਆਂ ਕਾਰਨ ਵਾਪਰੀ ਘਟਨਾ ’ਚ ਅਕਸਰ ਸੜਨ ਦਾ ਖ਼ਦਸ਼ਾ ਰਹਿੰਦਾ ਹੈ।
ਜੇਕਰ ਅਜਿਹੀ ਕੋਈ ਘਟਨਾ ਸਾਡੇ ਆਲੇ-ਦੁਆਲੇ ਵਾਪਰਦੀ ਹੈ ਤਾਂ ਅਕਸਰ ਸਭ ਤੋਂ ਪਹਿਲਾਂ ਬਰਫ਼ ਜਾਂ ਟੂਥਪੇਸਟ ਨੂੰ ਜ਼ਖ਼ਮ ’ਤੇ ਲਗਾਉਣ ਵੱਲ ਧਿਆਨ ਜਾਂਦਾ ਹੈ।
ਪਰ ਮਾਹਰਾਂ ਮੁਤਾਬਕ ਅਜਿਹਾ ਬਿਲਕੁਲ ਨਹੀਂ ਕਰਨ ਚਾਹੀਦਾ।
ਲਾਰਡ ਮਹਾਵੀਰ ਸਿਵਲ ਹਸਪਤਾਲ, ਲੁਧਿਆਣਾ਼ ਦੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਰੋਹਿਤ ਰਾਮਪਾਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਆਮ ਤੌਰ ’ਤੇ ਸੜਨ ਦੀ ਪੀੜ ਨੂੰ ਘਟਾਉਣ ਲਈ ਲੋਕ ਜ਼ਖ਼ਮ ’ਤੇ ਟੂਥਪੇਸਟ ਜਾਂ ਬਰਫ਼ ਲਗਾ ਲੈਂਦੇ ਹਨ ਪਰ ਅਜਿਹਾ ਕਰਨਾ ਜ਼ਖ਼ਮ ਨੂੰ ਹੋਰ ਵੀ ਖ਼ਰਾਬ ਕਰ ਸਕਦਾ ਹੈ ਕਿਉਂਕਿ ਇਹ ਦੋਵੇਂ ਤਰੀਕੇ ਲਾਗ ਦੇ ਖ਼ਤਰੇ ਨੂੰ ਵਧਾਉਂਦੇ ਹਨ।”
“ਬਰਫ਼ ਬਹੁਤ ਠੰਢੀ ਹੁੰਦੀ ਹੈ, ਇਹ ਅਸਲ ਵਿੱਚ ਚਮੜੀ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਕਿ ਅੱਗੇ ਜਾ ਕੇ ਜ਼ਖ਼ਮ ਠੀਕ ਹੋਣ ’ਚ ਰੁਕਾਵਟ ਬਣਦਾ ਹੈ।”
ਡਾ. ਰੋਹਿਤ ਰਾਮਪਾਲ ਮੁਤਾਬਕ ਜੇਕਰ ਕੋਈ ਅੰਗ ਸੜ ਜਾਵੇ ਤਾਂ :-
- ਜ਼ਖ਼ਮ ਨੂੰ ਤੁਰੰਤ ਠੰਢੇ ਪਾਣੀ ਨਾਲ ਧੋਣਾ ਚਾਹੀਦਾ ਹੈ।
- ਜੇਕਰ ਘਰ ਵਿੱਚ ਕੋਈ ਐਂਟੀਬਾਇਓਟਿਕ ਕਰੀਮ ਹੋਵੇ ਤਾਂ ਜ਼ਖ਼ਮ ’ਤੇ ਉਸ ਦਾ ਲੇਪ ਕਰਨ ਚਾਹੀਦਾ ਹੈ।
- ਜ਼ਖ਼ਮ ’ਤੇ ਸਿੱਧੀ ਰੂੰ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਹ ਜ਼ਖ਼ਮ ’ਤੇ ਚਿੱਪਕ ਜਾਂਦੀ ਹੈ ਅਤੇ ਲਾਗ ਦੇ ਖ਼ਤਰੇ ਨੂੰ ਵਧਾਉਂਦੀ ਹੈ।
- ਜੇਕਰ ਜ਼ਖ਼ਮ ਸਰੀਰ ਦੇ ਕਿਸੇ ਜੋੜ ’ਤੇ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਕਿਉਂਕਿ ਇਸ ਨੂੰ ਨਜ਼ਰਅੰਦਾਜ਼ ਕਰਨਾ ਗਤੀਸ਼ੀਲਤਾ ਵਿਗਾੜ ਦਾ ਕਾਰਨ ਬਣ ਸਕਦਾ ਹੈ।
ਕੀ ਕਹਿੰਦੇ ਹਨ ਅੱਖਾਂ ਦੇ ਮਾਹਰ ?
ਅਜਿਹੇ ਹਾਦਸਿਆਂ ਵਿੱਚ ਅਕਸਰ ਅੱਖਾਂ ਦੇ ਨੁਕਸਾਨੇ ਜਾਣ ਦਾ ਵੀ ਕਾਫ਼ੀ ਖ਼ਤਰਾ ਹੁੰਦਾ ਹੈ।
ਮਾਹਰਾਂ ਦੇ ਅਨੁਸਾਰ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਬਿਨਾਂ ਦੇਰੀ ਦੇ ਮਰੀਜ਼ ਨੂੰ ਡਾਕਟਰੀ ਮਦਦ ਲਈ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।
ਅੱਖਾਂ ਦੇ ਮਾਹਰ ਡਾ. ਰਿਪੂਦਮਨ, ਹਾਲ ਹੀ ਵਿੱਚ ਕੋਟ ਈਸੇ ਖਾਂ, ਮੋਗਾ ਦੇ ਸਰਕਾਰੀ ਹਸਪਤਾਲ ’ਚ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਨਿਯੁਕਤ ਹਨ।
ਡਾ. ਰਿਪੂਦਮਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਆਮ ਤੌਰ ’ਤੇ ਲੋਕ ਅੱਖਾਂ ’ਚ ਲੱਗੀ ਸੱਟ ਜਾਂ ਜ਼ਖ਼ਮ ਨੂੰ ਹਲਕੇ ਵਿੱਚ ਲੈ ਲੈਂਦੇ ਹਨ। ਜਦੋਂਕਿ ਇਹ ਅਣਗਹਿਲੀ ਭਾਰੀ ਪੈ ਸਕਦੀ ਹੈ। ਜੇਕਰ ਸਹੀ ਸਮੇਂ ’ਤੇ ਮੈਡੀਕਲ ਮਦਦ ਨਾ ਮਿਲੇ ਤਾਂ ਉਮਰ ਭਰ ਲਈ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।”
ਡਾ. ਰਿਪੂਦਮਨ ਮੁਤਾਬਕ ਜੇਕਰ ਅੱਖਾਂ ਵਿੱਚ ਸੱਟ ਲੱਗ ਜਾਵੇ ਤਾਂ :-
- ਅੱਖ ਦੀ ਕਪਿੰਗ ਕਰ ਕੇ ਤੁਰੰਤ ਹਸਪਤਾਲ ਲੈ ਕੇ ਜਾਇਆ ਜਾਵੇ। ਕਪਿੰਗ ਯਾਨੀ ਕਿਸੇ ਕਾਗਜ਼ੀ ਜਾਂ ਪਲਾਸਟਿਕ ਦੇ ਕੱਪ ਨੂੰ ਪੁੱਠਾ ਕਰ ਕੇ ਟੇਪ ਦੇ ਸਹਾਰੇ ਨਾਲ ਅੱਖ ਨੂੰ ਢੱਕਣਾ।
- ਅੱਖ ’ਚ ਕਿਸੇ ਤਰ੍ਹਾਂ ਦੀ ਬੂੰਦ ਨਾ ਪਾਈ ਜਾਵੇ ਅਤੇ ਨਾ ਹੀ ਉਸਨੂੰ ਧੋਣਾ ਚਾਹੀਦਾ ਹੈ।
- ਡਾਕਟਰੀ ਮਦਦ ਲੈਣ ’ਚ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਰੀ ਨਾਲ ਲਾਗ ਦਾ ਖ਼ਤਰਾ ਵਧ ਜਾਂਦਾ ਹੈ।
ਕੀ ਕਹਿੰਦੇ ਹਨ ਕੰਨਾਂ ਦੇ ਮਾਹਰ ?
ਪਟਾਕਿਆਂ ਦੇ ਨਾਲ ਸਿਰਫ਼ ਅਗਜ਼ਨੀ ਦਾ ਨਹੀਂ ਸਗੋਂ ਉਨ੍ਹਾਂ ਦੀ ਉੱਚੀ ਆਵਾਜ਼ ਕਰਕੇ ਕੰਨਾਂ ਦੀ ਸਮੱਸਿਆ ਵੀ ਹੋ ਸਕਦੀ ਹੈ।
ਮਾਹਰਾਂ ਮੁਤਾਬਕ ਜੇਕਰ ਕੰਨ ਦੇ ਕੋਲ ਅਚਨਚੇਤ ਉੱਚੀ ਆਵਾਜ਼ ਦੀ ਪਟਾਕਾ ਚੱਲ ਜਾਵੇ ਤਾਂ ਸੁਣਨ ਦੀ ਸ਼ਕਤੀ ਵੀ ਜਾ ਸਕਦੀ ਹੈ।
ਡਾ.ਨਵਨੀਤ ਕੁਮਾਰ,ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਦੇ ਪ੍ਰੋਫੈਸਰ ਅਤੇ ਈ.ਐੱਨ.ਟੀ ਵਿਭਾਗ ਮੁਖੀ ਹਨ।
ਡਾ. ਨਵਨੀਤ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਪਟਾਕਿਆਂ ਦੀ ਆਵਾਜ਼ ਨਾਲ ਕੰਨਾਂ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਕਈ ਕੇਸਾਂ ’ਚ ਤਾਂ ਉਮਰ ਭਰ ਲਈ ਸੁਣਨ ਦੀ ਸ਼ਕਤੀ ਵੀ ਜਾ ਸਕਦੀ ਹੈ। ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।”
“ਬਹੁਤ ਸਾਰੇ ਲੋਕ ਅਕਸਰ ਕੰਨਾਂ ਦੀ ਕੋਈ ਸ਼ਿਕਾਇਤ ਹੋਣ ਉੱਤੇ ਉਨ੍ਹਾਂ ਵਿੱਚ ਤੇਲ ਜਾਂ ਲਸਣ ਸਾੜ ਕੇ ਪਾ ਲੈਂਦੇ ਹਨ। ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਕਰਨਾ ਨਾ ਸਿਰਫ਼ ਲਾਗ ਦੇ ਖ਼ਤਰੇ ਨੂੰ ਵਧਾਏਗਾ ਸਗੋਂ ਕੰਨ ਦੇ ਅੰਦਰ ਨਮੀ ਵਧਾ ਕੇ ਫੰਗਲ ਦਾ ਕਾਰਨ ਵੀ ਬਣੇਗਾ।”
ਦੀਵਾਲੀ ਤੋਂ ਪਹਿਲਾਂ ਪੰਜਾਬ ਭਰ ’ਚ ਹਵਾ ਦੀ ਗੁਣਵਤਾ ਮਾੜੀ ਹੋ ਰਹੀ ਹੈ। ਸਾਹ ਦੇ ਮਰੀਜ਼ਾਂ ਨੂੰ ਹੁਣ ਤੋਂ ਹੀ ਦਿੱਕਤਾ ਪੇਸ਼ ਆ ਰਹੀਆਂ ਹਨ।
ਡਾ. ਨਵਨੀਤ ਕੁਮਾਰ ਮੁਤਾਬਕ ਇਸ ਤੋਂ ਕਿਵੇਂ ਬਚਿਆਂ ਜਾ ਸਕਦਾ ਹੈ :-
- ਜੇਕਰ ਸੁਣਨ ’ਚ ਦਿੱਕਤ ਆ ਰਹੀ ਹੋਵੇ ਜਾਂ ਕੰਨਾਂ ’ਚੋਂ ਆਵਾਜ਼ ਆ ਰਹੀ ਹੋਵੇ ਤਾਂ ਬਿਨਾਂ ਦੇਰੀ ਤੋਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
- ਛੋਟੇ ਬੱਚੇ ਖ਼ਾਸਕਰ ਨਵਜੰਮੇ ਬੱਚਿਆਂ ਨੂੰ ਉੱਚੀ ਆਵਾਜ਼ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਅੱਗ ਲੱਗਣ ਤੋਂ ਬਚਣ ਲਈ ਸਾਵਧਾਨੀ ਉਪਾਅ
ਦੀਵਾਲੀ ਮੌਕੇ ਦੀਵੇ ਜਗਾਏ ਜਾਂਦੇ ਹਨ ਅਤੇ ਪਟਾਕੇ ਚਲਾਏ ਜਾਂਦੇ ਹਨ।
ਪਰ ਇਹ ਰਸਮਾਂ ਕਈ ਵਾਰ ਅਗਜ਼ਨੀ ਵਰਗੇ ਭਿਆਨਕ ਹਾਦਸਿਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਇਸ ਮੌਕੇ ਅੱਗ ਲੱਗਣ ਤੋਂ ਬਚਣ ਲਈ ਫਾਇਰ ਬ੍ਰਿਗੇਡ ਦਫ਼ਤਰ ਨੇ ਸਾਵਧਾਨੀ ਉਪਾਅ ਸਾਂਝੇ ਕੀਤੇ ਹਨ।
ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ:-
- ਘੱਟ ਪਟਾਕੇ ਚਲਾਏ ਜਾਣ ਅਤੇ ਪ੍ਰਸ਼ਾਸਨ ਵੱਲੋਂ ਮਿੱਥੇ ਗਏ ਸਮੇਂ ਦੌਰਾਨ ਹੀ ਸਿਰਫ ਗਰੀਨ (ਘੱਟ ਪ੍ਰਦੂਸ਼ਨ ਕਰਨ ਵਾਲੇ) ਪਟਾਕੇ ਹੀ ਚਲਾਏ ਜਾਣ।
- ਆਪਣੇ ਘਰ ਦੇ ਆਸਪਾਸ/ਕੋਠੇ ਆਦਿ ਥਾਵਾਂ ’ਤੇ ਪਾਣੀ ਦੀਆਂ ਬਾਲਟੀਆਂ ਜਾਂ ਹੋਰ ਬਰਤਨਾਂ ਆਦਿ ’ਚ ਪਾਣੀ ਭਰ ਕੇ ਰੱਖਿਆ ਜਾਵੇ।
- ਘਰਾਂ ਦੀਆਂ ਛੱਤਾਂ ਆਦਿ ਥਾਵਾਂ ਵਿੱਚ ਖੁੱਲ੍ਹੇ ਆਸਮਾਨ ਥੱਲੇ ਕੋਈ ਵੀ ਰੱਦੀ ਸਾਮਾਨ ਜਾਂ ਜਲਣਸ਼ੀਲ ਚੀਜ਼ ਜਿਵੇਂ ਸੁੱਕੀਆਂ ਲੱਕੜਾਂ, ਕੱਪੜੇ, ਮਿੱਟੀ ਦਾ ਤੇਲ, ਡੀਜ਼ਲ, ਪੈਟਰੋਲ ਤੇ ਪਲਾਸਟਿਕ ਦਾ ਸਾਮਾਨ ਆਦਿ ਨਾ ਰੱਖਿਆ ਜਾਵੇ।
- ਪਟਾਕਿਆਂ ਨੂੰ ਖੁੱਲ੍ਹੀ ਥਾਂ ਜਾਂ ਪਾਰਕ ਵਿੱਚ ਚਲਾਇਆ ਜਾਵੇ, ਪਟਾਕੇ ਚਲਾਉਣ ਸਮੇਂ ਬੱਚਿਆਂ ਦੇ ਨਾਲ ਰਹੋ, ਪਟਾਕੇ ਸੂਤੀ ਕੱਪੜੇ ਪਾ ਕੇ ਹੀ ਚਲਾਏ ਜਾਣ।
- ਜਦੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਲੱਗਣ ਵਾਲੇ ਸਥਾਨ ’ਤੇ ਜਾਂਦੀ ਹੋਵੇ ਤਾਂ ਉਸ ਨੂੰ ਰਸਤਾ ਦਿੱਤਾ ਜਾਵੇ।
- ਇਸ ਤੋਂ ਇਲਾਵਾ ਜੇਕਰ ਕੋਈ ਵੀ ਅਣ-ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਘਟਨਾ ਵਾਲੇ ਸਥਾਨ ਦੇ ਨੇੜਲੇ ਫਾਇਰ ਬ੍ਰਿਗੇਡ ਦਫ਼ਤਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ