ਅਧਿਆਪਕਾ ਜਿਸ ਨੂੰ ਆਪਣੇ ਤੀਜੇ ਬੱਚੇ ਕਾਰਨ ਨੌਕਰੀ ਗੁਆਉਣੀ ਪਈ

    • ਲੇਖਕ, ਸ਼ੁਰੇਹ ਨਿਆਜ਼ੀ
    • ਰੋਲ, ਬੀਬੀਸੀ ਹਿੰਦੀ ਲਈ, ਭੋਪਾਲ ਤੋਂ

ਮੱਧ ਪ੍ਰਦੇਸ਼ ਦੀ ਇੱਕ ਅਧਿਆਪਕਾ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਦੀ ਤੀਸਰੀ ਸੰਤਾਨ ਹੋ ਗਈ ਸੀ।

ਇਹ ਅਧਿਆਪਕਾ ਹੁਣ ਇੰਦੌਰ ਹਾਈ ਕੋਰਟ ਗਈ ਹੈ ਤਾਂ ਜੋ ਉਸ ਨੂੰ ਨੌਕਰੀ 'ਤੇ ਬਹਾਲ ਕੀਤਾ ਜਾ ਸਕੇ।

ਮਾਮਲਾ ਸੂਬੇ ਦੇ ਮਾਲਵਾ ਜ਼ਿਲ੍ਹੇ ਨਾਲ ਸਬੰਧਤ ਹੈ, ਜਿੱਥੇ ਰਹਿਮਤ ਬਾਨੋ ਮੰਸੂਰੀ ਸਰਕਾਰੀ ਸੈਕੰਡਰੀ ਸਕੂਲ ਬੀਜਾ ਨਗਰੀ ਵਿੱਚ ਸੈਕੰਡਰੀ ਅਧਿਆਪਕ ਵਜੋਂ ਨੌਕਰੀ ਕਰ ਰਹੇ ਸਨ।

7 ਜੂਨ ਨੂੰ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਹਟਾਉਣ ਲਈ, ਮੱਧ ਪ੍ਰਦੇਸ਼ ਸਿਵਲ ਸੇਵਾ, 1961 ਨਿਯਮ 6 ਵਿੱਚ ਸੋਧੇ ਹੋਏ ਪ੍ਰਾਵਧਾਨ ਦੀ ਵਰਤੋਂ ਕੀਤੀ ਗਈ ਹੈ।

ਇਸ ਦੇ ਤਹਿਤ ਜੇਕਰ ਕਿਸੇ ਕਰਮਚਾਰੀ ਦਾ 26 ਜਨਵਰੀ 2001 ਤੋਂ ਬਾਅਦ ਤੀਜਾ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੀ ਸੇਵਾ ਖ਼ਤਮ ਕਰਨ ਦੀ ਵਿਵਸਥਾ ਹੈ।

ਇਸ ਵਿਵਸਥਾ ਅਨੁਸਾਰ, ਸਾਰੇ ਤਰ੍ਹਾਂ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਆਪਣੀ ਯੋਗਤਾ ਸਾਬਤ ਕਰਨ ਵਾਲੇ ਉਮੀਦਵਾਰ ਵੀ ਜੇਕਰ ਤਿੰਨ ਬੱਚਿਆਂ ਦੇ ਮਾਤਾ-ਪਿਤਾ ਹਨ, ਤਾਂ ਉਨ੍ਹਾਂ ਨੂੰ ਨਿਯੁਕਤੀ ਲਈ ਯੋਗ ਨਹੀਂ ਮੰਨਿਆ ਜਾਂਦਾ।

ਰਹਿਮਤ ਬਾਨੋ ਮੰਸੂਰੀ ਦੇ ਤੀਜੇ ਬੱਚੇ ਦਾ ਜਨਮ ਸਾਲ 2009 'ਚ ਹੋਇਆ ਸੀ, ਪਰ 2020 'ਚ ਸ਼ਿਕਾਇਤ ਕੀਤੀ ਗਈ ਅਤੇ ਇਸ ਮਹੀਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।

ਉਨ੍ਹਾਂ ਦੀ ਸ਼ਿਕਾਇਤ ਮੱਧ ਪ੍ਰਦੇਸ਼ ਸਿੱਖਿਅਕ ਕਾਂਗਰਸ ਨੇ ਕੀਤੀ ਸੀ।

ਜਾਂਚ ਕਰਨ ਤੋਂ ਬਾਅਦ, ਸੰਯੁਕਤ ਡਾਇਰੈਕਟਰ ਪਬਲਿਕ ਐਜੂਕੇਸ਼ਨ ਡਿਵੀਜ਼ਨ, ਉਜੈਨ ਨੇ ਹੁਕਮ ਜਾਰੀ ਕਰਕੇ ਰਹਿਮਤ ਦੀ ਸੇਵਾ ਖ਼ਤਮ ਕਰ ਦਿੱਤੀ।

ਕਾਰਵਾਈ 'ਤੇ ਉੱਠਦੇ ਸਵਾਲ

ਇਸ ਮਾਮਲੇ 'ਚ ਪਬਲਿਕ ਐਜੂਕੇਸ਼ਨ ਡਿਵੀਜ਼ਨ, ਉਜੈਨ ਦੇ ਸੰਯੁਕਤ ਨਿਰਦੇਸ਼ਕ ਰਵਿੰਦਰ ਕੁਮਾਰ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਮਾਮਲਾ ਹਾਈ ਕੋਰਟ 'ਚ ਹੈ।

ਰਹਿਮਤ ਬਾਨੋ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ, “ਮੇਰੇ ਬਲਾਕ ਵਿੱਚ 34 ਅਧਿਆਪਕ ਹਨ ਜਿਨ੍ਹਾਂ ਦੇ ਤਿੰਨ ਜਾਂ ਇਸ ਤੋਂ ਵੱਧ ਬੱਚੇ ਹਨ, ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਮੈਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜੇਕਰ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਇਹ ਸਾਰਿਆਂ ਦੇ ਖ਼ਿਲਾਫ਼ ਹੋਣੀ ਚਾਹੀਦੀ ਹੈ।''

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਤੁਹਾਡੇ ਖ਼ਿਲਾਫ਼ ਸ਼ਿਕਾਇਤ ਆਈ ਸੀ।

ਰਹਿਮਤ ਬਾਨੋ ਨੇ ਬੀਬੀਸੀ ਨਾਲ ਉਨ੍ਹਾਂ 34 ਅਧਿਆਪਕਾਂ ਦੀ ਸੂਚੀ ਵੀ ਸਾਂਝੀ ਕੀਤੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਇੱਕੋ ਬਲਾਕ ਵਿੱਚ ਤਿੰਨ ਜਾਂ ਇਸ ਤੋਂ ਵੱਧ ਬੱਚਿਆਂ ਵਾਲੇ ਅਧਿਆਪਕਾਂ ਦੇ ਨਾਂ ਹਨ ਅਤੇ ਉਹ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਹੇ ਹਨ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਿੰਨ ਬੱਚਿਆਂ ਵਾਲੇ ਇੱਕ ਹੋਰ ਅਧਿਆਪਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਪਰਿਵਾਰ ਮੇਰੀ ਆਮਦਨ 'ਤੇ ਨਿਰਭਰ ਹੈ। ਜੇਕਰ ਸਾਡੀ ਨੌਕਰੀ ਚਲੀ ਗਈ ਤਾਂ ਇਸ ਦਾ ਅਸਰ ਪੂਰੇ ਪਰਿਵਾਰ 'ਤੇ ਪਵੇਗਾ। ਉਮਰ ਵੀ ਇੰਨੀ ਹੋ ਚੁੱਕੀ ਹੈ ਕਿ ਹੁਣ ਕੋਈ ਹੋਰ ਨੌਕਰੀ ਨਹੀਂ ਮਿਲੇਗੀ।"

ਹਾਲਾਂਕਿ, ਇੱਕ ਹੋਰ ਅਧਿਆਪਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਮੱਧ ਪ੍ਰਦੇਸ਼ ਵਿੱਚ ਅਜਿਹੇ ਹਜ਼ਾਰਾਂ ਅਧਿਆਪਕ ਹੋਣਗੇ ਜਿਨ੍ਹਾਂ ਦੇ ਦੋ ਤੋਂ ਵੱਧ ਬੱਚੇ ਹਨ ਅਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਪਰਿਵਾਰ ਦੀ ਜ਼ਿੰਮੇਵਾਰੀ

ਰਹਿਮਤ ਬਾਨੋ ਆਗਰ ਮਾਲਵਾ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਕੈਮਿਸਟਰੀ ਦੇ ਅਧਿਆਪਕਾ ਸਨ। ਉਨ੍ਹਾਂ ਨੇ ਸਾਲ 2003 ਵਿੱਚ ਕੰਟਰੈਕਟ ਕੈਟਾਗਰੀ 2 ਵਿੱਚ ਨੌਕਰੀ ਸ਼ੁਰੂ ਕੀਤੀ ਸੀ।

ਰਹਿਮਤ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਅਤੇ ਦੋ ਪੁੱਤਰ ਹਨ। 2000 ਵਿੱਚ ਪਹਿਲੀ ਧੀ ਦਾ ਜਨਮ ਹੋਇਆ, ਜੋ ਬੀਏਐਮਐਸ ਕਰ ਰਹੀ ਹੈ।

ਦੂਜੇ ਪੁੱਤਰ ਦਾ ਜਨਮ 2006 ਵਿੱਚ ਹੋਇਆ ਸੀ, ਉਹ ਇਸ ਸਮੇਂ ਕੋਟਾ ਤੋਂ ਨੀਟ ਦੀ ਤਿਆਰੀ ਕਰ ਰਿਹਾ ਹੈ ਜਦਕਿ ਤੀਜਾ ਪੁੱਤਰ ਜਿਸ ਦਾ ਜਨਮ 2009 ਵਿੱਚ ਹੋਇਆ ਸੀ, ਉਹ 10ਵੀਂ ਜਮਾਤ ਦਾ ਵਿਦਿਆਰਥੀ ਹੈ।

ਰਹਿਮਤ ਦੇ ਪਤੀ ਸਈਦ ਅਹਿਮਦ ਮੰਸੂਰੀ ਇੱਕ ਮਦਰੱਸੇ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੀ ਤਨਖਾਹ 5000 ਤੋਂ 6000 ਹਜ਼ਾਰ ਰੁਪਏ ਦੇ ਕਰੀਬ ਹੈ।

ਰਹਿਮਤ ਬਾਨੋ ਮੁਤਾਬਕ, ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਹੀ ਹੈ, ਇਸ ਲਈ ਹੁਣ ਉਨ੍ਹਾਂ ਲਈ ਬੱਚਿਆਂ ਨੂੰ ਪੜ੍ਹਾਉਣਾ ਸੌਖਾ ਨਹੀਂ ਹੋਵੇਗਾ।

ਰਹਿਮਤ ਬਾਨੋ ਨੇ ਮੰਨਿਆ ਕਿ ਉਹ ਦੋ ਤੋਂ ਵੱਧ ਬੱਚੇ ਹੋਣ ਦੀ ਸੂਰਤ ਵਿੱਚ ਨੌਕਰੀ ਛੱਡਣ ਦੇ ਸਰਕਾਰੀ ਪ੍ਰਬੰਧ ਤੋਂ ਜਾਣੂ ਸਨ।

ਉਨ੍ਹਾਂ ਦਾ ਦਾਅਵਾ ਹੈ, "ਇਸ ਬੱਚੇ ਨਾਲ ਗਰਭਵਤੀ ਹੋਣ ਦੀ ਜਾਣਕਾਰੀ ਬਹੁਤ ਦੇਰ ਨਾਲ ਲੱਗੀ। ਉਸ ਸਥਿਤੀ ਵਿੱਚ ਡਾਕਟਰ ਨੇ ਗਰਭਪਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।''

''ਡਾਕਟਰ ਦਾ ਕਹਿਣਾ ਸੀ ਕਿ ਅਜਿਹੀ ਸਥਿਤੀ ਵਿੱਚ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਇਸ ਬੱਚੇ ਨੂੰ ਜਨਮ ਦੇਣਾ ਪਿਆ ਸੀ।"

ਸੂਬੇ 'ਚ ਹਜ਼ਾਰਾਂ ਮਾਮਲੇ, ਪਰ...

ਰਹਿਮਤ ਬਾਨੋ ਦੇ ਪਤੀ ਸਈਦ ਅਹਿਮਦ ਮੰਸੂਰੀ ਦਾ ਕਹਿਣਾ ਹੈ ਕਿ ''ਨਿਯਮ ਹੈ ਤਾਂ ਸਾਰਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਕਿਸੇ ਇੱਕ ਨੂੰ ਜਾਣਬੁੱਝ ਕੇ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।''

ਹਾਲਾਂਕਿ ਮੰਸੂਰੀ ਪਰਿਵਾਰ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਅਦਾਲਤ ਤੋਂ ਨਿਆਂ ਜ਼ਰੂਰ ਮਿਲੇਗਾ।

ਇਸ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਸੰਘ ਦੇ ਸਾਬਕਾ ਪ੍ਰਧਾਨ ਸ਼ਿਆਮ ਸਿੰਘ ਪੰਵਾਰ ਨੇ ਸਭ ਤੋਂ ਪਹਿਲਾਂ 2020 ਵਿੱਚ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿੱਚ ਇਸ ਸਬੰਧੀ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਸੂਬੇ ਭਰ ਵਿੱਚ ਅਜਿਹੇ ਹਜ਼ਾਰਾਂ ਮਾਮਲੇ ਹੋਣਗੇ ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਇੱਕ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਉਹ ਕਹਿੰਦੇ ਹਨ, ''ਮੈਂ ਜੋ ਕਰਨਾ ਸੀ ਕਰ ਦਿੱਤਾ ਹੈ।''

ਰਹਿਮਤ ਬਾਨੋ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਸਿੱਖਿਅਕ ਕਾਂਗਰਸ ਸੰਘ ਨੂੰ ਕਰਮਚਾਰੀਆਂ ਦੇ ਹਿੱਤ 'ਚ ਕੰਮ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੇ ਖ਼ਿਲਾਫ਼, ਪਰ ਇਸ ਮਾਮਲੇ 'ਚ ਉਨ੍ਹਾਂ ਨੇ ਉਨ੍ਹਾਂ ਦੇ ਖ਼ਿਲਾਫ਼ ਕੰਮ ਕੀਤਾ ਹੈ।

ਪਿਛਲੇ ਸਾਲ ਵਿਦਿਸ਼ਾ ਜ਼ਿਲੇ 'ਚ ਸਿੱਖਿਆ ਵਿਭਾਗ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਸਿਰਫ ਇੱਕ ਜ਼ਿਲੇ 'ਚ ਹੀ 954 ਅਜਿਹੇ ਮਾਮਲੇ ਸਨ, ਜਿਨ੍ਹਾਂ 'ਚ ਅਧਿਆਪਕਾਂ ਨੂੰ ਨੋਟਿਸ ਦਿੱਤੇ ਗਏ ਸਨ। ਹਾਲਾਂਕਿ ਅਜੇ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)