ਨਵੇਂ ਸਾਲ 'ਤੇ ਲਏ ਤੁਹਾਡੇ ਸੰਕਲਪ ਪੂਰੇ ਹੋ ਸਕਣ, ਇਸ ਲਈ ਇਨ੍ਹਾਂ ਦੋ ਸ਼ਬਦਾਂ ਦੀ ਵਰਤੋਂ ਬਿਲਕੁਲ ਨਾ ਕਰਨਾ

    • ਲੇਖਕ, ਯਾਸਮੀਨ ਰੁਫੋ
    • ਰੋਲ, ਬੀਬੀਸੀ ਨਿਊਜ਼

"ਨਵਾਂ ਸਾਲ, ਨਵੇਂ ਤੁਸੀਂ" ਵਰਗੇ ਸੁਨੇਹੇ ਹਰ ਥਾਂ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।

ਸੋਸ਼ਲ ਮੀਡੀਆ 'ਤੇ ਜਿੰਮ ਅਤੇ ਡਾਈਟ ਪਲਾਨ ਦੇ ਇਸ਼ਤਿਹਾਰ ਆਉਣ ਲੱਗੇ ਹਨ ਅਤੇ ਦਫਤਰ 'ਚ ਹੋਣ ਵਾਲੀ ਗੱਲਬਾਤ 'ਚ ਵੀ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਜਨਵਰੀ ਵਿੱਚ ਕੌਣ ਕੀ ਛੱਡ ਰਿਹਾ ਹੈ, ਕੌਣ ਕੀ ਸ਼ੁਰੂ ਕਰ ਰਿਹਾ ਹੈ, ਅਤੇ ਆਖਿਰਕਾਰ ਸਭ ਕੁਝ ਕਿਵੇਂ ਠੀਕ ਕਰਨਾ ਹੈ।

ਹਾਲਾਂਕਿ, ਨਵੇਂ ਸਾਲ ਦੇ ਜ਼ਿਆਦਾਤਰ ਸੰਕਲਪ ਟਿਕਦੇ ਨਹੀਂ ਹਨ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਤਾਂ ਜਨਵਰੀ ਦੇ ਅੱਧ ਤੱਕ ਹੀ ਉਨ੍ਹਾਂ ਨੂੰ ਛੱਡ ਦਿੰਦੇ ਹਨ।

ਹਾਲਾਂਕਿ, ਇਸ ਸਾਲ ਇਹ ਸਭ ਬਦਲ ਸਕਦਾ ਹੈ। ਅਸੀਂ ਕੁਝ ਮਾਹਰਾਂ ਤੋਂ ਸਲਾਹ ਲਈ ਹੈ ਕਿ ਨਵੇਂ ਸਾਲ ਦੇ ਸੰਕਲਪ ਕਿਵੇਂ ਲਏ ਜਾਣ ਅਤੇ ਉਨ੍ਹਾਂ ਨੂੰ ਕਿਵੇਂ ਨਿਭਾਇਆ ਜਾਵੇ।

ਹਕੀਕਤ ਨੂੰ ਸਮਝੋ

ਕੀ 2026 ਉਹ ਸਾਲ ਹੋਵੇਗਾ ਜਦੋਂ ਤੁਸੀਂ "ਵਜ਼ਨ ਘਟਾ ਲਵੋਗੇ", "ਕਰੀਅਰ ਬਦਲ ਲਵੋਗੇ", ਜਾਂ "ਘਰ ਬਦਲ ਦੇਵੋਗੇ"?

"ਸਾਵਧਾਨ ਰਹੋ'', ਕਾਨਫੀਡੈਂਸ ਕੋਚ ਡਾਕਟਰ ਕਲੇਅਰ ਕੇ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਅਮਲ 'ਚ ਲਿਆਉਣ ਲਾਇਕ ਯੋਜਨਾਵਾਂ ਨਹੀਂ ਹਨ, ਸਗੋਂ ਦਬਾਅ ਪੈਦਾ ਕਰਨ ਵਾਲੇ ਬਿਆਨ ਹਨ।"

ਉਹ ਕਹਿੰਦੇ ਹਨ ਕਿ ਸੰਕਲਪ ਅਕਸਰ ਇਸ ਲਈ ਅਸਫਲ ਹੋ ਜਾਂਦੇ ਹਨ ਕਿਉਂਕਿ ਉਹ ਅਸਪਸ਼ਟ, ਖਿਆਲੀ ਅਤੇ ਬਹੁਤ ਵਿਆਪਕ ਹੁੰਦੇ ਹਨ।

ਉਹ ਸਲਾਹ ਦਿੰਦੇ ਹਨ ਕਿ ਤੁਸੀਂ ਪਹਿਲਾਂ ਲਿਖੋ ਕਿ ਤੁਹਾਡੀ ਜ਼ਿੰਦਗੀ 'ਚ ਕੀ ਚੰਗਾ ਚੱਲ ਰਿਹਾ ਹੈ, ਕਿਹੜੀਆਂ ਚੀਜ਼ਾਂ ਤੁਹਾਨੂੰ ਥਕਾ ਰਹੀਆਂ ਹਨ ਜਾਂ ਹੁਣ ਤੁਹਾਡੇ ਲਈ ਕੰਮ ਨਹੀਂ ਕਰ ਰਹੀਆਂ, ਅਤੇ ਕਿੱਥੇ ਤੁਸੀਂ ਬਸ ਆਟੋਪਾਇਲਟ ਮੋਡ 'ਤੇ ਭਾਵ ਬਿਨ੍ਹਾਂ ਸੋਚੇ-ਸਮਝੇ ਚੱਲੇ ਜਾ ਰਹੇ ਹੋ।

ਉਹ ਕਹਿੰਦੇ ਹਨ, "ਬਦਲਾਅ ਉਦੋਂ ਵਧੇਰੇ ਟਿਕਾਊ ਹੁੰਦਾ ਹੈ ਜਦੋਂ ਤੁਹਾਨੂੰ ਇਹ ਸਮਝ ਆ ਜਾਂਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਜ਼ਿਆਦਾ ਹੈ, ਇਸ ਦੀ ਬਜਾਏ ਕਿ ਕਿਸ ਚੀਜ਼ ਤੋਂ ਦੂਰ ਜਾਣਾ ਹੈ।"

ਆਪਣੇ ਟੀਚਿਆਂ ਨੂੰ ਲਿਖੋ, ਪਰ ਧਿਆਨ ਰੱਖੋ ਕਿ ਉਹ "ਦਿਸ਼ਾ ਅਤੇ ਅਨੁਭਵ" ਦੇ ਹਿਸਾਬ ਨਾਲ ਹੋਣ, ਇੱਕ ਤੈਅ ਬਿੰਦੂ ਲਈ ਨਹੀਂ।

ਉਹ ਸੁਝਾਅ ਦਿੰਦੇ ਹਨ ਕਿ "ਭਾਰ ਘਟਾਉਣਾ ਹੈ" ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ: "ਮੈਂ ਚਾਹੁੰਦਾ/ਚਾਹੁੰਦੀ ਹਾਂ ਕਿ ਆਪਣੇ ਸਰੀਰ ਵਿੱਚ ਵਧੇਰੇ ਊਰਜਾ ਅਤੇ ਆਰਾਮ ਮਹਿਸੂਸ ਕਰਾਂ, ਅਤੇ ਇਹ ਸਮਝਾਂ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਕਰਨ ਵਿੱਚ ਕੀ ਚੀਜ਼ ਮਦਦ ਕਰਦੀ ਹੈ।"

ਇਸੇ ਤਰ੍ਹਾਂ, 'ਕਰੀਅਰ ਬਦਲਣਾ' ਨੂੰ ਇਸ ਇੰਝ ਲਿਖਿਆ ਜਾ ਸਕਦਾ ਹੈ: "ਮੈਂ ਇਹ ਜਾਣਨਾ ਚਾਹੁੰਦੀ/ਚਾਹੁੰਦਾ ਹਾਂ ਕਿ ਕਿਹੜਾ ਕੰਮ ਮੈਨੂੰ ਊਰਜਾ ਅਤੇ ਮਾਅਨੇ ਦਿੰਦਾ ਹੈ, ਅਤੇ ਉਸ ਦਿਸ਼ਾ ਵਿੱਚ ਇੱਕ ਛੋਟਾ ਜਿਹਾ ਕਦਮ ਚੁੱਕਣਾ ਚਾਹੁੰਦਾ ਹਾਂ।"

ਇਨ੍ਹਾਂ ਦੋ ਸ਼ਬਦਾਂ ਨੂੰ ਇਸਤੇਮਾਲ ਨਾ ਕਰੋ

ਮਨੋਵਿਗਿਆਨੀ ਕਿੰਬਰਲੀ ਵਿਲਸਨ ਕਹਿੰਦੇ ਹਨ ਕਿ ਆਪਣੇ ਟੀਚਿਆਂ ਨੂੰ ਲਿਖਦੇ ਸਮੇਂ "ਹਮੇਸ਼ਾ" ਜਾਂ "ਕਦੇ ਨਹੀਂ" ਵਰਗੇ ਨਿਸ਼ਚਿਤ ਸ਼ਬਦਾਂ ਤੋਂ ਬਚਣਾ ਚਾਹੀਦਾ ਹੈ।

ਇਸ ਨਾਲ 'ਸਭ ਕੁਝ ਜਾਂ ਕੁਝ ਵੀ ਨਹੀਂ' ਵਾਲਾ ਭਾਵ ਪੈਦਾ ਹੁੰਦਾ ਹੈ, ਜਿਸ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ।

ਜੇ ਤੁਸੀਂ ਆਪਣੇ ਆਪ ਨਾਲ ਵਾਅਦਾ ਕਰਦੇ ਹੋ - "ਮੈਂ ਹਰ ਬੁੱਧਵਾਰ ਦੌੜਨ ਜਾਵਾਂਗਾ" ਜਾਂ "ਮੈਂ ਦੁਬਾਰਾ ਕਦੇ ਸ਼ਰਾਬ ਨਹੀਂ ਪੀਵਾਂਗਾ" - ਤਾਂ ਤੁਸੀਂ ਆਪਣੇ ਨਾਕਾਮ ਹੋਣ ਦੀ ਭੂਮਿਕਾ ਲਿਖ ਲਈ ਹੈ।

ਬੀਬੀਸੀ ਦੇ ਵਟਸ ਅੱਪ ਡੌਕ ਪੋਡਕਾਸਟ 'ਚ ਵਿਲਸਨ ਦੱਸਦੇ ਹਨ ਕਿ "ਡਾਈਟ ਜਾਂ ਕਸਰਤ ਇਸ ਦੀਆਂ ਬੇਹਤਰੀਨ ਉਦਾਹਰਣਾਂ ਹਨ। ਲੋਕ ਸੋਚਦੇ ਹਨ ਕਿ ਜੇ ਉਨ੍ਹਾਂ ਨੇ ਇੱਕ ਦਿਨ ਗੜਬੜ ਕਰ ਦਿੱਤੀ ਤਾਂ ਸਾਰੀ ਕੋਸ਼ਿਸ਼ ਬੇਕਾਰ ਹੋ ਗਈ।''

ਉਹ ਕਹਿੰਦੇ ਹਨ ਕਿ ਲੋਕ ਅਕਸਰ ਟਨਲ ਵਿਜ਼ਨ ਦਾ ਸ਼ਿਕਾਰ ਹੋ ਜਾਂਦੇ ਹਨ - ਭਾਵ, ਉਨ੍ਹਾਂ ਦਾ ਧਿਆਨ ਇੰਨਾ ਤੰਗ (ਸੰਕੋਚੀ) ਹੋ ਜਾਂਦਾ ਹੈ ਕਿ ਵੱਡੀ ਤਸਵੀਰ ਨਜ਼ਰ ਹੀ ਨਹੀਂ ਆਉਂਦੀ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੈ ਕਿ ਇੱਕ ਪਲ ਨੂੰ ਇੱਕਲੇ ਨਹੀਂ ਸਗੋਂ ਕਈ ਹੋਰ ਪਲਾਂ ਨਾਲ ਜੋੜ ਕੇ ਦੇਖਿਆ ਜਾਵੇ।

ਡਾਕਟਰ ਕਲੇਅਰ ਕਹਿੰਦੇ ਹਨ ਕਿ ਟੀਚਿਆਂ ਨੂੰ ਫਲੈਕਸੀਬਲ ਭਾਸ਼ਾ ਵਿੱਚ ਲਿਖਿਆ ਜਾਣਾ ਚਾਹੀਦਾ ਹੈ, ਜਿਵੇਂ - "ਮੈਂ ਪ੍ਰਯੋਗ ਕਰਨਾ ਚਾਹੁੰਦੀ ਹਾਂ," "ਮੈਂ ਇਸ ਲਈ ਹੋਰ ਜਗ੍ਹਾ ਬਣਾਉਣਾ ਚਾਹੁੰਦਾ ਹਾਂ," ਜਾਂ "ਮੈਂ ਸਿੱਖ ਰਹੀ ਹਾਂ ਕਿ ਮੇਰੇ ਲਈ ਕੀ ਚੀਜ਼ ਕੰਮ ਕਰਦੀ ਹੈ।"

ਪੁਰਾਣੀ ਸਥਿਤੀ 'ਚ ਪਹੁੰਚਣ ਲਈ ਤਿਆਰ ਰਹੋ

ਤੁਸੀਂ ਹਫ਼ਤਿਆਂ ਤੋਂ ਸਭ ਕੁਝ ਵਧੀਆ ਕਰ ਰਹੇ ਹੁੰਦੇ ਹੋ, ਪਰ ਫਿਰ ਇੱਕ ਦਿਨ ਤੁਸੀਂ ਦੌੜਨ ਲਈ ਨਹੀਂ ਜਾ ਪਾਉਂਦੇ, ਇੱਕ ਵਾਰ ਬਾਹਰ ਖਾਣਾ ਖਾ ਲੈਂਦੇ ਹੋ, ਜਾਂ ਦੇਰ ਤੱਕ ਜਾਗੇ ਰਹਿ ਜਾਂਦੇ ਹੋ, ਅਤੇ ਅਚਾਨਕ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿੱਤ ਦੀ ਲੜੀ ਟੁੱਟ ਗਈ ਹੈ ਅਤੇ ਤੁਸੀਂ ਹੁਣ ਹਾਰ ਗਏ ਹੋ।

ਵਿਲਸਨ ਕਹਿੰਦੇ ਹਨ ਕਿ ਕੁਝ ਸੰਕਲਪ ਅਸਫਲ ਹੋ ਜਾਂਦੇ ਹਨ ਕਿਉਂਕਿ "ਲੋਕ ਆਪਣੇ ਸਭ ਤੋਂ ਵਧੀਆ ਸਰੂਪ ਦੇ ਅਧਾਰ 'ਤੇ ਯੋਜਨਾਵਾਂ ਬਣਾਉਂਦੇ ਹਨ।"

ਪਰ ਉਹ ਦੇਰ ਰਾਤ ਤੱਕ ਸੌਂ ਨਾ ਸਕਣ ਜਾਂ ਦਫਤਰ ਵਿੱਚ ਕੋਈ ਮੁਸ਼ਕਲ ਦਿਨ ਬਿਤਾਉਣ ਵਰਗੀਆਂ ਸਥਿਤੀਆਂ ਲਈ ਤਿਆਰ ਨਹੀਂ ਹੁੰਦੇ, ਅਤੇ ਅਜਿਹੇ ਮੌਕਿਆਂ ਲਈ ਉਨ੍ਹਾਂ ਕੋਲ ਕੋਈ ਯੋਜਨਾ ਨਹੀਂ ਹੁੰਦੀ।

ਵਿਲਸਨ ਕਹਿੰਦੇ ਹਨ ਕਿ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਪਿਛਲੀ ਸਥਿਤੀ ਦਾ ਮੁੜਨਾ ਇਸ ਪ੍ਰਕਿਰਿਆ ਦਾ ਹਿੱਸਾ ਹੈ - ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੂਰੀ ਤਰ੍ਹਾਂ ਅਸਫਲ ਹੋ ਗਏ ਹੋ। ਅਸਲ ਵਿੱਚ ਲਗਾਤਾਰ ਬਣੇ ਰਹਿਣਾ ਮਾਅਨੇ ਰੱਖਦਾ ਹੈ ਨਾ ਕਿ ਪਰਫੈਕਟ ਹੋਣਾ।

ਡਾਕਟਰ ਕਲੇਅਰ ਕਹਿੰਦੇ ਹਨ ਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ "ਟੀਚਾ ਪਰਫੈਕਟ ਹੋਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਇੱਕ ਗਲਤੀ ਨਾਲ ਪੂਰੀ ਯੋਜਨਾ ਨੂੰ ਹੀ ਨਾ ਛੱਡ ਦਿੱਤਾ ਜਾਵੇ।"

ਜੇਕਰ ਤੁਹਾਡੇ ਕੋਲੋਂ ਕੋਈ ਗਲਤੀ ਹੋ ਵੀ ਜਾਵੇ ਤਾਂ "ਸਭ ਤੋਂ ਮਦਦਗਾਰ ਪ੍ਰਤੀਕਿਰਿਆ ਆਲੋਚਨਾ ਨਹੀਂ ਸਗੋਂ ਉਤਸੁਕਤਾ ਹੈ" ਅਤੇ ਮੁੜ ਸ਼ੁਰੂਆਤ ਕਰਨ ਲਈ ਅਗਲੇ ਹਫ਼ਤੇ ਜਾਂ ਮਹੀਨੇ ਦੀ ਉਡੀਕ ਕਰਨ ਦੀ ਬਜਾਏ, ਹਰ ਦਿਨ ਨੂੰ ਇੱਕ ਨਵੀਂ ਸ਼ੁਰੂਆਤ ਸਮਝੋ।

ਨਵੀਆਂ ਚੀਜ਼ਾਂ ਨੂੰ ਪੁਰਾਣੀਆਂ ਆਦਤਾਂ ਨਾਲ ਜੋੜੋ

ਕਰੀਅਰ ਕੋਚ ਐਮਾ ਜੈਫਰੀਜ਼ ਕਹਿੰਦੇ ਹਨ ਕਿ ਨਵੇਂ ਸਾਲ ਦੇ ਸੰਕਲਪਾਂ ਨੂੰ ਸਫਲ ਬਣਾਉਣ ਦਾ ਇੱਕ ਤਰੀਕਾ ਹੈ 'ਹੈਬਿਟ ਸਟੈਕਿੰਗ', ਜਿਸਦਾ ਅਰਥ ਹੈ ਨਵੀਂ ਚੀਜ਼ ਨੂੰ ਆਪਣੀ ਕਿਸੇ ਪੁਰਾਣੀ, ਰੋਜ਼ਾਨਾ ਦੀ ਆਦਤ ਨਾਲ ਜੋੜਨਾ।

ਉਹ ਕਹਿੰਦੇ ਹਨ, "ਮਿਸਾਲ ਵਜੋਂ... ਦੰਦ ਬੁਰਸ਼ ਕਰਨ ਤੋਂ ਬਾਅਦ ਮੈਂ ਦਸ ਪੁਸ਼-ਅੱਪਸ ਕਰਾਂਗੀ, ਵਾਈਨ ਪਾਉਣ ਤੋਂ ਬਾਅਦ ਮੈਂ ਦਸ ਮਿੰਟ ਲਿਖਾਂਗਾ, ਬੱਚਿਆਂ ਦੇ ਸੌਣ ਤੋਂ ਬਾਅਦ ਮੈਂ ਸਟ੍ਰੈਚ ਕਰਾਂਗੀ।''

ਉਹ ਕਹਿੰਦੇ ਹਨ, "ਤੁਸੀਂ ਆਪਣੀ ਪਲੇਟ ਵਿੱਚ ਹੋਰ ਚੀਜ਼ਾਂ ਨਹੀਂ ਜੋੜ ਰਹੇ ਹੋ, ਸਗੋਂ ਨਵੀਂ ਚੀਜ਼ ਨੂੰ ਉਸੇ ਢਾਂਚੇ ਵਿੱਚ ਬੁਣ ਰਹੇ ਹੋ ਜੋ ਤੁਸੀਂ ਪਹਿਲਾਂ ਹੀ ਕਰ ਰਹੇ ਹੋ।"

ਜੈਫਰੀਜ਼ ਕਹਿੰਦੇ ਹਨ ਕਿ ਸਫਲਤਾ ਲਈ ਸਿਰਫ਼ ਪ੍ਰੇਰਨਾ 'ਤੇ ਨਿਰਭਰ ਕਰਨ ਦੀ ਬਜਾਏ ਆਪਣੇ ਵਾਤਾਵਰਣ ਨੂੰ ਸਹੀ ਢੰਗ ਨਾਲ ਸੈੱਟ ਕਰਨ ਨਾਲ ਵੱਡਾ ਫ਼ਰਕ ਪੈ ਸਕਦਾ ਹੈ।

ਮਿਸਾਲ ਵਜੋਂ, ਜੇਕਰ ਤੁਸੀਂ ਹੋਰ ਪੜ੍ਹਨਾ ਚਾਹੁੰਦੇ ਹੋ ਤਾਂ ਆਪਣੀ ਕਿਤਾਬ ਨੂੰ ਆਪਣੇ ਸਿਰਹਾਣੇ ਰੱਖੋ ਤਾਂ ਜੋ ਤੁਹਾਨੂੰ ਸੌਣ ਤੋਂ ਪਹਿਲਾਂ ਇਸ ਨੂੰ ਹਟਾਉਣਾ ਪਵੇ।

ਸਕਾਰਾਤਮਕ ਚੀਜ਼ ਨਾਲ ਜੋੜੋ

ਮਾਹਰ ਕਹਿੰਦੇ ਹਨ ਕਿ ਜੇਕਰ ਤੁਹਾਡਾ ਨਵੇਂ ਸਾਲ ਦਾ ਸੰਕਲਪ ਜ਼ਿਆਦਾ ਬੱਚਤ ਕਰਨਾ ਹੈ ਜਾਂ ਬਿਹਤਰ ਬਜਟ ਬਣਾਉਣਾ ਹੈ, ਤਾਂ ਇਹ ਉਦੋਂ ਹੀ ਜ਼ਿਆਦਾ ਟਿਕੇਗਾ ਜੇਕਰ ਇਸ ਨੂੰ ਕਿਸੇ ਸਕਾਰਾਤਮਕ ਚੀਜ਼ ਨਾਲ ਜੋੜਿਆ ਜਾਵੇ।

ਔਕਟੋਪਸ ਮਨੀ ਦੇ ਪਰਸਨਲ ਫਾਇਨੈਂਸ ਹੈੱਡ ਟੌਮ ਫ੍ਰਾਂਸਿਸ ਕਹਿੰਦੇ ਹਨ, "ਜੇਕਰ ਤੁਹਾਡਾ ਟੀਚਾ ਸਪਸ਼ਟ ਅਤੇ ਦਿਲਚਸਪ ਹੈ, ਭਾਵੇਂ ਇਹ ਛੁੱਟੀਆਂ ਹੋਵੇ ਜਾਂ ਐਮਰਜੈਂਸੀ ਫੰਡ, ਤਾਂ ਬੱਚਤ ਕਰਨਾ ਬੋਝ ਨਹੀਂ ਬਲਕਿ ਉਦੇਸ਼ਪੂਰਨ ਲੱਗਦਾ ਹੈ।''

ਉਹ ਇਹ ਵੀ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਬਦਲਾਅ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਅਕਸਰ ਟਿਕਾਊ ਨਹੀਂ ਰਹਿੰਦੇ।

ਉਹ ਕਹਿੰਦੇ ਹਨ, "ਸਿਰਫ਼ ਦੋ ਜਾਂ ਤਿੰਨ ਸਪਸ਼ਟ ਤਰਜੀਹਾਂ ਚੁਣੋ। ਮਿਸਾਲ ਵਜੋਂ, ਆਪਣੇ ਡ੍ਰੀਮ ਹਾਲੀਡੇਅ ਲਈ 12 ਹਜ਼ਾਰ ਰੁਪਏ ਦੀ ਬਚਤ ਕਰਨਾ ਬਹੁਤ ਜ਼ਿਆਦਾ ਲੱਗ ਸਕਦਾ ਹੈ, ਪਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੰਭਵ ਜਾਪਦਾ ਹੈ।"

ਜੇਕਰ ਅਚਾਨਕ ਕੋਈ ਖਰਚਾ ਆਉਂਦਾ ਹੈ ਤਾਂ ਥੋੜ੍ਹਾ ਰੁਕ ਕੇ ਚੱਲਣਾ ਸਹੀ ਹੈ।

ਮਿਸਾਲ ਵਜੋਂ, "ਜੇ ਤੁਸੀਂ ਆਪਣੀ ਮਾਸਿਕ ਬੱਚਤ ਨੂੰ 10 ਹਜ਼ਾਰ ਤੋਂ ਘਟਾ ਕੇ 2 ਹਜ਼ਾਰ ਕਰ ਦਿੰਦੇ ਹੋ, ਤਾਂ ਵੀ ਠੀਕ ਹੈ ਕਿਉਂਕਿ ਤੁਸੀਂ ਅੱਗੇ ਵਧ ਰਹੇ ਹੋ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਆਦਤ ਬਣੀ ਰਹੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)