You’re viewing a text-only version of this website that uses less data. View the main version of the website including all images and videos.
ਪੰਜਾਬ ਦਾ ਸਰਹੱਦੀ ਪਿੰਡ ਜਿੱਥੇ ਇੰਟਰਨੈੱਟ ਦੇ ਸਿਗਨਲ ਮੁਸ਼ਕਲ ਨਾਲ ਪਹੁੰਚਦੇ ਸਨ ਉਹ ਮੁਫ਼ਤ ਵਾਈ-ਫਾਈ ਵਾਲਾ ਪਿੰਡ ਕਿਵੇਂ ਬਣਿਆ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਸਰਹੱਦੀ ਪਿੰਡ ਅਕਸਰ ਵਿਕਾਸ ਪੱਖੋਂ ਊਣੇ ਰਹਿ ਜਾਂਦੇ ਹਨ ਅਤੇ ਇਨ੍ਹਾਂ 'ਤੇ ਪੱਛੜੇ ਹੋਣ ਦਾ ਠੱਪਾ ਲੱਗ ਜਾਂਦਾ ਹੈ ਪਰ ਅੱਜ-ਕੱਲ੍ਹ ਪੰਜਾਬ ਦਾ ਇੱਕ ਪਿੰਡ ਆਪਣੀ ਨਵੀਂ ਸ਼ੁਰੂਆਤ ਨੂੰ ਲੈਕੇ ਚਰਚਾ ਵਿੱਚ ਹੈ।
ਇਹ ਪਿੰਡ ਹੈ ਜ਼ਿਲ੍ਹਾ ਪਠਾਨਕੋਟ ਦਾ ਰਾਮਕਲਵਾਂ, ਜੋ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਸਿਆ ਹੈ।
ਇਸ ਪਿੰਡ ਦੀ ਪੰਚਾਇਤ ਖ਼ਾਸਕਰ ਮਹਿਲਾ ਸਰਪੰਚ ਦੀ ਨਿਵੇਕਲੀ ਸੋਚ ਸਦਕਾ ਇਹ ਪੂਰਾ ਪਿੰਡ ਮੁਫ਼ਤ ਵਾਈ-ਫਾਈ ਨਾਲ ਲੈਸ ਹੋ ਗਿਆ ਹੈ।
ਇਸ ਸਹੂਲਤ ਨਾਲ ਸਭ ਤੋਂ ਵੱਡਾ ਫਾਇਦਾ ਇੱਥੋਂ ਦੇ ਵਿਦਿਆਰਥੀਆਂ ਨੂੰ ਹੋਇਆ ਹੈ।
ਵਾਈ-ਫਾਈ ਦਾ ਵਿਚਾਰ ਕਿੱਥੋਂ ਤੇ ਕਿਵੇਂ ਆਇਆ
ਸਰੋਜ ਕੁਮਾਰੀ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਹਨ। ਉਹ ਪਹਿਲਾਂ ਸਿੱਖਿਆ ਵਿਭਾਗ ਵਿੱਚ ਕਲਰਕ ਰਹਿ ਚੁੱਕੇ ਹਨ ਅਤੇ ਸੇਵਾਮੁਕਤ ਹੋਣ ਤੋਂ ਬਾਅਦ ਹੁਣ ਪਿੰਡ ਦੇ ਵਿਕਾਸ ਲਈ ਇੱਕ ਮਿਸਾਲ ਬਣ ਰਹੇ ਹਨ।
ਸੇਵਾਮੁਕਤ ਹੋਣ ਤੋਂ ਬਾਅਦ ਸਰਪੰਚ ਬਣਨ ਦੀ ਸੋਚ ਪਿੱਛੇ ਸਰੋਜ ਕੁਮਾਰੀ ਕਹਿੰਦੇ ਹਨ ਕਿ ਪਿੰਡ ਬਾਰਡਰ 'ਤੇ ਹੋਣ ਕਰਕੇ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝਾ ਸੀ ਅਤੇ ਇਹ ਸੋਚ ਜ਼ਰੂਰ ਹੁੰਦੀ ਸੀ ਕਿ ਪਿੰਡ ਦਾ ਸੁਧਾਰ ਹੋਵੇ ਅਤੇ ਪੰਚਾਇਤ ਵਿੱਚ ਆਵਾਜ਼ ਵੀ ਚੁੱਕਦੇ ਰਹੇ ਪਰ ਕੋਈ ਬਦਲਾਅ ਨਹੀਂ ਹੋਇਆ।
"ਫਿਰ ਅਸੀਂ ਸੋਚਿਆ ਕਿ ਜੇ ਬਦਲਾਅ ਲਿਆਉਣਾ ਤਾਂ ਖੁਦ ਹੀ ਸਰਪੰਚੀ ਵਿੱਚ ਆਉਣਾ ਪਵੇਗਾ, ਇਸ ਕਰਕੇ ਅਸੀਂ ਸਰਪੰਚੀ ਵਿੱਚ ਆਏ।"
ਪੂਰੇ ਪਿੰਡ ਨੂੰ ਮੁਫਤ ਵਾਈ-ਫਾਈ ਦੇਣ ਦਾ ਵਿਚਾਰ ਕਿੱਥੋਂ ਆਇਆ ਤਾਂ ਇਸ ਸਵਾਲ ਦੇ ਜਵਾਬ ਵਿੱਚ ਸਰੋਜ ਕੁਮਾਰੀ ਦੱਸਦੇ ਹਨ ਕਿ ਇਸ ਪਿੰਡ ਵਿੱਚ ਮੋਬਾਈਲ ਨੈੱਟਵਰਕ ਦੀ ਬਹੁਤ ਵੱਡੀ ਸਮੱਸਿਆ ਹੈ।
ਉਹ ਦੱਸਦੇ ਹਨ, "ਇੱਥੇ ਇੰਟਰਨੈੱਟ ਤਾਂ ਛੱਡੋ ਫੋਨ ਦੇ ਨੈੱਟਵਰਕ ਤੱਕ ਨਹੀਂ ਆਉੇਂਦੇ, ਸਕੂਲੀ ਬੱਚੇ ਤਾਂ ਪ੍ਰੇਸ਼ਾਨ ਹੁੰਦੇ ਹੀ ਸੀ ਸਾਡੇ ਲਈ ਵੀ ਔਖਾ ਸੀ। ਉਪਰੋਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੱਗਣੀਆਂ ਤੇ ਇੰਟਰਨੈੱਟ ਉਪਰ ਕੰਮ ਮਿਲਣ ਕਾਰਨ ਉਹ ਵੇਲੇ ਬੈਠੇ ਰਹਿੰਦੇ ਸੀ ਤੇ ਪ੍ਰੇਸ਼ਾਨ ਸਨ। ਕਰੋਨਾ ਕਾਲ ਦੇ ਸਮੇਂ ਇਹ ਸਮੱਸਿਆ ਆਈ ਤੇ ਮਾਪੇ ਇੰਨਾ ਅਮੀਰ ਤਾਂ ਨਹੀਂ ਹਨ ਕਿ ਉਹ ਇੰਟਰਨੈੱਟ ਲਈ ਵੱਖਰਾ ਖਰਚਾ ਕਰਨ। ਉਸ ਸਮੇਂ ਸੋਚਦੇ ਸੀ ਕਿ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ।"
ਸਰੋਜ ਕੁਮਾਰੀ ਦੱਸਦੇ ਹਨ, "ਇਹ ਵਿਚਾਰ ਕਰੋਨਾ ਵੇਲੇ ਤੋਂ ਹੀ ਸੀ ਪਰ ਅਸੀਂ ਕੁਝ ਕਰ ਨਹੀਂ ਸੀ ਸਕਦੇ ਫਿਰ ਸਰਪੰਚ ਬਣਨ ਤੋਂ ਬਾਅਦ ਅਸੀਂ ਇਸ ਸਮੱਸਿਆ ਦਾ ਹੱਲ ਕਰਨ ਦੇ ਯੋਗ ਸੀ।”
“ਸਾਡੇ ਘਰ ਬੀਐੱਸਐੱਨਐੱਲ ਦਾ ਵਾਈ-ਫਾਈ ਲੱਗਿਆ ਸੀ ਤੇ ਜਦੋਂ ਬੀਐੱਸਐੱਨਐੱਲ ਵਰਕਰ ਘਰ ਆਉਂਦੇ ਸੀ ਤਾਂ ਉਨ੍ਹਾਂ ਤੋਂ ਪਿੰਡ ਦੀ ਇਸ ਸਮੱਸਿਆ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਨੂੰ ਇਸ ਵਿਚਾਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਸਕੀਮ ਹੈ, ਜਿਸ ਤਹਿਤ ਇਹ ਹੋ ਸਕਦਾ ਤੇ ਅਸੀਂ ਫਿਰ ਉਨ੍ਹਾਂ ਦੇ ਪਿੱਛੇ ਹੀ ਪੈ ਗਏ ਕਿ ਸਾਨੂੰ ਇਹ ਕਰਕੇ ਦਿਓ। ਉਸ ਮਗਰੋਂ ਇਹ ਹੱਲ ਹੋਇਆ।"
"ਪੰਜਾਬ ਦਾ ਪਹਿਲਾ ਮੁਫ਼ਤ ਵਾਈ-ਫਾਈ ਵਾਲਾ ਪਿੰਡ"
ਸਰਪੰਚ ਸਰੋਜ ਕੁਮਾਰੀ ਦੱਸਦੇ ਹਨ ਕਿ ਪਿੰਡ ਵਿੱਚ ਕਰੀਬ 150 ਘਰ ਹਨ ਅਤੇ ਹਰ ਘਰ ਨੂੰ ਇਹ ਇਹ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹ ਦੱਸਦੇ ਹਨ ਕਿ ਪੰਚਾਇਤ ਦੀ ਜ਼ਮੀਨ ਦੇ ਪੈਸਿਆਂ ਵਿੱਚੋਂ ਹੀ ਇਹ ਅਦਾਇਗੀ ਦਿੱਤੀ ਜਾ ਰਹੀ ਹੈ।
ਸਰੋਜ ਕਹਿੰਦੇ ਹਨ, "ਠੇਕੇ ਉਪਰ ਦਿੱਤੀ ਪੰਚਾਇਤੀ ਜ਼ਮੀਨ ਨਾਲ ਹੀ ਇਸ ਵਾਈ-ਫਾਈ ਦੀ ਅਦਾਇਗੀ ਕੀਤੀ ਜਾਂਦੀ ਹੈ। ਪੈਸੇ ਪਿੰਡ ਦੀ ਪੰਚਾਇਤ ਦੇ ਹਨ, ਪਿੰਡ ਦੇ ਲੋਕਾਂ ਦੇ ਹਨ ਅਤੇ ਉਸ ਨਾਲ ਹੀ ਪਿੰਡ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ।"
ਉਨ੍ਹਾਂ ਨੂੰ ਸਰਪੰਚ ਬਣਿਆ ਸਾਲ ਹੋ ਚੁੱਕਾ ਹੈ ਅਤੇ ਉਹ ਦੱਸਦੇ ਹਨ ਕਿ ਸਾਲ ਦੀ ਸਾਲ ਇਸ ਸਹੂਲਤ ਦੀ ਅਦਾਇਗੀ ਕੀਤੀ ਜਾਣੀ ਹੈ।
ਸਰੋਜ ਦੱਸਦੇ ਹਨ ਕਿ ਉਨ੍ਹਾਂ ਦੀ ਇਹ ਪਹਿਲਕਦਮੀ ਹੋਰਾਂ ਪਿੰਡਾਂ ਦੀਆਂ ਪੰਚਾਇਤਾਂ ਲਈ ਵੀ ਪ੍ਰੇਰਣਾ ਬਣ ਰਹੀ ਹੈ ਤੇ ਕਈ ਸਰਪੰਚ ਫੋਨ ਕਰਕੇ ਇਸ ਪ੍ਰੋਗਰਾਮ ਬਾਰੇ ਪੁੱਛਦੇ ਹਨ।
"ਸਾਨੂੰ ਲੱਗਿਆ ਸੀ ਕਿ ਸਾਡਾ ਪਿੰਡ ਜ਼ਿਲ੍ਹਾ ਦਾ ਜਾਂ ਇਧਰਲੇ ਸਰਹੱਦੀ ਇਲਾਕੇ ਦਾ ਪਹਿਲਾ ਪਿੰਡ ਹੈ, ਜਿੱਥੇ ਮੁਫ਼ਤ ਵਾਈ-ਫਾਈ ਲੱਗਿਆ ਪਰ ਸਾਨੂੰ ਬੀਐੱਸਐੱਨਐੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਇਸ ਕਰਕੇ ਇਹ ਪੰਜਾਬ ਦਾ ਪਹਿਲਾ ਪਿੰਡ ਹੈ, ਜਿੱਥੇ ਮੁਫਤ ਵਾਈ-ਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ।"
ਉਹ ਦੱਸਦੇ ਹਨ ਕਿ ਪਿੰਡ ਹਰ ਨੌਜਵਾਨ ਵਿਦਿਆਰਥੀ ਇਸ ਸਹੂਲਤ ਤੋਂ ਬਹੁਤ ਖੁਸ਼ ਹੈ।
ਵਿਦਿਆਰਥੀਆਂ ਲਈ ਵੱਡਾ ਤੋਹਫਾ
ਇਸ ਪਿੰਡ ਦੇ ਬੱਚੇ ਅਤੇ ਨੌਜਵਾਨ ਵੀ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਇਸ ਪਹਿਲ ਤੋਂ ਬਹੁਤ ਖੁਸ਼ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਿੰਡ ਜਿਸ ਦੀ ਕੋਈ ਪਹਿਚਾਣ ਨਹੀਂ ਸੀ ਅੱਜ ਹੋਰਨਾਂ ਪਿੰਡਾਂ ਵਿੱਚ ਉਹਨਾਂ ਦੇ ਪਿੰਡ ਦੀ ਚਰਚਾ ਹੈ।
ਅੰਜਲੀ ਕੌਰ ਪਿੰਡ ਦੇ ਹੀ ਵਸਨੀਕ ਹਨ ਤੇ ਬੱਚਿਆਂ ਨੂੰ ਪਿੰਡ ਵਿੱਚ ਹੀ ਪੜ੍ਹਾਉਂਦੇ ਹਨ। ਉਹ ਇਸ ਸਹੂਲਤ ਨਾਲ ਬਹੁਤ ਖੁਸ਼ ਹਨ।
ਉਹ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਪਿੰਡ ਵਿੱਚ ਨੈੱਟਵਰਕ ਨਾ ਦੇ ਬਰਾਬਰ ਹੋਣ ਕਰਕੇ ਪੜ੍ਹਨ ਤੇ ਹੋਰ ਕੰਮਾਂ ਵਿੱਚ ਮੁਸ਼ਕਲ ਆਉਂਦੀ ਸੀ ਪਰ ਆਨਲਾਈਨ ਪੜ੍ਹਣਾ ਅਸਾਨ ਹੋ ਗਿਆ।
"ਇੰਟਰਨੈੱਟ ਅੱਜ ਦੇ ਸਮੇਂ ਸਭ ਦੀ ਪਹਿਲੀ ਜ਼ਰੂਰਤ ਹੈ ਅਤੇ ਹੁਣ ਪੜ੍ਹਾਈ ਵੀ ਆਨਲਾਈਨ ਜ਼ਿਆਦਾ ਹੁੰਦੀ ਹੈ। ਇਸ ਕਰਕੇ ਪਿੰਡ ਵਿੱਚ ਵਾਈਫਾਈ ਲੱਗਣ ਕਰਕੇ ਅਸੀਂ ਬਹੁਤ ਖੁਸ਼ ਹਾਂ, ਇਸ ਨਾਲ ਸਾਡੀ ਸਮੱਸਿਆ ਹੱਲ ਹੋ ਗਈ ਹੈ। ਅੱਜ ਤੱਕ ਕਿਸੇ ਪੰਚਾਇਤ ਨੇ ਇਹ ਕਦਮ ਨਹੀਂ ਚੁੱਕਿਆ ਪਰ ਇਸ ਪੰਚਾਇਤ ਨੇ ਇਹ ਸਹੂਲਤ ਦੇ ਕੇ ਸਮੱਸਿਆ ਦਾ ਹੱਲ ਕੀਤਾ।"
ਸ਼ੁਸ਼ਾਂਤ ਵੀ ਇਸੇ ਪਿੰਡ ਦੇ ਨੌਜਵਾਨ ਵਿਦਿਆਰਥੀ ਹਨ।
ਉਹ ਕਹਿੰਦੇ ਹਨ, "ਸਾਨੂੰ ਆਪਣੇ ਪਿੰਡ 'ਤੇ ਮਾਣ ਹੈ ਕਿ ਸਾਡੇ ਪਿੰਡ ਵਿੱਚ ਮੁਫਤ ਵਾਈ-ਫਾਈ ਹੈ। ਇਸ ਸਹੂਲਤ ਨਾਲ ਸਾਡੇ ਵਿਦਿਆਰਥੀ ਵਰਗ ਨੂੰ ਪੜ੍ਹਣ ਵਿੱਚ ਬਹੁਤ ਸੌਖ ਹੋਈ ਹੈ। ਪਹਿਲਾਂ ਇੰਟਰਨੈੱਟ ਨਾ ਚਲਣ ਕਾਰਨ ਮੁਸ਼ਕਲ ਹੁੰਦੀ ਸੀ ਪਰ ਹੁਣ ਇਸ ਦਾ ਹੱਲ ਹੋ ਗਿਆ ਹੈ। ਕਈ ਜਣੇ ਮਹਿੰਗੇ ਇੰਟਰਨੈੱਟ ਪੈਕ ਲੈ ਵੀ ਨਹੀਂ ਸਕਦੇ ਤੇ ਪਿੰਡ ਵੱਲੋਂ ਦਿੱਤਾ ਜਾ ਰਿਹਾ ਵਾਈ-ਫਾਈ ਮੁਫਤ ਹੈ ਤੇ ਅਨਲਿਮਿਟਡ ਹੈ। ਇਸ ਦੇ ਪਾਸਵਰਡ ਵੀ ਪਿੰਡਾਂ ਦੀਆਂ ਕੰਧਾਂ ਉਪਰ ਲਗਾਏ ਗਏ ਹਨ। ਅੱਜ ਦੇ ਸਮੇਂ ਵਿੱਚ ਇੰਟਰਨੈੱਟ ਤੋਂ ਬਿਨਾਂ ਕੁਝ ਸੰਭਵ ਨਹੀਂ ਹੈ ਤੇ ਇਸ ਦੀ ਸਭ ਨੂੰ ਬਹੁਤ ਜ਼ਰੂਰਤ ਹੈ।"
ਸ਼ੁਸ਼ਾਂਤ ਕਹਿੰਦੇ ਹਨ ਕਿ ਇੰਟਰਨੈੱਟ ਦੇ ਦੋਵੇਂ ਪਹਿਲੂ ਹਨ, ਇਹ ਸਾਡੇ ਉਪਰ ਹੈ ਕਿ ਅਸੀਂ ਇਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ।
"ਇਹ ਸਾਡੀ ਜ਼ਿੰਦਗੀ ਬਣਾ ਵੀ ਸਕਦਾ ਤੇ ਜੇ ਇਸ ਦੀ ਦੁਰਵਰਤੋਂ ਕੀਤੀ ਜਾਵੇ ਤਾਂ ਇਹ ਸਾਡੀ ਜ਼ਿੰਦਗੀ ਬਰਬਾਦ ਵੀ ਕਰ ਸਕਦਾ ਹੈ। ਸਾਡੇ ਪਿੰਡ ਦੀ ਇਹ ਸਹੂਲਤ ਸਾਡੀ ਸਿੱਖਿਆ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।"
ਬੀਐੱਸਐੱਨਐੱਲ ਅੱਗੇ ਕਿਹੜੀਆਂ ਚੁਣੌਤੀਆਂ ਸਨ
ਬੀਐੱਸਐੱਨਐੱਲ ਦੇ ਡਿਪਟੀ ਜਨਰਲ ਮੈਨੇਜਰ ਬਲਬੀਰ ਸਿੰਘ ਦੱਸਦੇ ਹਨ ਕਿ ਪਿੰਡ ਰਾਮਕਲਵਾਂ ਦੇ ਸਰਪੰਚ ਅਤੇ ਉਨ੍ਹਾਂ ਦੇ ਬੇਟੇ ਵੱਲੋਂ ਪਿੰਡ ਵਿੱਚ ਵਾਈ-ਫਾਈ ਲਗਾਉਣ ਦੀ ਗੱਲ ਸਾਡੇ ਤੱਕ ਪਹੁੰਚੀ ਸੀ।
ਉਹ ਦੱਸਦੇ ਹਨ, "ਅਸੀਂ ਉਨ੍ਹਾਂ ਨੂੰ ਫਿਰ ਵਿਦਿਆ ਮਿਤਰਮ ਸਕੀਮ ਬਾਰੇ ਸਲਾਹ ਦਿੱਤੀ, ਜਿਸ ਵਿੱਚ ਅਸੀਂ ਉਨ੍ਹਾਂ ਨੂੰ ਤਿੰਨ ਕੁਨੈਕਸ਼ਨ ਦਿੱਤੇ ਤਾਂ ਸਰਪੰਚ ਸਾਬ੍ਹ ਨੇ ਕਿਹਾ ਵੀ ਠੀਕ ਹੈ ਇਹ ਲਗਾ ਦਵੋ। ਉਸ ਸਮੇਂ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਆਏ ਤੇ ਉਨ੍ਹਾਂ ਨੇ ਕਿਹਾ ਕਿ ਉਹ ਹੋਰਾਂ ਪੰਚਾਇਤਾਂ ਲਈ ਵੀ ਇਹ ਸਕੀਮ ਕਰਵਾਉਣਗੇ।"
ਬਲਵੀਰ ਸਿੰਘ ਦੀ ਟੀਮ ਨੂੰ ਆਈਆਂ ਚੁਣੌਤੀਆਂ ਬਾਰੇ ਉਹ ਦੱਸਦੇ ਹਨ ਕਿ ਉਸ ਪਿੰਡ ਵਿੱਚ ਨੈੱਟਵਰਕ ਬਹੁਤ ਕਮਜ਼ੋਰ ਹੈ, ਸਰਹੱਦ ਦੇ ਨੇੜੇ ਹੈ ਅਤੇ ਸਾਡੇ ਵਿਭਾਗ ਲਈ ਵੀ ਅਜਿਹੇ ਵਿੱਚ ਕੁਝ ਸੀਮਾ ਨਿਰਧਾਰਤ ਹੁੰਦੀ ਹੈ ਕਿ ਅਸੀਂ ਨੈੱਟਵਰਕ ਦੀ ਵੋਲਿਊਮ ਕਿੰਨੀ ਕੁ ਵਧਾ ਸਕਦੇ ਹਾਂ ਕਿਉਂਕਿ ਸਿੰਗਨਲ ਬਾਰਡਰ ਤੋਂ ਪਾਰ ਨਹੀਂ ਜਾਣਾ ਚਾਹੀਦਾ।
"ਸਰਹੱਦੀ ਪਿੰਡ ਹੋਣ ਕਰਕੇ ਸਾਡੇ ਲਈ ਇਹ ਵੱਡੀ ਚੁਣੌਤੀ ਸੀ ਪਰ ਅਸੀਂ ਇਸ ਪਿੰਡ ਨੂੰ ਪੂਰੀ ਸਪੋਰਟ ਕੀਤੀ। ਇਹ ਪਠਾਨਕੋਟ ਜ਼ਿਲ੍ਹਾ ਦਾ ਤਾਂ ਪਹਿਲਾਂ ਪਿੰਡ ਹੈ ਹੀ ਪਰ ਪੰਜਾਬ ਵਿੱਚ ਵੀ ਸ਼ਾਇਦ 99 ਫੀਸਦ ਪਹਿਲਾਂ ਹੀ ਪਿੰਡ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ