ਜੰਮੂ ਕਸ਼ਮੀਰ: ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਕੱਟੜਵਾਦੀ ਹਮਲਾ 9 ਮੌਤਾਂ, ਅਮਿਤ ਸ਼ਾਹ ਕੀ ਬੋਲੇ

ਜੰਮੂ-ਕਸ਼ਮੀਰ ਦੇ ਰਿਆਸੀ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਕੱਟੜਵਾਦੀਆਂ ਨੇ ਹਮਲਾ ਕੀਤਾ ਹੈ। ਪੁਲਿਸ ਮੁਤਾਬਕ ਇਸ 'ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 33 ਲੋਕ ਜ਼ਖਮੀ ਹੋਏ ਹਨ।

ਭਾਜਪਾ ਆਗੂ ਅਤੇ ਕੇਂਦਰ ਦੀ ਨਵੀਂ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, "ਜਿਹਨਾਂ ਨੇ ਇਸ ਕਾਇਰਾਨਾ ਹਮਲੇ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਸਥਾਨਕ ਪ੍ਰਸ਼ਾਸਨ ਜ਼ਖਮੀਆਂ ਦੀ ਮਦਦ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ।"

ਪੁਲਿਸ ਨੇ ਕੀ ਕਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰਿਆਸੀ ਦੇ ਐੱਸਐੱਸਪੀ ਮੋਹਿਤਾ ਸ਼ਰਮਾ ਨੇ ਕਿਹਾ, "ਸ਼ੁਰੂਆਤੀ ਰਿਪੋਰਟਾਂ ਆਈਆਂ ਹਨ ਕਿ ਅੱਤਵਾਦੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਅਤੇ ਬੱਸ 'ਤੇ ਗੋਲੀਬਾਰੀ ਕੀਤੀ। ਇਹ ਬੱਸ ਸ਼ਿਵਖੋਰੀ ਤੋਂ ਕਟੜਾ ਜਾ ਰਹੀ ਸੀ।"

ਹਮਲੇ ਦੀ ਨਿਖੇਧੀ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਰਾਹੀ ਘਟਨਾ ਉੱਤੇ ਦੁੱਖ ਜਤਾਇਆ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਜੰਮੂ-ਕਸ਼ਮੀਰ ਦੇ ਰਿਆਸੀ ਤੋਂ ਭਿਆਨਕ ਖ਼ਬਰ ਆਈ ਹੈ। ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ 10 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖਮੀ ਹੋ ਗਏ ਹਨ।"

"ਮੈਂ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਇਹ ਮੰਦਭਾਗਾ ਹੈ ਕਿ ਕੱਟੜਪੰਥੀ ਉਸ ਜਗ੍ਹਾ ਤੋਂ ਵਾਪਸ ਪਰਤ ਆਏ ਹਨ, ਜਿੱਥੇ ਉਨ੍ਹਾਂ ਦਾ ਸਫਾਇਆ ਹੋ ਗਿਆ ਸੀ। ਮ੍ਰਿਤਕਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ।"

"ਹਮਲੇ ਕਾਰਨ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਸ ਖਾਈ 'ਚ ਜਾ ਡਿੱਗੀ। ਬਚਾਅ ਕਾਰਜ ਪੂਰਾ ਕਰ ਲਿਆ ਗਿਆ ਹੈ। ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। 33 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।"

ਉਨ੍ਹਾਂ ਕਿਹਾ, "ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਬੱਸ ਵਿੱਚ ਉੱਤਰ ਪ੍ਰਦੇਸ਼ ਦੇ ਲੋਕ ਸਵਾਰ ਸਨ।"

ਕਾਂਗਰਸ ਦਾ ਪ੍ਰਤੀਕਰਮ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਨੂੰ 'ਕਾਇਰਾਨਾ ਅੱਤਵਾਦੀ ਹਮਲਾ' ਕਰਾਰ ਦਿੱਤਾ ਹੈ।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, "ਇਹ ਸ਼ਰਮਨਾਕ ਘਟਨਾ ਜੰਮੂ-ਕਸ਼ਮੀਰ ਦੀ ਚਿੰਤਾਜਨਕ ਸੁਰੱਖਿਆ ਸਥਿਤੀ ਦੀ ਅਸਲ ਤਸਵੀਰ ਹੈ। ਮੈਂ ਸਾਰੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਉਮੀਦ ਕਰਦਾ ਹਾਂ। ਪੂਰਾ ਦੇਸ਼ ਅੱਤਵਾਦ ਦੇ ਖਿਲਾਫ ਇਕਜੁੱਟ ਹੈ।"

ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਘੱਟੋ-ਘੱਟ 10 ਭਾਰਤੀਆਂ ਦੀ ਜਾਨ ਚਲੀ ਗਈ ਹੈ।

"ਅਸੀਂ ਆਪਣੇ ਲੋਕਾਂ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਇਹ ਸਾਡੀ ਰਾਸ਼ਟਰੀ ਸੁਰੱਖਿਆ ਦੇ ਖਿਲਾਫ ਜਾਣਬੁੱਝ ਕੇ ਰਚੀ ਗਈ ਸਾਜ਼ਿਸ਼ ਹੈ।"

ਖੜਗੇ ਨੇ ਕਿਹਾ, ''ਸਿਰਫ ਤਿੰਨ ਹਫ਼ਤੇ ਪਹਿਲਾਂ ਪਹਿਲਗਾਮ 'ਚ ਸੈਲਾਨੀਆਂ 'ਤੇ ਗੋਲੀਬਾਰੀ ਹੋਈ ਸੀ ਅਤੇ ਜੰਮੂ-ਕਸ਼ਮੀਰ 'ਚ ਕਈ ਅੱਤਵਾਦੀ ਘਟਨਾਵਾਂ ਬੇਰੋਕ ਜਾਰੀ ਹਨ। ਮੋਦੀ ਸਰਕਾਰ, ਜੋ ਹੁਣ ਐੱਨ.ਡੀ.ਏ. ਸਰਕਾਰ ਹੈ, ਵੱਲੋਂ ਸ਼ਾਂਤੀ ਅਤੇ ਹਾਲਾਤ ਆਮ ਹੋਣ ਦਾ ਸਾਰਾ ਪ੍ਰਚਾਰ ਖੋਖਲਾ ਜਾਪਦਾ ਹੈ। ਉਨ੍ਹਾਂ ਨੇ ਲਿਖਿਆ, "ਭਾਰਤ ਅੱਤਵਾਦ ਦੇ ਖਿਲਾਫ ਏਕਤਾ ਵਿੱਚ ਖੜ੍ਹਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)