ਮੋਰੱਕੋ ਭੂਚਾਲ 'ਚ 2000 ਤੋਂ ਵੱਧ ਮੌਤਾਂ: 'ਫਰਸ਼, ਕੰਧਾਂ ਸਭ ਕੁਝ ਕੰਬ ਰਿਹਾ ਸੀ, ਮੈਨੂੰ ਲੱਗਿਆ ਮੇਰਾ ਬਿਸਤਰਾ ਉੱਡ ਜਾਵੇਗਾ'

ਮੋਰੱਕੋ ਵਿੱਚ ਆਏ ਤਬਾਹੀਕੁੰਨ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਜਖ਼ਮੀਆਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੀ ਹੈ।

ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 1,400 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ ਮਾਰਾਕੇਸ਼ ਦੇ ਦੱਖਣ ਵਾਲੇ ਸੂਬਿਆਂ ਵਿੱਚ ਹੋਈਆਂ ਹਨ।

ਰਾਜਾ ਮੁਹੰਮਦ ਛੇਵੇਂ ਨੇ ਤਿੰਨ ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਅਤੇ ਬਚੇ ਲੋਕਾਂ ਲਈ ਪਨਾਹ, ਭੋਜਨ ਅਤੇ ਹੋਰ ਮਦਦ ਦੇ ਹੁਕਮ ਵੀ ਜਾਰੀ ਕੀਤੇ ਹਨ।

ਸੈਂਕੜੇ ਲੋਕਾਂ ਨੇ ਰਾਤ ਘਰਾਂ ਤੋਂ ਬਾਹਰ ਖੁੱਲ੍ਹੇ ਅਸਮਾਨ ਹੇਠਾਂ ਕੱਢੀ।

ਇਸ ਤੋਂ ਪਹਿਲਾਂ 1960 ਵਿੱਚ ਅਗਾਦੀਰ ਵਿੱਚ 6.7 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ ਵਿੱਚ 12,000 ਤੋਂ ਵੱਧ ਲੋਕ ਮਾਰੇ ਗਏ ਸਨ।

ਸ਼ੁੱਕਰਵਾਰ ਦਾ ਭੂਚਾਲ ਵੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਬਾਅਦ ਮੋਰੋਕੋ ’ਚ ਆਇਆ ਸਭ ਤੋਂ ਘਾਤਕ ਭੂਚਾਲ ਮੰਨਿਆ ਜਾ ਰਿਹਾ ਹੈ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਹ ਮੋਰੱਕੋ ਦੀ ਸਰਕਾਰ ਦੀ ਬਚਾਅ ਕਾਰਜਾਂ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ। ਸਪੇਨ, ਫਰਾਂਸ ਅਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ।

ਇਤਿਹਾਸਿਕ ਸ਼ਹਿਰ ਮਾਰਾਕੇਸ਼ ’ਚ ਭਾਰੀ ਨੁਕਸਾਨ

ਸ਼ੁੱਕਰਵਾਰ ਰਾਤ ਨੂੰ ਮਾਰਾਕੇਸ਼ ਮੁਰੱਕੋ ਦੇ ਕਈ ਕਸਬਿਆਂ 'ਚ 6.8 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ ਨਾਲ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ਵਿੱਚ ਤਾਂ ਪੂਰੇ ਪਿੰਡਾਂ ਦੇ ਪਿੰਡ ਤਬਾਹ ਹੋ ਜਾਣ ਦੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

ਭੂਚਾਲ ਦਾ ਕੇਂਦਰ ਮਾਰਾਕੇਸ਼ ਦੇ ਦੱਖਣ-ਪੱਛਮ ਵਿੱਚ 71 ਕਿਲੋਮੀਟਰ, ਉੱਚ ਐਟਲਸ ਪਹਾੜਾਂ ਵਿੱਚ ਸੀ। ਇਹ ਇੱਕ ਕੌਮਾਂਤਰੀ ਵਿਰਾਸਤ ਦਾ ਦਰਜਾ ਪ੍ਰਾਪਤ ਸ਼ਹਿਰ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹਿੰਦਾ ਹੈ।

ਪਰ ਭੂਚਾਲ ਦੇ ਝਟਕੇ ਰਾਜਧਾਨੀ ਰਬਾਤ ਤੇ ਇਸ ਤੋਂ ਕਰੀਬ 350 ਕਿਲੋਮੀਟਰ ਦੂਰ ਕੈਸਾਬਲਾਂਕਾ, ਅਗਾਦਿਰ ਅਤੇ ਐਸਾਓਇਰਾ ਵਿੱਚ ਵੀ ਮਹਿਸੂਸ ਕੀਤੇ ਗਏ।

ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਭ ਤੋਂ ਵਧੇਰੇ ਮੌਤਾਂ ਅਲ ਹੌਜ਼ ਸੂਬੇ ਵਿੱਚ ਹੋਈਆਂ ਹਨ, ਇਸ ਤੋਂ ਬਾਅਦ ਤਰੌਦੰਤ ਵਿੱਚ ਵੀ ਭੂਚਾਲ ਨੇ ਕਾਫ਼ੀ ਜਾਨੀ ਨੁਕਸਾਨ ਕੀਤਾ ਹੈ।

ਮਾਰਾਕੇਸ਼ ਵਿੱਚ ਵਧੇਰੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋਇਆ ਪਰ ਯੂਨੈਸਕੋ ਵੱਲੋਂ ਸੰਭਾਲੇ ਜਾਂਦੇ ਪੁਰਾਣੇ ਸ਼ਹਿਰ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪਹਾੜੀ ਪਿੰਡਾਂ ਵਿੱਚ ਮਿੱਟੀ ਦੀਆਂ ਇੱਟਾਂ, ਪੱਥਰ ਜਾਂ ਲੱਕੜ ਦੀ ਵਰਤੋਂ ਨਾਲ ਬਣਾਏ ਗਏ ਕਈ ਸਾਧਾਰਨ ਘਰ ਢਹਿ ਗਏ ਹੋਣਗੇ, ਪਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕਿੰਨੀ ਤਬਾਹੀ ਹੋਈ ਹੈ ਇਸ ਦਾ ਮੁਲਾਂਕਣ ਕਰਨ ਵਿੱਚ ਕੁਝ ਸਮਾਂ ਲੱਗੇਗਾ।

ਇੱਕੋਂ ਥਾਂ ਤੋਂ 18 ਲਾਸ਼ਾਂ ਮਿਲੀਆਂ

ਜਦੋਂ ਬੀਬੀਸੀ ਪੱਤਰਕਾਰ ਨਿਕ ਬੀਕ ਭੂਚਾਲ ਦੀ ਮਾਰ ਹੇਠ ਆਏ ਇੱਕ ਪਿੰਡ ਵਿੱਚ ਪਹੁੰਚੇ ਤਾਂ ਇੱਕ ਬਜ਼ੁਰਗ ਔਰਤ ਚੀਕ ਰਹੀ ਸੀ ਕਿਉਂਕਿ ਇੱਕੋ ਥਾਂ ਤੋਂ 18 ਲਾਸ਼ਾਂ ਬਰਾਮਦ ਹੋਈਆਂ ਸਨ।

ਉਹ ਦੱਸਦੇ ਹਨ ਕਿ ਬਹੁਤ ਸਾਰੇ ਲੋਕ ਉੱਥੇ ਰਾਤ ਭਰ ਘਰਾਂ ਤੋਂ ਬਾਹਰ ਰਹੇ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਝਟਕਿਆਂ ਦਾ ਡਰ ਹੈ।

ਨਿੱਕ ਕਹਿੰਦੇ ਹਨ, “ਲੋਕਾਂ ਨੂੰ ਭੋਜਨ ਤੇ ਪਾਣੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ।”

“ਪਰ ਅਜਿਹੀਆਂ ਥਾਵਾਂ 'ਤੇ ਪਹੁੰਚਣਾ ਵੀ ਔਖਾ ਹੈ, ਪਹਾੜੀ ਸੜਕਾਂ, ਚੱਟਾਨਾਂ ਅਤੇ ਹੋਰ ਮਲਬੇ ਹੇਠ ਦੱਬ ਗਈਆਂ ਹਨ ਜਾਂ ਕਹਿ ਲਓ ਕਿ ਸੜਕਾਂ ਬਚੀਆਂ ਹੀ ਨਹੀਂ ਹਨ। ਇਸ ਤਰ੍ਹਾਂ ਐਮਰਜੈਂਸੀ ਸੇਵਾਵਾਂ ਪਹੁੰਚਾ ਸਕਣਾ ਇੱਕ ਚੁਣੌਤੀ ਬਣ ਗਿਆ ਹੈ।”

‘ਮੇਰੇ ਘਰ ਦੇ 10 ਲੋਕ ਮਾਰੇ ਗਏ’

ਭੂਚਾਲ ਦੇ ਕੇਂਦਰ ਦੇ ਨੇੜੇ ਅਸਨੀ ਇਲਾਕੇ ਦੇ ਪਹਾੜੀ ਪਿੰਡ ਵਿੱਚ ਰਹਿਣ ਵਾਲੇ ਮੋਨਟਾਸੀਰ ਇਤਰੀ ਆਪਣੇ ਗੁਆਂਢੀਆਂ ਲਈ ਫ਼ਿਕਰਮੰਦ ਹਨ।

ਉਨ੍ਹਾਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਸਾਡੇ ਗੁਆਂਢੀ ਮਲਬੇ ਹੇਠ ਦੱਬੇ ਗਏ ਹਨ ਅਤੇ ਲੋਕ ਪਿੰਡ ਵਿੱਚ ਮੌਜੂਦ ਸਾਧਨਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।"

ਦੂਜੇ ਪਾਸੇ ਹਾਉਦਾ ਓਤਸਾਫ਼ ਮਾਰਾਕੇਸ਼ ਵਿੱਚ ਜੇਮਾ ਅਲ-ਫਨਾ ਸਕੁਆਇਰ ਦੇ ਆਲੇ-ਦੁਆਲੇ ਘੁੰਮ ਰਹੇ ਸਨ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜ਼ਮੀਨ ਹਿੱਲਣ ਲੱਗੀ ਹੈ।

ਉਨ੍ਹਾਂ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ, "ਮੇਰੇ ਪਰਿਵਾਰ ਦੇ ਘੱਟੋ-ਘੱਟ 10 ਮੈਂਬਰ ਇਸ ਭੂਚਾਲ ’ਮਾਰੇ ਗਏ। ਮੈਂਨੂੰ ਯਕੀਨ ਨਹੀਂ ਆ ਰਿਹਾ ਹਾਲੇ ਦੋ ਦਿਨ ਪਹਿਲਾਂ ਮੈਂ ਉਨ੍ਹਾਂ ਦੇ ਨਾਲ ਸੀ।"

ਜੇਮਾ ਅਲ-ਫਨਾ ਸਕੁਏਅਰ ਵਿੱਚ ਇੱਕ ਮਸਜਿਦ ਦੀ ਮੀਨਾਰ ਢਹਿ ਗਈ ਅਤੇ ਸ਼ਹਿਰ ਦੇ ਪੁਰਾਣੇ ਮਦੀਨਾ ਵਿੱਚ ਕਈ ਤੰਗ ਗਲੀਆਂ ਮਲਬੇ ਨਾਲ ਭਰ ਗਈਆਂ ਹਨ।

‘ਸਭ ਕੁਝ ਕੰਬ ਰਿਹਾ ਸੀ, ਸਭ ਕੁਝ’

ਮਾਰਾਕੇਸ਼ ਵਿੱਚ ਰਹਿਣ ਵਾਲੇ 33 ਸਾਲਾ ਅਬਦੇਲਹਕ ਅਲ ਅਮਰਾਨੀ ਨੇ ਏਐਫ਼ਪੀ ਨੂੰ ਦੱਸਿਆ,"ਅਸੀਂ ਇੱਕ ਦਿਲ ਦਹਿਲਾਉਣ ਵਾਲਾ ਝਟਕਾ ਮਹਿਸੂਸ ਕੀਤਾ ਤਦੇ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਭੂਚਾਲ ਸੀ। ਮੇਰੀਆਂ ਅੱਖਾਂ ਸਾਹਮਣੇ ਇਮਾਰਤਾਂ ਹਿੱਲ ਰਹੀਆਂ ਸਨ।”

"ਫ਼ਿਰ ਮੈਂ ਤੇਜ਼ੀ ਨਾਲ ਬਾਹਰ ਨਿਕਲਿਆ, ਉੱਥੇ ਬਹੁਤ ਲੋਕ ਸਨ। ਸਾਰੇ ਸਦਮੇ ਅਤੇ ਘਬਰਾਹਟ ਵਿੱਚ ਸਨ। ਬੱਚੇ ਰੋ ਰਹੇ ਸਨ ਅਤੇ ਮਾਪੇ ਪਰੇਸ਼ਾਨ ਸਨ।"

ਮਾਈਕਲ ਬਿਜ਼ੇਟ, ਇੱਕ ਫਰਾਂਸੀਸੀ ਨਾਗਰਿਕ ਜੋ ਮਾਰਕੇਸ਼ ਦੇ ਪੁਰਾਣੇ ਕਸਬੇ ਵਿੱਚ ਤਿੰਨ ਜਾਇਦਾਦਾਂ ਦੇ ਮਾਲਕ ਹਨ।

ਉਨ੍ਹਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ, "ਮੈਂ ਸੋਚਿਆ ਕਿ ਮੇਰਾ ਬਿਸਤਰਾ ਉੱਡ ਜਾਵੇਗਾ। ਮੈਂ ਪੂਰੇ ਕੱਪੜੇ ਵੀ ਨਹੀਂ ਸਨ ਪਹਿਨੇ ਪਰ ਉਸੇ ਤਰ੍ਹਾਂ ਗਲੀ ਘਰੋਂ ਬਾਹਰ ਨਿਕਲਿਆ ਤੇ ਆਪਣੇ ਘਰਾਂ ਨੂੰ ਦੇਖਣ ਗਿਆ।”

"ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਸੀ, ਇਹ ਇੱਕ ਅਸਲ ਤਬਾਹੀ ਸੀ।"

ਮੋਰੱਕੋ ਵਿੱਚ ਰਹਿਣ ਵਾਲੇ ਬਰਤਾਨਵੀ ਪੱਤਰਕਾਰ ਮਾਰਟਿਨ ਜੇ ਨੇ ਕਿਹਾ ਕਿ ਉਹ ਚੀਕਾਂ ਦੀ ਆਵਾਜ਼ ਨਾਲ ਜਾਗੇ।

ਉਨ੍ਹਾਂ ਨੇ ਬੀਬੀਸੀ ਰੇਡੀਓ 4 ਦੇ ਟੂਡੇ ਪ੍ਰੋਗਰਾਮ ਨੂੰ ਦੱਸਿਆ, "ਪਹਿਲਾ ਇਸ਼ਾਰਾ ਮੇਰੀ ਪਤਨੀ ਦੇ ਚੀਕਣ ਦਾ ਸੀ। ਅਸੀਂ ਦੋਵੇਂ ਸੌਂ ਰਹੇ ਸੀ ਪਰ ਡੂੰਘੀ ਨੀਂਦ ਵਿੱਚ ਨਹੀਂ ਸੀ।”

“ਉਸ ਹਲਕੀ ਜਿਹੀ ਨੀਂਦ ਵਿੱਚ ਮੈਂ ਸੋਚ ਹੀ ਰਿਹਾ ਸੀ ਕਿ ਉਹ ਚੀਕਣ ਲੱਗੀ ਤੇ ਬਸ, ਇਸ ਤਰ੍ਹਾਂ ਨਾਲ ਮੇਰੀਆਂ ਅੱਖਾਂ ਖੁੱਲ੍ਹੀਆਂ ਪਰ ਮੈਂ ਸਮਝ ਹੀ ਨਾ ਸਕਿਆ ਕਿ ਹੋ ਕੀ ਰਿਹਾ ਹੈ।”

"ਅਜਿਹੀ ਸਥਿਤੀ ਸੀ ਕਿ ਮੈਂ ਕਲਪਨਾ ਹੀ ਨਹੀਂ ਕਰ ਸਕਦਾ ਸੀ ਕਿ ਮੈਂ ਭਿਆਨਕ ਭੂਚਾਲ ਦੇ ਵਿਚਕਾਰ ਸੀ।

"ਸਭ ਕੁਝ ਕੰਬ ਰਿਹਾ ਸੀ, ਸਭ ਕੁਝ, ਬਿਸਤਰਾ, ਫਰਸ਼, ਚਾਰ ਦੀਵਾਰੀ, ਸਭ ਕੁਝ"

ਉਨ੍ਹਾਂ ਦੱਸਦੇ ਹਨ ਕਿ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ ਨੂੰ ਨਾ ਪਰਤਣ।

"ਅੱਜ ਮੋਰੱਕੋ ਦੇ ਤਕਰੀਬਨ ਹਰ ਕਸਬੇ ਵਿੱਚ ਅਜੀਬ ਜਿਹੀ ਸ਼ਾਮ ਹੈ, ਬਹੁਤੇ ਲੋਕ ਆਪਣੇ ਘਰਾਂ ਜਾਂ ਅਪਾਰਟਮੈਂਟ ਬਲਾਕਾਂ ਦੇ ਬਾਹਰ ਜ਼ਮੀਨ 'ਤੇ ਬੈਠੇ ਹਨ, ਕਿਉਂਕਿ ਮਨਾਂ ਵਿੱਚ ਹੋਰ ਭੂਚਾਲ ਆਉਣ ਦੀ ਸੰਭਾਵਨਾ ਦਾ ਡਰ ਹੈ।”

“ਇੱਕ ਹੋਰ ਭੂਚਾਲ ਬਾਰੇ ਮੌਸਮ ਵਿਭਾਗ ਨੇ ਭਵਿੱਖਬਾਣੀ ਵੀ ਕੀਤੀ ਸੀ ਕਿ ਦੋ ਘੰਟੇ ਬਾਅਦ ਆਵੇਗਾ। ਪਰ ਰੱਬ ਦਾ ਸ਼ੁਕਰ ਹੈ ਅਜਿਹਾ ਨਹੀਂ ਹੋਇਆ।"

‘ਚੀਕਣ, ਰੋਣ ਦੀਆਂ ਆਵਾਜ਼ਾ ਅਸਹਿ ਸਨ’

ਜਦੋਂ ਭੂਚਾਲ ਆਇਆ ਉਸ ਸਮੇਂ ਮਾਰਕੇਸ਼ ਵਾਸੀ ਫੈਸਲ ਬਦੌਰ ਗੱਡੀ ਚਲਾ ਰਹੇ ਸਨ।

ਉਨ੍ਹਾਂ ਨੇ ਏਐੱਫ਼ਪੀ ਨੂੰ ਦੱਸਿਆ, "ਮੈਂ ਰੁਕ ਗਿਆ ਅਤੇ ਮਹਿਸੂਸ ਕੀਤਾ ਕਿ ਹਰ ਪਾਸੇ ਤਬਾਹੀ ਦਾ ਆਲਮ ਸੀ। ਚੀਕਣ, ਰੋਣ ਦੀਆਂ ਆਵਾਜ਼ਾਂ ਅਸਹਿ ਸਨ।"

ਮੀਨਾ ਮੇਟਿਉਈ ਕਹਿੰਦੇ ਹਨ , “ਮਾਰਾਕੇਸ਼ ਵਿੱਚ ‘ਇੱਕ ਲੜਾਕੂ ਜਹਾਜ਼’ ਦੇ ਹਮਲੇ ਵਰਗਾ ਰੌਲਾ ਸੀ, ਉੱਚੀ ਬਹੁਤ ਉੱਚੀ ਆਵਾਜ਼ਾਂ।”

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਦੇਖਿਆ ਮੇਰਾ ਕਮਰਾ ਹਿੱਲ ਰਿਹਾ ਹੈ, ਤਸਵੀਰਾਂ, ਫਰੇਮ ਕੰਧ ਤੋਂ ਡਿੱਗਣ ਲੱਗ ਗਏ।"

"ਚੀਜ਼ਾਂ ਇਮਾਰਤਾਂ ਬਸ ਡਿੱਗ ਰਹੀਆਂ ਸਨ, ਹਰ ਪਾਸੇ ਹੀ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਸਭ ਇੱਕ ਭੂਚਾਲ ਦੀ ਮਾਰ ਹੇਠ ਆ ਗਏ ਹਾਂ।”

"ਇਹ ਸਭ ਪਲਾਂ ਵਿੱਚ ਹੀ ਵਾਪਰ ਗਿਆ, ਫਿਰ ਮੈਂ ਲੋਕਾਂ ਨੂੰ ਚੀਕਾਂ ਮਾਰਦੇ ਸੁਣਿਆ, ਅਸੀਂ ਸਭ ਘਰਾਂ ਤੋਂ ਬਾਹਰ ਨਿਕਲਣ ਲੱਗੇ। ਇਹ ਸੱਚਮੁੱਚ ਇੱਕ ਭਿਆਨਕ ਤਜਰਬਾ ਸੀ।"

ਲੋਕਾਂ ਵਿੱਚ ਹਾਲੇ ਵੀ ਘਬਰਾਹਟ

ਲੋਕ ਹੜਬੜਾਹਟ ਵਿੱਚ ਇੱਧਰ-ਓੱਧਰ ਭੱਜਦੇ ਨਜ਼ਰ ਆ ਰਹੇ ਹਨ।

ਮਾਰਾਕੇਸ਼ ਦੇ ਇੱਕ ਸਥਾਨਕ ਵਾਸੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਪੁਰਾਣੇ ਸ਼ਹਿਰ ਵਿੱਚ ਕੁਝ ਇਮਾਰਤਾਂ ਢਹਿ ਗਈਆਂ ਹਨ।

ਐਕਸ 'ਤੇ ਕਈ ਕਲਿੱਪਾਂ ਵਿੱਚ ਇਮਾਰਤਾਂ ਨੂੰ ਡਿੱਗਦਿਆਂ ਦੇਖਿਆ ਜਾ ਸਕਦਾ ਹੈ ਪਰ ਬੀਬੀਸੀ ਇਹ ਪੁਸ਼ਟੀ ਨਹੀਂ ਕਰ ਸਕਿਆ ਕਿ ਇਹ ਕਿਸ ਇਲਾਕੇ ਦੀਆਂ ਹਨ।

ਤਬਾਹੀਕੁੰਨ ਝਟਕਿਆਂ ਦੇ ਚਲਦਿਆਂ ਲੋਕਾਂ ਨੂੰ ਘਰਾਂ ਤੋਂ ਬਾਹਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਤਿਹਾਸਕ ਸ਼ਹਿਰ ਦੇ ਇੱਕ ਹੋਰ ਵਿਅਕਤੀ ਨੇ ਇਨ੍ਹਾਂ ਨੂੰ ‘ਹਿੰਸਕ ਝਟਕੇ’ ਕਿਹਾ ਹੈ ਤੇ ਦੱਸਿਆ ਕਿ ਉਨ੍ਹਾਂ ਨੇ ‘ਇਮਾਰਤਾਂ ਨੂੰ ਹਿੱਲਦੇ’ ਦੇਖਿਆ।

ਖ਼ਬਰ ਏਜੰਸੀ ਏਐੱਫ਼ਪੀ ਨੂੰ ਅਬਦੇਲਹੱਕ ਅਲ ਅਮਰਾਨੀ ਨੇ ਦੱਸਿਆ, "ਲੋਕ ਸਾਰੇ ਸਦਮੇ ਅਤੇ ਦਹਿਸ਼ਤ ਵਿੱਚ ਸਨ। ਬੱਚੇ ਰੋ ਰਹੇ ਸਨ ਅਤੇ ਮਾਪੇ ਪਰੇਸ਼ਾਨ ਸਨ।"

ਉਨ੍ਹਾਂ ਕਿਹਾ ਕਿ ਬਿਜਲੀ ਅਤੇ ਫ਼ੋਨ ਲਾਈਨਾਂ ਦਸ ਮਿੰਟ ਲਈ ਬੰਦ ਸਨ।

ਏਐਫ਼ਪੀ ਨੇ ਇਹ ਵੀ ਰਿਪੋਰਟ ਕੀਤਾ ਕਿ ਇੱਕ ਪਰਿਵਾਰ ਇੱਕ ਘਰ ਦੇ ਢਹਿ-ਢੇਰੀ ਹੋਏ ਮਲਬੇ ਵਿੱਚ ਫਸਿਆ ਹੋਇਆ ਸੀ - ਅਤੇ ਸ਼ਹਿਰ ਵਿੱਚੋਂ ਵੱਡੀ ਗਿਣਤੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।

ਉੱਚ ਐਟਲਸ ਪਹਾੜਾਂ ਦੇ ਇੱਕ ਦੂਰ-ਦੁਰਾਡੇ ਦੇ ਖੇਤਰ ਵਿੱਚ ਭੂਚਾਲ ਦਾ ਕੇਂਦਰ ਮੁਕਾਬਲਤਨ ਘੱਟ ਸੀ ਅਤੇ ਕਥਿਤ ਤੌਰ 'ਤੇ 350 ਕਿਲੋਮੀਟਰ ਦੂਰ ਰਾਜਧਾਨੀ ਰਬਾਤ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਨਾਲ ਹੀ ਕੈਸਾਬਲਾਂਕਾ ਅਤੇ ਐਸਾਓਇਰਾ ਵਿੱਚ ਵੀ।

ਭੂਚਾਲ ਦੇ ਕੇਂਦਰ ਦੇ ਨੇੜੇ ਪਹਾੜੀ ਪਿੰਡਾਂ ਵਿੱਚ ਸਾਧਾਰਨ ਇਮਾਰਤਾਂ ਸ਼ਾਇਦ ਬਚੀਆਂ ਨਾ ਰਹਿ ਸਕੀਆਂ ਹੋਣ ਅਤੇ ਕਿਉਂਕਿ ਇਹ ਦੂਰ-ਦੁਰਾਡੇ ਦੇ ਇਲਾਕੇ ਹਨ ਇਸ ਲਈ ਜਾਨੀ ਨੁਕਸਾਨ ਦਾ ਪਤਾ ਲਗਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।

ਤਿੰਨ ਦਿਨ ਦਾ ਰੋਸ

ਸ਼ਾਹੀ ਮਹਿਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਗਲੇ ਤਿੰਨ ਦਿਨਾਂ ਤੱਕ ਦੇਸ਼ ਦੀਆਂ ਸਾਰੀਆਂ ਜਨਤਕ ਇਮਾਰਤਾਂ 'ਤੇ ਝੰਡੇ ਅੱਧੇ ਝੁਕੇ ਰਹਿਣਗੇ।

ਰਾਜਾ ਮੁਹੰਮਦ ਛੇਵੇਂ ਨੇ ਤਿੰਨ ਦਿਨਾਂ ਦੇ ਕੌਮੀ ਸੋਗ ਦੇ ਐਲਾਨ ਦੇ ਨਾਲ-ਨਾਲ ਹਥਿਆਰਬੰਦ ਬਲਾਂ ਨੂੰ ਬਚਾਅ ਟੀਮਾਂ ਦੀ ਸਹਾਇਤਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਬਚਾਅ ਦਲਾਂ ਨੂੰ ਕਿਹਾ ਗਿਆ ਹੈ ਲੋਕਾਂ ਲਈ ਪਨਾਹ, ਭੋਜਨ ਅਤੇ ਹੋਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇ।

ਮੋਰੱਕੋ ਪੀੜਤਾਂ ਦੀ ਮਦਦ ਲਈ ਕੌਮੀ ਯਤਨਾਂ ਦੇ ਹਿੱਸੇ ਵਜੋਂ ਖੂਨ ਦਾਨ ਕਰਨ ਲਈ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਰ ਕੀਤਾ

ਮੋਰੱਕੋ ਭੂਚਾਲ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਐਕਸ (ਟਵਿੱਟਰ) ਉੱਤੇ ਲਿਖਿਆ,“ਮੋਰੱਕੋ ਵਿੱਚ ਭੂਚਾਲ ਕਾਰਨ ਹੋਏ ਜਾਨੀ ਨੁਕਸਾਨ ਨਾਲ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਮੋਰੱਕੋ ਦੇ ਲੋਕਾਂ ਨਾਲ ਹਨ।”

“ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਜਖ਼ਮੀ ਜਲਦੀ ਤੋਂ ਜਲਦੀ ਸਿਹਤਯਾਬ ਹੋਣ। ਭਾਰਤ ਇਸ ਔਖੀ ਘੜੀ ਵਿੱਚ ਮੋਰੱਕੋ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।”

ਭੂਚਾਲ ਕਾਰਨ ਮਚੀ ਤਬਾਹੀ ਦੀਆਂ ਕੁਝ ਤਸਵੀਰਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)