You’re viewing a text-only version of this website that uses less data. View the main version of the website including all images and videos.
ʻਜ਼ਾਕਿਰ ਨਾਇਕ ਦਾ ਪਾਕਿਸਤਾਨ ’ਚ ਵੈਲਕਮ, ਪਰ ਆਪਣੇ ਇਮਾਨ ਦੀ ਪਾਕਿਸਤਾਨ ’ਚ ਹਿਫ਼ਾਜ਼ਤ ਖ਼ੁਦ ਕਰਨʼ - ਮੁਹੰਮਦ ਹਨੀਫ਼ ਦੀ ਟਿੱਪਣੀ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ
ਵੈਸੇ ਕਹਿਣ ਨੂੰ ਤਾਂ ਪਾਕਿਸਤਾਨ ਵਿੱਚ ਬਹੁਤ ਹੀ ਮਸਲੇ ਹਨ, ਬਹੁਤ ਘਾਟੇ ਹਨ। ਸਾਡਾ ਖਜ਼ਾਨਾ ਅਕਸਰ ਖਾਲ੍ਹੀ ਰਹਿੰਦਾ ਹੈ। ਸਾਨੂੰ ਆਪਣਾ ਖਰਚਾ ਚੁੱਕਣ ਲਈ ਵੀ ਕਦੇ ਆਈਐੱਮਐੱਫ਼ ਕੋਲ ਅਤੇ ਕਦੇ ਚੀਨ ਤੇ ਸਾਊਦੀ ਅਰਬ ਵਰਗੇ ਮੁਲਕਾਂ ਕੋਲ ਜਾਣਾ ਪੈਂਦਾ ਹੈ।
ਸਾਡਾ ਕੋਈ ਦੋ-ਢਾਈ ਕਰੋੜ ਬੱਚਾ ਐਸਾ ਹੈ ਜਿੰਨੇ ਸਕੂਲ ਦੀ ਕਦੇ ਸ਼ਕਲ ਵੀ ਨਹੀਂ ਵੇਖੀ ਹੈ। ਕੰਮ ਕਰਨ ਵਾਲਾ ਮਜ਼ਦੂਰ ਬੰਦਾ ਬਿਮਾਰ ਹੋ ਜਾਵੇ ਤਾਂ ਉਸ ਨੂੰ ਆਪਣਾ ਇਲਾਜ ਕਰਵਾਉਣ ਲਈ ਆਪਣੀ ਮੋਟਰ ਸਾਈਕਲ ਵੇਚਣੀ ਪੈਂਦੀ ਹੈ।
ਵੈਸੇ ਤਾਂ ਅਸੀਂ ਜ਼ਰਈ ਮੁਲਕ ਹਾਂ ਪਰ ਕਦੇ ਕਣਕ ਥੁੜ ਜਾਂਦੀ ਹੈ ਅਤੇ ਕਦੇ ਸਾਨੂੰ ਖੰਡ ਬਾਹਰੋਂ ਮੰਗਵਾਉਣੀ ਪੈਂਦੀ ਹੈ।
ਇਹ ਸਾਡੇ ’ਚ ਸਾਰੇ ਹੀ ਘਾਟੇ ਹਨ ਪਰ ਇੱਕ ਮਾਮਲੇ ’ਚ ਸਾਡੇ ’ਤੇ ਅੱਲ੍ਹਾ ਦਾ ਬਹੁਤ ਹੀ ਫਜ਼ਲ ਹੈ ਕਿ ਪਾਕਿਸਤਾਨ ਵਿੱਚ ਮੁਫ਼ਤੀਆਂ ਅਤੇ ਮੌਲਵੀਆਂ ਦਾ ਕੋਈ ਘਾਟਾ ਨਹੀਂ।
ਇੱਥੇ ਤੁਹਾਨੂੰ ਹਰ ਮਿਜਾਜ਼ ਦਾ, ਹਰ ਹੁੱਲੀਏ ਦਾ ਆਲਮਦੀਨ ਮਿਲੇਗਾ। ਇੱਥੇ ਤੁਹਾਨੂੰ ਮਿੱਠੇ ਤੇ ਸੁਰੀਲੇ ਮੌਲਵੀ ਮਿਲਣਗੇ ਅਤੇ ਬੜਬੋਲੇ ਤੇ ਗਾਲਮੰਦਾ ਕਰਨ ਵਾਲੇ ਮੌਲਵੀ ਵੀ ਇੱਥੇ ਤੁਹਾਨੂੰ ਮਿਲ ਜਾਣਗੇ।
ਇੱਥੇ ਤੁਹਾਨੂੰ ਅਜਿਹੇ ਮੌਲਵੀ ਵੀ ਮਿਲਣਗੇ ਜਿਹੜੇ ਤੁਹਾਡੇ ਗਲੇ ਕੱਟਣ ਦਾ ਫ਼ਤਵਾ ਦੇਣਗੇ। ਉਹ ਫ਼ਤਵਾ ਦੇਣ ਵਾਲੇ ਦਾ ਵੀ ਫ਼ਤਵਾ ਦੇਣ ਵਾਲੇ ਮੌਲਵੀ ਮਿਲ ਜਾਣਗੇ। ਅਜਿਹੇ ਵੀ ਹਨ ਜਿਹੜੇ ਕਿ ਹੱਥੀਂ ਗਲਾ ਵੱਢਣ ਦੀਆਂ ਆਪ ਗੱਲਾਂ ਕਰਦੇ ਹਨ।
ਹੁਣ ਗਰੀਬ ਦਾ ਬੱਚਾ ਜੇਕਰ ਸਕੂਲ ਨਹੀਂ ਜਾਵੇਗਾ ਤਾਂ ਸ਼ਾਇਦ ਮੱਦਰਸੇ ਚਲਿਆ ਜਾਵੇ। ਉਸ ਵਿਚਾਰੇ ਨੇ ਤਾਂ ਉੱਥੋਂ ਮੌਲਵੀ ਬਣ ਕੇ ਤਾਂ ਨਿਕਲਣਾ ਹੀ ਹੈ।
ਲੇਕਿਨ ਇੱਥੇ ਚੰਗੇ-ਭਲੇ ਮਿਡਲ ਕਲਾਸ ਲੋਕ ਵੀ ਆਪਣੇ ਪੁੱਤਰ ਨੂੰ ਯੂਨੀਵਰਸਿਟੀ ਭੇਜਦੇ ਹਨ। ਕੰਪਿਊਟਰ ਸਾਇੰਸ ਪੜ੍ਹਨ ਤੇ ਉਸ ਦੋ ਸਾਲ ਬਾਅਦ ਮੁਫ਼ਤੀ ਬਣਿਆ ਹੁੰਦਾ ਹੈ ਤੇ ਘਰ ਆ ਕੇ ਆਪਣੀ ਮਾਂ ਤੇ ਭੈਣ ਨੂੰ ਇਸਲਾਮ ’ਚ ਪਰਦੇ ਦੇ ਮੁਕਾਮ ’ਤੇ ਲੈਕਚਰ ਦੇ ਰਿਹਾ ਹੁੰਦਾ ਹੈ।
‘ਇੰਟਰਨੈਸ਼ਨਲ ਮੌਲਵੀ’
ਜੇਕਰ ਦੁਨੀਆ ’ਚ ਕਿਤੇ ਮੁਫ਼ਤੀਆਂ ਜਾਂ ਮੌਲਵੀਆਂ ਦਾ ਓਲੰਪਿਕ ਹੁੰਦਾ ਤਾਂ ਮੈਨੂੰ ਯਕੀਨ ਹੈ ਕਿ ਸਾਰੇ ਦੇ ਸਾਰੇ ਮੈਡਲ ਪਾਕਿਸਤਾਨ ਨੇ ਜਿੱਤ ਲੈਣੇ ਸਨ ਅਤੇ ਸਾਡੀ ਹਰ ਗਲੀ ’ਚ ਇੱਕ ਅਰਸ਼ਦ ਨਦੀਮ ਘੁੰਮ ਰਿਹਾ ਹੋਣਾ ਸੀ।
ਹੁਣ ਇਸ ਮਾਹੌਲ ’ਚ ਪਤਾ ਨਹੀਂ ਸਾਡੀ ਹਕੂਮਤ ਨੂੰ ਕਿਉਂ ਲੱਗਿਆ ਕਿ ਅਸੀਂ ਲੋਕਾਂ ਨੂੰ ਰੋਟੀ, ਤਾਲੀਮ ਤੇ ਬਿਜਲੀ ਤਾਂ ਦੇ ਨਹੀਂ ਸਕਦੇ ਪਰ ਇਨ੍ਹਾਂ ਨੂੰ ਇੱਕ ਇੰਟਰਨੈਸ਼ਨਲ ਮੌਲਵੀ ਦੇ ਦਈਏ।
ਹਕੂਮਤ ਨੇ ਜਨਾਬ ਜ਼ਾਕਿਰ ਨਾਇਕ ਸਾਹਿਬ ਨੂੰ ਇੱਕ ਮਹੀਨੇ ਲਈ ਪਾਕਿਸਤਾਨ ਦੌਰੇ ਦੀ ਦਾਵਤ ਦਿੱਤੀ ਹੈ।
ਉਹ ਸਾਡੇ ਪ੍ਰਹੁਣੇ ਹਨ, ਜੀ-ਆਇਆਂ ਨੂੰ। ਉਨ੍ਹਾਂ ਦੀ ਸ਼ੌਹਰਤ ਇਹ ਹੈ ਕਿ ਇੱਕ ਤਾਂ ਉਹ ਕੋਟ-ਪੈਂਟ ਪਾਉਂਦੇ ਹਨ ਅਤੇ ਦੂਜਾ ਇਹ ਕਿ ਉਹ ਕਾਫ਼ਰਾਂ ਨੂੰ ਮੁਸਲਮਾਨ ਕਹੀ ਜਾਂਦੇ ਹਨ। ਸੁਣਿਆ ਹੈ ਕਿ ਉਨ੍ਹਾਂ ਨੇ ਲੱਖਾਂ ਕਾਫ਼ਰ ਮੁਸਲਮਾਨ ਕੀਤੇ ਹਨ।
ਆਉਂਦਿਆਂ ਹੀ ਉਨ੍ਹਾਂ ਇਹ ਵੀ ਫਰਮਾ ਦਿੱਤਾ ਹੈ ਕਿ ਮੈਨੂੰ ਹਿੰਦੁਸਤਾਨ ’ਚੋਂ ਵੀ ਇਸ ਲਈ ਕੱਢਿਆ ਗਿਆ ਹੈ ਕਿਉਂਕਿ ਹਿੰਦੂ ਮੇਰੀਆਂ ਗੱਲਾਂ ਸੁਣ-ਸੁਣ ਕੇ ਮੁਸਲਮਾਨ ਹੋਣ ਲੱਗ ਪਏ ਸਨ।
ਹੁਣ ਪਤਾ ਨਹੀਂ ਉਨ੍ਹਾਂ ਨੇ ਪਾਕਿਸਤਾਨ ’ਚ ਕਿਸ ਨੂੰ ਮੁਸਲਮਾਨ ਕਰਨਾ ਹੈ। ਸਾਡੇ ਕੋਲ ਤਾਂ ਕਾਫ਼ਰ ਬਚੇ ਹੀ ਥੋੜ੍ਹੇ ਸਨ।
ਇਸ ਲਈ ਅਸੀਂ ਆਪ ਹੀ ਪ੍ਰੋਡਕਸ਼ਨ ਸ਼ੁਰੂ ਕੀਤੀ ਹੈ ਕਿ ਚੰਗੇ ਭਲੇ ਕਲਮਾਂ ਪੜ੍ਹਨ ਵਾਲੇ ਮੁਸਲਮਾਨਾਂ ਨੂੰ ਅਸੀਂ ਕਾਫ਼ਰ ਬਣਾ ਕੇ ਕਦੇ ਮਾਰ ਦਿੰਦੇ ਹਾਂ ਤੇ ਕਦੇ ਉਨ੍ਹਾਂ ’ਤੇ ਫ਼ਤਵੇ ਲਗਾ ਦਿੰਦੇ ਹਾਂ।
ਸ਼ਾਇਦ ਹਕੂਮਤ ਦਾ ਖ਼ਿਆਲ ਹੋਵੇ ਕਿ ਸਾਡੇ ਆਪਣੇ ਦਸਤਾਰ ਜੂਬੇ ਵਾਲੇ ਮੌਲਵੀਆਂ ਨੇ ਸਾਡਾ ਮਜ਼ਹਬ ਥੋੜ੍ਹਾ ਖਰਾਬ ਕਰ ਦਿੱਤਾ ਹੈ। ਇਸ ਲਈ ਇਹ ਸੂਟਡ-ਬੂਟਡ ਆਲਮ ਸਾਨੂੰ ਆ ਕੇ ਸਿੱਧਾ ਕਰੇਗਾ।
ਉੱਤੋਂ ਸਾਡੀ ਇਸਟੈਬਲਿਸ਼ਮੈਂਟ ਦਾ ਵੀ ਪੁਰਾਣਾ ਤਰੀਕਾ ਰਿਹਾ ਹੈ ਕਿ ਜਦੋਂ ਗੱਲ ਵੱਸੋਂ ਬਾਹਰ ਹੋ ਜਾਵੇ ਤਾਂ ਮੌਲਵੀ ਸੜਕਾਂ ’ਤੇ ਕੱਢ ਲੈਂਦੇ ਹਨ, ਉਨ੍ਹਾਂ ਕੋਲੋਂ ਫ਼ਤਵੇ ਜਾਰੀ ਕਰਵਾਉਂਦੇ ਹਨ।
ਹੁਣ ਸ਼ਾਇਦ ਉਨ੍ਹਾਂ ਨੇ ਇਹ ਸੋਚਿਆ ਹੋਵੇ ਕਿ ਦੇਸੀ ਆਦਮੀਆਂ ਨੂੰ ਜਰਕਾਉਣ ਲਈ ਇਹ ਕੋਟ-ਪੈਂਟ ਵਾਲਾ ਮੌਲਵੀ ਇੰਮਪੋਰਟ ਕੀਤਾ ਜਾਵੇ।
ਜ਼ਾਕਿਰ ਨਾਇਕ ਸਾਹਿਬ ਸਾਡੇ ਵੱਡੇ-ਵੱਡੇ ਲੀਡਰਾਂ ਅਤੇ ਮੁਫ਼ਤੀਆਂ ਨਾਲ ਮਿਲ ਰਹੇ ਹਨ।
ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ। ਪਿਛਲੇ ਦਿਨਾਂ ’ਚ ਕਿਸੇ ਯਤੀਮਖ਼ਾਨੇ ’ਚ ਮਹਿਮਾਨ-ਏ-ਖ਼ਸੂਸੀ ਸਨ। ਉੱਥੇ ਸਿਰ ਤੋਂ ਪੈਰ ਤੱਕ ਪਰਦਾ ਕਰਨ ਵਾਲੀਆਂ ਯਤੀਮ ਬੱਚੀਆਂ ਨਾਲ ਟਾਕਰਾ ਹੋਇਆ ਤੇ ਸਟੇਜ ਤੋਂ ਇਹ ਕਹਿ ਕੇ ਨੱਸ ਗਏ ਕਿ ਇਹ ਤਾਂ ਨਾਮਹਿਰਮ ਹੈ।
ਹੁਣ ਪਾਕਿਸਤਾਨ ਵਿੱਚ ਕੁਝ 12-13 ਕਰੋੜ ਮੁਸਲਮਾਨ ਬੱਚੀਆਂ ਤੇ ਬੀਬੀਆਂ ਹੈ ਹੀ ਹਨ। ਉਨ੍ਹਾਂ ਦਾ ਇਮਾਨ ਪਤਾ ਨਹੀਂ ਕੌਣ ਠੀਕ ਕਰੇਗਾ।
ਵੈਸੇ ਵੀ ਜਿਹੜਾ ਆਲਮ ਪਰਦਾਦਾਰ ਯਤੀਮ ਬੱਚੀਆਂ ਵੇਖ ਕੇ ਆਪਣੇ ਲਫ਼ਜ਼ ’ਤੇ ਕਾਬੂ ਨਹੀਂ ਕਰ ਸਕਦਾ, ਉਹ ਪਤਾ ਨਹੀਂ ਸਾਡੇ ਮਰਦਾਂ ਤੇ ਖ਼ਾਸ ਤੌਰ ’ਤੇ ਸਾਡੇ ਮੌਲਵੀਆਂ ਦੇ ਇਮਾਨ ਨੂੰ ਕਿਵੇਂ ਸਾਂਭੇਗਾ।
ਤੁਸੀਂ ਵੇਖਿਆ ਹੋਣਾ ਹੈ ਕਿ ਬੱਸਾਂ ਵਿੱਚ ਜਾਂ ਫਿਰ ਕਦੇ-ਕਦੇ ਕਿਸੇ ਲਾਰੀ ਅੱਡੇ ’ਤੇ ਬੋਰਡ ਲੱਗਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਾਮਾਨ ਦੀ ਹਿਫ਼ਾਜ਼ਤ ਖ਼ੁਦ ਕਰੇ ਤੇ ਜ਼ਾਕਿਰ ਨਾਇਕ ਸਾਹਿਬ ਸਾਡੇ ਪ੍ਰਹੁਣੇ ਹਨ ਇਸ ਲਈ ਫਿਰ ਜੀ-ਆਇਆਂ ਨੂੰ ਪਰ ਡਰ ਲੱਗਦਾ ਹੈ ਕਿ ਸਾਡਾ ਕੋਈ ਦੇਸੀ ਮੌਲਵੀ ਉਨ੍ਹਾਂ ਦੇ ਕੋਟ-ਪੈਂਟ ’ਤੇ ਹੀ ਫ਼ਤਵਾ ਨਾ ਦੇ ਛੱਡੇ।
ਇਸ ਲਈ ਜ਼ਾਕਿਰ ਨਾਇਕ ਸਾਹਿਬ ਵੈਲਕਮ ਪਰ ਆਪਣੇ ਇਮਾਨ ਦੀ ਪਾਕਿਸਤਾਨ ’ਚ ਹਿਫ਼ਾਜ਼ਤ ਖ਼ੁਦ ਕਰਨ। ਅਸੀਂ ਆਪਣਾ ਆਪੇ ਹੀ ਵੇਖ ਲਵਾਂਗੇ।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ