ਬ੍ਰੇਨ ਰੋਟ: ਕੀ ਤੁਸੀਂ ਵੀ ਰੀਲਾਂ ਦੇ ਜਾਲ ਵਿੱਚ ਫਸਦੇ ਜਾ ਰਹੇ ਹੋ, ਹੁਣ ਇਸ ਦੇ ਲਈ ਇੱਕ ਨਵਾਂ ਸ਼ਬਦ ਹੈ

    • ਲੇਖਕ, ਯਾਸਮੀਨ ਰੂਫੋ
    • ਰੋਲ, ਬੀਬੀਸੀ ਨਿਊਜ਼

ਕੀ ਮੀਮਜ਼ ਵੇਖਦਿਆਂ ਤੁਹਾਡਾ ਵੀ ਮਨ ਨਹੀਂ ਭਰਦਾ? ਕੀ ਤੁਸੀਂ ਵੀ ਬਿਨਾਂ ਸੋਚੇ ਸਮਝੇ ਘੰਟਿਆਂਬੱਧੀ ਇੰਸਟਾਗ੍ਰਾਮ ਰੀਲਜ਼ ਜਾਂ ਟਿੱਕਟੌਕ ‘ਤੇ ਸਕ੍ਰੋਲ ਕਰਦੇ ਰਹਿੰਦੇ ਹੋ ?

ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਡਿਕਸ਼ਨਰੀ ਵਿੱਚ ਹੁਣ ਇਸ ਦੇ ਲਈ ਇੱਕ ਸ਼ਬਦ ਹੈ।

ਇਹ ਸ਼ਬਦ ਹੈ 'ਬ੍ਰੇਨ ਰੋਟ' (Brain Rot)।

ਇਹ ਇੱਕ ਅਜਿਹਾ ਸ਼ਬਦ ਹੈ ਜੋ ਸੋਸ਼ਲ ਮੀਡੀਆ 'ਤੇ ਘੱਟ-ਗੁਣਵੱਤਾ ਵਾਲੀ ਬੇਫ਼ਜੂਲ ਆਨਲਾਈਨ ਸਮੱਗਰੀ ਦੇ ਪ੍ਰਭਾਵ ਬਾਰੇ ਚਿੰਤਾਵਾਂ ਵਿਅਕਤ ਕਰਦਾ ਹੈ।

ਮਨੋਵਿਗਿਆਨੀ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡਰਿਊ ਪ੍ਰਿਜ਼ਬਿਲਸਕੀ ਦਾ ਕਹਿਣਾ ਹੈ ਕਿ ਇਸ ਸ਼ਬਦ ਦੀ ਪ੍ਰਸਿੱਧੀ ਸਾਡੇ ਸਮੇਂ ਦੀ ਅਸਲੀਅਤ ਨੂੰ ਦਰਸਾਉਂਦੀ ਹੈ।

'ਬ੍ਰੇਨ ਰੋਟ' ਨੇ ਡਿਕਸ਼ਨਰੀ ਪ੍ਰਕਾਸ਼ਕ ਦੀ ਸ਼ਾਰਟਲਿਸਟ ਵਿੱਚ ਸ਼ਾਮਿਲ ਪੰਜ ਹੋਰ ਸ਼ਬਦਾਂ ਨੂੰ ਪਿੱਛੇ ਛੱਡ ਦਿੱਤਾ ਹੈ ਇੰਨਾ ਸ਼ਬਦਾਂ ਵਿੱਚ 'ਡੈਮਿਊਰ', 'ਰੋਮਾਂਟੈਂਸੀ' ਅਤੇ 'ਡਾਇਨੈਮਿਕ ਪ੍ਰਾਈਸਿੰਗ' ਸ਼ਾਮਲ ਹਨ।

ਬ੍ਰੇਨ ਰੋਟ ਕੀ ਹੈ

'ਬ੍ਰੇਨ ਰੋਟ' ਤੋਂ ਭਾਵ ਕਿਸੇ ਵਿਅਕਤੀ ਦਾ ਮਾਨਸਿਕ ਜਾਂ ਬੌਧਿਕ ਸਥਿਤੀ ਦਾ ਕਥਿਤ ਤੌਰ 'ਤੇ ਵਿਗੜਨਾ ਹੈ।

ਇਹ ਬੇਕਾਰ ਜਾਂ ਬੇਹੱਦ ਆਸਾਨੀ ਨਾਲ ਸਮਝ ਆਉਣ ਵਾਲੀ ਆਨਲਾਈਨ ਸਮੱਗਰੀ ਦੀ ਬਹੁਤ ਜ਼ਿਆਦਾ ਵਰਤੋਂ ਦਾ ਨਤੀਜਾ ਮੰਨਿਆ ਜਾਂਦਾ ਹੈ।

ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਇੰਟਰਨੈੱਟ ਦੇ ਬਣਨ ਤੋਂ ਬਹੁਤ ਪਹਿਲਾ ਦਰਜ ਕੀਤੀ ਗਈ ਸੀ।

ਇਸ ਬਾਰੇ ਹੈਨਰੀ ਡੇਵਿਡ ਥੋਰੋ ਨੇ 1854 ਵਿੱਚ ਆਪਣੀ ਕਿਤਾਬ ਵਾਲਡਨ ਵਿੱਚ ਲਿਖਿਆ ਸੀ।

ਉਹ ਸਮਾਜ ਦੀ ਗੁੰਝਲਦਾਰ ਵਿਚਾਰਾਂ ਨੂੰ ਘੱਟ ਮਹੱਤਵ ਦੇਣ ਦੀ ਆਦਤ ਦੀ ਆਲੋਚਨਾ ਕਰਦੇ ਹਨ ਅਤੇ ਦੱਸਦੇ ਹਨ ਕਿ ਇਹ ਕਿਵੇਂ ਮਾਨਸਿਕ ਅਤੇ ਬੌਧਿਕਤਾ ਦੀ ਆਮ ਗਿਰਾਵਟ ਦਾ ਹਿੱਸਾ ਹੈ।

ਇਸ 'ਤੇ ਉਹ ਸਵਾਲ ਕਰਦੇ ਹਨ, "ਇੰਗਲੈਂਡ ਆਲੂਆਂ ਨੂੰ ਸੜਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕੀ ਕੋਈ 'ਬ੍ਰੇਨ ਰੋਟ' ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ, ਕਿਉਂਕਿ ਇਹ ਸਮੱਸਿਆ ਕਿਤੇ ਜ਼ਿਆਦਾ ਵਿਆਪਕ ਅਤੇ ਘਾਤਕ ਹੈ?"

ਇਹ ਸ਼ਬਦ ਪਹਿਲਾਂ ਸੋਸ਼ਲ ਮੀਡੀਆ 'ਤੇ ਜੈੱਨ ਜੀ ਅਤੇ ਜੈੱਨ ਅਲਫਾ ਵਿਚਕਾਰ ਪ੍ਰਸਿੱਧ ਹੋਇਆ ਸੀ ਪਰ ਹੁਣ ਸੋਸ਼ਲ ਮੀਡੀਆ 'ਤੇ ਪਾਈ ਜਾਂਦੀ ਘੱਟ-ਗੁਣਵੱਤਾ ਤੇ ਬੇਕਾਰ ਸਮੱਗਰੀ ਦਾ ਵਰਣਨ ਕਰਨ ਲਈ ਆਮ ਤੌਰ 'ਤੇ ਵਰਤਿਆ ਜਾ ਰਿਹਾ ਹੈ।

ਪ੍ਰੋਫੈਸਰ ਪ੍ਰਿਜ਼ਬਿਲਸਕੀ ਕਹਿੰਦੇ ਹਨ, "ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ 'ਬ੍ਰੇਨ ਰੋਟ' ਵਰਗੀ ਕੋਈ ਚੀਜ਼ ਹੈ।"

"ਇਸ ਦੀ ਬਜਾਏ ਇਹ ਆਨਲਾਈਨ ਸੰਸਾਰ ਪ੍ਰਤੀ ਸਾਡੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ ਅਤੇ ਇੱਕ ਅਜਿਹਾ ਸ਼ਬਦ ਹੈ ਜੋ ਅਸੀਂ ਸੋਸ਼ਲ ਮੀਡੀਆ ਬਾਰੇ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਨ ਲਈ ਵਰਤਦੇ ਹਾਂ।"

ਆਕਸਫੋਰਡ ਲੈਂਗੂਏਜਸ ਦੇ ਪ੍ਰਧਾਨ ਕੈਸਪਰ ਗ੍ਰੈਥਵੋਲ ਕਹਿੰਦੇ ਹਨ, "ਪਿਛਲੇ ਦੋ ਦਹਾਕਿਆਂ ਦੇ ਔਕਸਫੋਰਡ ਵਰਡ ਆਫ਼ ਦੀ ਈਅਰ 'ਤੇ ਨਜ਼ਰ ਮਾਰਦੇ ਹੋਏ ਤੁਸੀਂ ਵੇਖ ਸਕਦੇ ਹੋ ਕਿ ਸਾਡਾ ਧਿਆਨ ਹੌਲੀ-ਹੌਲੀ ਇਸ ਪਾਸੇ ਵੱਲ ਜਾ ਰਿਹਾ ਹੈ ਕਿ ਕਿਵੇਂ ਵਰਚੁਅਲ ਦੁਨਿਆ ਸਾਡੀ ਜ਼ਿੰਦਗੀਆਂ ਬਦਲ ਰਹੀ ਹੈ ਅਤੇ ਇੰਟਰਨੈੱਟ ਦਾ ਕਿੰਨਾ ਵੱਡਾ ਪ੍ਰਭਾਵ ਸਾਡੀ ਸ਼ਖ਼ਸੀਅਤ ਅਤੇ ਗੱਲਬਾਤ ਕਰਨ ਦੇ ਢੰਗ ਉੱਤੇ ਪੈ ਰਿਹਾ ਹੈ।"

ਉਹ ਕਹਿੰਦੇ ਹਨ, "ਪਿਛਲੇ ਸਾਲ ਚੁਣਿਆ ਗਿਆ ਸ਼ਬਦ 'ਰਿਜ਼' ਸੀ, ਜੋ ਕਿ ਇਸ ਗੱਲ ਦੀ ਇੱਕ ਦਿਲਚਸਪ ਉਦਾਹਰਨ ਹੈ ਕਿ ਕਿਵੇਂ ਆਨਲਾਈਨ ਭਾਈਚਾਰਿਆਂ ਵਿੱਚ ਭਾਸ਼ਾ ਬਣਦੀ, ਢਲਦੀ ਅਤੇ ਸਾਂਝਾ ਕੀਤੀ ਜਾਂਦੀ ਹੈ।"

"ਬ੍ਰੇਨ ਰੋਟ ਵਰਚੁਅਲ ਦੁਨੀਆ ਦੇ ਖ਼ਤਰਿਆਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ ਅਤੇ ਅਸੀਂ ਆਪਣੇ ਖਾਲ੍ਹੀ ਸਮੇਂ ਦੀ ਵਰਤੋਂ ਕਿਵੇਂ ਕਰ ਰਹੇ ਹਾਂ।"

ਇਸ ਤੋਂ ਇਲਾਵਾ ਕਿਹੜੇ ਸ਼ਬਦਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ?

ਡਿਮਿਓਰ (ਵਿਸ਼ੇਸ਼ਣ): ਸੰਜਮੀ ਅਤੇ ਰਾਖਵਾਂ, ਉਹ ਵਿਅਕਤੀ ਜੋ ਆਪਣੇ ਵਿਹਾਰ ਵਿੱਚ ਸੰਜਮ ਰੱਖਦਾ ਹੈ। ਦਿਖਾਵਾ ਨਹੀਂ ਕਰਦਾ।

ਡਾਇਨਮਿਕ ਪ੍ਰਸਾਇੰਗ (ਨਾਂਵ): ਕਿਸੇ ਵਸਤੂ ਜਾਂ ਸੇਵਾ ਦੀ ਕੀਮਤ ਵਿੱਚ ਬਜ਼ਾਰ ਦੀਆਂ ਬਦਲਦੀਆਂ ਸਥਿਤੀ ਦੇ ਅਨੁਸਾਰ ਬਦਲਾਵ। ਖ਼ਾਸ ਤੌਰ 'ਤੇ ਜਦੋਂ ਕਿਸੇ ਉਤਪਾਦ ਦੀ ਮੰਗ ਬਹੁਤ ਜ਼ਿਆਦਾ ਹੋਣ ʼਤੇ ਉਸ ਦੀ ਕੀਮਤ ਦਾ ਵੱਧ ਜਾਣਾ।

ਲੋਰ (ਨਾਂਵ): ਕਿਸੇ ਵਿਅਕਤੀ ਜਾਂ ਵਿਸ਼ੇ ਨਾਲ ਸਬੰਧਤ ਤੱਥਾਂ, ਪਿਛੋਕੜ ਦੀ ਜਾਣਕਾਰੀ ਅਤੇ ਕਹਾਣੀਆਂ ਦਾ ਸੰਗ੍ਰਹਿ, ਜਿਸ ਨੂੰ ਵਿਸ਼ੇ ਦੀ ਪੂਰੀ ਸਮਝ ਜਾਂ ਚਰਚਾ ਲਈ ਜ਼ਰੂਰੀ ਹੈ।

ਰੋਮਾਂਟੈਸੀ (ਨਾਂਵ): ਇਹ ਰੋਮਾਂਸ ਅਤੇ ਫੈਂਟਸੀ ਨੂੰ ਜੋੜਕੇ ਲਿਖੇ ਜਾਣ ਵਾਲੀ ਇੱਕ ਕਥਾ ਸ਼ੈਲੀ ਹੈ, ਜਿਸ ਵਿੱਚ ਆਮ ਤੌਰ 'ਤੇ ਜਾਦੂ, ਅਲੌਕਿਕ ਅਤੇ ਸਾਹਸੀ ਕਹਾਣੀਆਂ ਹੁੰਦੀਆਂ ਹਨ ਪਰ ਉਹਨਾਂ ਦੇ ਮੂਲ ਵਿੱਚ ਇੱਕ ਰੋਮਾਂਟਿਕ ਕਹਾਣੀ ਹੁੰਦੀ ਹੈ।

ਸਲੋਪ (ਨਾਂਵ): ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਤਿਆਰ ਕੀਤੀ ਗਈ ਕਲਾ, ਲਿਖਤ ਜਾਂ ਹੋਰ ਸਮੱਗਰੀ। ਜਿਸ ਨੂੰ ਅੰਨ੍ਹੇਵਾਹ ਅਤੇ ਬਿਨਾਂ ਵਿਵੇਕ ਦੇ ਆਨਲਾਈਨ ਸਾਂਝਾ ਕੀਤਾ ਜਾ ਰਿਹਾ ਹੋ, ਇਸ ਵਿੱਚ ਗ਼ੈਰ-ਪ੍ਰਮਾਣਿਤ ਜਾਂ ਬੇਕਾਰ ਚੀਜ਼ਾਂ ਸ਼ਾਮਲ ਹਨ।

ਕੈਂਬਰਿਜ ਯੂਨੀਵਰਸਿਟੀ ਦੁਆਰਾ ਕਿਸ ਸ਼ਬਦ ਦਾ ਐਲਾਨ ਕੀਤਾ ਗਿਆ ਸੀ?

ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਸਿਰਫ ਇੱਕਲੀ ਨਹੀਂ ਜੋ ਸਾਲ ਦੇ ਸ਼ਬਦ ਦਾ ਐਲਾਨ ਕਰਦੀ ਹੈ। ਪਿਛਲੇ ਮਹੀਨੇ ਕੈਂਬਰਿਜ ਯੂਨੀਵਰਸਿਟੀ ਨੇ ਵੀ 'ਮੈਨੀਫੈਸਟ' ਸ਼ਬਦ ਦਾ ਐਲਾਨ ਕੀਤਾ ਸੀ।

ਮੈਨੀਫੈਸਟ ਸ਼ਬਦ ਦੀ ਵਿਸ਼ੇਸ਼ਣ ਅਨੁਸਾਰ ਪਰੰਪਰਾਗਤ ਪਰਿਭਾਸ਼ਾ ਆਸਾਨੀ ਨਾਲ ਦੇਖਿਆ ਗਿਆ ਜਾਂ ਸਪੱਸ਼ਟ ਹੈ ਅਤੇ ਨਾਂਵ ਅਨੁਸਾਰ ਕਿਸੇ ਚੀਜ਼ ਨੂੰ ਚਿੰਨ੍ਹਾਂ ਜਾਂ ਕਿਰਿਆਵਾਂ ਦੁਆਰਾ ਸਪਸ਼ਟ ਰੂਪ ਵਿੱਚ ਦਿਖਾਉਣ ਤੋਂ ਹੈ।

ਹੁਣ ਇਸ ਵਿੱਚ ‘ਟੂ ਮੈਨੀਫੈਸਟ’ ਸ਼ਬਦ ਵੀ ਸ਼ਾਮਲ ਹੋ ਗਿਆ ਹੈ।

‘ਟੂ ਮੈਨੀਫੈਸਟ’ ਦਾ ਮਤਲਬ ਹੈ ਕਿ ਤੁਸੀਂ ਜੋ ਪਾਉਣਾ ਚਾਹੁੰਦੇ ਹੋ, ਉਸ ਦੇ ਬਾਰੇ ਯਕੀਨ ਨਾਲ ਸੋਚਣ ਨਾਲ ਉਸ ਨੂੰ ਪਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਕੋਲਿਨਜ਼ ਇੰਗਲਿਸ਼ ਡਿਕਸ਼ਨਰੀ ਨੇ ਵੀ ਨਵੰਬਰ ਵਿੱਚ ਬ੍ਰੈਟ ਸ਼ਬਦ ਨੂੰ ਸਾਲ ਦੇ ਸ਼ਬਦ ਵਜੋਂ ਐਲਾਨਿਆ ਸੀ।

ਬ੍ਰੈਟ ਸ਼ਬਦ ਅਜਿਹੀ ਸ਼ਖ਼ਸੀਅਤ ਨੂੰ ਕਹਿੰਦੇ ਹਨ ਜੋ ਆਤਮਵਿਸ਼ਵਾਸ, ਸੁਤੰਤਰ ਅਤੇ ਮਜ਼ੇਦਾਰ ਸੁਭਾਅ ਰੱਖਦਾ ਹੋਵੇ।

ਇਸ ਦੇ ਨਾਲ ਹੀ ਇੱਕ ਹੋਰ ਇੰਟਰਨੈੱਟ ਰੁਝਾਨ ਡਿਕਸ਼ਨਰੀ ਡਾਟ ਕਾਮ ਦਾ ਵਰਡ ਆਫ਼ ਦੀ ਈਅਰ ਬਣ ਗਿਆ। ਉਹ ਸ਼ਬਦ ਡਿਮਿਓਰ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)