You’re viewing a text-only version of this website that uses less data. View the main version of the website including all images and videos.
ਜਦੋਂ ਬੱਚੇ ਦੀ ਅਪੀਲ 'ਤੇ ਦੌੜ ਆਏ ਕਈ ਪਿੰਡਾਂ ਦੇ ਲੋਕ, 'ਮੈਨੂੰ ਲੱਗਿਆ ਸੀ ਮੇਰਾ ਖੇਤ ਰਹਿ ਜਾਵੇਗਾ'
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਅੱਠਵੀਂ ਜਮਾਤ 'ਚ ਪੜ੍ਹਦੇ ਰਜਿੰਦਰ ਸਿੰਘ ਦੀ ਸਵਾ ਏਕੜ ਵਾਹੀਯੋਗ ਜ਼ਮੀਨ ਵਿੱਚੋਂ ਜਦੋਂ ਲੋਕਾਂ ਨੇ ਕੁੱਝ ਘੰਟਿਆਂ 'ਚ ਹੀ 7-7 ਫੁੱਟ ਰੇਤਾ ਚੁੱਕ ਦਿੱਤਾ ਤਾਂ ਰਜਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਅਸਲ ਵਿਚ ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਸਰਦੂਲਗੜ੍ਹ ਇਲਾਕੇ ਦੇ ਵਿਚ ਘੱਗਰ ਦਰਿਆ ਨਾਲ ਲਗਦੇ ਖੇਤਾਂ ਵਿਚ ਰੇਤ ਭਰ ਗਈ ਸੀ।
ਰਜਿੰਦਰ ਸਿੰਘ ਪਿੰਡ ਰੋੜਕੀ ਦੇ ਰਹਿਣ ਵਾਲੇ ਹਨ ਤੇ ਉਨਾਂ ਦੇ ਪਿਤਾ ਹਰਪਾਲ ਸਿੰਘ ਬਿਮਾਰ ਰਹਿੰਦੇ ਹਨ। ਉਨਾਂ ਵੱਲੋਂ ਆਪਣੇ ਖੇਤ ਵਿੱਚੋਂ ਰੇਤਾ ਚੁੱਕਣ ਦੀ ਕੀਤੀ ਗਈ ਅਪੀਲ ਪੰਜਾਬੀਆਂ ਦੇ ਮਨ ਨੂੰ ਟੁੰਬ ਗਈ।
ਰਜਿੰਦਰ ਸਿੰਘ ਕਹਿੰਦੇ ਹਨ, "ਜਦੋਂ ਸਾਡੀ ਮਦਦ ਲਈ ਆਏ ਲੋਕ ਸਾਡੇ ਖੇਤਾਂ ਵਿਚ ਆਏ ਤਾਂ ਮੈਨੂੰ ਲੱਗਿਆ ਕਿ ਰੱਬ ਸਾਡੀ ਮਦਦ ਲਈ ਬਹੁੜ ਗਿਆ ਹੈ।"
"ਪਰ ਮੈਨੂੰ ਉਸ ਵੇਲੇ ਨਿਰਾਸ਼ਾ ਹੋਣ ਲੱਗੀ ਜਦੋਂ ਟਰੈਕਟਰ ਲੈ ਕੇ ਆਏ ਲੋਕਾਂ ਨੇ ਮੇਰੀ ਸਵਾ ਏਕੜ ਜ਼ਮੀਨ ਛੱਡ ਕੇ ਵੱਡੇ ਕਿਸਾਨਾਂ ਦੀਆਂ ਜ਼ਮੀਨਾਂ 'ਚੋਂ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ।"
"ਇਹ ਦੇਖ ਕੇ ਮੈਂ ਭਾਵੁਕ ਹੋ ਗਿਆ। ਮੇਰੇ ਪਾਪਾ ਆਪਣੀ ਦਵਾਈ ਲੈਣ ਲਈ ਸ਼ਹਿਰ ਗਏ ਸਨ। ਮੇਰੀ ਜਵਾਕ ਦੀ ਕੋਈ ਗੱਲ ਸੁਣਨ ਵਾਲਾ ਨਹੀਂ ਸੀ ਤੇ ਮੈਂ ਸੋਸ਼ਲ ਮੀਡਿਆ 'ਤੇ ਅਪੀਲ ਕਰ ਦਿੱਤੀ ਕੇ ਮੇਰਾ ਪਿਓ ਬਿਮਾਰ ਹੈ, ਸਾਡੇ ਸਿਰ ਕਰਜ਼ਾ ਹੈ। ਇਸ ਲਈ ਮੇਰੀ ਸਵਾ ਏਕੜ 'ਚੋਂ ਵੀ ਮਿੱਟੀ ਚੁੱਕ ਦਿਉ, ਪੰਜਾਬੀਓ।"
ਰਜਿੰਦਰ ਸਿੰਘ ਮੁਤਾਬਕ, "ਕਈ ਟਰੈਕਟਰ ਅਤੇ ਇੱਕ ਜੇਸੀਬੀ ਮਸ਼ੀਨ ਆਈ ਤੇ ਮੇਰਾ ਬੰਨ੍ਹ ਕੁਝ ਹੀ ਘੰਟਿਆਂ ਵਿੱਚ ਪੱਧਰਾ ਕਰ ਦਿੱਤਾ। ਮੇਰੇ ਪਿਤਾ ਤਾਂ ਬਿਮਾਰ ਰਹਿੰਦੇ ਹਨ, ਉਨ੍ਹਾਂ ਨੂੰ ਕਾਲਾ ਪੀਲੀਆ ਹੋ ਗਿਆ ਸੀ। ਸਾਡੇ ਸਾਰੇ ਪੈਸੇ ਉੱਥੇ ਹੀ ਲੱਗ ਗਏ ਸਨ।"
"ਸਾਡੇ ਸਿਰ-18-19 ਲੱਖ ਰੁਪਏ ਕਰਜ਼ਾ ਚੜਿਆ ਹੋਇਆ ਹੈ। ਬਾਹਰਲੇ ਵੀਰ ਆਏ ਤਾਂ ਰੇਤਾਂ ਚੱਕ ਗਏ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ।"
ਰਜਿੰਦਰ ਸਿੰਘ ਦੇ ਪਿਤਾ ਹਰਪਾਲ ਸਿੰਘ ਦੱਸਦੇ ਹਨ, "ਮੈਂ ਡਾਕਟਰ ਕੋਲ ਬੈਠਾ ਸੀ, ਜਦੋਂ ਮੈਂ ਮੋਬਾਇਲ 'ਤੇ ਅਪਣੇ ਪੁੱਤ ਦੀ ਦਰਦਭਰੀ ਅਪੀਲ ਸੁਣੀ। ਹਾਲੇ ਮੈਂ ਦਵਾਈ ਲੈ ਕੇ ਆਪਣੇ ਖੇਤ ਪੁੱਜਾ ਹੀ ਸੀ ਕਿ ਜੇਸੀਬੀ ਮਸ਼ੀਨ ਤੇ ਕਈ ਟਰੈਕਟਰ ਮੇਰੇ ਖੇਤ ਵਿੱਚੋਂ ਮਿੱਟੀ ਲਗਭਗ ਚੁੱਕ ਹਟੇ ਸਨ।"
ਪਿਤਾ ਦੀ ਬਿਮਾਰੀ ਕਾਰਨ ਰਜਿੰਦਰ ਸਿੰਘ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਤੀ ਦਾ ਕੰਮ ਵੀ ਦੇਖਦੇ ਹਨ। ਹੜ੍ਹਾਂ ਕਾਰਨ ਉਨਾਂ ਦਾ ਸਵਾ ਏਕੜ ਜ਼ਮੀਨ ਵਿਚ ਲਾਇਆ ਗਿਆ ਝੋਨਾ ਵੀ ਬਰਬਾਦ ਹੋ ਗਿਆ ਹੈ।
ਰਜਿੰਦਰ ਸਿੰਘ ਕਹਿੰਦੇ ਹਨ, "ਜਦੋਂ ਮੈਂ ਸੋਸ਼ਲ ਮੀਡਿਆ 'ਤੇ ਪੰਜਾਬੀਆਂ ਨੂੰ ਮਦਦ ਲਈ ਅਪੀਲ ਕੀਤੀ ਸੀ ਤਾਂ ਮੈਨੂੰ ਮਦਦ ਦੀ ਆਸ ਤਾਂ ਸੀ ਪਰ ਏਨੀ ਨਹੀਂ"।
ਉਹ ਕਹਿੰਦੇ ਹਨ, “ਮੇਰੀ ਅਪੀਲ ਤੋਂ ਕੁੱਝ ਮਿੰਟ ਬਾਅਦ ਹੀ ਟਰੈਕਟਰਾਂ ਦਾ ਮੇਰੇ ਖੇਤ ਵਿਚ ਹੜ੍ਹ ਜਿਹਾ ਆ ਗਿਆ। ਦਿਨਾਂ ਦਾ ਕੰਮ ਪੰਜਾਬੀਆਂ ਨੇ ਘੰਟਿਆਂ ਵਿਚ ਹੀ ਨਿਬੇੜ ਦਿੱਤਾ। ਹੁਣ ਮੈਂ ਖੁਸ਼ ਹਾਂ ਕਿ ਮੈਂ ਅਗਲੀ ਫ਼ਸਲ ਆਪਣੇ ਖੇਤ ਵਿਚ ਬੀਜ ਸਕਾਂਗਾ।"
ਪਹਿਲੇ ਬੱਚੇ ਦੇ ਖੇਤਾਂ ਨੂੰ ਕੀਤਾ ਪੱਧਰਾ
ਪਿੰਡ ਰੋੜਕੀ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਦੀ ਅਪੀਲ ਕਾਰਨ ਪਿੰਡ ਰੋੜਕੀ ਦੇਸ਼-ਵਿਦੇਸ਼ ਵਿਚ ਚਰਚਾ ਵਿਚ ਹੈ।
"ਇਹ ਗੱਲ ਸਹੀ ਹੈ ਕਿ ਰਜਿੰਦਰ ਸਿੰਘ ਦਾ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ। ਜੇ ਪੰਜਾਬ ਦੇ ਵੱਖ-ਵੱਖ ਹਿੱਸਿਆ ਤੋਂ ਲੋਕ ਸਾਡੇ ਪਿੰਡ ਦੀ ਮਦਦ ਲਈ ਨਾ ਆਉਂਦੇ ਤਾਂ ਰਜਿੰਦਰ ਸਿੰਘ ਵਰਗੇ ਲੋਕਾਂ ਦੇ ਖੇਤਾਂ ਵਿੱਚੋਂ ਹੜ੍ਹਾਂ ਦਾ ਰੇਤਾ 3-4 ਸਾਲਾਂ ਤੱਕ ਨਹੀਂ ਚੁੱਕਿਆ ਜਾਣਾ ਸੀ।"
ਬਲਵਿੰਦਰ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਕਰੀਬ 40 ਪਿੰਡਾਂ ਦੇ ਖੇਤਾਂ ਵਿਚ 5 ਤੋਂ ਲੈ ਕੇ 10 ਫੁੱਟ ਤੱਕ ਰੇਤ ਹੜ੍ਹਾਂ ਕਾਰਨ ਇਕੱਠੀ ਹੋ ਗਈ ਸੀ।
ਪਿੰਡ ਦੇ ਸਰਪੰਚ ਨੇ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇੱਥੇ ਟਰੈਕਟਰ ਲੱਗੇ ਹੋਏ ਸਨ ਤਾਂ ਉਹ ਬਹੁਤ ਸੇਵਾ ਕਰ ਰਹੇ ਸਨ।
ਉਨ੍ਹਾਂ ਮੁਤਾਬਕ, "ਉਹ ਲੰਗਰ ਵਿੱਚ ਸੇਵਾ ਕਰ ਰਿਹਾ ਸੀ ਅਤੇ ਚਾਹ ਵਗੈਰਾ ਵੰਡ ਰਿਹਾ ਸੀ। ਉਸ ਨੇ ਅਪੀਲ ਕੀਤੀ ਕਿ ਇੱਥੇ 7-8 ਏਕੜ ਵਾਲਿਆਂ ਦਾ ਰੇਤਾਂ ਤਾਂ ਚੱਕ ਰਹੇ ਹੋ ਪਰ ਸਾਡਾ ਸਵਾ ਏਕੜ 'ਚ ਰੇਤਾਂ ਨਹੀਂ ਚੱਕ ਰਹੇ।"
"ਚਲੋ, ਬੱਚੇ ਨੂੰ ਦੇਖ ਕੇ, ਟਰੈਕਟਰਾਂ ਵਾਲੇ ਵੀਰਾਂ ਨੇ ਕਿਹਾ ਕਿ ਬੇਟਾ ਪਹਿਲਾਂ ਅਸੀਂ ਤੇਰਾ ਹੀ ਰੇਤਾਂ ਚੱਲ ਦਿੰਦੇ ਹਾਂ। ਉਨ੍ਹਾਂ ਨੇ ਦੂਜਾ ਕੰਮ ਛੱਡ ਪਹਿਲਾਂ ਇਸ ਦਾ ਕੰਮ ਕੀਤਾ ਹੈ।"
ਪੰਜਾਬ ਵਿੱਚ ਹੜ੍ਹ
ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਭਾਰੀ ਬਰਸਾਤ ਕਾਰਨ ਪੰਜਾਬ ਦੇ ਕਰੀਬ 10 ਤੋਂ ਵੱਧ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਗਏ ਸਨ, ਜਿੱਥੇ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦਾ ਖਾਸਾ ਨੁਕਸਾਨ ਹੋਇਆ ਸੀ।
ਇਸ ਦੌਰਾਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਨੇ ਕਈ ਪਿੰਡਾਂ ਦਾ ਨੁਕਸਾਨ ਕੀਤਾ ਸੀ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੋਹਾਲੀ, ਰੂਪਨਗਰ, ਪਟਿਆਲਾ, ਜਲੰਧਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਸੰਗਰੂਰ, ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਿਲ ਹਨ।
ਜਲੰਧਰ ਤੇ ਕਪੂਰਥਲਾ ਦੇ ਕੁਝ ਪਿੰਡਾਂ ਸਮੇਤ ਰੂਪਨਗਰ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਹਨ।
ਇਸ ਇੰਨੇ ਡਰੇ ਹੋਏ ਸਨ ਕਿ ਆਪਣੇ ਲੋਕ ਘਰਾਂ ਦੀਆਂ ਛੱਤਾਂ ਦਿਨ-ਰਾਤ ਕੱਟਣ ਲਈ ਮਜਬੂਰ ਹੋ ਗਏ ਸਨ।
ਹਾਲਾਂਕਿ, ਲੋਕਾਂ ਦੀ ਮਦਦ ਲਈ ਭਾਰਤੀ ਸੈਨਾ, ਐੱਨਡੀਆਰਐੱਫ, ਪੰਜਾਬ ਪੁਲਿਸ ਤੇ ਆਮ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਸਨ।