You’re viewing a text-only version of this website that uses less data. View the main version of the website including all images and videos.
ਨੇਪਾਲ: ਗਊ ਮਾਸ ਖਾਣ ਨੂੰ ਲੈ ਕੇ ਛਿੜਿਆ ਵਿਵਾਦ, ਪੂਰੇ ਸ਼ਹਿਰ ਦੀ ਠੱਪ ਪੈ ਗਈ ਆਵਾਜਾਈ
- ਲੇਖਕ, ਬਿਕਰਮ ਨਿਰੋਲਾ
- ਰੋਲ, ਬੀਬੀਸੀ ਨੇਪਾਲੀ ਲਈ, ਵਿਰਾਟਨਗਰ ਤੋਂ
ਨੇਪਾਲ ਦੇ ਧਰਾਨ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਸਥਾਨਕ ਵਾਸੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਤੋਂ ਉੱਥੇ ਲੋਕਾਂ ਦੀ ਆਵਾਜਾਈ ਘੱਟ ਹੈ।
ਪਾਬੰਦੀ ਕਾਰਨ ਧਰਾਨ ਦੇ ਰਸਤੇ ਕੋਸ਼ੀ ਰਾਜਮਾਰਗ 'ਤੇ ਚੱਲਣ ਵਾਲੇ ਵਾਹਨ ਨਹੀਂ ਚੱਲ ਰਹੇ ਹਨ।
ਧਰਾਨ ਦੇ ਟਰਾਂਸਪੋਰਟ ਕਾਰੋਬਾਰੀ ਕੁਮਾਰ ਕਾਰਕੀ ਨੇ ਦੱਸਿਆ ਕਿ ਧਰਾਨ ਤੋਂ ਹੋਰਨਾਂ ਥਾਵਾਂ 'ਤੇ ਜਾਣ ਵਾਲੇ ਅਤੇ ਹੋਰ ਥਾਵਾਂ ਤੋਂ ਧਰਾਨ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਆਵਾਜਾਈ ਲਗਭਗ ਠੱਪ ਹੈ।
ਧਰਾਨ ਵਿੱਚ ਬਾਜ਼ਾਰ ਖੁੱਲ੍ਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਆਉਣ-ਜਾਣ ਲਈ ਵਰਤੇ ਜਾਂਦੇ ਟੈਂਪੋ ਅਤੇ ਮੋਟਰਸਾਈਕਲਾਂ ਸਮੇਤ ਕੁਝ ਨਿੱਜੀ ਵਾਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਹੈ।
ਧਰਾਨ ਉਪ ਮਹਾਨਗਰ ਪਾਲਿਕਾ ਦੇ ਉਪ ਮੁਖੀ ਇੰਦਰਾ ਵਿਕਰਮ ਬੇਘਾ ਨੇ ਕਿਹਾ, "ਧਰਾਨ ਦੇ ਲੋਕਾਂ ਨੇ ਮਨਾਹੀ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।" ਸਥਾਨਕ ਲੋਕਾਂ ਨੇ ਦੱਸਿਆ ਕਿ ਧਰਨਾ ਸ਼ਹਿਰ ਦੇ ਪ੍ਰਵੇਸ਼ ਦੁਆਰ ਅਤੇ ਮੁੱਖ ਚੌਕ ’ਤੇ ਸੁਰੱਖਿਆ ਮੁਲਾਜ਼ਮਾਂ ਦੀ ਭਾਰੀ ਮੌਜੂਦਗੀ ਸੀ।
ਬਹਿਸ ਅਤੇ ਵਿਵਾਦ
ਕਾਰੋਬਾਰੀਆਂ ਅਨੁਸਾਰ, ਇਟਹਰੀ ਦੇ ਰਸਤੇ ਧਰਾਨ ਨੂੰ ਜਾਣ ਵਾਲੇ ਸਾਰੇ ਵਾਹਨਾਂ ਨੂੰ ਪੁਲਿਸ ਨੇ ਇਟਹਰੀ ਦੇ ਤਰਹਰਾ ਖੇਤਰ ਵਿੱਚ ਰੋਕ ਕੇ ਵਾਪਸ ਭੇਜ ਦਿੱਤਾ ਹੈ।
ਧਰਾਨ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾਂ ਵੱਲੋਂ ਸ਼ਨੀਵਾਰ ਨੂੰ ਧਾਰਮਿਕ ਰੈਲੀ ਆਯੋਜਿਤ ਕਰਨ ਦੀ ਤਿਆਰੀ ਕੀਤੇ ਜਾਣ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਇੱਥੇ ਸ਼ੁੱਕਰਵਾਰ ਰਾਤ ਤੋਂ ਲੈ ਕੇ ਸ਼ਨੀਵਾਰ ਰਾਤ 12 ਵਜੇ ਤੱਕ ਮਨਾਹੀ ਦੇ ਹੁਕਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਨੇਪਾਲ ਦੇ ਧਰਾਨ 'ਚ ਕੁਝ ਲੋਕਾਂ ਵੱਲੋਂ ਗਊ ਮਾਸ ਖਾਣ ਨੂੰ ਲੈ ਕੇ ਹੋਈ ਬਹਿਸ ਅਤੇ ਵਿਵਾਦ ਤੋਂ ਬਾਅਦ ਹਾਲਾਤ ਵਿਗੜਨ ਤੋਂ ਬਚਣ ਲਈ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।
ਸੁਨਸਰੀ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਕਿਹਾ ਹੈ ਕਿ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠਾਂ ਵਰਗੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਗਈ ਹੈ।
ਸੁਨਸਰੀ ਦੇ ਐਸਪੀ ਪ੍ਰਭੂ ਢਾਕਲ ਨੇ ਦੱਸਿਆ ਕਿ ਧਰਾਨ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਸ਼ਾਂਤੀ-ਸੁਰੱਖਿਆ ਅਤੇ ਸਮਾਜਿਕ ਸਦਭਾਵਨਾ
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਧਰਾਨ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਗਿਆ ਹੈ। ਉਪਰੋਕਤ ਵਿਸ਼ੇ ਸਬੰਧੀ ਸੰਘੀ ਸੰਸਦ ਵਿੱਚ ਵੀ ਚਰਚਾ ਅਤੇ ਚਿੰਤਾ ਪ੍ਰਗਟ ਕੀਤੀ ਗਈ ਹੈ।
ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਧਰਾਨ 'ਚ ਚੱਲ ਰਹੇ ਵਿਵਾਦ ਕਾਰਨ ਸ਼ਾਂਤੀ, ਸੁਰੱਖਿਆ ਅਤੇ ਸਮਾਜਿਕ ਸਦਭਾਵਨਾ ਨੂੰ ਨੁਕਸਾਨ ਨਾ ਪਹੁੰਚੇ, ਇਸ ਦੇ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਧਰਾਨ ਵਿੱਚ ਸਰਗਰਮ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਸਾਰਿਆਂ ਨੂੰ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇੱਕ ਪੱਖ, ਗਊ ਮਾਸ ਖਾਣ ਦੀ ਕਥਿਤ ਘਟਨਾ ਦੀ ਵਿਆਖਿਆ ਆਪਣੀ ਜਾਤੀ, ਸੱਭਿਆਚਾਰ ਅਤੇ ਧਰਮ ਨਿਰਪੱਖਤਾ ਵੱਲੋਂ ਦਿੱਤੇ ਗਏ ਹੱਕ ਵਜੋਂ ਕਰ ਰਹੇ ਹਨ।
ਪਰ ਹਿੰਦੂ ਭਾਈਚਾਰੇ ਦੇ ਕੁਝ ਲੋਕ ਅਤੇ ਕੁਝ ਧਾਰਮਿਕ ਸੰਗਠਨ ਇਸ ਨੂੰ ਧਾਰਮਿਕ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਦੱਸ ਰਹੇ ਹਨ।
'ਗਊ ਹੱਤਿਆ ਵਿਰੁੱਧ ਰੋਸ ਪ੍ਰਦਰਸ਼ਨ'
ਇੱਕ ਹਫ਼ਤਾ ਪਹਿਲਾਂ ਦੀ ਦੱਸੀ ਜਾ ਰਹੀ ਇਸ ਘਟਨਾ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਹੈ।
ਇਸ ਤੋਂ ਬਾਅਦ ਘਟਨਾ ਦੇ ਸਮਰਥਨ ਅਤੇ ਵਿਰੋਧ 'ਚ ਸੜਕਾਂ 'ਤੇ ਪ੍ਰਦਰਸ਼ਨ ਹੋਏ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਧਰਾਨ 'ਚ ਸਮਾਜਿਕ ਸਦਭਾਵਨਾ ਦੀ ਪਹਿਲ ਵੀ ਸ਼ੁਰੂ ਕੀਤੀ ਗਈ ਹੈ।
ਹਿੰਦੂ ਧਰਮ ਨਾਲ ਜੁੜੇ ਵੱਖ-ਵੱਖ ਸੰਗਠਨਾਂ ਦੀ ਅਗਵਾਈ 'ਚ ਸ਼ਨੀਵਾਰ ਨੂੰ ਧਰਾਨ 'ਚ 'ਗਊ ਹੱਤਿਆ ਖਿਲਾਫ ਪ੍ਰਦਰਸ਼ਨ' ਦੇ ਐਲਾਨ ਨਾਲ ਇਸ ਨੂੰ ਰੋਕਣ ਦੀ ਪਹਿਲ ਕੀਤੀ ਗਈ।
ਧਰਾਨ ਦੀ ਸਥਾਨਕ ਸਿਆਸਤ ਵਿੱਚ ਸਰਗਰਮ ਲੋਕਾਂ ਨੇ ਕਿਹਾ ਹੈ ਕਿ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਮਾਜਿਕ ਏਕਤਾ ਬਣਾਈ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ।
ਧਰਾਨ ਉਹ ਮਹਾਨਗਰ ਪਾਲਿਕਾ ਦੇ ਚਾਰ ਸਾਬਕਾ ਮੁਖੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, "ਦੂਜੇ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਵਾਲਾ ਅਜਿਹਾ ਕੰਮ ਪਹਿਲਾਂ ਕਦੇ ਨਹੀਂ ਹੋਇਆ। ਧਰਾਨ ਦੀ ਖੂਬਸੂਰਤੀ ਇੱਥੋਂ ਦਾ ਸਮਾਜ ਅਤੇ ਭਾਈਚਾਰੇ ਹੈ, ਜਿਸ ਨੇ ਸਾਲਾਂ ਤੋਂ ਆਪਸੀ ਸਦਭਾਵਨਾ, ਚਹਿਚਾਰਾ ਅਤੇ ਏਕਤਾ ਕਾਇਮ ਰੱਖੀ ਹੈ।
ਆਲ ਪਾਰਟੀ ਮੀਟਿੰਗ
ਧਰਾਨ ਦੇ ਸ਼ਹਿਰੀ ਪ੍ਰਧਾਨ ਹਰਕ ਸੰਪਾਗ ਰਾਈ ਨੇ ਵੀ ‘ਆਪਸੀ ਸਦਭਾਵਨਾ, ਭਾਈਚਾਰਾ ਅਤੇ ਏਕਤਾ ਬਣਾਈ ਰੱਖਣ’ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਸੋਸ਼ਲ ਨੈਟਵਰਕ ਫੇਸਬੁੱਕ 'ਤੇ ਲਿਖਿਆ, "ਆਓ ਨਹੀਂ, ਅਸੀਂ ਸਮਾਜਿਕ ਏਕਤਾ ਅਤੇ ਨਸਲੀ ਸਦਭਾਵਨਾ ਨੂੰ ਤੋੜਨ ਦਾ ਕੰਮ ਨਾ ਕਰੀਏ, ਨਾ ਕਰੀਏ।''
ਸਾਬਕਾ ਸ਼ਹਿਰੀ ਪ੍ਰਧਾਨ ਤਿਲਕ ਰਾਏ ਨੇ ਦੱਸਿਆ ਕਿ ਉਹ ਵੱਖ-ਵੱਖ ਸਿਆਸੀ ਪਾਰਟੀਆਂ, ਸੰਗਠਨਾਂ ਅਤੇ ਹੋਰ ਇੱਛੁਕ ਧਿਰਾਂ ਨਾਲ ਗੱਲ ਕਰਕੇ ਇਹ ਕੋਸ਼ਿਸ਼ ਕਰ ਰਹੇ ਹਨ ਕਿ ਸਾਲਾਂ ਤੋਂ ਚੱਲੀ ਆ ਰਹੀ ਨਸਲੀ ਤੇ ਧਾਰਮਿਕ ਸਦਭਾਵਨਾ ਨੂੰ ਸੱਟ ਨਾ ਲੱਗੇ।
ਨੇਪਾਲੀ ਕਾਂਗਰਸ ਧਰਾਨ ਦੇ ਪ੍ਰਧਾਨ ਸ਼ਿਆਮ ਪੋਖਰੇਲ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਐੱਲ ਪਾਰਟੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਾਰਿਆਂ ਨੂੰ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਜਾਵੇਗੀ ਅਤੇ ਪੱਖ ਜਾਂ ਵਿਰੋਧ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਾ ਕਰਨ ਦੀ ਵੀ ਅਪੀਲ ਕੀਤੀ ਜਾਵੇਗੀ।
ਪ੍ਰਸ਼ਾਸਨ ਦਾ ਕੀ ਕਹਿਣਾ ਹੈ
ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਧਰਾਨ 'ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਵਾਦ ਕਾਰਨ ਸ਼ਾਂਤੀ, ਸੁਰੱਖਿਆ ਅਤੇ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੇ ਵੀ ਸਾਵਧਾਨੀ ਵਰਤੀ ਹੈ। ਮੁੱਖ ਜ਼ਿਲ੍ਹਾ ਅਧਿਕਾਰੀ ਹੁਮਕਲਾ ਪਾਂਡੇ ਦੁਆਰਾ ਜਾਰੀ ਕੀਤੇ ਗਏ ਮਨਾਹੀ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ 'ਸਮਾਜਿਕ, ਧਾਰਮਿਕ, ਰਾਜਨੀਤਿਕ ਇਕੱਠਾਂ, ਰੈਲੀਆਂ/ਮੀਟਿੰਗਾਂ/ਪ੍ਰਦਰਸ਼ਨਾਂ ਆਦਿ ਸਮੇਤ ਕੋਈ ਵੀ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ'।
ਸੁਨਸਰੀ ਦੇ ਐਸਪੀ ਢਕਾਲ ਨੇ ਕਿਹਾ, "ਅਸੀਂ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਸਾਰਿਆਂ ਨਾਲ ਤਾਲਮੇਲ ਕਰ ਰਹੇ ਹਾਂ।"
ਇਸ ਤੋਂ ਪਹਿਲਾਂ ਧਰਾਨ ਵਿੱਚ ਇੱਕ ਹਿੰਦੂ ਮੰਦਿਰ ਇਲਾਕੇ ਕੋਲ ਈਸਾਈਆਂ ਲਈ ਚਰਚ ਬਣਾਉਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।
ਸਮਾਜ ਸੇਵੀ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ-ਸਮੇਂ 'ਤੇ ਪੈਦਾ ਹੋਣ ਵਾਲੇ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਝਗੜਿਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਮਾਜਿਕ ਸਦਭਾਵਨਾ ਵਿਗੜ ਜਾਵੇਗੀ ਅਤੇ ਇਸ ਦੇ ਸਮਾਜ 'ਚ ਮਾੜੇ ਨਤੀਜੇ ਨਿਕਲ ਸਕਦੇ ਹਨ।