ਜੈਫਰੀ ਐਪਸਟੀਨ: ਪਾਵਰਫੁਲ ਦੋਸਤਾਂ ਵਾਲਾ ਬਦਨਾਮ ਫਾਇਨੈਂਸਰ ਕੌਣ ਸੀ, ਕਿਵੇਂ ਅਧਿਆਪਕ ਤੋਂ ਅਪਰਾਧ ਦੀ ਦੁਨੀਆਂ 'ਚ ਪਹੁੰਚਿਆ

ਜੈਫਰੀ ਐਪਸਟੀਨ

ਤਸਵੀਰ ਸਰੋਤ, US Department of Justice

ਤਸਵੀਰ ਕੈਪਸ਼ਨ, ਜੈਫਰੀ ਐਪਸਟੀਨ ਦੀ ਇੱਕ ਤਸਵੀਰ
ਪੜ੍ਹਨ ਦਾ ਸਮਾਂ: 11 ਮਿੰਟ

"ਮੈਂ ਕੋਈ ਜਿਨਸੀ ਦਰਿੰਦਾ ਨਹੀਂ ਹਾਂ, ਮੈਂ ਇੱਕ 'ਅਪਰਾਧੀ' ਹਾਂ," ਜੈਫਰੀ ਐਪਸਟੀਨ ਨੇ 2011 ਵਿੱਚ ਨਿਊਯਾਰਕ ਪੋਸਟ ਨੂੰ ਇਹ ਸ਼ਬਦ ਕਹੇ ਸਨ। "ਇਹ ਉਹੀ ਫਰਕ ਹੈ ਜੋ ਇੱਕ ਕਾਤਲ ਅਤੇ ਇੱਕ ਬੈਗ ਚੋਰੀ ਕਰਨ ਵਾਲੇ ਵਿਅਕਤੀ ਵਿੱਚ ਹੁੰਦਾ ਹੈ।"

ਐਪਸਟੀਨ ਦੀ ਮੌਤ 10 ਅਗਸਤ 2019 ਨੂੰ ਨਿਊਯਾਰਕ ਦੀ ਇੱਕ ਜੇਲ੍ਹ ਦੀ ਕੋਠੜੀ ਵਿੱਚ ਹੋਈ ਸੀ, ਜਦੋਂ ਉਹ ਬਿਨ੍ਹਾਂ ਜ਼ਮਾਨਤ ਦੇ ਜਿਨਸੀ ਤਸਕਰੀ ਦੇ ਇਲਜ਼ਾਮਾਂ ਹੇਠ ਮੁਕੱਦਮੇ ਦੀ ਉਡੀਕ ਕਰ ਰਿਹਾ ਸੀ।

ਇਹ ਉਸ ਦੀ ਇੱਕ ਨਾਬਾਲਗ ਤੋਂ ਵੇਸਵਾਗਮਨੀ ਕਰਵਾਉਣ ਦੇ ਦੋਸ਼ ਵਿੱਚ ਸਜ਼ਾ ਹੋਣ ਤੋਂ ਇੱਕ ਦਹਾਕੇ ਬਾਅਦ ਹੋਇਆ ਸੀ, ਜਿਸ ਲਈ ਉਸ ਨੂੰ ਇੱਕ ਜਿਨਸੀ ਅਪਰਾਧੀ ਵਜੋਂ ਰਜਿਸਟਰ ਕੀਤਾ ਗਿਆ ਸੀ।

ਇਸ ਵਾਰ, ਉਸ 'ਤੇ ਜਿਨਸੀ ਸ਼ੋਸ਼ਣ ਲਈ ਨਾਬਾਲਗ ਲੜਕੀਆਂ ਦਾ ਇੱਕ "ਵਿਸ਼ਾਲ ਨੈੱਟਵਰਕ" ਚਲਾਉਣ ਦਾ ਇਲਜ਼ਾਮ ਸੀ। ਹਲਾਂਕਿ ਉਸ ਨੇ ਖੁਦ ਨੂੰ ਬੇਗੁਨਾਹ ਦੱਸਿਆ ਸੀ।

ਨਵੰਬਰ 2025 ਵਿੱਚ, ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੇ ਭਾਰੀ ਬਹੁਮਤ ਨਾਲ 'ਐਪਸਟੀਨ ਫਾਈਲਜ਼ ਟ੍ਰਾਂਸਪੇਰੈਂਸੀ ਐਕਟ' ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਤੁਰੰਤ ਬਾਅਦ, ਰਾਸ਼ਟਰਪਤੀ ਡੌਨਲਡ ਟਰੰਪ ਨੇ ਬਿੱਲ 'ਤੇ ਦਸਤਖਤ ਕੀਤੇ ਜਿਸ ਨੇ ਨਿਆਂ ਵਿਭਾਗ ਨੂੰ ਐਪਸਟੀਨ ਵਿਰੁੱਧ ਹੋਈਆਂ ਅਪਰਾਧਿਕ ਜਾਂਚਾਂ ਦੀਆਂ ਸਾਰੀਆਂ ਫਾਈਲਾਂ 19 ਦਸੰਬਰ ਤੱਕ ਜਾਰੀ ਕਰਨ ਦਾ ਹੁਕਮ ਦਿੱਤਾ।

30 ਜਨਵਰੀ ਨੂੰ, ਅਮਰੀਕੀ ਨਿਆਂ ਵਿਭਾਗ ਵੱਲੋਂ ਲੱਖਾਂ ਫਾਈਲਾਂ ਜਾਰੀ ਕੀਤੀਆਂ ਗਈਆਂ ਸਨ। ਇੱਕ ਫੁਟੇਜ ਵਿੱਚ ਐਪਸਟੀਨ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਕਿ "ਮੇਰੇ ਕੋਲ ਇੱਕ ਚੰਗਾ ਸ਼ੀਸ਼ਾ ਹੈ", ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਆਪ ਨੂੰ ਸ਼ੈਤਾਨ ਮੰਨਦਾ ਹੈ।

ਪੂਰੀ ਵੀਡੀਓ ਫਾਈਲ - ਜੋ ਲਗਭਗ ਦੋ ਘੰਟੇ ਚੱਲਦੀ ਹੈ, ਉਸ ਵਿੱਚ ਐਪਸਟੀਨ ਨੂੰ ਇੱਕ ਇੰਟਰਵਿਊਰ ਦੇ ਸਵਾਲਾਂ ਦਾ ਸਾਹਮਣਾ ਕਰਦੇ ਹੋਏ ਦਿਖਾਉਂਦੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਵਾਲ ਕੌਣ ਪੁੱਛ ਰਿਹਾ ਹੈ, ਜਾਂ ਇਹ ਫੁਟੇਜ ਕਦੋਂ ਅਤੇ ਕਿਉਂ ਫਿਲਮਾਈ ਗਈ ਸੀ।

ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦਸਤਾਵੇਜ਼ਾਂ ਦਾ ਜਾਰੀ ਹੋਣਾ "ਦਸਤਾਵੇਜ਼ਾਂ ਦੀ ਪਛਾਣ ਅਤੇ ਸਮੀਖਿਆ ਦੀ ਇੱਕ ਬਹੁਤ ਹੀ ਵਿਆਪਕ ਪ੍ਰਕਿਰਿਆ ਦੇ ਅੰਤ" ਨੂੰ ਦਰਸਾਉਂਦਾ ਹੈ।

ਪਰ ਮੁਹਿੰਮ ਚਲਾਉਣ ਵਾਲੇ, ਜਿਨ੍ਹਾਂ ਵਿੱਚ ਕੁਝ ਵਿਰੋਧੀ ਡੈਮੋਕਰੇਟਸ ਵੀ ਸ਼ਾਮਲ ਹਨ, ਉਨ੍ਹਾਂ ਦਾ ਤਰਕ ਹੈ ਕਿ ਵਿਭਾਗ ਨੇ ਬਿਨ੍ਹਾਂ ਕਿਸੇ ਉਚਿਤ ਕਾਰਨ ਦੇ ਬਹੁਤ ਸਾਰੇ ਦਸਤਾਵੇਜ਼ ਰੋਕ ਕੇ ਰੱਖੇ ਹੋਏ ਹਨ।

ਅਮਰੀਕੀ ਅਧਿਕਾਰੀਆਂ ਵੱਲੋਂ ਹੁਣ ਤੱਕ ਜਨਤਕ ਕੀਤੇ ਗਏ ਮਸੌਦੇ ਨੇ ਮਰਹੂਮ ਵਿੱਤਕਾਰ ਫਾਇਨੈਂਸਰ ਅਤੇ ਉਸ ਦੇ ਉੱਚ-ਪ੍ਰੋਫਾਈਲ ਘੇਰੇ ਦੇ ਜੀਵਨ 'ਤੇ ਰੌਸ਼ਨੀ ਪਾਈ ਹੈ।

'ਸ਼ਾਨਦਾਰ ਬੰਦਾ'

ਜੈਫਰੀ ਐਪਸਟੀਨ

ਤਸਵੀਰ ਸਰੋਤ, Getty Images

ਨਿਊਯਾਰਕ ਵਿੱਚ ਪੈਦਾ ਹੋਏ ਅਤੇ ਉੱਥੇ ਹੀ ਪਲੇ-ਵਧੇ ਐਪਸਟੀਨ ਨੇ 1970 ਦੇ ਦਹਾਕੇ ਦੇ ਅੱਧ ਵਿੱਚ ਸ਼ਹਿਰ ਦੇ ਪ੍ਰਾਈਵੇਟ 'ਡਾਲਟਨ ਸਕੂਲ' ਵਿੱਚ ਗਣਿਤ ਅਤੇ ਭੌਤਿਕ ਵਿਗਿਆਨ ਪੜ੍ਹਾਇਆ ਸੀ। ਉਸ ਨੇ ਖੁਦ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਅਤੇ ਗਣਿਤ ਦੀ ਪੜ੍ਹਾਈ ਕੀਤੀ ਸੀ, ਹਾਲਾਂਕਿ ਉਸ ਨੇ ਕਦੇ ਡਿਗਰੀ ਪੂਰੀ ਨਹੀਂ ਕੀਤੀ ਸੀ।

ਕਿਹਾ ਜਾਂਦਾ ਹੈ ਕਿ ਐਪਸਟੀਨ ਦੇ ਇੱਕ ਵਿਦਿਆਰਥੀ ਦਾ ਪਿਤਾ ਉਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਐਪਸਟੀਨ ਦਾ ਸੰਪਰਕ, ਵਾਲ ਸਟਰੀਟ ਇਨਵੈਸਟਮੈਂਟ ਬੈਂਕ 'ਬੀਅਰ ਸਟਰਨਜ਼' ਦੇ ਇੱਕ ਸੀਨੀਅਰ ਪਾਰਟਨਰ ਨਾਲ ਕਰਵਾ ਦਿੱਤਾ।

ਚਾਰ ਸਾਲਾਂ ਦੇ ਅੰਦਰ ਹੀ ਉਹ ਉੱਥੇ ਪਾਰਟਨਰ ਬਣ ਗਿਆ। 1982 ਤੱਕ, ਉਸਨੇ ਆਪਣੀ ਖੁਦ ਦੀ ਫਰਮ - 'ਜੇ ਐਪਸਟੀਨ ਐਂਡ ਕੋ' ਬਣਾ ਲਈ ਸੀ।

ਇਹ ਕੰਪਨੀ 1 ਅਰਬ ਡਾਲਰ (£800 ਮਿਲੀਅਨ) ਤੋਂ ਵੱਧ ਦੀ ਸੰਪਤੀ ਵਾਲੇ ਗਾਹਕਾਂ ਦੇ ਨਿਵੇਸ਼ ਦਾ ਪ੍ਰਬੰਧਨ ਕਰਦੀ ਸੀ ਅਤੇ ਇਸ ਨੂੰ ਤੁਰੰਤ ਸਫਲਤਾ ਮਿਲੀ। ਜਲਦੀ ਹੀ ਐਪਸਟੀਨ ਨੇ ਆਪਣੀ ਦੌਲਤ ਖਰਚਣੀ ਸ਼ੁਰੂ ਕਰ ਦਿੱਤੀ - ਜਿਸ ਵਿੱਚ ਫਲੋਰੀਡਾ ਵਿੱਚ ਇੱਕ ਆਲੀਸ਼ਾਨ ਬੰਗਲਾ, ਨਿਊ ਮੈਕਸੀਕੋ ਵਿੱਚ ਇੱਕ ਫਾਰਮ ਹਾਊਸ (ਰੈਂਚ) ਅਤੇ ਕਥਿਤ ਤੌਰ 'ਤੇ ਨਿਊਯਾਰਕ ਦਾ ਸਭ ਤੋਂ ਵੱਡਾ ਨਿੱਜੀ ਘਰ ਸ਼ਾਮਲ ਸੀ। ਇਸ ਦੇ ਨਾਲ ਹੀ ਉਸ ਨੇ ਮਸ਼ਹੂਰ ਹਸਤੀਆਂ, ਕਲਾਕਾਰਾਂ ਅਤੇ ਸਿਆਸਤਦਾਨਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ।

"ਮੈਂ ਜੈਫ ਨੂੰ 15 ਸਾਲਾਂ ਤੋਂ ਜਾਣਦਾ ਹਾਂ। ਬਹੁਤ ਵਧੀਆ ਇਨਸਾਨ ਹੈ।" ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 2002 ਵਿੱਚ ਐਪਸਟੀਨ ਬਾਰੇ ਇੱਕ ਪ੍ਰੋਫਾਈਲ ਲਈ ਨਿਊਯਾਰਕ ਮੈਗਜ਼ੀਨ ਨੂੰ ਦੱਸਿਆ ਸੀ।

"ਉਸਦੇ ਨਾਲ ਰਹਿਣਾ ਬਹੁਤ ਮਜ਼ੇਦਾਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਉਨਾ ਹੀ ਸੁੰਦਰ ਔਰਤਾਂ ਨੂੰ ਪਸੰਦ ਕਰਦਾ ਹੈ ਜਿੰਨਾ ਕਿ ਮੈਂ ਕਰਦਾ ਹਾਂ, ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਛੋਟੀ ਉਮਰ ਦੀਆਂ ਹੁੰਦੀਆਂ ਹਨ।"

"ਇਸ ਵਿੱਚ ਕੋਈ ਸ਼ੱਕ ਨਹੀਂ - ਜੈਫਰੀ ਆਪਣੀ ਸਮਾਜਿਕ ਜ਼ਿੰਦਗੀ ਦਾ ਭਰਪੂਰ ਆਨੰਦ ਲੈਂਦਾ ਹੈ।"

ਰਾਸ਼ਟਰਪਤੀ ਨੇ ਬਾਅਦ ਵਿੱਚ ਕਿਹਾ ਕਿ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ, ਜੋ ਕਿ ਐਪਸਟੀਨ ਦੀ ਪਹਿਲੀ ਗ੍ਰਿਫਤਾਰੀ ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ। ਉਸਨੇ ਐਪਸਟੀਨ ਦੇ ਮਾਮਲੇ ਵਿੱਚ ਕਿਸੇ ਵੀ ਗਲਤ ਕੰਮ ਵਿੱਚ ਸ਼ਮੂਲੀਅਤ ਤੋਂ ਲਗਾਤਾਰ ਇਨਕਾਰ ਕੀਤਾ ਹੈ।

ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਇੱਕ ਵਾਰ "ਦਹਾਕਿਆਂ ਪਹਿਲਾਂ" ਐਪਸਟੀਨ ਨੂੰ ਆਪਣੇ ਕਲੱਬ ਵਿੱਚੋਂ ਇਸ ਲਈ ਕੱਢ ਦਿੱਤਾ ਸੀ ਕਿਉਂਕਿ ਉਹ ਉੱਥੋਂ ਦੀਆਂ ਮਹਿਲਾ ਕਰਮਚਾਰੀਆਂ ਨਾਲ "ਘਟੀਆ ਹਰਕਤਾਂ" ਕਰਦਾ ਸੀ।

ਟਰੰਪ ਨੇ ਖੁਦ ਕਿਹਾ ਕਿ ਐਪਸਟੀਨ ਨੇ ਉਨ੍ਹਾਂ ਦੇ 'ਮਾਰ-ਏ-ਲਾਗੋ' ਬੀਚ ਕਲੱਬ ਸਪਾ ਵਿੱਚ ਕੰਮ ਕਰਨ ਵਾਲੀਆਂ ਮੁਟਿਆਰਾਂ ਨੂੰ "ਚੁਰਾਇਆ" ਸੀ। "ਇੱਕ ਵਾਰ ਜਦੋਂ ਉਸਨੇ ਅਜਿਹਾ ਕੀਤਾ ਤਾਂ ਉਸਦੇ ਨਾਲ ਮੇਰਾ ਰਿਸ਼ਤਾ ਖਤਮ ਹੋ ਗਿਆ।"

ਜੈਫ਼ਰੀ ਐਪਸਟੀਨ ਅਤੇ ਡੌਨਲਡ ਟਰੰਪ 

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਫ਼ਰੀ ਐਪਸਟੀਨ ਅਤੇ ਡੌਨਲਡ ਟਰੰਪ ਦੀ ਇੱਕ ਪੁਰਾਣੀ ਤਸਵੀਰ

ਟਰੰਪ ਤੋਂ ਇਲਾਵਾ, ਐਪਸਟੀਨ ਦੇ ਹੋਰ ਕਈ ਹਾਈ-ਪ੍ਰੋਫਾਈਲ ਦੋਸਤ ਵੀ ਸਨ, ਹਾਲਾਂਕਿ ਇਸ ਨਾਲ ਉਨ੍ਹਾਂ ਹਸਤੀਆਂ ਵੱਲੋਂ ਕਿਸੇ ਵੀ ਗਲਤ ਕੰਮ ਦਾ ਸੰਕੇਤ ਨਹੀਂ ਮਿਲਦਾ।

2002 ਵਿੱਚ, ਉਸਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਅਦਾਕਾਰ ਕੇਵਿਨ ਸਪੇਸੀ ਅਤੇ ਕ੍ਰਿਸ ਟਕਰ ਨੂੰ ਇੱਕ ਵਿਸ਼ੇਸ਼ ਨਿੱਜੀ ਜੈੱਟ ਰਾਹੀਂ ਅਫਰੀਕਾ ਦੀ ਯਾਤਰਾ ਕਰਵਾਈ ਸੀ। ਉਸਨੇ 2003 ਵਿੱਚ ਤਤਕਾਲੀ ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਨਾਲ ਮਿਲ ਕੇ 'ਨਿਊਯਾਰਕ ਮੈਗਜ਼ੀਨ' ਨੂੰ ਖਰੀਦਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਇਹ ਉਹੀ ਸਾਲ ਸੀ ਜਦੋਂ ਉਸ ਨੇ ਹਾਰਵਰਡ ਯੂਨੀਵਰਸਿਟੀ ਨੂੰ 3 ਕਰੋੜ ਡਾਲਰ (£23 ਮਿਲੀਅਨ) ਦਾ ਦਾਨ ਦਿੱਤਾ ਸੀ।

ਬਿੱਲ ਕਲਿੰਟਨ ਅਤੇ ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ (ਸਾਬਕਾ ਅਮਰੀਕੀ ਵਿਦੇਸ਼ ਮੰਤਰੀ) ਐਪਸਟੀਨ ਮਾਮਲੇ ਦੀ ਸੰਸਦੀ ਜਾਂਚ ਵਿੱਚ ਗਵਾਹੀ ਦੇਣ ਲਈ ਸਹਿਮਤ ਹੋ ਗਏ ਹਨ।

ਜੈਫਰੀ ਐਪਸਟੀਨ ਬ੍ਰਿਟਿਸ਼ ਸਿਆਸਤਦਾਨ ਪੀਟਰ ਮੈਂਡਲਸਨ ਦਾ ਵੀ ਦੋਸਤ ਸੀ, ਇੱਕ ਅਜਿਹੀ ਦੋਸਤੀ ਜਿਸ 'ਤੇ ਮੈਂਡਲਸਨ ਨੇ ਅਫਸੋਸ ਜਤਾਇਆ ਸੀ ਅਤੇ ਜਿਸ ਕਾਰਨ 2025 ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚ ਰਾਜਦੂਤ ਵਜੋਂ ਆਪਣੀ ਨੌਕਰੀ ਗੁਆਉਣੀ ਪਈ। ਬਾਅਦ ਵਿੱਚ ਮੈਂਡਲਸਨ ਨੇ ਲੇਬਰ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ।

ਦਸਤਾਵੇਜ਼ਾਂ ਦੇ ਤਾਜ਼ਾ ਖੁਲਾਸੇ ਤੋਂ ਬਾਅਦ, ਯੂਕੇ ਪੁਲਿਸ ਮੈਂਡਲਸਨ 'ਤੇ ਜਨਤਕ ਅਹੁਦੇ ਵਿੱਚ ਕਥਿਤ ਗਲਤ ਵਿਵਹਾਰ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਕਿਉਂਕਿ ਉਸ 'ਤੇ 2009 ਵਿੱਚ ਬਿਜ਼ਨਸ ਸੈਕਟਰੀ ਹੁੰਦਿਆਂ ਐਪਸਟੀਨ ਨੂੰ ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਪਾਸ ਕਰਨ ਦਾ ਇਲਜ਼ਾਮ ਹੈ।

ਐਪਸਟੀਨ ਫਾਈਲਾਂ ਦੇ ਦਸਤਾਵੇਜ਼ਾਂ ਅਨੁਸਾਰ, ਮੈਂਡਲਸਨ ਨੇ ਐਪਸਟੀਨ ਨੂੰ ਯੂਰੋ ਨੂੰ ਬਚਾਉਣ ਲਈ ਯੂਰਪੀਅਨ ਯੂਨੀਅਨ ਵੱਲੋਂ ਦਿੱਤੇ ਜਾਣ ਵਾਲੇ 500 ਅਰਬ ਯੂਰੋ ਦੇ ਬੇਲਆਊਟ ਪੈਕੇਜ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ।

ਕੁਝ ਹਾਈ-ਪ੍ਰੋਫਾਈਲ ਦੋਸਤੀਆਂ ਦੇ ਬਾਵਜੂਦ, ਐਪਸਟੀਨ ਨੇ ਆਪਣੀ ਜ਼ਿੰਦਗੀ ਨੂੰ ਨਿੱਜੀ ਰੱਖਣ ਦੀ ਕੋਸ਼ਿਸ਼ ਕੀਤੀ। ਖ਼ਬਰਾਂ ਮੁਤਾਬਕ ਉਹ ਸਮਾਜਿਕ ਸਮਾਗਮਾਂ ਅਤੇ ਰੈਸਟੋਰੈਂਟਾਂ ਵਿੱਚ ਰਾਤ ਦੇ ਖਾਣੇ ਤੋਂ ਦੂਰ ਰਹਿੰਦਾ ਸੀ।

ਉਸ ਨੇ 'ਮਿਸ ਸਵੀਡਨ' ਦੀ ਜੇਤੂ ਈਵਾ ਐਂਡਰਸਨ ਡੁਬਿਨ ਅਤੇ ਪ੍ਰਕਾਸ਼ਕ ਰੌਬਰਟ ਮੈਕਸਵੈੱਲ ਦੀ ਧੀ ਘਿਸਲੇਨ ਮੈਕਸਵੈੱਲ ਵਰਗੀਆਂ ਔਰਤਾਂ ਨੂੰ ਡੇਟ ਕੀਤਾ, ਹਾਲਾਂਕਿ ਉਸ ਨੇ ਕਦੇ ਵਿਆਹ ਨਹੀਂ ਕਰਵਾਇਆ।

ਟਿਫਨੀ ਐਂਡ ਕੋ ਦੀ ਸਾਬਕਾ ਸੀ.ਈ.ਓ. ਰੋਜ਼ਾ ਮੋਂਕਟਨ ਨੇ 2003 ਦੇ ਇੱਕ ਲੇਖ ਵਿੱਚ 'ਵੈਨਿਟੀ ਫੇਅਰ' ਨੂੰ ਦੱਸਿਆ ਸੀ ਕਿ ਐਪਸਟੀਨ "ਬਹੁਤ ਹੀ ਰਹੱਸਮਈ" ਸੀ ਅਤੇ ਇੱਕ "ਕਲਾਸਿਕ ਆਈਸਬਰਗ" ਵਾਂਗ ਸੀ।

ਉਨ੍ਹਾਂ ਕਿਹਾ, "ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਨੂੰ ਜਾਣਦੇ ਹੋ, ਪਰ ਜਿਵੇਂ ਹੀ ਤੁਸੀਂ ਪਿਆਜ਼ ਦੇ ਛਿਲਕੇ ਵਾਂਗ ਇੱਕ ਪਰਤ ਉਤਾਰਦੇ ਹੋ, ਤਾਂ ਹੇਠਾਂ ਕੁਝ ਹੋਰ ਹੀ ਅਜੀਬ ਨਿਕਲਦਾ ਹੈ। ਜੋ ਤੁਸੀਂ ਦੇਖਦੇ ਹੋ, ਉਹ ਅਸਲ ਵਿੱਚ ਉਹ ਨਹੀਂ ਹੈ।"

ਸਜ਼ਾ ਤੇ ਸਮਝੌਤਾ

2005 ਵਿੱਚ ਇੱਕ 14 ਸਾਲਾ ਕੁੜੀ ਦੇ ਮਾਪਿਆਂ ਨੇ ਫਲੋਰੀਡਾ ਪੁਲਿਸ ਨੂੰ ਦੱਸਿਆ ਕਿ ਐਪਸਟੀਨ ਨੇ ਆਪਣੇ ਪਾਮ ਬੀਚ ਸਥਿਤ ਘਰ ਵਿੱਚ ਉਨ੍ਹਾਂ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਪੁਲਿਸ ਵੱਲੋਂ ਉਸ ਜਾਇਦਾਦ ਦੀ ਤਲਾਸ਼ੀ ਦੌਰਾਨ ਪੂਰੇ ਘਰ ਵਿੱਚੋਂ ਕੁੜੀਆਂ ਦੀਆਂ ਤਸਵੀਰਾਂ ਮਿਲੀਆਂ।

'ਮਿਆਮੀ ਹੇਰਾਲਡ' ਨੇ ਰਿਪੋਰਟ ਦਿੱਤੀ ਕਿ ਨਾਬਾਲਗ ਲੜਕੀਆਂ ਦਾ ਸ਼ੋਸ਼ਣ ਕਰਨ ਦਾ ਉਸ ਦਾ ਸਿਲਸਿਲਾ ਸਾਲਾਂ ਪੁਰਾਣਾ ਸੀ।

ਪਾਮ ਬੀਚ ਪੁਲਿਸ ਮੁਖੀ ਮਾਈਕਲ ਰੀਟਰ ਨੇ ਅਖਬਾਰ ਨੂੰ ਦੱਸਿਆ, "ਇਹ ਕੋਈ 'ਉਸਨੇ ਕਿਹਾ…ਉਸਨੇ ਕਿਹਾ' ਵਾਲੀ ਸਥਿਤੀ ਨਹੀਂ ਸੀ। ਇੱਥੇ 50 ਤੋਂ ਵੱਧ 'ਕੁੜੀਆਂ' ਸਨ ਅਤੇ ਇੱਕ 'ਉਹ' (ਐਪਸਟੀਨ) ਸੀ - ਅਤੇ ਲਗਭਗ ਸਾਰੀਆਂ ਕੁੜੀਆਂ ਨੇ ਇੱਕੋ ਜਿਹੀ ਕਹਾਣੀ ਦੱਸੀ।"

ਜਿਵੇਂ-ਜਿਵੇਂ ਐਪਸਟੀਨ ਵਿਰੁੱਧ ਕੇਸ ਅਦਾਲਤਾਂ ਵਿੱਚ ਚੱਲਦਾ ਰਿਹਾ, ਕਾਲਮਨਵੀਸ ਮਾਈਕਲ ਵੁਲਫ ਨੇ 2007 ਵਿੱਚ ਨਿਊਯਾਰਕ ਮੈਗਜ਼ੀਨ ਨੂੰ ਇੱਕ ਪ੍ਰੋਫਾਈਲ ਲੇਖ ਲਈ ਦੱਸਿਆ, "ਉਸ ਨੇ ਕੁੜੀਆਂ ਬਾਰੇ ਕਦੇ ਵੀ ਕੋਈ ਗੁਪਤ ਗੱਲ ਨਹੀਂ ਰੱਖੀ।"

"ਇੱਕ ਸਮੇਂ, ਜਦੋਂ ਉਸ ਦੀਆਂ ਮੁਸ਼ਕਲਾਂ ਸ਼ੁਰੂ ਹੋਈਆਂ ਸਨ, ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ, 'ਮੈਂ ਕੀ ਕਹਿ ਸਕਦਾ ਹਾਂ, ਮੈਨੂੰ ਛੋਟੀਆਂ ਕੁੜੀਆਂ ਪਸੰਦ ਹਨ।' ਮੈਂ ਕਿਹਾ, 'ਸ਼ਾਇਦ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਮੈਨੂੰ ਨੌਜਵਾਨ ਔਰਤਾਂ ਪਸੰਦ ਹਨ।''

ਹਾਲਾਂਕਿ, ਇਸ ਹੇਜ ਫੰਡ ਮੈਨੇਜਰ ਨਾਲ ਸਰਕਾਰੀ ਵਕੀਲਾਂ ਨੇ 2008 ਵਿੱਚ ਇੱਕ ਸਮਝੌਤਾ ਕਰ ਲਿਆ।

ਉਹ ਸੰਘੀ ਦੋਸ਼ਾਂ ਤੋਂ ਬਚ ਗਿਆ, ਜਿਸ ਕਾਰਨ ਉਸ ਨੂੰ ਉਮਰ ਕੈਦ ਹੋ ਸਕਦੀ ਸੀ ਅਤੇ ਇਸ ਦੀ ਬਜਾਏ ਉਸ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਮਿਲੀ। ਇਸ ਦੌਰਾਨ ਉਸ ਨੂੰ ਦਿਨ ਵਿੱਚ 12 ਘੰਟੇ, ਹਫ਼ਤੇ ਵਿੱਚ ਛੇ ਦਿਨ ਆਪਣੇ ਦਫ਼ਤਰ ਜਾਣ ਲਈ "ਵਰਕ ਰਿਲੀਜ਼" ਦੀ ਇਜਾਜ਼ਤ ਮਿਲੀ ਹੋਈ ਸੀ। 13 ਮਹੀਨਿਆਂ ਬਾਅਦ ਉਸ ਨੂੰ ਪ੍ਰੋਬੇਸ਼ਨ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਮੇਲਾਨੀਆ ਟਰੰਪ, ਪ੍ਰਿੰਸ ਐਂਡਰਿਊ, ਗਵੈਂਡੋਲਿਨ ਬੈਕ ਅਤੇ ਜੈਫਰੀ ਐਪਸਟੀਨ,

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਲਾਨੀਆ ਟਰੰਪ, ਪ੍ਰਿੰਸ ਐਂਡਰਿਊ, ਗਵੈਂਡੋਲਿਨ ਬੈਕ ਅਤੇ ਜੈਫਰੀ ਐਪਸਟੀਨ, 12 ਫਰਵਰੀ, 2000 ਨੂੰ ਪਾਮ ਬੀਚ, ਫਲੋਰੀਡਾ ਦੇ ਮਾਰ-ਏ-ਲਾਗੋ ਕਲੱਬ ਵਿੱਚ ਇੱਕ ਪਾਰਟੀ ਦੌਰਾਨ।

'ਮਿਆਮੀ ਹੇਰਾਲਡ' ਨੇ ਰਿਪੋਰਟ ਦਿੱਤੀ ਕਿ ਸੰਘੀ ਸਰਕਾਰੀ ਵਕੀਲ ਅਲੈਗਜ਼ੈਂਡਰ ਅਕੋਸਟਾ ਨੇ ਇੱਕ ਅਜਿਹਾ 'ਪਲੀਅ ਐਗਰੀਮੈਂਟ' ਕੀਤਾ ਜਿਸ ਨੇ ਐਪਸਟੀਨ ਦੇ ਅਪਰਾਧਾਂ ਦੀ ਗੰਭੀਰਤਾ ਨੂੰ ਲੁਕਾਇਆ ਅਤੇ ਐਫ.ਬੀ.ਆਈ. ਦੀ ਉਸ ਜਾਂਚ ਨੂੰ ਖਤਮ ਕਰ ਦਿੱਤਾ ਕਿ ਕੀ ਇਸ ਵਿੱਚ ਹੋਰ ਪੀੜਤ ਸਨ ਜਾਂ ਹੋਰ ਸ਼ਕਤੀਸ਼ਾਲੀ ਲੋਕ ਸ਼ਾਮਲ ਸਨ। ਅਖ਼ਬਾਰ ਨੇ ਇਸ ਨੂੰ "ਸਦੀ ਦਾ ਸਭ ਤੋਂ ਵੱਡਾ ਸਮਝੌਤਾ" ਕਰਾਰ ਦਿੱਤਾ।

ਅਕੋਸਟਾ ਨੇ ਇਸ ਘੁਟਾਲੇ ਕਾਰਨ ਜੁਲਾਈ 2019 ਵਿੱਚ ਅਸਤੀਫਾ ਦੇ ਦਿੱਤਾ ਸੀ, ਹਾਲਾਂਕਿ ਉਸ ਨੇ ਆਪਣੀਆਂ ਕਾਰਵਾਈਆਂ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਨੇ ਘੱਟੋ-ਘੱਟ ਐਪਸਟੀਨ ਲਈ ਕੁਝ ਸਮੇਂ ਦੀ ਜੇਲ੍ਹ ਯਕੀਨੀ ਬਣਾਈ ਸੀ।

2008 ਤੋਂ ਐਪਸਟੀਨ ਨੂੰ ਨਿਊਯਾਰਕ ਦੇ ਜਿਨਸੀ ਅਪਰਾਧੀਆਂ ਦੇ ਰਜਿਸਟਰ ਵਿੱਚ 'ਲੈਵਲ ਤਿੰਨ' 'ਤੇ ਸੂਚੀਬੱਧ ਕੀਤਾ ਗਿਆ ਸੀ। ਇਹ ਉਮਰ ਭਰ ਲਈ ਲੱਗਣ ਵਾਲਾ ਇੱਕ ਟੈਗ ਸੀ ਜਿਸ ਦਾ ਮਤਲਬ ਸੀ ਕਿ ਉਸ ਦੇ ਦੁਬਾਰਾ ਅਪਰਾਧ ਕਰਨ ਦਾ ਉੱਚ ਖਤਰਾ ਮੰਨਿਆ ਜਾਂਦਾ ਸੀ।

ਪਰ ਐਪਸਟੀਨ ਨੇ ਆਪਣੀ ਸਜ਼ਾ ਤੋਂ ਬਾਅਦ ਵੀ ਆਪਣੀਆਂ ਜਾਇਦਾਦਾਂ ਅਤੇ ਸੰਪਤੀਆਂ ਨੂੰ ਬਰਕਰਾਰ ਰੱਖਿਆ।

ਦਸੰਬਰ 2010 ਵਿੱਚ, ਐਂਡਰਿਊ ਮਾਊਂਟਬੈਟਨ ਵਿੰਡਸਰ - ਰਾਣੀ ਐਲਿਜ਼ਾਬੈਥ II ਦੀ ਤੀਜੀ ਸੰਤਾਨ, ਜਿਨ੍ਹਾਂ ਨੂੰ ਉਸ ਸਮੇਂ ਪ੍ਰਿੰਸ ਐਂਡਰਿਊ ਵਜੋਂ ਜਾਣਿਆ ਜਾਂਦਾ ਸੀ, ਉਨ੍ਹਾਂ ਨੂੰ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਐਪਸਟੀਨ ਦੇ ਨਾਲ ਦੇਖਿਆ ਗਿਆ, ਜਿਸ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ।

ਨਵੰਬਰ 2019 ਵਿੱਚ ਬੀਬੀਸੀ ਦੇ ਇੱਕ ਇੰਟਰਵਿਊ ਵਿੱਚ, ਐਂਡਰਿਊ ਜੋ 1999 ਤੋਂ ਐਪਸਟੀਨ ਨੂੰ ਜਾਣਦੇ ਸਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਦੋਸਤੀ ਖਤਮ ਕਰਨ ਲਈ 2010 ਵਿੱਚ ਨਿਊਯਾਰਕ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉੱਥੇ ਰਹਿਣ ਦੌਰਾਨ ਫਾਇਨੈਂਸਰ ਦੇ ਘਰ ਰਹਿਣ 'ਤੇ ਪਛਤਾਵਾ ਹੈ ਅਤੇ ਅਜਿਹਾ ਕਰਕੇ ਉਨ੍ਹਾਂ ਨੇ "ਮਰਿਆਦਾ ਦੀ ਉਲੰਘਣਾ" ਕੀਤੀ ਸੀ।

ਸਾਲਾਂ ਬਾਅਦ ਸਾਹਮਣੇ ਆਈਆਂ 2011 ਦੀਆਂ ਈਮੇਲਾਂ ਅਨੁਸਾਰ, ਐਂਡਰਿਊ ਨੇ ਐਪਸਟੀਨ ਨਾਲ ਉਸ ਤੋਂ ਵੱਧ ਸਮੇਂ ਤੱਕ ਸੰਪਰਕ ਬਣਾ ਕੇ ਰੱਖਿਆ ਸੀ ਜਿੰਨਾ ਉਨ੍ਹਾਂ ਨੇ ਪਹਿਲਾਂ ਸਵੀਕਾਰ ਕੀਤਾ ਸੀ। ਇਸ ਤੋਂ ਬਾਅਦ ਹੋਏ ਭਾਰੀ ਹੰਗਾਮੇ ਦੇ ਵਿਚਕਾਰ 2025 ਵਿੱਚ ਐਂਡਰਿਊ ਤੋਂ ਉਨ੍ਹਾਂ ਦੇ ਸ਼ਾਹੀ ਖਿਤਾਬ ਖੋਹ ਲਏ ਗਏ।

ਐਪਸਟੀਨ 'ਤੇ ਇਲਜ਼ਾਮ ਲਾਉਣ ਵਾਲੀ ਵਰਜੀਨੀਆ ਰੌਬਰਟਸ, ਜਿਸ ਨੂੰ ਵਰਜੀਨੀਆ ਜਿਉਫ਼ਰੇ ਵਜੋਂ ਜਾਣਿਆ ਜਾਣ ਲੱਗਾ, ਉਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਜਦੋਂ ਉਹ 17 ਸਾਲਾਂ ਦੀ ਸੀ, ਤਾਂ ਉਸ ਨੂੰ ਐਂਡਰਿਊ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ।

ਐਂਡਰਿਊ ਨੇ ਉਸ ਨਾਲ ਸਰੀਰਕ ਸਬੰਧ ਹੋਣ ਤੋਂ ਸਾਫ਼ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਲੰਡਨ ਵਿੱਚ ਲਈ ਗਈ ਇਸ ਜੋੜੀ ਦੀ ਕਿਸੇ ਫੋਟੋ ਬਾਰੇ ਕੋਈ ਯਾਦ ਨਹੀਂ ਹੈ। ਪਰ 2022 ਵਿੱਚ, ਉਨ੍ਹਾਂ ਨੇ ਮਿਸ ਜਿਉਫ਼ਰੇ ਵੱਲੋਂ ਦਾਇਰ ਕੀਤੇ ਗਏ ਇੱਕ ਮੁਕੱਦਮੇ ਦੇ ਨਿਪਟਾਰੇ ਲਈ ਲੱਖਾਂ ਡਾਲਰ ਦਿੱਤੇ, ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਐਂਡਰਿਊ ਦੀ ਸਾਬਕਾ ਪਤਨੀ ਸਾਰਾਹ ਫਰਗੂਸਨ ਦੀ ਐਪਸਟੀਨ ਨਾਲ ਦੋਸਤੀ ਬਾਰੇ ਵੀ ਨਵੇਂ ਵੇਰਵੇ ਸਾਹਮਣੇ ਆਏ ਹਨ। ਫਰਗੂਸਨ ਦੀ ਚੈਰਿਟੀ, 'ਸਾਰਾਹਜ਼ ਟ੍ਰਸਟ' ਨੇ ਐਲਾਨ ਕੀਤਾ ਕਿ ਇਹ "ਨੇੜਲੇ ਭਵਿੱਖ" ਲਈ ਬੰਦ ਰਹੇਗੀ ਕਿਉਂਕਿ ਕੁਝ ਈਮੇਲਾਂ ਤੋਂ ਪਤਾ ਲੱਗਾ ਹੈ ਕਿ ਫਰਗੂਸਨ ਉਦੋਂ ਵੀ ਐਪਸਟੀਨ ਦੇ ਸੰਪਰਕ ਵਿੱਚ ਸੀ ਜਦੋਂ ਉਹ ਇੱਕ ਨਾਬਾਲਗ ਤੋਂ ਜਿਨਸੀ ਸਬੰਧਾਂ ਦੀ ਮੰਗ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਸੀ।

6 ਜੁਲਾਈ 2019 ਨੂੰ ਪੈਰਿਸ ਤੋਂ ਆਪਣੇ ਨਿੱਜੀ ਜੈੱਟ ਰਾਹੀਂ ਵਾਪਸ ਆਉਣ ਤੋਂ ਬਾਅਦ ਐਪਸਟੀਨ ਨੂੰ ਨਿਊਯਾਰਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਖ਼ਬਰਾਂ ਮੁਤਾਬਕ ਸਰਕਾਰੀ ਵਕੀਲ ਉਸ ਦੇ ਨਿਊਯਾਰਕ ਵਾਲੇ ਆਲੀਸ਼ਾਨ ਬੰਗਲੇ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿੱਥੇ ਉਸ ਨੇ ਕਥਿਤ ਅਪਰਾਧ ਕੀਤੇ ਸਨ।

ਐਪਸਟੀਨ ਨੇ ਹਮੇਸ਼ਾ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਅਤੇ ਆਪਣੇ ਵਿਰੁੱਧ ਲੱਗੇ ਇਲਜ਼ਾਮਾਂ ਵਿੱਚ ਖੁਦ ਨੂੰ ਬੇਗੁਨਾਹ ਦੱਸਿਆ। ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ, ਉਸ ਨੂੰ ਨਿਊਯਾਰਕ ਦੇ 'ਮੈਟਰੋਪੋਲੀਟਨ ਕਰੈਕਸ਼ਨਲ ਸੈਂਟਰ' ਵਿੱਚ ਰੱਖਿਆ ਗਿਆ ਸੀ। ਜੁਲਾਈ ਵਿੱਚ ਉਸ ਨੂੰ ਥੋੜ੍ਹੇ ਸਮੇਂ ਲਈ ਹਸਪਤਾਲ ਲਿਜਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਉਸ ਦੀ ਗਰਦਨ 'ਤੇ ਸੱਟਾਂ ਲੱਗੀਆਂ ਸਨ, ਜਿਸ ਬਾਰੇ ਨਾ ਤਾਂ ਜੇਲ੍ਹ ਅਧਿਕਾਰੀਆਂ ਅਤੇ ਨਾ ਹੀ ਉਸ ਦੇ ਵਕੀਲਾਂ ਨੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਕੀਤੀ।

31 ਜੁਲਾਈ ਨੂੰ ਅਦਾਲਤ ਵਿੱਚ ਆਪਣੀ ਆਖਰੀ ਪੇਸ਼ੀ ਦੌਰਾਨ, ਇਹ ਸਪੱਸ਼ਟ ਹੋ ਗਿਆ ਸੀ ਕਿ ਉਸ ਨੂੰ ਇੱਕ ਸਾਲ ਜੇਲ੍ਹ ਵਿੱਚ ਬਿਤਾਉਣਾ ਪਵੇਗਾ ਅਤੇ ਮੁਕੱਦਮਾ 2020 ਦੀਆਂ ਗਰਮੀਆਂ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗਾ। ਸਰਕਾਰੀ ਵਕੀਲਾਂ ਨੇ ਕਿਹਾ ਕਿ ਉਹ ਕੋਈ ਦੇਰੀ ਨਹੀਂ ਚਾਹੁੰਦੇ ਅਤੇ ਮੁਕੱਦਮੇ ਨੂੰ ਜਲਦੀ ਸ਼ੁਰੂ ਕਰਨਾ ਜਨਤਕ ਹਿੱਤ ਵਿੱਚ ਹੈ।

ਪਰ ਐਪਸਟੀਨ ਨੂੰ ਕਦੇ ਵੀ ਮੁਕੱਦਮੇ ਦਾ ਸਾਹਮਣਾ ਨਹੀਂ ਕਰਨਾ ਪਿਆ।

ਦਿ ਮੈਕਸਵੈੱਲ ਮੁਕੱਦਮਾ

ਮੁਕੱਦਮੇ ਦੌਰਾਨ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਜੈਫਰੀ ਐਪਸਟੀਨ ਦੀ ਸਾਬਕਾ ਪ੍ਰੇਮਿਕਾ ਮੈਕਸਵੈੱਲ ਨੇ ਐਪਸਟੀਨ ਦੇ ਸ਼ੋਸ਼ਣ ਲਈ ਛੋਟੀਆਂ ਲੜਕੀਆਂ ਦਾ ਸ਼ਿਕਾਰ ਕੀਤਾ ਅਤੇ ਉਨ੍ਹਾਂ ਨੂੰ ਤਿਆਰ ਕੀਤਾ।

ਐਪਸਟੀਨ ਦੀ ਮੌਤ ਤੋਂ ਬਾਅਦ, ਉਸ ਦੀ ਸਾਬਕਾ ਪ੍ਰੇਮਿਕਾ ਘਿਸਲੇਨ ਮੈਕਸਵੈੱਲ ਚਰਚਾ ਵਿੱਚ ਆ ਗਈ।

ਉਸ ਨੂੰ ਜੁਲਾਈ 2020 ਵਿੱਚ ਅਮਰੀਕੀ ਰਾਜ ਨਿਊ ਹੈਂਪਸ਼ਾਇਰ ਵਿੱਚ ਉਸ ਦੇ ਇੱਕ ਇਕਾਂਤ ਬੰਗਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਸ਼ੱਕ ਸੀ ਕਿ ਉਸ ਨੇ ਨਾਬਾਲਗਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਕੇ ਐਪਸਟੀਨ ਦੁਆਰਾ ਕੀਤੇ ਗਏ ਜਿਨਸੀ ਸ਼ੋਸ਼ਣ ਵਿੱਚ ਸਹਾਇਤਾ ਕੀਤੀ ਸੀ।

ਦਸੰਬਰ 2021 ਵਿੱਚ, ਨਿਊਯਾਰਕ ਸਿਟੀ ਦੀ ਇੱਕ ਜਿਊਰੀ ਨੇ ਉਸਨੂੰ ਛੇ ਵਿੱਚੋਂ ਪੰਜ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ, ਜਿਸ ਵਿੱਚ ਸਭ ਤੋਂ ਗੰਭੀਰ ਦੋਸ਼ ਇੱਕ ਨਾਬਾਲਗ ਦੀ ਜਿਨਸੀ ਤਸਕਰੀ ਕਰਨਾ ਸ਼ਾਮਲ ਸੀ। ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦਾ ਮਤਲਬ ਹੈ ਕਿ 60 ਸਾਲਾ ਮੈਕਸਵੈੱਲ ਆਪਣੀ ਬਾਕੀ ਦੀ ਜ਼ਿੰਦਗੀ ਸਲਾਖਾਂ ਪਿੱਛੇ ਬਿਤਾ ਸਕਦੀ ਹੈ।

ਆਕਸਫੋਰਡ ਤੋਂ ਪੜ੍ਹੀ ਲਿਖੀ ਮੈਕਸਵੈੱਲ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਹੀ ਐਪਸਟੀਨ ਦੀ ਪਛਾਣ ਆਪਣੇ ਕਈ ਅਮੀਰ ਅਤੇ ਸ਼ਕਤੀਸ਼ਾਲੀ ਦੋਸਤਾਂ ਨਾਲ ਕਰਵਾਈ ਸੀ, ਜਿਨ੍ਹਾਂ ਵਿੱਚ ਬਿੱਲ ਕਲਿੰਟਨ ਅਤੇ ਐਂਡਰਿਊ ਸ਼ਾਮਲ ਸਨ।

ਦੋਸਤਾਂ ਨੇ ਦੱਸਿਆ ਕਿ ਹਾਲਾਂਕਿ ਮੈਕਸਵੈੱਲ ਅਤੇ ਐਪਸਟੀਨ ਦਾ ਰੋਮਾਂਟਿਕ ਰਿਸ਼ਤਾ ਸਿਰਫ ਕੁਝ ਸਾਲਾਂ ਤੱਕ ਚੱਲਿਆ ਸੀ, ਪਰ ਉਹ ਉਸ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਉਸ ਦੇ ਨਾਲ ਕੰਮ ਕਰਦੀ ਰਹੀ ਸੀ।

ਜੈਫਰੀ ਐਪਸਟੀਨ ਅਤੇ ਗਿਸਲੇਨ ਮੈਕਸਵੈੱਲ ਦੀ 2005 ਦੀ ਇੱਕ ਤਸਵੀਰ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਫਰੀ ਐਪਸਟੀਨ ਅਤੇ ਗਿਸਲੇਨ ਮੈਕਸਵੈੱਲ ਦੀ 2005 ਦੀ ਇੱਕ ਤਸਵੀਰ।

ਅਦਾਲਤੀ ਦਸਤਾਵੇਜ਼ਾਂ ਵਿੱਚ, ਪਾਮ ਬੀਚ ਸਥਿਤ ਐਪਸਟੀਨ ਦੇ ਬੰਗਲੇ ਦੇ ਸਾਬਕਾ ਕਰਮਚਾਰੀਆਂ ਨੇ ਮੈਕਸਵੈੱਲ ਨੂੰ 'ਹਾਊਸ ਮੈਨੇਜਰ' ਵਜੋਂ ਦੱਸਿਆ, ਜੋ ਸਟਾਫ ਦੀ ਨਿਗਰਾਨੀ ਕਰਦੀ ਸੀ, ਵਿੱਤੀ ਮਾਮਲੇ ਸੰਭਾਲਦੀ ਸੀ ਅਤੇ ਸੋਸ਼ਲ ਕੋ-ਆਰਡੀਨੇਟਰ ਵਜੋਂ ਕੰਮ ਕਰਦੀ ਸੀ।

2003 ਵਿੱਚ ਪ੍ਰਕਾਸ਼ਿਤ 'ਵੈਨਿਟੀ ਫੇਅਰ' ਦੇ ਇੱਕ ਪ੍ਰੋਫਾਈਲ ਵਿੱਚ ਐਪਸਟੀਨ ਨੇ ਕਿਹਾ ਸੀ ਕਿ ਮੈਕਸਵੈੱਲ ਕੋਈ ਤਨਖਾਹ ਲੈਣ ਵਾਲੀ ਕਰਮਚਾਰੀ ਨਹੀਂ ਸੀ, ਸਗੋਂ ਉਸ ਦੀ "ਸਭ ਤੋਂ ਚੰਗੀ ਦੋਸਤ" ਸੀ।

ਮੁਕੱਦਮੇ ਦੌਰਾਨ, ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਮੈਕਸਵੈੱਲ ਨੇ ਐਪਸਟੀਨ ਦੇ ਸ਼ੋਸ਼ਣ ਲਈ ਛੋਟੀਆਂ ਕੁੜੀਆਂ ਦਾ ਸ਼ਿਕਾਰ ਕੀਤਾ ਅਤੇ ਉਨ੍ਹਾਂ ਨੂੰ ਤਿਆਰ ਕੀਤਾ।

ਹਲਾਂਕਿ ਮੈਕਸਵੈੱਲ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਐਪਸਟੀਨ ਦੀ ਮੌਤ ਤੋਂ ਬਾਅਦ ਉਸ ਨੂੰ ਉਸ ਦੇ ਅਪਰਾਧਾਂ ਲਈ 'ਬਲੀ ਦਾ ਬੱਕਰਾ' ਬਣਾਇਆ ਜਾ ਰਿਹਾ ਹੈ।

ਪਰ ਆਪਣੇ ਦੋਸ਼ ਸਿੱਧ ਹੋਣ ਤੋਂ ਬਾਅਦ, ਮੈਕਸਵੈੱਲ ਨੇ ਕੁਝ ਪਛਤਾਵਾ ਜ਼ਾਹਰ ਕਰਦਿਆਂ ਕਿਹਾ, "ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਇਹ ਹੈ ਕਿ ਮੈਂ ਕਦੇ ਜੈਫਰੀ ਐਪਸਟੀਨ ਨੂੰ ਮਿਲੀ ਸੀ।"

ਉਨ੍ਹਾਂ ਨੇ ਅੱਗੇ ਕਿਹਾ, "ਪਰ ਅੱਜ ਦਾ ਦਿਨ ਅਸਲ ਵਿੱਚ ਐਪਸਟੀਨ ਬਾਰੇ ਨਹੀਂ ਹੈ। ਇਹ ਮੇਰੀ ਸਜ਼ਾ ਲਈ ਹੈ ਅਤੇ ਪੀੜਤਾਂ ਦੁਆਰਾ ਅਦਾਲਤ ਵਿੱਚ ਸਿਰਫ ਮੈਨੂੰ ਸੰਬੋਧਿਤ ਕਰਨ ਲਈ ਹੈ। ਤੁਹਾਨੂੰ (ਪੀੜਤਾਂ ਨੂੰ), ਮੈਂ ਕਹਿੰਦੀ ਹਾਂ, ਮੈਨੂੰ ਉਸ ਦਰਦ ਲਈ ਅਫਸੋਸ ਹੈ ਜੋ ਤੁਸੀਂ ਹੰਢਾਇਆ ਹੈ। ਮੈਨੂੰ ਉਮੀਦ ਹੈ ਕਿ ਮੇਰੀ ਸਖ਼ਤ ਕੈਦ ਤੁਹਾਨੂੰ ਮਾਨਸਿਕ ਸ਼ਾਂਤੀ ਦੇਵੇਗੀ।"

ਮੈਕਸਵੈੱਲ ਦੇ ਵਕੀਲਾਂ ਨੇ ਫੈਸਲੇ ਵਿਰੁੱਧ ਅਪੀਲ ਕੀਤੀ ਸੀ, ਇਹ ਦਲੀਲ ਦਿੰਦੇ ਹੋਏ ਕਿ ਉਸ ਯੋਜਨਾ ਵਿੱਚ ਉਸ ਦੀ ਭੂਮਿਕਾ ਲਈ ਉਸ 'ਤੇ ਕਦੇ ਮੁਕੱਦਮਾ ਨਹੀਂ ਚਲਾਇਆ ਜਾਣਾ ਚਾਹੀਦਾ ਸੀ ਅਤੇ ਨਾ ਹੀ ਉਸ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਸੀ। ਅਖੀਰ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਇਸ ਅਪੀਲ ਨੂੰ ਰੱਦ ਕਰ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)