ਨਵੀਆਂ ਜਾਰੀ ਕੀਤੀਆਂ ਲੱਖਾਂ ਐਪਸਟੀਨ ਫ਼ਾਈਲਾਂ ਤੋਂ ਕੀ-ਕੀ ਜਾਣਕਾਰੀ ਮਿਲੀ ਹੈ, ਕਿਹੜੀਆਂ ਹਸਤੀਆਂ ਦੇ ਨਾਮ ਫਾਈਲਾਂ ਵਿੱਚ ਹਨ

ਜੈਫ਼ਰੀ ਐਪਸਟੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਫ਼ਰੀ ਐਪਸਟੀਨ
    • ਲੇਖਕ, ਸਾਕਸ਼ੀ ਵੇਂਕਟਰਮਨ ਅਤੇ ਕਵਾਸੀ ਗਿਆਮਫੀ ਅਸੀਏਦੂ
  • ਪੜ੍ਹਨ ਦਾ ਸਮਾਂ: 11 ਮਿੰਟ

ਅਮਰੀਕੀ ਨਿਆਂ ਵਿਭਾਗ ਨੇ ਮਰਹੂਮ ਜਿਨਸੀ ਅਪਰਾਧੀ ਜੈਫ਼ਰੀ ਐਪਸਟੀਨ ਨਾਲ ਸੰਬੰਧਿਤ ਲੱਖਾਂ ਨਵੀਆਂ ਫ਼ਾਈਲਾਂ ਜਾਰੀ ਕੀਤੀਆਂ ਹਨ। ਪਿਛਲੇ ਸਾਲ ਇੱਕ ਕਾਨੂੰਨ ਜ਼ਰੀਏ ਉਨ੍ਹਾਂ ਫਾਈਲਾਂ ਨੂੰ ਜਾਰੀ ਕਰਨ ਦੇ ਹੁਕਮ ਹੋਣ ਤੋਂ ਬਾਅਦ, ਸਰਕਾਰ ਵੱਲੋਂ ਸਾਂਝੇ ਕੀਤੇ ਗਏ ਇਹ ਸਭ ਤੋਂ ਵੱਧ ਦਸਤਾਵੇਜ਼ ਹਨ।

ਲੰਘੇ ਸ਼ੁੱਕਰਵਾਰ ਤਿੰਨ ਮਿਲੀਅਨ ਸਫ਼ੇ, 1,80,000 ਤਸਵੀਰਾਂ ਅਤੇ 2,000 ਵੀਡੀਓਜ਼ ਜਨਤਕ ਤੌਰ 'ਤੇ ਪੋਸਟ ਕੀਤੇ ਗਏ।

ਨਿਆਂ ਵਿਭਾਗ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦਸਤਖ਼ਤ ਕੀਤੀ ਗਈ ਕਾਨੂੰਨੀ ਸਮਾਂ-ਸੀਮਾ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿਆ ਸੀ, ਜਿਸ ਵਿੱਚ ਹੁਕਮ ਦਿੱਤਾ ਗਿਆ ਸੀ ਕਿ ਐਪਸਟੀਨ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਜਨਤਾ ਨਾਲ ਸਾਂਝੇ ਕੀਤੇ ਜਾਣ, ਹੁਣ ਇਹ ਰਿਲੀਜ਼ ਇਸ ਪੂਰੇ ਘਟਨਾਕ੍ਰਮ ਤੋਂ ਛੇ ਹਫ਼ਤੇ ਬਾਅਦ ਆਈ ਹੈ।

ਡਿਪਟੀ ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ, "ਅੱਜ ਦੀ ਰਿਲੀਜ਼ ਅਮਰੀਕੀ ਲੋਕਾਂ ਲਈ ਪਾਰਦਰਸ਼ਤਾ ਅਤੇ ਪਾਲਣਾ ਯਕੀਨੀ ਬਣਾਉਣ ਲਈ ਕੀਤੀ ਗਈ ਇੱਕ ਬਹੁਤ ਹੀ ਵਿਸਤ੍ਰਿਤ ਦਸਤਾਵੇਜ਼ ਪਛਾਣ ਅਤੇ ਸਮੀਖਿਆ ਪ੍ਰਕਿਰਿਆ ਦੇ ਅੰਤ ਨੂੰ ਦਰਸਾਉਂਦੀ ਹੈ।"

ਇਨ੍ਹਾਂ ਫ਼ਾਈਲਾਂ ਵਿੱਚ ਜੈਫ਼ਰੀ ਐਪਸਟੀਨ ਦੇ ਜੇਲ੍ਹ ਵਿੱਚ ਬਿਤਾਏ ਸਮੇਂ ਬਾਰੇ ਵੇਰਵੇ ਸ਼ਾਮਲ ਹਨ - ਜਿਸ ਵਿੱਚ ਇੱਕ ਮਨੋਵਿਗਿਆਨਕ ਰਿਪੋਰਟ ਵੀ ਹੈ - ਅਤੇ ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਵੀ ਹੈ। ਨਾਲ ਹੀ ਗਿਲੇਨ ਮੈਕਸਵੈੱਲ ਬਾਰੇ ਜਾਂਚ ਰਿਕਾਰਡ ਵੀ ਹਨ, ਜੋ ਐਪਸਟੀਨ ਦੀ ਸਾਥੀ ਸਨ ਅਤੇ ਜਿਨ੍ਹਾਂ ਨੂੰ ਨਾਬਾਲਿਗ ਕੁੜੀਆਂ ਦੀ ਤਸਕਰੀ ਵਿੱਚ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਇਨ੍ਹਾਂ ਵਿੱਚ ਐਪਸਟੀਨ ਅਤੇ ਹਾਈ-ਪ੍ਰੋਫ਼ਾਈਲ ਹਸਤੀਆਂ ਦਰਮਿਆਨ ਹੋਈਆਂ ਈਮੇਲਾਂ ਵੀ ਸ਼ਾਮਲ ਹਨ।

ਕਈ ਈਮੇਲਾਂ ਅਤੇ ਦਸਤਾਵੇਜ਼ ਇੱਕ ਦਹਾਕੇ ਤੋਂ ਵੀ ਪੁਰਾਣੇ ਹਨ, ਜੋ ਐਪਸਟੀਨ ਦੀਆਂ ਕਾਨੂੰਨੀ ਮੁਸ਼ਕਲਾਂ ਦੌਰਾਨ ਉਨ੍ਹਾਂ ਦੇ ਸੰਬੰਧਾਂ ਨੂੰ ਦਰਸਾਉਂਦੇ ਹਨ।

ਉਨ੍ਹਾਂ ਨੂੰ ਸਾਲ 2008 ਵਿੱਚ ਫ਼ਲੋਰਿਡਾ ਵਿੱਚ 14 ਸਾਲਾ ਕੁੜੀ ਤੋਂ ਜਿਨਸੀ ਸੇਵਾਵਾਂ ਦੀ ਮੰਗ ਕਰਨ ਦੇ ਦੋਸ਼ 'ਚ ਦੋਸ਼ੀ ਠਹਿਰਾਇਆ ਗਿਆ ਸੀ।

ਅਗਸਤ 2019 ਵਿੱਚ, ਇੱਕ ਵੱਡੇ ਜਿਨਸੀ ਤਸਕਰੀ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰਦਿਆਂ, ਉਨ੍ਹਾਂ ਦੀ ਜੇਲ੍ਹ ਵਿੱਚ ਮੌਤ ਹੋ ਗਈ।

ਐਪਸਟੀਨ ਨੇ 'ਦਿ ਡਿਊਕ' ਨੂੰ ਰੂਸੀ ਮਹਿਲਾ ਨਾਲ ਮਿਲਣ ਲਈ ਸੱਦਾ ਦਿੱਤਾ

ਸਾਲ 2005 ਵਿੱਚ ਐਪਸਟੀਨ ਅਤੇ ਗਿਲੇਨ ਮੈਕਸਵੈੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2005 ਵਿੱਚ ਐਪਸਟੀਨ ਅਤੇ ਗਿਲੇਨ ਮੈਕਸਵੈੱਲ, ਜੋ ਐਪਸਟੀਨ ਦੀ ਸਾਥੀ ਸਨ ਅਤੇ ਜਿਨ੍ਹਾਂ ਨੂੰ ਨਾਬਾਲਿਗ ਕੁੜੀਆਂ ਦੀ ਤਸਕਰੀ ਵਿੱਚ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ

ਦਸਤਾਵੇਜ਼ ਇਹ ਵੀ ਦੱਸਦੇ ਹਨ ਕਿ ਬਦਨਾਮ ਫ਼ਾਇਨੈਂਸਰ ਦੇ ਬ੍ਰਿਟੇਨ ਦੇ ਕੁਲੀਨ ਵਰਗ ਨਾਲ ਨੇੜਲੇ ਸੰਬੰਧ ਸਨ।

ਇਨ੍ਹਾਂ ਵਿੱਚ ਐਪਸਟੀਨ ਅਤੇ "ਦਿ ਡਿਊਕ" ਨਾਂ ਦੇ ਇੱਕ ਵਿਅਕਤੀ ਦਰਮਿਆਨ ਈਮੇਲਾਂ ਦੇ ਵੇਰਵੇ ਵੀ ਸ਼ਾਮਲ ਹਨ (ਮੰਨਿਆ ਜਾ ਰਿਹਾ ਹੈ ਕਿ ਉਹ ਐਂਡਰੂ ਮਾਊਂਟਬੈਟਨ-ਵਿੰਡਸਰ ਹਨ)। ਉਨ੍ਹਾਂ ਦੇ ਬਕਿੰਗਹਾਮ ਪੈਲੇਸ ਵਿੱਚ ਰਾਤ ਦੇ ਭੋਜਨ ਬਾਰੇ ਗੱਲ ਕੀਤੀ ਗਈ ਹੈ, ਜਿੱਥੇ "ਕਾਫ਼ੀ ਨਿੱਜਤਾ" ਹੁੰਦੀ ਹੈ।

ਐਪਸਟੀਨ ਵੱਲੋਂ ਭੇਜੇ ਗਏ ਇੱਕ ਹੋਰ ਸੁਨੇਹੇ ਵਿੱਚ "ਦਿ ਡਿਊਕ" ਨੂੰ 26 ਸਾਲਾ ਰੂਸੀ ਮਹਿਲਾ ਨਾਲ ਮਿਲਵਾਉਣ ਦੀ ਪੇਸ਼ਕਸ਼ ਵੀ ਸ਼ਾਮਲ ਹੈ।

ਈਮੇਲਾਂ 'ਤੇ "A" ਦੇ ਦਸਤਖ਼ਤ ਹਨ, ਜਿਨ੍ਹਾਂ ਵਿੱਚ ਇੱਕ ਦਸਤਖ਼ਤ "HRH Duke of York KG" ਵਰਗੇ ਲੱਗਦੇ ਹਨ। ਇਹ ਅਦਾਨ-ਪ੍ਰਦਾਨ ਅਗਸਤ 2010 ਵਿੱਚ ਹੋਇਆ ਸੀ, ਜੋ ਕਿ ਐਪਸਟੀਨ ਵੱਲੋਂ ਨਾਬਾਲਿਗ ਨੂੰ ਉਕਸਾਉਣ ਦੇ ਦੋਸ਼ 'ਚ ਦੋਸ਼ੀ ਠਹਿਰਾਏ ਜਾਣ ਤੋਂ ਦੋ ਸਾਲ ਬਾਅਦ ਦੀ ਗੱਲ ਹੈ।

ਈਮੇਲਾਂ ਕਿਸੇ ਵੀ ਗਲਤ ਕੰਮ ਵੱਲ ਇਸ਼ਾਰਾ ਨਹੀਂ ਕਰਦੀਆਂ।

ਬੀਬੀਸੀ ਨੇ ਪ੍ਰਤੀਕਿਰਿਆ ਲਈ ਐਂਡਰਿਊ ਨਾਲ ਸੰਪਰਕ ਕੀਤਾ ਹੈ, ਜੋ ਪਹਿਲਾਂ ਡਿਊਕ ਆਫ਼ ਯਾਰਕ ਦੇ ਨਾਂ ਨਾਲ ਜਾਣੇ ਜਾਂਦੇ ਸਨ। ਮਾਊਂਟਬੈਟਨ-ਵਿੰਡਸਰ ਨੂੰ ਐਪਸਟੀਨ ਨਾਲ ਆਪਣੀ ਪੁਰਾਣੀ ਦੋਸਤੀ ਨੂੰ ਲੈ ਕੇ ਸਾਲਾਂ ਤੱਕ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਵਾਰ-ਵਾਰ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।

ਹਾਲ ਹੀ ਵਿੱਚ ਜਾਰੀ ਕੀਤੀਆਂ ਗਈਆਂ ਕੁਝ ਈਮੇਲਾਂ ਐਪਸਟੀਨ ਅਤੇ ਐਂਡਰਿਊ ਦੇ ਸਾਬਕਾ ਪਤਨੀ ਸੈਰਾ ਫਰਗੂਸਨ ਦਰਮਿਆਨ ਭੇਜੀਆਂ ਗਈਆਂ ਲੱਗਦੀਆਂ ਹਨ।

4 ਅਪ੍ਰੈਲ 2009 ਦੀ ਇੱਕ ਈਮੇਲ 'ਤੇ "Love, Sarah, The red Head!!" ਦਸਤਖ਼ਤ ਕੀਤੇ ਹੋਏ ਸਨ।

ਇਸ ਵਿੱਚ ਲਿਖਿਆ ਹੈ ਕਿ ਉਹ ਪਾਮ ਬੀਚ 'ਤੇ ਹੋਵੇਗੀ ਅਤੇ ਚਾਹ ਪੀਣਾ ਚਾਹੁੰਦੀ ਹੈ। ਈਮੇਲ ਵਿੱਚ ਫਰਗੂਸਨ ਦੀ ਕੰਪਨੀ, ਮਦਰਜ਼ ਆਰਮੀ, ਲਈ ਵਿਚਾਰਾਂ ਬਾਰੇ ਵੀ ਗੱਲ ਕੀਤੀ ਗਈ ਹੈ। ਯਾਰਕ ਦੀ ਸਾਬਕਾ ਡਚੈੱਸ ਨੇ ਐਪਸਟੀਨ ਨੂੰ "ਮੇਰਾ ਪਿਆਰਾ, ਸ਼ਾਨਦਾਰ ਅਤੇ ਖ਼ਾਸ ਦੋਸਤ ਜੈਫ਼ਰੀ" ਕਿਹਾ ਹੋਇਆ ਹੈ।

ਉਹ ਐਪਸਟੀਨ ਨੂੰ "ਲੈਜੈਂਡ" ਕਹਿੰਦੇ ਹਨ ਅਤੇ ਲਿਖਦੇ ਹਨ, "ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ।"

ਜਦੋਂ ਇਹ ਈਮੇਲ ਅਦਾਨ-ਪ੍ਰਦਾਨ ਹੋਇਆ ਸੀ, ਉਸ ਵੇਲੇ ਫ਼ਾਇਨੈਂਸਰ ਆਪਣੀ 2008 ਦੀ ਸਜ਼ਾ ਕਾਰਨ ਹਾਊਸ ਅਰੇਸਟ ਵਿੱਚ ਸਨ।

ਐਪਸਟੀਨ ਨੇ ਮੈਂਡਲਸਨ ਦੇ ਪਤੀ ਨੂੰ ਪੈਸੇ ਭੇਜੇ

ਜੈਫ਼ਰੀ ਐਪਸਟੀਨ

ਤਸਵੀਰ ਸਰੋਤ, Kypros/Getty Images

ਤਸਵੀਰ ਕੈਪਸ਼ਨ, ਆਪਣੀ ਸਜ਼ਾ ਦੇ ਜ਼ਿਆਦਾਤਰ ਸਮੇਂ ਦੌਰਾਨ ਐਪਸਟੀਨ ਨੂੰ ਦਿਨ ਵਿੱਚ ਆਪਣੇ ਦਫ਼ਤਰ ਤੋਂ ਕੰਮ ਕਰਨ ਦੀ ਇਜਾਜ਼ਤ ਸੀ ਅਤੇ ਉਹ ਹਰ ਰਾਤ ਜੇਲ੍ਹ ਵਾਪਸ ਚਲੇ ਜਾਂਦੇ ਸਨ

ਹੋਰ ਈਮੇਲਾਂ ਤੋਂ ਪਤਾ ਲੱਗਦਾ ਹੈ ਕਿ ਐਪਸਟੀਨ ਨੇ ਸਾਲ 2009 ਵਿੱਚ ਲਾਰਡ ਪੀਟਰ ਮੈਂਡਲਸਨ ਦੇ ਪਤੀ ਰੇਨਾਲਡੋ ਅਵੀਲਾ ਡਾ ਸਿਲਵਾ ਨੂੰ 10,000 ਪੌਂਡ (13,692 ਅਮਰੀਕੀ ਡਾਲਰ) ਭੇਜੇ ਸਨ।

ਐਪਸਟੀਨ ਨੂੰ ਭੇਜੀ ਇੱਕ ਈਮੇਲ ਵਿੱਚ ਡਾ ਸਿਲਵਾ ਨੇ ਓਸਟੀਓਪੈਥੀ ਕੋਰਸ ਦੀ ਲਾਗਤ ਦੱਸੀ, ਆਪਣੇ ਬੈਂਕ ਵੇਰਵੇ ਦਿੱਤੇ ਅਤੇ ਫ਼ਾਇਨੈਂਸਰ ਦਾ "ਤੁਸੀਂ ਮੇਰੀ ਜਿਸ ਵੀ ਚੀਜ਼ ਵਿੱਚ ਮਦਦ ਕਰ ਸਕੋ" ਲਈ ਧੰਨਵਾਦ ਕੀਤਾ।

ਐਪਸਟੀਨ ਨੇ ਕੁਝ ਘੰਟਿਆਂ ਬਾਅਦ ਜਵਾਬ ਦਿੱਤਾ ਕਿ ਉਹ ਕਰਜ਼ੇ ਦੀ ਰਕਮ ਵਾਇਰ ਕਰ ਦੇਣਗੇ ਅਤੇ ਡਾ ਸਿਲਵਾ - ਜਿਨ੍ਹਾਂ ਨੇ 2023 ਵਿੱਚ ਮੈਂਡਲਸਨ ਨਾਲ ਵਿਆਹ ਕੀਤਾ - ਨੇ ਅਗਲੇ ਦਿਨ ਧੰਨਵਾਦ ਸਮੇਤ ਜਵਾਬ ਦਿੱਤਾ।

ਈਮੇਲਾਂ ਦੇ ਇੱਕ ਹੋਰ ਟ੍ਰੇਲ ਵਿੱਚ, ਲਾਰਡ ਮੈਂਡਲਸਨ ਐਪਸਟੀਨ ਦੀ ਇੱਕ ਜਾਇਦਾਦ ਵਿੱਚ ਰਹਿਣ ਦੀ ਬੇਨਤੀ ਕਰਦੇ ਹਨ।

ਇਹ ਈਮੇਲਾਂ 16 ਜੂਨ 2009 ਦੀਆਂ ਹਨ, ਜਦੋਂ ਐਪਸਟੀਨ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਤੋਂ ਵੇਸਵਾਗਮਨੀ ਦੀ ਮੰਗ ਕਰਨ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਆਪਣੀ ਸਜ਼ਾ ਦੇ ਜ਼ਿਆਦਾਤਰ ਸਮੇਂ ਦੌਰਾਨ ਐਪਸਟੀਨ ਨੂੰ ਦਿਨ ਵਿੱਚ ਆਪਣੇ ਦਫ਼ਤਰ ਤੋਂ ਕੰਮ ਕਰਨ ਦੀ ਇਜਾਜ਼ਤ ਸੀ ਅਤੇ ਉਹ ਹਰ ਰਾਤ ਜੇਲ੍ਹ ਵਾਪਸ ਚਲੇ ਜਾਂਦੇ ਸਨ।

ਦਸੰਬਰ 2024 ਵਿੱਚ, ਲਾਰਡ ਮੈਂਡਲਸਨ ਨੂੰ ਅਮਰੀਕਾ ਵਿੱਚ ਬ੍ਰਿਟੇਨ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ, ਪਰ ਇੱਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ, ਜਦੋਂ ਇਹ ਸਾਹਮਣੇ ਆਇਆ ਕਿ ਉਨ੍ਹਾਂ ਨੇ ਸਜ਼ਾ ਦਿੱਤੇ ਜਾਣ ਤੋਂ ਬਾਅਦ ਐਪਸਟੀਨ ਨੂੰ ਸਮਰਥਨ ਭਰੇ ਸੁਨੇਹੇ ਭੇਜੇ ਸਨ।

ਮੈਂਡਲਸਨ ਨੇ ਵਾਰ-ਵਾਰ ਕਿਹਾ ਹੈ ਕਿ ਉਸ ਨੂੰ ਐਪਸਟੀਨ ਨਾਲ ਆਪਣੀ ਪੁਰਾਣੀ ਦੋਸਤੀ 'ਤੇ ਅਫ਼ਸੋਸ ਹੈ, ਜੋ ਕਾਫ਼ੀ ਸਮੇਂ ਤੋਂ ਜਨਤਕ ਜਾਣਕਾਰੀ ਵਿੱਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਐਪਸਟੀਨ ਨਾਲ ਰਹਿੰਦਿਆਂ ਕਦੇ ਵੀ ਕੋਈ ਗਲਤ ਕੰਮ ਨਹੀਂ ਦੇਖਿਆ ਅਤੇ ਉਹ "ਉਨ੍ਹਾਂ ਦੇ ਝੂਠਾਂ ਦੇ ਝਾਂਸੇ ਵਿੱਚ ਆ ਗਏ ਸਨ।''

ਟਰੰਪ ਦਾ ਸੈਂਕੜੇ ਵਾਰ ਜ਼ਿਕਰ ਹੈ

ਇੱਕ ਪੁਰਾਣੀ ਤਸਵੀਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਜੈਫਰੀ ਐਪਸਟੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਪੁਰਾਣੀ ਤਸਵੀਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਜੈਫਰੀ ਐਪਸਟੀਨ

ਨਵੀਆਂ ਜਾਰੀ ਕੀਤੀਆਂ ਗਈਆਂ ਫਾਈਲਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਸੈਂਕੜੇ ਵਾਰ ਜ਼ਿਕਰ ਕੀਤਾ ਗਿਆ ਹੈ। ਟਰੰਪ ਦੀ ਐਪਸਟੀਨ ਨਾਲ ਦੋਸਤੀ ਸੀ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਦੋਸਤੀ ਵਿੱਚ ਕਈ ਸਾਲ ਪਹਿਲਾਂ ਖਟਾਸ ਆ ਗਈ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਜਿਨਸੀ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਨਵੇਂ ਦਸਤਾਵੇਜ਼ਾਂ ਵਿੱਚ ਐਫਬੀਆਈ ਦੁਆਰਾ ਪਿਛਲੇ ਸਾਲ ਟਰੰਪ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਦੀ ਇੱਕ ਸੂਚੀ ਹੈ ਜੋ ਇਸ ਦੀ ਨੈਸ਼ਨਲ ਥਰੇਟ ਆਪ੍ਰੇਸ਼ਨ ਸੈਂਟਰ ਟਿਪ ਲਾਈਨ 'ਤੇ ਕਾਲ ਕਰਨ ਵਾਲਿਆਂ ਦੁਆਰਾ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਏਜੰਸੀ ਦੁਆਰਾ ਪ੍ਰਾਪਤ ਕੀਤੇ ਗਏ ਗੈਰ-ਪ੍ਰਮਾਣਿਤ ਸੁਝਾਵਾਂ 'ਤੇ ਅਧਾਰਿਤ ਜਾਪਦੇ ਹਨ, ਅਤੇ ਬਿਨਾਂ ਕਿਸੇ ਸਬੂਤ ਦੇ ਬਣਾਏ ਗਏ ਸਨ।

ਇਸ ਸੂਚੀ ਵਿੱਚ ਟਰੰਪ, ਐਪਸਟੀਨ ਅਤੇ ਹੋਰ ਹਾਈ-ਪ੍ਰੋਫਾਈਲ ਹਸਤੀਆਂ ਦੇ ਖਿਲਾਫ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਕਈ ਇਲਜ਼ਾਮ ਸ਼ਾਮਲ ਹਨ।

ਟਰੰਪ ਨੇ ਐਪਸਟੀਨ ਦੇ ਸੰਬੰਧ ਵਿੱਚ ਕਿਸੇ ਵੀ ਗਲਤ ਕੰਮ ਤੋਂ ਲਗਾਤਾਰ ਇਨਕਾਰ ਕੀਤਾ ਹੈ ਅਤੇ ਐਪਸਟੀਨ ਦੇ ਪੀੜਤਾਂ ਦੁਆਰਾ ਉਨ੍ਹਾਂ 'ਤੇ ਕਿਸੇ ਵੀ ਅਪਰਾਧ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ।

ਜਦੋਂ ਤਾਜ਼ਾ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਵ੍ਹਾਈਟ ਹਾਊਸ ਅਤੇ ਨਿਆਂ ਵਿਭਾਗ ਦੋਵਾਂ ਨੇ ਫਾਈਲਾਂ ਦੇ ਨਵੇਂ ਬੈਚ ਦੇ ਨਾਲ ਇੱਕ ਨਿਊਜ਼ ਰਿਲੀਜ਼ ਵਿੱਚ ਇੱਕ ਲਾਈਨ ਵੱਲ ਇਸ਼ਾਰਾ ਕੀਤਾ।

ਅਮਰੀਕੀ ਨਿਆਂ ਵਿਭਾਗ ਨੇ ਕਿਹਾ, "ਕੁਝ ਦਸਤਾਵੇਜ਼ਾਂ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ ਝੂਠੇ ਅਤੇ ਸਨਸਨੀਖੇਜ਼ ਦਾਅਵੇ ਹਨ, ਜੋ ਸਾਲ 2020 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਐਫਬੀਆਈ ਨੂੰ ਸੌਂਪੇ ਗਏ ਸਨ। ਸਪੱਸ਼ਟ ਤੌਰ 'ਤੇ ਇਹ ਦਾਅਵੇ ਬੇਬੁਨਿਆਦ ਅਤੇ ਝੂਠੇ ਹਨ ਅਤੇ ਜੇਕਰ ਉਨ੍ਹਾਂ ਵਿੱਚ ਥੋੜ੍ਹੀ ਜਿਹੀ ਵੀ ਭਰੋਸੇਯੋਗਤਾ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਹਥਿਆਰ ਵਜੋਂ ਇਸਤੇਮਾਲ ਕਰ ਲਿਆ ਗਿਆ ਹੁੰਦਾ।''

ਇਲੋਨ ਮਸਕ ਨੇ ਐਪਸਟੀਨ ਨੂੰ ਪੁੱਛਿਆ ਕਿ ਉਨ੍ਹਾਂ ਦੇ ਟਾਪੂ 'ਤੇ 'ਸਭ ਤੋਂ ਜ਼ੋਰਦਾਰ ਪਾਰਟੀ' ਕਦੋਂ ਹੋਵੇਗੀ

ਇਲੋਨ ਮਸਕ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਨਵੇਂ ਦਸਤਾਵੇਜ਼ਾਂ ਵਿੱਚ ਮਸਕ ਅਤੇ ਐਪਸਟੀਨ ਵਿਚਕਾਰ ਈਮੇਲ ਰਾਹੀਂ ਗੱਲਬਾਤ ਦੇ ਵਰਵੇ ਤਾਂ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਸਕ ਨੇ ਕਦੇ ਐਪਸਟੀਨ ਦੇ ਟਾਪੂ ਦੀ ਯਾਤਰਾ ਕੀਤੀ ਸੀ (ਫਾਈਲ ਫੋਟੋ)

ਦਸਤਾਵੇਜ਼ਾਂ ਵਿੱਚ ਅਰਬਪਤੀ ਇਲੋਨ ਮਸਕ ਅਤੇ ਐਪਸਟੀਨ ਵਿਚਕਾਰ ਈਮੇਲ ਵੇਰਵੇ ਵੀ ਸ਼ਾਮਲ ਹਨ।

ਮਸਕ, ਜਿਨ੍ਹਾਂ 'ਤੇ ਇਸ ਮਾਮਲੇ ਵਿੱਚ ਕਿਸੇ ਵੀ ਗਲਤ ਕੰਮ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ, ਨੇ ਪਹਿਲਾਂ ਕਿਹਾ ਹੈ ਕਿ ਐਪਸਟੀਨ ਨੇ ਉਨ੍ਹਾਂ ਨੂੰ ਆਪਣੇ ਟਾਪੂ 'ਤੇ ਸੱਦਾ ਦਿੱਤਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।

ਨਵੀਆਂ ਈਮੇਲਾਂ ਦਰਸਾਉਂਦੀਆਂ ਹਨ ਕਿ ਮਸਕ ਨੇ ਇੱਕ ਤੋਂ ਵੱਧ ਮੌਕਿਆਂ 'ਤੇ ਉੱਥੇ ਜਾਣ ਬਾਰੇ ਗੱਲ ਕੀਤੀ ਸੀ - ਸਾਲ 2012 ਦੀ ਇੱਕ ਯਾਤਰਾ ਵੀ ਸ਼ਾਮਲ ਹੈ ਜਦੋਂ ਉਨ੍ਹਾਂ ਨੇ ਐਪਸਟੀਨ ਨੂੰ ਪੁੱਛਿਆ ਸੀ ਕਿ "ਤੁਹਾਡੇ ਟਾਪੂ 'ਤੇ ਕਿਹੜੇ ਦਿਨ/ਰਾਤ ਸਭ ਤੋਂ ਜ਼ੋਰਦਾਰ ਪਾਰਟੀ ਹੋਵੇਗੀ?"

ਨਵੰਬਰ 2012 ਦੀਆਂ ਈਮੇਲਾਂ ਦਿਖਾਉਂਦੀਆਂ ਹਨ ਕਿ ਐਪਸਟੀਨ ਨੇ ਪੁੱਛਿਆ ਸੀ ਕਿ ਮਸਕ ਕਿੰਨੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਟਾਪੂ 'ਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਮਸਕ ਨੇ ਕਿਹਾ ਸੀ ਕਿ ਸਿਰਫ਼ ਉਨ੍ਹਾਂ ਦੇ ਪਤਨੀ, ਉਸ ਸਮੇਂ ਤਾਲੁਲਾਹ ਰਿਲੇ।

ਸਾਲ 2012 ਵਿੱਚ ਕ੍ਰਿਸਮਸ 'ਤੇ ਮਸਕ ਤੋਂ ਐਪਸਟੀਨ ਨੂੰ ਭੇਜੇ ਇੱਕ ਈਮੇਲ ਵਿੱਚ ਮਸਕ ਨੇ ਪੁੱਛਿਆ ਸੀ ਕਿ ਕੀ ਉਨ੍ਹਾਂ ਦੀ ਪਾਰਟੀਆਂ ਦੀ ਕੋਈ ਯੋਜਨਾ ਹੈ ਕਿਉਂਕਿ ਉਹ ''ਰਿਲੈਕਸ ਕਰਨਾ'' (ਲੈਟ ਲੂਜ਼) ਚਾਹੁੰਦੇ ਹਨ।

ਉਨ੍ਹਾਂ ਲਿਖਿਆ, "ਮੈਂ ਇਸ ਸਾਲ ਪਗਲਪੁਣੇ ਦੀ ਹੱਦ ਤੱਕ ਕੰਮ ਕਰ ਰਿਹਾ ਹਾਂ ਅਤੇ ਇਸ ਲਈ ਜਦੋਂ ਮੇਰੇ ਬੱਚੇ ਕ੍ਰਿਸਮਸ ਤੋਂ ਬਾਅਦ ਘਰ ਪਰਤਣਗੇ, ਤਾਂ ਮੈਂ ਸੱਚਮੁੱਚ ਸੇਂਟ ਬਾਰਟਸ ਜਾਂ ਕਿਤੇ ਹੋਰ ਪਾਰਟੀ 'ਚ ਜਾਣਾ ਚਾਹੁੰਦਾ ਹਾਂ ਅਤੇ ਰਿਲੈਕਸ ਕਰਨਾ ਚਾਹੁੰਦਾ ਹਾਂ," ਨਾਲ ਹੀ ਉਨ੍ਹਾਂ ਕਿਹਾ ਕਿ ਇੱਕ "ਸ਼ਾਂਤਮਈ ਟਾਪੂ ਦਾ ਅਨੁਭਵ" ਉਸ ਦੇ ਉਲਟ ਹੈ ਜੋ ਉਹ ਚਾਹੁੰਦੇ ਹਨ।

ਸਾਲ 2013 ਦੇ ਅੰਤ ਤੋਂ ਈਮੇਲਾਂ ਦੇ ਇੱਕ ਹੋਰ ਟ੍ਰੇਲ ਵਿੱਚ, ਮਸਕ ਅਤੇ ਐਪਸਟੀਨ, ਫਾਈਨੈਂਸਰ ਦੇ ਟਾਪੂ 'ਤੇ ਗੇੜੀ ਦੀ ਚਰਚਾ ਕਰਦੇ ਹਨ ਅਤੇ ਲੌਜਿਸਟਿਕਸ ਅਤੇ ਤਾਰੀਖਾਂ 'ਤੇ ਕੰਮ ਕਰ ਰਹੇ ਹਨ।

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਸਕ ਨੇ ਕਦੇ ਐਪਸਟੀਨ ਦੇ ਟਾਪੂ ਦੀ ਯਾਤਰਾ ਕੀਤੀ ਸੀ।

ਮਸਕ ਨੇ ਸ਼ਨੀਵਾਰ ਨੂੰ ਇੱਕ X ਪੋਸਟ ਵਿੱਚ ਕਿਹਾ ਕਿ ਉਹ "ਚੰਗੀ ਤਰ੍ਹਾਂ ਜਾਣਦੇ ਹਨ ਕਿ [ਐਪਸਟਾਈਨ] ਨਾਲ ਕੁਝ ਈਮੇਲ ਪੱਤਰ ਵਿਹਾਰ ਦੀ ਗਲਤ ਵਿਆਖਿਆ ਕੀਤੀ ਜਾ ਸਕਦੀ ਹੈ ਅਤੇ ਵਿਰੋਧੀਆਂ ਦੁਆਰਾ ਮੇਰਾ ਨਾਮ ਬਦਨਾਮ ਕਰਨ ਲਈ ਵਰਤਿਆ ਜਾ ਸਕਦਾ ਹੈ"।

ਉਸਨੇ ਅੱਗੇ ਕਿਹਾ, "ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ, ਪਰ ਮੈਨੂੰ ਇਸ ਗੱਲ ਦੀ ਪਰਵਾਹ ਹੈ ਕਿ ਅਸੀਂ ਘੱਟੋ ਘੱਟ ਉਨ੍ਹਾਂ ਲੋਕਾਂ 'ਤੇ ਮੁਕੱਦਮਾ ਚਲਾਉਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੇ ਐਪਸਟਾਈਨ ਨਾਲ ਗੰਭੀਰ ਅਪਰਾਧ ਕੀਤੇ ਹਨ, ਖਾਸ ਕਰਕੇ ਨਾਬਾਲਗ ਕੁੜੀਆਂ ਦੇ ਘਿਨਾਉਣੇ ਸ਼ੋਸ਼ਣ ਦੇ ਸੰਬੰਧ ਵਿੱਚ।"

ਬਿਲ ਗੇਟਸ ਨੇ ਐਪਸਟੀਨ ਦੇ ਸਨਸਨੀਖੇਜ਼ ਦਾਅਵਿਆਂ ਨੂੰ 'ਬੇਤੁਕਾ ਅਤੇ ਝੂਠਾ' ਕਰਾਰ ਦਿੱਤਾ

ਬਿਲ ਗੇਟਸ

ਤਸਵੀਰ ਸਰੋਤ, Patrick van Katwijk/Getty Images

ਤਸਵੀਰ ਕੈਪਸ਼ਨ, ਗੇਟਸ ਦੇ ਬੁਲਾਰੇ ਨੇ ਤਾਜ਼ਾ ਐਪਸਟੀਨ ਫਾਈਲਾਂ ਵਿੱਚ ਸ਼ਾਮਲ ਸਨਸਨੀਖੇਜ਼ ਦਾਅਵਿਆਂ ਨੂੰ "ਬਿਲਕੁਲ ਬੇਤੁਕਾ ਅਤੇ ਪੂਰੀ ਤਰ੍ਹਾਂ ਝੂਠਾ" ਕਿਹਾ ਹੈ (ਫਾਈਲ ਫੋਟੋ)

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੇ ਇੱਕ ਬੁਲਾਰੇ ਨੇ ਤਾਜ਼ਾ ਐਪਸਟੀਨ ਫਾਈਲਾਂ ਵਿੱਚ ਸ਼ਾਮਲ ਸਨਸਨੀਖੇਜ਼ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ - ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਨ੍ਹਾਂ ਨੂੰ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀ ਲੱਗੀ ਹੈ। ਗੇਟਸ ਦੇ ਬੁਲਾਰੇ ਨੇ ਉਨ੍ਹਾਂ ਸਾਰੇ ਦਾਅਵਿਆਂ ਨੂੰ "ਬਿਲਕੁਲ ਬੇਤੁਕਾ ਅਤੇ ਪੂਰੀ ਤਰ੍ਹਾਂ ਝੂਠਾ" ਕਿਹਾ ਹੈ।

18 ਜੁਲਾਈ, 2013 ਦੀਆਂ ਦੋ ਈਮੇਲਾਂ ਐਪਸਟੀਨ ਦੁਆਰਾ ਲਿਖੀਆਂ ਗਈਆਂ ਜਾਪਦੀਆਂ ਹਨ ਪਰ ਇਹ ਸਪਸ਼ਟ ਨਹੀਂ ਹੈ ਕਿ ਕੀ ਉਹ ਕਦੇ ਗੇਟਸ ਨੂੰ ਭੇਜੀਆਂ ਗਈਆਂ ਸਨ ਜਾਂ ਨਹੀਂ। ਦੋਵੇਂ ਐਪਸਟੀਨ ਦੇ ਈਮੇਲ ਖਾਤੇ ਤੋਂ ਭੇਜੀਆਂ ਗਈਆਂ ਹਨ ਅਤੇ ਉਸੇ ਖਾਤੇ ਵਿੱਚ ਵਾਪਸ ਆਈਆਂ ਹਨ। ਗੇਟਸ ਨਾਲ ਜੁੜਿਆ ਕੋਈ ਈਮੇਲ ਖਾਤਾ ਦਿਖਾਈ ਨਹੀਂ ਦਿੰਦਾ ਅਤੇ ਦੋਵੇਂ ਈਮੇਲ 'ਚ ਦਸਤਖਤ ਨਹੀਂ ਕੀਤੇ ਗਏ ਹਨ।

ਇੱਕ ਈਮੇਲ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਅਸਤੀਫ਼ੇ ਪੱਤਰ ਦੇ ਰੂਪ ਵਿੱਚ ਲਿਖੀ ਗਈ ਹੈ ਅਤੇ ਇਸ ਵਿੱਚ ਸ਼ਿਕਾਇਤ ਕੀਤੀ ਗਈ ਹੈ ਕਿ "ਰੂਸੀ ਕੁੜੀਆਂ ਨਾਲ ਸੈਕਸ ਦੇ ਨਤੀਜਿਆਂ ਨਾਲ ਨਜਿੱਠਣ ਲਈ'' ਗੇਟਸ ਲਈ ਦਵਾਈ ਖਰੀਦਣੀ ਪਈ।

ਦੂਜੀ ਈਮੇਲ, ਜੋ "ਪਿਆਰੇ ਬਿੱਲ" ਤੋਂ ਸ਼ੁਰੂ ਹੁੰਦੀ ਹੈ, ਵਿੱਚ ਗੇਟਸ ਵੱਲੋਂ ਦੋਸਤੀ ਖਤਮ ਕਰਨ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਗੇਟਸ 'ਤੇ ਜਿਨਸੀ ਤੌਰ 'ਤੇ ਸੰਚਾਰਿਤ ਲਾਗ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਬਾਰੇ ਹੋਰ ਦਾਅਵੇ ਕੀਤੇ ਗਏ ਹਨ, ਜਿਸ ਵਿੱਚ ਉਨ੍ਹਾਂ ਦੀ ਤਤਕਾਲੀ ਪਤਨੀ ਮੇਲਿੰਡਾ ਤੋਂ ਲੁਕਾਉਣਾ ਵੀ ਸ਼ਾਮਲ ਹੈ।

ਗੇਟਸ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਇਹ ਦਾਅਵੇ - ਇੱਕ ਸਾਬਤ ਹੋਏ, ਅਸੰਤੁਸ਼ਟ ਝੂਠੇ ਦੇ ਹਨ - ਜੋ ਬਿਲਕੁਲ ਬੇਤੁਕੇ ਅਤੇ ਪੂਰੀ ਤਰ੍ਹਾਂ ਝੂਠੇ ਹਨ।"

ਉਨ੍ਹਾਂ ਅੱਗੇ ਕਿਹਾ, "ਇਹ ਦਸਤਾਵੇਜ਼ ਸਿਰਫ਼ ਐਪਸਟੀਨ ਦੀ ਨਿਰਾਸ਼ਾ ਨੂੰ ਦਰਸਾਉਂਦੇ ਹਨ ਕਿ ਉਨ੍ਹਾਂ ਦਾ ਗੇਟਸ ਨਾਲ ਕੋਈ ਸਬੰਧ ਨਹੀਂ ਸੀ ਅਤੇ ਉਹ ਉਨ੍ਹਾਂ ਨੂੰ ਫਸਾਉਣ ਅਤੇ ਬਦਨਾਮ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਸਨ।"

ਕੀ ਹੁਣ ਤੱਕ ਸਾਰੀਆਂ ਐਪਸਟੀਨ ਫਾਇਲਾਂ ਜਾਰੀ ਹੋ ਚੁੱਕੀਆਂ ਹਨ?

ਜੈਫ਼ਰੀ ਐਪਸਟੀਨ

ਤਸਵੀਰ ਸਰੋਤ, Corbis via Getty Images

ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਕਈ ਦਸਤਾਵੇਜ਼ਾਂ ਵਿੱਚ ਭਾਰੀ ਪੱਧਰ 'ਤੇ ਛੱਟਣੀ ਕੀਤੀ ਗਈ ਹੈ। ਕਾਨੂੰਨ ਮੁਤਾਬਕ, ਛਾਂਟੀ ਸਿਰਫ਼ ਪੀੜਤਾਂ ਦੀ ਰੱਖਿਆ ਜਾਂ ਮੌਜੂਦਾ ਜਾਂਚ ਨਾਲ ਜੁੜੀ ਜਾਣਕਾਰੀ ਦੀ ਸੁਰੱਖਿਆ ਲਈ ਹੀ ਕੀਤੀ ਜਾ ਸਕਦੀ ਹੈ

ਇਸ ਗੱਲ ਨੂੰ ਲੈ ਕੇ ਅਜੇ ਵੀ ਅਸਪਸ਼ਟਤਾ ਬਣੀ ਹੋਈ ਹੈ ਕਿ ਐਪਸਟੀਨ ਦਸਤਾਵੇਜ਼ਾਂ ਨੂੰ ਜਾਰੀ ਕਰਨ ਦਾ ਸਿਲਸਿਲਾ ਹੁਣ ਖ਼ਤਮ ਹੋਇਆ ਹੈ ਜਾਂ ਨਹੀਂ।

ਡਿਪਟੀ ਅਟਾਰਨੀ ਜਨਰਲ ਟਾਡ ਬਲਾਂਚ ਨੇ ਕਿਹਾ ਕਿ ਅੱਜ ਜਾਰੀ ਹੋਈਆਂ ਫਾਇਲਾਂ "ਦਸਤਾਵੇਜ਼ਾਂ ਦੀ ਪਛਾਣ ਅਤੇ ਸਮੀਖਿਆ ਦੀ ਇੱਕ ਬਹੁਤ ਵਿਸਤ੍ਰਿਤ ਪ੍ਰਕਿਰਿਆ ਦੇ ਅੰਤ" ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦੇ ਮੁਤਾਬਕ, ਨਿਆਂ ਵਿਭਾਗ ਵੱਲੋਂ ਹੁਣ ਆਪਣਾ ਕੰਮ ਪੂਰਾ ਕਰ ਦਿੱਤਾ ਗਿਆ ਹੈ।

ਹਾਲਾਂਕਿ, ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਅਜੇ ਵੀ ਦਲੀਲ ਦੇ ਰਹੇ ਹਨ ਕਿ ਨਿਆਂ ਵਿਭਾਗ ਨੇ ਬਿਨਾਂ ਢੁੱਕਵੇਂ ਕਾਰਨ ਦੇ ਬਹੁਤ ਸਾਰੇ ਦਸਤਾਵੇਜ਼ ਰੋਕ ਰੱਖੇ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਹ ਗਿਣਤੀ ਲਗਭਗ 25 ਲੱਖ ਹੋ ਸਕਦੀ ਹੈ।

ਐਪਸਟੀਨ ਫਾਇਲਜ਼ ਟ੍ਰਾਂਸਪੇਰੈਂਸੀ ਐਕਟ ਨੂੰ ਰਿਪਬਲਿਕਨ ਕਾਂਗਰਸਮੈਨ ਥੋਮਸ ਮੈਸੀ ਦੇ ਨਾਲ ਮਿਲ ਕੇ ਅੱਗੇ ਵਧਾਉਣ ਵਾਲੇ ਡੈਮੋਕ੍ਰੈਟਿਕ ਕਾਂਗਰਸਮੈਨ ਰੋਹ ਖੰਨਾ ਨੇ ਇਸ ਮਾਮਲੇ 'ਤੇ ਚਿੰਤਾ ਜਤਾਈ ਹੈ।

ਰੋਹ ਖੰਨਾ ਨੇ ਕਿਹਾ, "ਡੀਓਜੇ ਨੇ ਕਿਹਾ ਹੈ ਕਿ ਉਸ ਨੇ 60 ਲੱਖ ਤੋਂ ਵੱਧ ਅਜਿਹੇ ਪੰਨੇ ਪਛਾਣੇ ਜੋ ਇਸ ਮਾਮਲੇ ਨਾਲ ਜੁੜੇ ਹੋ ਸਕਦੇ ਸਨ, ਪਰ ਸਮੀਖਿਆ ਅਤੇ ਛੱਟਣੀ ਤੋਂ ਬਾਅਦ ਕੇਵਲ ਲਗਭਗ 35 ਲੱਖ ਪੰਨੇ ਹੀ ਜਾਰੀ ਕੀਤੇ ਗਏ ਹਨ।"

ਉਨ੍ਹਾਂ ਕਿਹਾ, "ਇਸ ਨਾਲ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਬਾਕੀ ਦਸਤਾਵੇਜ਼ ਕਿਉਂ ਰੋਕੇ ਗਏ ਹਨ। ਮੈਂ ਧਿਆਨ ਨਾਲ ਸਮੀਖਿਆ ਕਰਾਂਗਾ ਕਿ ਕੀ ਉਹ ਦਸਤਾਵੇਜ਼ ਜਾਰੀ ਕੀਤੇ ਜਾਣ ਕਿ ਨਹੀਂ, ਜਿਨ੍ਹਾਂ ਦੀ ਮੈਂ ਮੰਗ ਕਰਦਾ ਆ ਰਿਹਾ ਹਾਂ।"

ਐਪਸਟੀਨ ਫਾਇਲਜ਼ ਟ੍ਰਾਂਸਪੇਰੈਂਸੀ ਐਕਟ ਦੇ ਤਹਿਤ ਨਿਆਂ ਵਿਭਾਗ 'ਤੇ 19 ਦਸੰਬਰ 2025 ਤੱਕ ਸਾਰੇ ਦਸਤਾਵੇਜ਼ ਜਾਰੀ ਕਰਨ ਦੀ ਕਾਨੂੰਨੀ ਜ਼ਿੰਮੇਵਾਰੀ ਸੀ, ਪਰ ਇਸ ਮਿਆਦ ਨੂੰ ਪੁਗਾਇਆ ਨਹੀਂ ਗਿਆ। ਇਹ ਕਾਨੂੰਨ ਨਵੰਬਰ ਵਿੱਚ ਕਾਂਗਰਸ ਵੱਲੋਂ ਪਾਸ ਕਰਕੇ ਬਣਾਇਆ ਗਿਆ ਸੀ।

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਕਈ ਦਸਤਾਵੇਜ਼ਾਂ ਵਿੱਚ ਭਾਰੀ ਪੱਧਰ 'ਤੇ ਛੱਟਣੀ ਕੀਤੀ ਗਈ ਹੈ। ਕਾਨੂੰਨ ਮੁਤਾਬਕ, ਛਾਂਟੀ ਸਿਰਫ਼ ਪੀੜਤਾਂ ਦੀ ਰੱਖਿਆ ਜਾਂ ਮੌਜੂਦਾ ਜਾਂਚ ਨਾਲ ਜੁੜੀ ਜਾਣਕਾਰੀ ਦੀ ਸੁਰੱਖਿਆ ਲਈ ਹੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਇਹ ਵੀ ਲਾਜ਼ਮੀ ਹੈ ਕਿ ਕੀਤੀ ਗਈ ਛੱਟਣੀ ਅਤੇ ਉਸਦਾ ਕਾਨੂੰਨੀ ਆਧਾਰ ਸੰਖੇਪ ਵਿੱਚ ਦਰਸਾਇਆ ਜਾਵੇ।

ਟਾਡ ਬਲਾਂਚ ਨੇ ਕਿਹਾ ਕਿ ਛੱਟਣੀ ਪੀੜਤਾਂ ਦੀ ਸੁਰੱਖਿਆ ਲਈ ਕੀਤੀ ਗਈ ਹੈ ਅਤੇ ਨਿਆਂ ਵਿਭਾਗ ਦੇ ਸੈਂਕੜੇ ਮੁਲਾਜ਼ਮ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਦਸਤਾਵੇਜ਼ਾਂ ਦੀ ਜਾਂਚ ਵਿੱਚ ਲੱਗੇ ਰਹੇ, ਤਾਂ ਜੋ ਉਨ੍ਹਾਂ ਨੂੰ ਜਲਦੀ ਜਾਰੀ ਕੀਤਾ ਜਾ ਸਕੇ।

ਫਿਰ ਵੀ, ਇਹ ਸਪਸ਼ਟ ਨਹੀਂ ਹੈ ਕਿ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਜਾਂ ਨਹੀਂ।

ਕਈ ਲੋਕਾਂ ਦਾ ਲੰਮੇ ਸਮੇਂ ਤੋਂ ਇਹ ਮੰਨਣਾ ਹੈ ਕਿ ਅਮੀਰ ਅਤੇ ਤਾਕਤਵਰ ਲੋਕਾਂ ਨੂੰ ਬਚਾਉਣ ਲਈ ਕਿਸੇ ਕਿਸਮ ਦੀ ਸਾਜ਼ਿਸ਼ ਹੋਈ ਹੈ, ਜੋ ਐਪਸਟੀਨ ਨਾਲ ਜੁੜੇ ਹੋਏ ਸਨ, ਅਜਿਹਾ ਮੰਨਣ ਵਾਲਿਆਂ ਵਿੱਚ ਟਰੰਪ ਦੇ ਕੁਝ ਸਮਰਥਕ ਵੀ ਹਨ।

ਬਲਾਂਚ ਨੇ ਮੰਨਿਆ ਕਿ ਦਸਤਾਵੇਜ਼ ਜਾਰੀ ਕਰਨ ਦਾ ਇਹ ਸਿਲਸਿਲਾ ਹੋਰ ਜਾਣਕਾਰੀ ਦੀ ਮੰਗ ਨੂੰ ਪੂਰਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਫਾਇਲਜ਼ ਵਿੱਚ ਅਜਿਹੇ ਮਰਦਾਂ ਦੇ ਨਾਮ ਨਹੀਂ ਹਨ, ਜਿਨ੍ਹਾਂ ਨੇ ਔਰਤਾਂ ਨਾਲ ਦੁਰਵਿਵਹਾਰ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਜੇ ਨਿਆਂ ਵਿਭਾਗ ਕੋਲ ਅਜਿਹੇ ਨਾਮ ਹੁੰਦੇ, ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ।

ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਜਨਤਾ ਜਾਂ ਤੁਸੀਂ ਇਨ੍ਹਾਂ ਫਾਇਲਜ਼ ਵਿੱਚ ਅਜਿਹੇ ਮਰਦਾਂ ਦੇ ਨਾਮ ਲੱਭ ਸਕੋਗੇ, ਜਿਨ੍ਹਾਂ ਨੇ ਔਰਤਾਂ ਨਾਲ ਧੱਕਾ ਕੀਤਾ ਹੋਵੇ।"

ਕਵਾਸੀ ਗਿਆਮਫੀ ਅਸੀਦੂ, ਜੈਕ ਫੈਨਵਿਕ ਅਤੇ ਚੀ ਚੀ ਇਜ਼ੁੰਡੂ ਦੀ ਰਿਪੋਰਟਿੰਗ ਦੇ ਸਹਿਯੋਗ ਨਾਲ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)