ਗੁਰਦੇ ਦੀ ਪੱਥਰੀ ਤੋਂ ਇਲਾਵਾ ਕਿੰਨੇ ਕਿਸਮ ਦੀਆਂ ਪੱਥਰੀਆਂ ਬਣਦੀਆਂ ਹਨ, ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਮਨੁੱਖੀ ਸਰੀਰ ਦੀਆਂ ਸਾਰੀਆਂ ਅਦਭੁਤ ਯੋਗਤਾਵਾਂ ਵਿੱਚੋਂ, ਸ਼ਾਇਦ ਸਭ ਤੋਂ ਅਜੀਬ ਹੈ ਪੱਥਰੀ ਪੈਦਾ ਕਰਨ ਦੀ ਸਮਰੱਥਾ।

ਕਈ ਲੋਕਾਂ ਨੇ ਗੁਰਦੇ ਦੀ ਪੱਥਰੀ ਜਾਂ ਪਿੱਤੇ ਦੀ ਪੱਥਰੀ ਅਤੇ ਉਨ੍ਹਾਂ ਤੋਂ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਸੁਣਿਆ ਹੋਵੇਗਾ। ਪਰ ਇਨ੍ਹਾਂ ਤੋਂ ਇਲਾਵਾ ਸਰੀਰ ਵਿਚ ਹੋਰ ਵੀ ਪੱਥਰੀਆਂ ਹੋ ਸਕਦੀਆਂ ਹਨ ਅਤੇ ਉਹ ਸਰੀਰ ਦੇ ਅਜਿਹੇ ਹਿੱਸਿਆਂ ਵਿੱਚ ਵੀ ਹੋ ਸਕਦੀ ਹੈ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ।

ਸਰੀਰ ਦੇ ਇਹ ਪੱਥਰ ਕਿਸ ਨਾਲ ਬਣੇ ਹੁੰਦੇ ਹਨ? ਅਤੇ ਅਜਿਹਾ ਹੋਣ ਤੋਂ ਰੋਕਣ ਲਈ ਅਸੀਂ ਕੀ ਕਰ ਸਕਦੇ ਹਾਂ?

ਦੁਨੀਆ ਵਿੱਚ ਲਗਭਗ 10 ਵਿੱਚੋਂ ਇੱਕ ਵਿਅਕਤੀ ਨੂੰ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੁੰਦੀ ਹੈ।

ਇਹ ਅਸਲ ਵਿੱਚ ਖੂਨ ਵਿੱਚੋਂ ਲੀਕ ਹੋ ਕੇ ਪਿਸ਼ਾਬ ਵਿੱਚ ਪਾਏ ਜਾਣ ਵਾਲੇ ਕੈਲਸ਼ੀਅਮ ਅਤੇ ਆਕਸਾਲੇਟ ਕਾਰਨ ਬਣਦੀ ਹੈ। ਆਕਸਾਲੇਟਸ ਕੁਦਰਤੀ ਮਿਸ਼ਰਣ ਹਨ ਜੋ ਪੌਦਿਆਂ ਅਤੇ ਮਨੁੱਖਾਂ ਦੋਵਾਂ ਵਿੱਚ ਪਾਏ ਜਾਂਦੇ ਹਨ।

ਵੱਡੀ ਮਾਤਰਾ ਵਿੱਚ ਕੈਲਸ਼ੀਅਮ ਅਤੇ ਆਕਸਾਲੇਟ ਦੇ ਲੀਕ ਹੋਣ ਕਾਰਨ, ਇਹ ਜਮ ਸਕਦੇ ਹਨ ਅਤੇ ਇੱਕ ਸਟੋਨ ਯਾਨਿ ਪੱਥਰ ਦਾ ਰੂਪ ਲੈ ਸਕਦੇ ਹਨ।

ਗੁਰਦੇ ਦੀ ਪੱਥਰੀ ਦਾ ਆਕਾਰ ਵੀ ਵੱਖਰਾ ਹੋ ਸਕਦਾ ਹੈ। ਇਹ ਚੌੜਾਈ ਵਿੱਚ ਇੱਕ ਮਿਲੀਮੀਟਰ ਤੋਂ ਘੱਟ ਚੌੜਾਈ ਤੋਂ ਲੈ ਕੇ ਇੱਕ ਸੈਂਟੀਮੀਟਰ ਜਾਂ ਉਸ ਤੋਂ ਵੱਧ ਤੱਕ ਹੋ ਸਕਦੇ ਹਨ।

ਪੱਥਰੀ ਅਸਾਧਾਰਨ ਸ਼ਕਲ ਦੀ ਵੀ ਹੋ ਸਕਦੀ ਹੈ। ਪਰ ਜੇ ਕਿਡਨੀ ਕੈਨਾਲ (ਕੈਲਿਸ) ਦੀਆਂ ਸ਼ਾਖਾਵਾਂ ਦੇ ਅੰਦਰ ਪੱਥਰੀ ਬਣਨਾ ਸ਼ੁਰੂ ਹੋ ਜਾਂਦੀ ਹੈ, ਤਾਂ ਇਹ ਹਿਰਨ ਦੇ ਸਿੰਗ ਦਾ ਆਕਾਰ ਵੀ ਲੈ ਸਕਦੀ ਹੈ। ਇਸ ਨੂੰ ਸਟੈਗਹੋਰਨ ਕੈਲਕੂਲਸ ਕਿਹਾ ਜਾਂਦਾ ਹੈ।

ਪੱਥਰੀ ਕਦੋਂ ਸਮੱਸਿਆ ਬਣ ਜਾਂਦੀ ਹੈ?

ਗੁਰਦੇ ਦੀ ਪੱਥਰੀ ਉਦੋਂ ਮੁਸੀਬਤ ਦਾ ਕਾਰਨ ਬਣ ਸਕਦੀ ਹੈ ਜਦੋਂ ਉਹ ਯੂਰੇਟਰਸ ਦੇ ਰਸਤੇ ਯਾਨਿ ਕਿਡਨੀ ਤੋਂ ਬਲੈਡਰ ਤੱਰ ਪਿਸ਼ਾਬ ਲੈ ਕੇ ਜਾਣ ਵਾਲੀਆਂ ਦੋਵੇਂ ਨਲੀਆਂ ਵਿੱਚੋਂ ਕਿਸੇ ਇੱਕ ਦਾ ਰਸਤਾ ਰੋਕ ਦੇਵੇ।

ਜੇਕਰ ਅਜਿਹਾ ਹੁੰਦਾ ਹੈ, ਤਾਂ ਨਾ ਸਿਰਫ਼ ਵਿਅਕਤੀ ਨੂੰ ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਸਗੋਂ ਉਸਦੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਵੀ ਗੰਭੀਰ ਦਰਦ ਹੋ ਸਕਦਾ ਹੈ।

ਇਸ ਕਾਰਨ ਕਿਡਨੀ ਦੇ ਆਲੇ-ਦੁਆਲੇ ਪਿਸ਼ਾਬ ਜਮ੍ਹਾ ਹੋਣ ਲੱਗਦਾ ਹੈ ਜਾਂ ਫਿਰ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।

ਗਾਲ ਬਲੈਡਰ ਜਾਂ ਪਿੱਤੇ ਵਿੱਚ ਪੱਥਰੀ ਦਾ ਬਣਨਾ ਵੀ ਇੱਕ ਆਮ ਸਥਿਤੀ ਹੈ, ਇਹਨਾਂ ਨੂੰ ਗਾਲਸਟੋਨਸ ਕਿਹਾ ਜਾਂਦਾ ਹੈ।

ਇਹ ਚਰਬੀ ਹਜ਼ਮ ਕਰਨ ਵਿੱਚ ਮਦਦ ਕਰਨ ਵਾਲੇ ਪਿੱਤੇ ਨੂੰ ਪਿੱਤੇ ਤੋਂ ਅੰਤੜੀਆਂ ਤੱਕ ਲੈ ਕੇ ਜਾਣ ਵਾਲੀਆਂ ਨਾਲੀਆਂ ਵਿੱਚ ਪਿੱਤੇ ਦੇ ਅੰਦਰ ਬਣਦੀ ਹੈ।

ਕੋਲੈਸਟ੍ਰੋਲ ਜਾਂ ਪਿੱਤੇ ਵਿੱਚ ਮੌਜੂਦ ਪਿਗਮੈਂਟਸ ਕਾਰਨ ਪਿੱਤੇ ਦੀ ਪੱਥਰੀ ਬਣ ਸਕਦੀ ਹੈ, ਉਹ ਇੱਕ ਜਾਂ ਇੱਕ ਤੋਂ ਵੱਧ ਹੋ ਸਕਦੀਆਂ ਹਨ।

ਗੁਰਦੇ ਦੀ ਪੱਥਰੀ ਵਾਂਗ, ਜੇ ਗਾਲਸਟੋਨ ਪਿੱਤੇ ਦੀ ਥੈਲੀ (ਜਿਵੇਂ ਕਿ ਆਮ ਪਿਤ ਨਲੀ) ਵਿੱਚ ਇੱਕ ਤੰਗ ਥਾਂ ਵਿੱਚ ਚਲੀ ਜਾਂਦੀ ਹੈ, ਤਾਂ ਉਹ ਪੇਟ ਵਿੱਚ ਦਰਦ, ਲਾਗ ਅਤੇ ਪੀਲੀਆ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਪੱਥਰੀ ਬਣਨ ਦੇ ਹੋਰ ਕਾਰਨ

ਇਨ੍ਹਾਂ ਤੋਂ ਇਲਾਵਾ ਸਰੀਰ ਦੇ ਵੱਖ-ਵੱਖ ਤਰਲ ਪਦਾਰਥਾਂ ਕਾਰਨ ਵੀ ਪੱਥਰੀ ਬਣ ਸਕਦੀ ਹੈ। ਉਦਾਹਰਨ ਲਈ, ਲਾਰ ਦੇ ਪੱਥਰ ਅਰਥਾਤ ਥੁੱਕ ਵਿੱਚ ਪੱਥਰ।

ਕੰਨਾਂ, ਜਬਾੜੇ ਅਤੇ ਜੀਭ ਦੇ ਹੇਠਾਂ ਮੌਜੂਦ ਗ੍ਰੰਥੀਆਂ ਨਾਲ ਲਾਰ ਬਣਦੀ ਹੈ। ਮੂੰਹ ਵਿੱਚ ਡਿੱਗਣ ਤੋਂ ਬਾਅਦ, ਇਹ ਭੋਜਨ ਨੂੰ ਗਿੱਲਾ ਕਰਨ ਅਤੇ ਪਚਣ ਦੀ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ।

ਲਾਰ ਦੀ ਪੱਥਰੀ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੇਟ ਜਿਵੇਂ ਵੱਖ-ਵੱਖ ਤੱਤਾਂ ਬਣ ਸਕਦੀ ਹੈ।

ਜਿਸ ਨਲੀ ਤੋਂ ਲਾਰ ਮੂੰਹ ਤੱਕ ਪਹੁੰਚਦੀ ਹੈ ਜੇਕਰ ਉਸ ਵਿੱਚ ਸੈਲਿਵਰੀ ਸਟੋਨ ਬਣ ਜਾਏ ਜਾਂ ਅਟਕ ਜਾਵੇ ਤਾਂ ਉਹ ਮੂੰਹ ਵਿੱਚ ਲਾਰ ਡਿੱਗਣ ਦੀ ਪ੍ਰਕਿਰਿਆ ਰੋਕ ਸਕਦੀ ਹੈ।

ਜੇਕਰ ਅਜਿਹਾ ਹੁੰਦਾ ਹੈ, ਤਾਂ ਵਿਅਕਤੀ ਨੂੰ ਦਰਦ ਅਤੇ ਮੂੰਹ ਵਿੱਚ ਸੋਜ ਆ ਸਕਦੀ ਹੈ। ਲਾਰ ਦੇ ਡਿੱਗਣ ਤੋਂ ਰੁਕਣ ‘ਤੇ ਜੇਕਰ ਸੈਲਿਵਰੀ ਗ੍ਰੰਥੀ ਵਿੱਚ ਲਾਗ ਹੋਇਆ ਤਾਂ ਇਸ ਕਾਰਨ ਮੂੰਹ ਤੋਂ ਬਦਬੀ ਵੀ ਆ ਸਕਦੀ ਹੈ।

ਟੌਨਸਿਲ ਵਿੱਚ ਪੱਥਰੀ

ਇਸ ਤੋਂ ਇਲਾਵਾ ਟੌਨਸਿਲ ਵਿੱਚ ਵੀ ਪੱਥਰੀ ਪਾਈ ਜਾ ਸਕਦੀ ਹੈ।

ਗਲੇ ਦੇ ਹੇਠਾਂ ਅਤੇ ਪਿਛਲੇ ਪਾਸੇ ਟੌਨਸਿਲ ਗ੍ਰੰਥੀਆਂ ਹੁੰਦੀਆਂ ਹਨ। ਇਹ ਲਿਮਫਾਈਡ ਟਿਸ਼ੂਆਂ ਦੇ ਸਮੂਹ ਹੁੰਦੇ ਹਨ ਜੋ ਸਰੀਰ ਦੀ ਇਮਿਊਨ ਸਿਸਟਮ ਦਾ ਹਿੱਸਾ ਹੁੰਦੇ ਹਨ। ਪਰ ਵਿਡੰਬਨਾ ਇਹ ਹੈ ਕਿ ਉਹ ਵਾਰ-ਵਾਰ ਸੋਜ ਅਤੇ ਸੰਕਰਮਿਤ ਹੋ ਸਕਦੇ ਹਨ।

ਟੌਨਸਿਲਸ ਵਿੱਚ ਕੈਵਿਟੀ ਯਾਨਿ ਗੱਡੇ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰਿਪਟਸ ਕਿਹਾ ਜਾਂਦਾ ਹੈ। ਕਈ ਵਾਰ ਇਹ ਕ੍ਰਿਪਟ ਭੋਜਨ ਅਤੇ ਲਾਰ ਦੇ ਟੁਕੜਿਆਂ ਨੂੰ ਰੱਖ ਸਕਦੇ ਹਨ, ਇਹ ਟੌਨਸਿਲ ਸਟੋਨ ਜਾਂ ਟੌਨਸਿਲੋਲਿਥ ਹੁੰਦਾ ਹੈ।

ਇਹ ਸੋਟਨ ਮੁਕਾਬਲਤਨ ਨਰਮ ਅਤੇ ਘੱਟ ਪਥਰੀਲੇ ਹੁੰਦੇ ਹਨ, ਪਰ ਸਮੇਂ ਦੇ ਨਾਲ ਇਹ ਸਖ਼ਤ ਵੀ ਹੋ ਸਕਦੇ ਹਨ ਅਤੇ ਮੁਸ਼ਕਲ ਬਣ ਸਕਦੇ ਹਨ।

ਇਸ ਕਾਰਨ ਵਿਅਕਤੀ ਨੂੰ ਸਾਹ ਦੀ ਬਦਬੂ ਅਤੇ ਵਾਰ-ਵਾਰ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਤੋਂ ਇਲਾਵਾ ਵੀ ਸਰੀਰ ਦੇ ਦੂਜੇ ਪਦਾਰਥ ਸਖ਼ਤ ਹੋ ਕੇ ਪੱਥਰੀ ਵਿੱਚ ਬਦਲ ਸਕਦੇ ਹਨ। ਉਦਾਹਰਨ ਲਈ, ਕੁਝ ਮਾਮਲਿਆਂ ਵਿੱਚ, ਮਨੁੱਖੀ ਮਨ ਇੰਨਾ ਸਖ਼ਤ ਹੋ ਸਕਦਾ ਹੈ ਕਿ ਇਹ ਪੱਥਰ ਵਾਂਗ ਸਖ਼ਤ ਹੋ ਜਾਵੇ। ਇਸ ਨੂੰ ਕ੍ਰੋਪੋਲਾਈਟ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਨਾਭੀ ਵਿਚ ਜਮਾਂ ਹੋਣ ਵਾਲੇ ਚਮੜੀ ਦੇ ਟੁਕੜੇ ਵੀ ਸਖ਼ਤ ਹੋ ਕੇ ਪੱਥਰ ਵਰਗੇ ਬਣ ਸਕਦੇ ਹਨ। ਇਨ੍ਹਾਂ ਪੱਥਰਾਂ ਨੂੰ ਓਮਫਾਲੋਲਿਥ ਕਿਹਾ ਜਾਂਦਾ ਹੈ।

ਪੱਥਰੀ ਨਾ ਹੋਵੇ, ਇਸ ਲਈ ਕੀ ਕਰੀਏ?

ਇਹ ਚੰਗੀ ਗੱਲ ਹੈ ਕਿ ਕੁਝ ਆਸਾਨ ਤਰੀਕੇ ਅਪਣਾ ਕੇ ਅਸੀਂ ਮੁਸ਼ਕਲ ਪੈਦਾ ਕਰਨ ਵਾਲੀ ਪੱਥਰੀ ਤੋਂ ਬਚ ਸਕਦੇ ਹਾਂ।

ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗੱਲ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਦਾ ਹੋਣਾ ਹੈ। ਪਾਣੀ ਦੀ ਸਹੀ ਮਾਤਰਾ ਪੀਣ ਨਾਲ ਪਿਸ਼ਾਬ ਪਤਲਾ ਹੋ ਜਾਂਦਾ ਹੈ, ਜੋ ਕਬਜ਼ ਨੂੰ ਰੋਕਦਾ ਹੈ ਅਤੇ ਮੂੰਹ ਵਿੱਚ ਬੈਕਟੀਰੀਆ ਬਣਨ ਤੋਂ ਰੋਕਦਾ ਹੈ।

ਇਹ ਤਰੀਕਾ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਪੱਥਰੀਆਂ ਨੂੰ ਬਣਨ ਤੋਂ ਰੋਕ ਸਕਦਾ ਹੈ।

ਟੌਨਸਿਲ ਸਟੋਨ ਤੋਂ ਬਚਣ ਲਈ ਮੂੰਹ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਨਿਯਮਤ ਬੁਰਸ਼ ਕਰਨ ਨਾਲ ਵੀ ਇਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਨ੍ਹਾਂ ਤੋਂ ਇਲਾਵਾ ਖੁਰਾਕ ਵੀ ਜ਼ਰੂਰੀ ਹੈ, ਖ਼ਾਸ ਕਰਕੇ ਪਿੱਤੇ ਦੀ ਪੱਥਰੀ ਲਈ। ਚਰਬੀ ਵਾਲਾ ਭੋਜਨ ਅਤੇ ਮੋਟਾਪਾ ਅਜਿਹੀ ਪੱਥਰੀ ਦਾ ਕਾਰਨ ਬਣ ਸਕਦਾ ਹੈ।

ਕਈ ਅਜਿਹੇ ਕਾਰਨ ਵੀ ਹਨ ਜਿਨ੍ਹਾਂ ਤੋਂ ਤੁਸੀਂ ਚਾਹੋ ਤਾਂ ਵੀ ਬਚ ਨਹੀਂ ਸਕਦੇ, ਜਿਵੇਂ ਕਿ ਔਰਤ ਦਾ 40 ਸਾਲ ਤੋਂ ਵੱਧ ਉਮਰ ਦਾ ਹੋਣਾ, ਜਿਸ ਨਾਲ ਪਿੱਤੇ ਦੀ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।

ਕੈਲਸ਼ੀਅਮ ਅਤੇ ਆਕਸਾਲੇਟ ਨਾਲ ਭਰਪੂਰ ਭੋਜਨਾਂ ਤੋਂ ਪਰਹੇਜ਼ ਕਰਨਾ, ਜਿਵੇਂ ਕਿ ਡੇਅਰੀ ਉਤਪਾਦ, ਪਾਲਕ ਅਤੇ ਰੂਬਾਰਬ, ਗੁਰਦੇ ਦੀ ਪੱਥਰੀ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੇ ਹਨ।

ਜੇ ਪਹਿਲਾਂ ਹੀ ਪੱਥਰੀ ਦੀ ਸਮੱਸਿਆ ਹੈ?

ਇੱਕ ਸਵਾਲ ਇਹ ਵੀ ਹੈ ਕਿ ਜੇਕਰ ਕਿਸੇ ਨੂੰ ਪਹਿਲਾਂ ਹੀ ਪੱਥਰੀ ਹੈ ਤਾਂ ਕੀ ਹੋਵੇਗਾ? ਜੇਕਰ ਵਿਅਕਤੀ ਇਸ ਕਾਰਨ ਬਿਮਾਰ ਮਹਿਸੂਸ ਕਰ ਰਿਹਾ ਹੋਵੇ ਤਾਂ ਐਂਡੋਸਕੋਪੀ ਜਾਂ ਆਪਰੇਸ਼ਨ ਰਾਹੀਂ ਪੱਥਰੀ ਨੂੰ ਕੱਢਣਾ ਪੈ ਸਕਦਾ ਹੈ।

ਗੁਰਦੇ ਦੀ ਪੱਥਰੀ ਦੇ ਮਾਮਲੇ ਵਿੱਚ, ਤੁਸੀਂ ਉਦੋਂ ਤੱਕ ਇੰਤਜ਼ਾਰ ਕਰ ਸਕਦੇ ਹੋ ਜਦੋਂ ਤੱਕ ਪੱਥਰੀ ਪਿਸ਼ਾਬ ਦੀ ਪਾਈਪ ਰਾਹੀਂ ਬਲੈਡਰ ਤੱਕ ਨਹੀਂ ਪਹੁੰਚਦੀ ਅਤੇ ਸਰੀਰ ਤੋਂ ਬਾਹਰ ਨਾ ਨਿਕਲ ਜਾਵੇ।

ਕਈ ਵਾਰ, ਜਦੋਂ ਮਸਾਨੇ ਤੋਂ ਪੱਥਰੀ ਨਿਕਲਦੀ ਹੈ, ਤਾਂ ਪੱਥਰੀ ਦੇ ਸਿੰਕ ਨਾਲ ਟਕਰਾਉਣ ਕਾਰਨ ਇਹ ਹੌਲੀ ਜਿਹੀ ਆਵਾਜ਼ ਵੀ ਆ ਸਕਦੀ ਹੈ।

ਇਹ ਵੀ ਸੰਭਵ ਹੈ ਕਿ ਤੁਹਾਡਾ ਡਾਕਟਰ ਤੁਹਾਨੂੰ ਪੱਥਰੀ ਨੂੰ ਫੜਨ ਲਈ ਪਿਸ਼ਾਬ ਕਰਦੇ ਸਮੇਂ ਚਾਹ ਵਾਲੀ ਪੋਣੀ ਦੀ ਵਰਤੋਂ ਕਰਨ ਲਈ ਕਹਿ ਸਕਦਾ ਹੈ।

ਕਈ ਵਾਰ ਨਿੰਬੂ ਚੂਸਣ ਨਾਲ ਸੈਲਿਵਰੀ ਸਟੋਨ ਤੋਂ ਰਾਹਤ ਮਿਲ ਸਕਦੀ ਹੈ। ਨਿੰਬੂ ਲਾਰ ਬਣਾਉਣ ਦੀ ਪ੍ਰਕਿਰਿਆ ਨੂੰ ਵਧਾ ਸਕਦਾ ਹੈ ਤਾਂ ਜਿਸ ਨਾਲ ਲਾਰ ਦੀ ਨਲੀ ਵਿੱਚ ਇੱਕੋ ਵਾਰ ਵਧੇਰੇ ਲਾਰ ਆਵੇ ਅਤੇ ਇਸ ਤਰ੍ਹਾਂ ਸਟੋਨ ਬਾਹਰ ਨਿਕਲ ਜਾਵੇ।

ਸੈਲਿਵਰੀ ਸਟੋਨ ਅਤੇ ਟੌਨਸਿਲੋਲਿਥ ਨੂੰ ਇੱਕ ਫਲੈਟ ਸਾਧਨ ਦੀ ਵਰਤੋਂ ਕਰਕੇ ਵੀ ਹਟਾਇਆ ਜਾ ਸਕਦਾ ਹੈ।

ਦੇਖਿਆ ਜਾਵੇ ਤਾਂ ਵੱਖ-ਵੱਖ ਕਿਸਮਾਂ ਦੀਆਂ ਪੱਥਰੀਆਂ ਲਈ ਵੱਖ-ਵੱਖ ਕਿਸਮਾਂ ਦੇ ਇਲਾਜ ਉਪਲਬਧ ਹਨ, ਪਰ ਸਧਾਰਨ ਰੋਜ਼ਾਨਾ ਉਪਾਅ ਉਹਨਾਂ ਦੇ ਬਣਨ ਦੇ ਜੋਖ਼ਮ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ।

(ਇਹ ਜਾਣਕਾਰੀ ਸਕੂਲ ਆਫ਼ ਫਿਜ਼ੀਓਲੋਜੀ, ਫਾਰਮਾਕੋਲੋਜੀ ਅਤੇ ਨਿਊਰੋਸਾਇੰਸ, ਬ੍ਰਿਸਟਲ ਯੂਨੀਵਰਸਿਟੀ, ਯੂਕੇ ਦੇ ਸੀਨੀਅਰ ਲੈਕਚਰਾਰ ਡੈਨੀਅਲ ਬਾਮਗਾਰਡ ਦੇ ਇੱਕ ਲੇਖ ਤੋਂ ਲਈ ਗਈ ਹੈ। ਇਹ ਲੇਖ ਦਿ ਕਨਵਰਸੇਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਮੂਲ ਲੇਖ ਇੱਥੇ ਅੰਗਰੇਜ਼ੀ ਵਿੱਚ ਪੜ੍ਹਿਆ ਜਾ ਸਕਦਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)