ਪੰਜਾਬ 'ਚ ਧਰਤੀ ਹੇਠਲੇ ਪਾਣੀ ਬਾਰੇ ਨਵੀਂ ਰਿਪੋਰਟ ਕੀ ਦੱਸਦੀ ਹੈ, ਕਿੱਥੇ ਪਾਣੀ ਵਧਿਆ ਤੇ ਕਿੱਥੇ ਜ਼ਮੀਨ ਹੇਠਲਾ ਪਾਣੀ ਘਟਿਆ ਹੈ

ਪਾਣੀ ਭਰਦੀ ਹੋਈ ਔਰਤ

ਤਸਵੀਰ ਸਰੋਤ, Getty Images

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਮਾਪਣ ਲਈ ਬਣੇ ਖੂਹਾਂ ਵਿਚੋਂ 57 ਫ਼ੀਸਦ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਜਦਕਿ 43 ਫ਼ੀਸਦ ਖੂਹਾਂ ਵਿੱਚ ਪਾਣੀ ਦਾ ਪੱਧਰ ਘਟਿਆ ਦਰਜ ਕੀਤਾ ਗਿਆ ਹੈ।

ਸੋਮਵਾਰ ਨੂੰ ਰਾਜ ਸਭਾ ਵਿੱਚ ਇਹ ਜਾਣਕਾਰੀ ਜਲ ਸ਼ਕਤੀ ਮੰਤਰਾਲੇ ਦੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਾਂਝੀ ਕੀਤੀ।

ਜਵਾਬ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਦੌਰਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਆਉਣ ਵਾਲੇ ਉਤਾਰ-ਚੜਾਅ ਨੂੰ ਮਾਪਣ ਲਈ ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋਂ ਮਾਨਸੂਨ ਤੋਂ ਬਾਅਦ (2025), ਪੰਜਾਬ ਦੇ ਇਕੱਠੇ ਕੀਤੇ ਗਏ ਪਾਣੀ ਦੇ ਪੱਧਰ ਦੇ ਅੰਕੜਿਆਂ ਦੀ ਤੁਲਨਾ 2015-2024 ਦੇ ਮਾਨਸੂਨ ਦੇ ਦਹਾਕੇ ਨਾਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਨਿਗਰਾਨੀ ਹੇਠ ਖੂਹਾਂ ਵਿੱਚੋਂ ਲਗਭਗ 57 ਫ਼ੀਸਦੀ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਜ਼ਿਆਦਾਤਰ 0 ਤੋਂ 2 ਮੀਟਰ ਤੱਕ ਹੈ।

ਇਸ ਦੇ ਨਾਲ ਹੀ ਲਗਭਗ 43 ਫ਼ੀਸਦੀ ਨਿਗਰਾਨੀ ਖੂਹਾਂ ਵਿੱਚ ਪਾਣੀ ਦੇ ਪੱਧਰ ਵਿੱਚ ਕਮੀ ਦਰਜ ਕੀਤੀ ਗਈ ਹੈ।

ਖੂਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਕਾਰ ਮੁਤਾਬਕ, ਕੁੱਲ ਨਿਗਰਾਨੀ 185 ਖੂਹਾਂ ਵਿੱਚੋਂ 106 (57.03%) ਵਾਧੇ ਵਾਲੇ ਅਤੇ 78 (42.2%) ਘਾਟੇ ਵਾਲੇ ਦਰਜ ਕੀਤੇ ਗਏ ਹਨ

185 ਖੂਹਾਂ ਦਾ ਹਿਸਾਬ-ਕਿਤਾਬ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੁੱਛੇ ਗਏ ਸਵਾਲ ਕਿ 'ਕੀ ਸਰਕਾਰ ਨੂੰ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਤੇਜ਼ੀ ਨਾਲ ਘੱਟਣ ਬਾਰੇ ਜਾਣਕਾਰੀ ਹੈ?', ਤਾਂ ਜਲ ਸ਼ਕਤੀ ਮੰਤਰਾਲੇ ਦੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ 2 ਫਰਵਰੀ ਨੂੰ ਇਸ ਦਾ ਲਿਖਤੀ ਜਵਾਬ ਦਿੱਤਾ ਸੀ।

ਰਾਜ ਭੂਸ਼ਣ ਚੌਧਰੀ ਨੇ ਆਪਣੇ ਜਵਾਬ ਵਿੱਚ ਦੱਸਿਆ ਸੀ ਕਿ ਕੁੱਲ 185 ਖੂਹਾਂ ਵਿੱਚੋਂ 106 (57.03%) ਵਾਧੇ ਵਾਲੇ ਅਤੇ 78 (42.2%) ਘਾਟੇ ਵਾਲੇ ਦਰਜ ਕੀਤੇ ਗਏ ਹਨ।

ਸਰਕਾਰ ਦੇ ਜਵਾਬ ਮੁਤਾਬਕ ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਵਿੱਚੋਂ 10 ਖੂਹਾਂ ਦੇ ਪਾਣੀ ਦਾ ਪੱਧਰ ਵਧਿਆ, ਰੋਪੜ ਦੇ ਸੱਤਾਂ ਖੂਹਾਂ ਅਤੇ ਅੰਮ੍ਰਿਤਸਰ ਦੇ ਚਾਰਾਂ ਖੂਹਾਂ ਦਾ ਪੱਧਰ ਵਧਿਆ ਅਤੇ ਹੁਸ਼ਿਆਰਪੁਰ ਦੇ 19 ਵਿੱਚੋਂ 17 ਦਾ ਪੱਧਰ ਵਧਿਆ ਅਤੇ 2 ਦਾ ਘਟਿਆ ਹੈ।

ਦੂਜੇ ਪਾਸੇ ਸੰਗਰੂਰ ਦੇ ਚਾਰੇ ਖੂਹਾਂ, ਬਰਨਾਲਾ ਦੇ ਤਿੰਨਾਂ ਖੂਹਾਂ ਅਤੇ ਮਲੇਰਕੋਟਲਾ ਦੇ ਇੱਕੋ-ਇੱਕ ਖੂਹ ਦੇ ਪਾਣੀ ਦਾ ਪੱਧਰ ਘਟਿਆ ਹੋਇਆ ਦਰਜ ਕੀਤਾ ਗਿਆ।

ਇਸ ਤਰ੍ਹਾਂ ਬਠਿੰਡਾ ਦੇ 17 ਖੂਹਾਂ ਵਿੱਚੋਂ ਸਿਰਫ਼ 4 ਖੂਹਾਂ ਦਾ ਪੱਧਰ ਵਧਿਆ ਹੈ ਅਤੇ 13 ਖੂਹਾਂ ਦਾ ਪਾਣੀ ਹੇਠਾਂ ਗਿਆ ਹੈ। ਜਲੰਧਰ ਦੇ 9 ਖੂਹਾਂ ਵਿੱਚ 6 ਦਾ ਪੱਧਰ ਵਧਿਆ ਹੈ ਅਤੇ 3 ਦਾ ਘੱਟ ਦਰਜ ਕੀਤਾ ਗਿਆ।

ਲੁਧਿਆਣਾ ਦੇ 9 ਵਿੱਚੋਂ 1 ਦਾ ਪੱਧਰ ਵਧਿਆ ਅਤੇ 8 ਦਾ ਘਟਿਆ ਹੈ। ਪਠਾਨਕੋਟ ਦੇ 11 ਖੂਹਾਂ ਵਿੱਚੋਂ 7 ਦਾ ਪੱਧਰ ਵਧਿਆ, 3 ਦਾ ਘਟਿਆ ਅਤੇ 1 ਵਿੱਚ ਕੋਈ ਫਰਕ ਦਰਜ ਨਹੀਂ ਕੀਤਾ ਗਿਆ।

ਇਸ ਤਰ੍ਹਾਂ ਪਟਿਆਲਾ ਦੇ 12 ਖੂਹਾਂ ਵਿੱਚੋਂ 4 ਦਾ ਪੱਧਰ ਵਧਿਆ ਅਤੇ 8 ਦਾ ਘਟਿਆ ਪਾਇਆ ਗਿਆ।

ਰਾਜ ਭੂਸ਼ਣ ਚੌਧਰੀ

ਕੇਂਦਰ ਸਰਕਾਰ ਨੇ ਕੀ ਕਿਹਾ

ਬਲਬੀਰ ਸਿੰਘ ਸੀਚੇਵਾਲ ਦੇ ਸਵਾਲ ਦੇ ਜਵਾਬ ਵਿੱਚ ਜਲ ਸ਼ਕਤੀ ਮੰਤਰਾਲੇ ਦੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਕਮੀ ਕਈ ਕਾਰਨਾਂ ਕਰਕੇ ਹੋ ਰਹੀ ਹੈ।

ਇਨ੍ਹਾਂ ਵਿੱਚ ਪਾਣੀ ਦੀ ਅੱਤ ਦੀ ਖਪਤ (ਓਵਰ-ਐਕਸਟ੍ਰੈਕਸ਼ਨ), ਜੰਗਲਾਂ ਦੀ ਕਟਾਈ, ਸਿੰਚਾਈ ਦੇ ਤਰੀਕੇ ਠੀਕ ਨਾ ਹੋਣਾ ਅਤੇ ਇਲਾਕੇ ਦੇ ਅਨੁਸਾਰ ਭੂ-ਜਲ ਭੂਗੋਲਿਕ ਹਾਲਾਤ ਸ਼ਾਮਲ ਹਨ।

ਉਨ੍ਹਾਂ ਕਿਹਾ, "ਸਾਲਾਨਾ ਰੀਚਾਰਜ ਸਮਰੱਥਾ ਤੋਂ ਵੱਧ ਧਰਤੀ ਹੇਠਲੇ ਪਾਣੀ ਦੇ ਕੱਢੇ ਜਾਣ ਕਾਰਨ ਉੱਤਰ-ਪੱਛਮੀ ਰਾਜਾਂ, ਖ਼ਾਸ ਕਰਕੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਘਾਟ ਕਾਫੀ ਵਧੀ ਹੈ।"

ਚੌਧਰੀ ਨੇ ਕਿਹਾ, "ਹਾਲਾਂਕਿ ਧਰਤੀ ਹੇਠਲੇ ਪਾਣੀ ਦੀ ਭਰਪਾਈ ਮੀਂਹ, ਸਿੰਚਾਈ ਤੋਂ ਵਾਪਸੀ ਵਾਲੇ ਪਾਣੀ, ਨਹਿਰਾਂ ਦੇ ਰਿਸਾਅ ਅਤੇ ਸਤਹੀ ਜਲ ਸਰੋਤਾਂ ਰਾਹੀਂ ਹੋਣ ਵਾਲੀ ਰੀਚਾਰਜ ਆਦਿ ਨਾਲ ਹੁੰਦੀ ਰਹਿੰਦੀ ਹੈ।"

ਬਲਬੀਰ ਸਿੰਘ ਸੀਚੇਵਾਲ

ਲੋਕਾਂ 'ਚ ਜਾਗਰੂਕਤਾ ਆਈ: ਸੀਚੇਵਾਲ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਆਮ ਲੋਕਾਂ ਅਤੇ ਕਿਸਾਨਾਂ ਵਿੱਚ ਕਾਫ਼ੀ ਜਾਗਰੂਕਤਾ ਆਈ ਹੈ।

ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, "ਪਵਿੱਤਰ ਵੇਈਂ ਨਦੀਂ ਦੀ ਸਫਾਈ ਨਾਲ ਕੁਝ ਮੋੜ ਪਿਆ। ਵੇਈਂ ਦੇ ਚਾਲੂ ਹੋਣ ਨਾਲ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਜੋ ਹੇਠਾ ਜਾ ਰਿਹਾ ਸੀ, ਉਹ 2008 ਵਿੱਚ ਵੀ ਉੱਪਰ ਆਉਣ ਲੱਗਾ ਸੀ। ਹੁਣ ਬੇਈ ਦੇ ਦਰਿਆਵਾ ਵਿੱਚ ਨਿਰੰਤਰ ਚੱਲਣ ਨਾਲ ਸੁਲਤਾਨਪੁਰ ਲੋਧੀ ਵਾਲੇ ਇਲਾਕੇ ਵਿੱਚ ਕਾਫੀ ਫਰਕ ਪਿਆ ਹੈ।"

ਉਨ੍ਹਾਂ ਕਿਹਾ, "ਪਾਣੀ ਦੇ ਰੀਚਾਰਜ ਨੂੰ ਰੋਕਣ ਵਾਲੇ ਗੰਦੇ ਪਾਣੀ ਉੱਪਰ ਵੀ ਠੱਲ ਪਈ ਹੈ। ਲੋਕਾਂ ਵਿੱਚ ਜਾਗਰੂਕਤਾ ਕਾਰਨ ਪਿੰਡਾਂ ਵਿੱਚ ਛੱਪੜ ਗੰਦੇ ਪਾਣੀ ਤੋਂ ਰਹਿਤ ਹੋ ਰਹੇ ਹਨ, ਕੁਝ ਸਰਕਾਰੀ ਸਕੀਮਾਂ ਵੀ ਸ਼ੁਰੂ ਹੋਈਆਂ ਹਨ ਅਤੇ ਕਿਸਾਨਾਂ ਨੇ ਸਿੰਚਾਈ ਦੇ ਕੁਝ ਨਵੇਂ ਤਰੀਕੇ ਅਪਣਾਏ ਹਨ ਜਿਸ ਨਾਲ ਪਾਣੀ ਦੀ ਬਚਤ ਹੋ ਰਹੀ ਹੈ।"

ਸੀਚੇਵਾਲ ਨੇ ਕਿਹਾ, "ਜਿੱਥੇ ਖੇਤਾਂ ਨੂੰ ਨਹਿਰੀ ਪਾਣੀ ਘੱਟ ਲੱਗਦਾ ਜਾਂ ਦਰਿਆ ਨਹੀਂ ਲੱਗਦੇ, ਉੱਥੇ ਪਾਣੀ ਹੇਠਾ ਜਾ ਰਿਹਾ ਹੈ।"

ਰਣਜੀਤ ਸਿੰਘ ਘੁੰਮਣ

'ਵਾਧਾ ਕੁਦਰਤੀ ਤਰੀਕੇ ਨਾਲ ਹੋਇਆ'

ਖੇਤਬਾੜੀ ਅਰਥ-ਸ਼ਾਸ਼ਤਰੀ ਰਣਜੀਤ ਸਿੰਘ ਘੁੰਮਣ ਕਹਿੰਦੇ ਹਨ ਕਿ ਪੰਜਾਬ ਵਿੱਚ ਹਾਲੇ ਵੀ ਝੋਨੇ ਦੀ ਫ਼ਸਲ ਦਾ ਰਕਬਾ ਉਨ੍ਹਾਂ ਹੀ ਹੈ ਜਿੰਨਾ ਪਿਛਲੇ ਸਾਲਾਂ ਵਿੱਚ ਸੀ ਅਤੇ ਸਰਕਾਰ ਵੱਲੋਂ ਵੀ ਕੋਈ ਖ਼ਾਸ ਯਤਨ ਨਹੀਂ ਕੀਤੀ ਗਏ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੱਧ ਜਾਂਦਾ।

ਰਣਜੀਤ ਸਿੰਘ ਘੁੰਮਣ ਕਹਿੰਦੇ ਹਨ, "ਖੂਹਾਂ ਦਾ ਅਧਿਐਨ ਦਰਸਾਉਂਦਾ ਹੈ ਕਿ ਇਹ ਵਾਧਾ ਕੁਦਰਤੀ ਤਰੀਕੇ ਨਾਲ ਹੀ ਹੋਇਆ ਹੈ ਕਿਉਂਕਿ ਸਰਕਾਰੀ ਪੱਧਰ ਤੇ ਹੋਈ ਯਤਨ ਦਿਖਾਈ ਨਹੀਂ ਦਿੰਦੇ। ਸੂਬੇ ਵਿੱਚ ਝੋਨੇ ਹੇਠਲਾ ਰਕਬਾ ਘੱਟ ਨਹੀਂ ਰਿਹਾ ਅਤੇ ਫ਼ਸਲੀ ਵਿਭੰਨਤਾ ਨੂੰ ਆਪਣਾਇਆ ਨਹੀਂ ਜਾ ਰਿਹਾ।"

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬਿਆਨ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਇਹ ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਖੂਹਾਂ ਦਾ ਸਰਵੇਖਣ 2025 ਦੇ ਮਾਨਸੂਨ ਤੋਂ ਬਾਅਦ ਕੀਤਾ ਗਿਆ ਸੀ ਜਦੋਂ ਪੰਜਾਬ ਨੇ ਆਪਣੇ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਵੱਡੇ ਹੜ੍ਹ ਦੇਖੇ ਹਨ।

ਸਾਹਨੀ ਨੇ ਕਿਹਾ, “ਇਹ ਬਹੁਤ ਦੁਖਦਾਈ ਗੱਲ ਹੈ ਕਿ ਧਰਤੀ ਹੇਠਲੇ ਪਾਣੀ 'ਤੇ ਇੰਨਾ ਵੱਡਾ ਦਬਾਅ ਹੋਣ ਦੇ ਸਪੱਸ਼ਟ ਸਬੂਤ ਹਨ ਪਰ ਰਾਜ ਸਰਕਾਰ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਦੇ ਬਾਵਜੂਦ ਵੀ ਪੰਜਾਬ ਨੂੰ ਅਟਲ ਭੂਜਲ ਯੋਜਨਾ ਦੇ ਅਧੀਨ ਕਦੇ ਸ਼ਾਮਲ ਨਹੀਂ ਕੀਤਾ ਗਿਆ, ਜੋ ਪਾਣੀ ਦੀ ਕਮੀ ਵਾਲੇ ਖੇਤਰਾਂ ਲਈ ਇੱਕ ਮਹੱਤਵਪੂਰਨ ਪ੍ਰੋਗਰਾਮ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)