You’re viewing a text-only version of this website that uses less data. View the main version of the website including all images and videos.
'ਮੈਨੂੰ ਹਥਿਆਰਬੰਦ ਬਾਗੀਆਂ ਦੇ ਹਵਾਲੇ ਕਰਕੇ ਅਹਾਤੇ 'ਚ ਬੰਦ ਕਰ ਦਿੱਤਾ ਤੇ ਤਸੀਹੇ ਦਿੱਤੇ ਗਏ', 'ਸਾਈਬਰ ਗੁਲਾਮੀ' ਝੱਲਣ ਵਾਲੇ 60 ਭਾਰਤੀਆਂ ਦੀ ਹੱਡਬੀਤੀ
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਮਰਾਠੀ ਲਈ
ਮਹਾਰਾਸ਼ਟਰ ਪੁਲਿਸ ਦੇ ਸਾਈਬਰ ਵਿੰਗ ਨੇ ਮਿਆਂਮਾਰ ਵਿੱਚ ਸਾਈਬਰ ਗੁਲਾਮੀ ਵਿੱਚ ਫਸੇ 60 ਭਾਰਤੀਆਂ ਨੂੰ ਬਚਾਇਆ ਹੈ।
ਇਸ ਮਾਮਲੇ ਵਿੱਚ ਭਾਰਤ ਤੋਂ ਇੱਕ ਵਿਦੇਸ਼ੀ ਨਾਗਰਿਕ ਸਮੇਤ ਪੰਜ ਦਲਾਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਆਂਮਾਰ ਤੋਂ ਬਚਾਏ ਗਏ ਇਨ੍ਹਾਂ 60 ਭਾਰਤੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲੁਭਾਇਆ ਗਿਆ ਅਤੇ ਧੋਖਾ ਦਿੱਤਾ ਗਿਆ। ਉੱਥੇ ਉਨ੍ਹਾਂ ਨੂੰ ਡਰਾ-ਧਮਕਾ ਕੇ, ਤਸ਼ੱਦਦ ਕਰਕੇ ਅਤੇ ਜ਼ਬਰਦਸਤੀ ਸਾਈਬਰ ਅਪਰਾਧ ਕਰਨ ਲਈ ਮਜਬੂਰ ਕੀਤਾ ਗਿਆ।
ਹਰ ਸਾਲ, ਲੱਖਾਂ ਇੰਜੀਨੀਅਰ, ਡਾਕਟਰ, ਨਰਸਾਂ, ਆਈਟੀ ਮਾਹਰ, ਹੋਟਲ ਖੇਤਰ ਨਾਲ ਸਬੰਧਤ ਅਤੇ ਹੋਰ ਪੇਸ਼ੇਵਰ ਲੋਕ ਭਾਰਤ ਤੋਂ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਪਰਵਾਸ ਕਰਦੇ ਹਨ। ਸਾਈਬਰ ਅਪਰਾਧੀਆਂ ਨੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਉਨ੍ਹਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਵਿਦੇਸ਼ਾਂ ਵਿੱਚ ਨੌਕਰੀ ਲੱਭਣ ਦੀ ਚਾਹ ਰੱਖਦੇ ਹਨ।
ਇਸ ਨਵੀਂ ਕਿਸਮ ਦੇ ਸਾਈਬਰ ਅਪਰਾਧ ਨੂੰ 'ਸਾਈਬਰ ਗੁਲਾਮੀ' (ਸਾਈਬਰ ਸਲੇਵਰੀ) ਕਿਹਾ ਜਾਂਦਾ ਹੈ।
ਮਹਾਰਾਸ਼ਟਰ ਸਾਈਬਰ ਪੁਲਿਸ ਨੇ ਸਾਈਬਰ ਗੁਲਾਮੀ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਲਿਆਂਦਾ ਹੈ।
ਜਿਸ ਵਿੱਚ ਲੋਕਾਂ ਨੂੰ ਨੌਕਰੀਆਂ ਦੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਵਿਦੇਸ਼ ਲਿਜਾਇਆ ਜਾਂਦਾ ਸੀ ਅਤੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਨਾਲ ਹੀ ਉਨ੍ਹਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਸੀ।
ਵਿਦੇਸ਼ 'ਚ ਨੌਕਰੀ ਦੇ ਲਾਲਚ 'ਚ ਥਾਈਲੈਂਡ ਜਾ ਪੁੱਜੇ
ਇਸ ਮਾਮਲੇ ਵਿੱਚ ਮਹਾਰਾਸ਼ਟਰ ਸਾਈਬਰ ਪੁਲਿਸ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 60 ਲੋਕਾਂ ਨੂੰ ਮਿਆਂਮਾਰ ਤੋਂ ਬਚਾਇਆ ਹੈ।
ਇਸ ਵਿੱਚ ਵਸਈ-ਵਿਰਾਰ (ਮਹਾਰਾਸ਼ਟਰ) ਦੇ ਰਹਿਣ ਵਾਲੇ 39 ਸਾਲਾ ਸਤੀਸ਼ ਵੀ ਸ਼ਾਮਲ ਸਨ।
ਇਸ ਘਟਨਾ ਬਾਰੇ ਗੱਲ ਕਰਦੇ ਹੋਏ ਸਤੀਸ਼ ਨੇ ਦੱਸਿਆ, "ਮੈਂ ਕੁਝ ਸਾਲਾਂ ਤੋਂ ਮੁੰਬਈ ਵਿੱਚ ਇੱਕ ਹੋਟਲ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਤਨਖਾਹ ਚੰਗੀ ਸੀ ਅਤੇ ਸਭ ਕੁਝ ਵਧੀਆ ਚੱਲ ਰਿਹਾ ਸੀ। ਫਿਰ ਮੈਂ ਇੱਕ ਗਿਰੋਹ ਦੇ ਜਾਲ਼ ਵਿੱਚ ਫ਼ਸ ਗਿਆ ਅਤੇ ਵਿਦੇਸ਼ ਵਿੱਚ ਚੰਗੀ ਤਨਖਾਹ ਵਾਲੀ ਨੌਕਰੀ ਦੇ ਲਾਲਚ ਵਿੱਚ ਥਾਈਲੈਂਡ ਜਾ ਪਹੁੰਚਿਆ।"
"ਹਾਲਾਂਕਿ, ਉੱਥੋਂ ਇੱਕ ਆਲੀਸ਼ਾਨ ਦਫ਼ਤਰ ਪਹੁੰਚਣ ਦੀ ਬਜਾਇ, ਮੈਂ ਮਿਆਂਮਾਰ ਦੀ ਇੱਕ ਸੁੰਨਸਾਨ ਥਾਂ 'ਤੇ ਪਹੁੰਚ ਗਿਆ।"
"ਉੱਥੇ ਮੈਨੂੰ ਪੰਜ ਹਜ਼ਾਰ ਡਾਲਰ ਦਾ ਸੌਦਾ ਮਿਲਿਆ। ਜੰਗਲ ਦੇ ਇੱਕ ਕੋਨੇ ਵਿੱਚ ਜਿੱਥੇ ਸਿਰਫ਼ ਹਥਿਆਰਬੰਦ ਗਾਰਡ ਮੌਜੂਦ ਸਨ, ਉਨ੍ਹਾਂ ਨੇ ਮੈਨੂੰ ਬਹੁਤ ਕੁੱਟਿਆ ਅਤੇ ਸਭ ਕੁਝ ਕਰਵਾਇਆ।''
ਸਤੀਸ਼ ਇਸ ਸਭ ਤੋਂ ਬਚਣ ਲਈ ਮਿਆਂਮਾਰ ਤੋਂ ਭੱਜ ਨਿਕਲੇ ਸਨ।
'ਟੂਰਿਸਟ ਵੀਜ਼ੇ 'ਤੇ ਥਾਈਲੈਂਡ ਭੇਜਿਆ ਜਾ ਰਿਹਾ ਸੀ'
41 ਸਾਲਾ ਹਰੀਸ਼ (ਨਾਮ ਬਦਲਿਆ ਹੋਇਆ ਹੈ) ਵੀ ਉਨ੍ਹਾਂ 60 ਭਾਰਤੀਆਂ ਵਿੱਚੋਂ ਇੱਕ ਹਨ ਜੋ ਮਿਆਂਮਾਰ ਤੋਂ ਭਾਰਤ ਵਾਪਸ ਆਏ ਹਨ।
ਹਰੀਸ਼ ਦੱਸਦੇ ਹਨ ਕਿ "ਏਜੰਟ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪਸ 'ਤੇ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਲਾਲਚ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ। ਮੇਰੇ ਨਾਲ ਵੀ ਇਹੀ ਹੋਇਆ ਹੈ।''
'ਜਦੋਂ ਤੱਕ ਮੈਂ ਉਨ੍ਹਾਂ ਦੇ ਜਾਲ਼ 'ਚ ਨਹੀਂ ਫਸਿਆ ਸੀ, ਉਨ੍ਹਾਂ ਨੇ ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਗੱਲਬਾਤ ਕੀਤੀ। ਇਸ ਮਗਰੋਂ ਮੇਰਾ ਪਾਸਪੋਰਟ ਤਿਆਰ ਕਰਨ, ਵੀਜ਼ਾ ਲਗਵਾਉਣ ਅਤੇ ਫਲਾਈਟ ਟਿਕਟਾਂ ਦਾ ਪ੍ਰਬੰਧ ਕਰਨ ਤੋਂ ਬਾਅਦ ਮੈਨੂੰ ਟੂਰਿਸਟ ਵੀਜ਼ਾ 'ਤੇ ਥਾਈਲੈਂਡ ਭੇਜ ਦਿੱਤਾ ਗਿਆ।"
ਹਰੀਸ਼ ਨੇ ਅੱਗੇ ਦੱਸਿਆ, "ਉੱਥੇ ਪਹੁੰਚਣ ਤੋਂ ਬਾਅਦ, ਮੇਰਾ ਪਾਸਪੋਰਟ ਅਤੇ ਮੋਬਾਈਲ ਫੋਨ ਖੋਹ ਲਏ ਗਏ। ਮੈਨੂੰ ਹਥਿਆਰਬੰਦ ਬਾਗੀਆਂ ਦੇ ਹਵਾਲੇ ਕਰ ਦਿੱਤਾ ਗਿਆ। ਫਿਰ ਮੈਨੂੰ ਇੱਕ ਅਹਾਤੇ ਵਿੱਚ ਬੰਦ ਕਰ ਦਿੱਤਾ ਗਿਆ।''
''ਇਸ ਤੋਂ ਬਾਅਦ, ਮੈਨੂੰ ਸਾਈਬਰ ਧੋਖਾਧੜੀ, ਸ਼ੇਅਰ ਟ੍ਰੇਡਿੰਗ, ਨਿਵੇਸ਼, ਡਿਜੀਟਲ ਗ੍ਰਿਫ਼ਤਾਰੀ ਵਰਗੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ।''
''ਜਦੋਂ ਮੈਂ ਉਨ੍ਹਾਂ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਮੇਰੇ ਸਰੀਰ ਦੇ ਅੰਗਾਂ ਨੂੰ ਕੱਢ ਕੇ ਵੇਚ ਦੇਣਗੇ।''
''ਉੱਥੇ ਮੌਜੂਦ ਬਹੁਤ ਸਾਰੇ ਲੋਕਾਂ ਨੂੰ ਇੱਕ ਗੈਂਗ ਤੋਂ ਦੂਜੇ ਗੈਂਗ ਵਿੱਚ ਵੇਚ ਦਿੱਤਾ ਜਾਂਦਾ ਸੀ। ਕਿਉਂਕਿ ਹਥਿਆਰਬੰਦ ਬਾਗੀਆਂ ਨੂੰ ਹਰ ਜਗ੍ਹਾ ਤੈਨਾਤ ਕੀਤਾ ਗਿਆ ਸੀ, ਇਸ ਲਈ ਜਾਨ ਗੁਆਉਣ ਦੇ ਡਰ ਤੋਂ ਮੈਨੂੰ ਉੱਥੇ ਕੰਮ ਕਰਨਾ ਪਿਆ।"
ਕੇਸ ਬਾਰੇ ਜਾਣਕਾਰੀ ਕਿਵੇਂ ਮਿਲੀ?
ਮਿਆਂਮਾਰ ਲਿਜਾਏ ਗਏ ਕੁਝ ਨੌਜਵਾਨਾਂ ਨੇ ਭਾਰਤ ਵਿੱਚ ਆਪਣੇ ਪਰਿਵਾਰਾਂ ਨਾਲ ਵੱਖ-ਵੱਖ ਤਰੀਕੇ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਉਨ੍ਹਾਂ ਨੂੰ ਬਹੁਤ ਜ਼ੋਖ਼ਮ ਵੀ ਚੁੱਕਣਾ ਪਿਆ। ਜਿਨ੍ਹਾਂ ਦੀ ਵੀ ਪਰਿਵਾਰ ਨਾਲ ਗੱਲ ਹੋ ਸਕੀ, ਉਨ੍ਹਾਂ ਨੇ ਪਰਿਵਾਰ ਨੂੰ ਆਪਣੀ ਰਿਹਾਈ ਲਈ ਯਤਨ ਕਰਨ ਲਈ ਕਿਹਾ।
ਜਦੋਂ ਰਿਸ਼ਤੇਦਾਰਾਂ ਨੇ ਦੁਬਾਰਾ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਸੰਪਰਕ ਨਹੀਂ ਹੋ ਸਕਿਆ, ਇਸ ਲਈ ਮਿਆਂਮਾਰ ਵਿੱਚ ਫਸੇ ਪੀੜਤ ਦੇ ਪਰਿਵਾਰਾਂ ਨੇ ਮਹਾਰਾਸ਼ਟਰ ਪੁਲਿਸ ਤੋਂ ਮਦਦ ਮੰਗੀ।
ਇਸ ਤਰ੍ਹਾਂ, ਪਰਿਵਾਰਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿਵੇਂ ਦੇਸ ਭਰ ਦੇ ਵੱਖ-ਵੱਖ ਸੂਬਿਆਂ ਦੇ ਲੋਕ ਉੱਥੇ ਫਸੇ ਹੋਏ ਹਨ।
ਮਹਾਰਾਸ਼ਟਰ ਵਿੱਚ ਇੱਕ ਅਜਿਹੇ ਹੋਰ ਵਿਅਕਤੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇਸਦਾ ਨੋਟਿਸ ਲਿਆ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਹਾਰਾਸ਼ਟਰ ਸਾਈਬਰ ਪੁਲਿਸ ਨੇ ਕੇਂਦਰ ਸਰਕਾਰ ਦੀ ਮਦਦ ਨਾਲ, ਪਿਛਲੇ ਕੁਝ ਮਹੀਨਿਆਂ ਵਿੱਚ ਵੱਖ-ਵੱਖ ਟੀਮਾਂ ਰਾਹੀਂ ਆਪ੍ਰੇਸ਼ਨ ਚਲਾਏ। ਜਿਸ ਵਿੱਚ ਕੁੱਲ 60 ਲੋਕਾਂ ਨੂੰ ਸਫਲਤਾਪੂਰਵਕ ਬਚਾਇਆ ਗਿਆ ਹੈ।
ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਪੁਲਿਸ ਜਾਂਚ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਥਾਈਲੈਂਡ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨ ਅਤੇ ਨੌਕਰੀ ਦੀ ਆੜ ਵਿੱਚ ਵਿਅਕਤੀਆਂ ਦੀ ਮਿਆਂਮਾਰ ਵਿੱਚ ਤਸਕਰੀ ਦੇ ਮਾਮਲੇ ਵਿੱਚ ਉੱਥੋਂ ਦੇ ਕੁਝ ਸਾਈਬਰ ਅਪਰਾਧੀ ਅਤੇ ਭਾਰਤੀ ਅਪਰਾਧੀ ਸ਼ਾਮਲ ਹਨ, ਜੋ ਕਿ ਇੱਕ ਪੂਰਾ ਰੈਕੇਟ ਚਲਾ ਰਹੇ ਹਨ।
ਸਾਈਬਰ ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਜਿਹੇ ਰੈਕੇਟ ਮਿਆਂਮਾਰ, ਥਾਈਲੈਂਡ, ਮਲੇਸ਼ੀਆ ਅਤੇ ਭਾਰਤ ਸਮੇਤ ਕਈ ਥਾਵਾਂ ਤੋਂ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਸਾਈਬਰ ਗੁਲਾਮੀ ਕੀ ਹੈ?
'ਸਾਈਬਰ ਗੁਲਾਮੀ' ਮਨੁੱਖੀ ਤਸਕਰੀ ਦਾ ਇੱਕ ਆਧੁਨਿਕ ਰੂਪ ਹੈ। ਇਹ ਅਪਰਾਧ ਕੰਬੋਡੀਆ, ਮਿਆਂਮਾਰ, ਲਾਓਸ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਵਿੱਚ ਇੱਕ ਗੰਭੀਰ ਸਮੱਸਿਆ ਵਜੋਂ ਉੱਭਰਿਆ ਹੈ।
ਪਿਛਲੇ ਕੁਝ ਸਾਲਾਂ ਵਿੱਚ, ਭਾਰਤੀ ਨਾਗਰਿਕ ਵੀ ਇਸ ਤਰ੍ਹਾਂ ਦੀ ਸਾਈਬਰ ਗੁਲਾਮੀ ਵਿੱਚ ਫਸੇ ਹਨ।
ਇਸ ਵਿੱਚ ਵਿਅਕਤੀ ਨੂੰ ਨੌਕਰੀ ਦਾ ਲਾਲਚ ਦੇ ਕੇ ਵਿਦੇਸ਼ ਲਿਜਾਇਆ ਜਾਂਦਾ ਹੈ ਅਤੇ ਉੱਥੇ ਸਾਈਬਰ ਅਪਰਾਧ ਕਰਨ ਲਈ ਤਸੀਹੇ ਦਿੱਤੇ ਜਾਂਦੇ ਹਨ। ਇਸ ਨੂੰ ਹੀ 'ਸਾਈਬਰ ਗੁਲਾਮੀ' ਕਿਹਾ ਜਾਂਦਾ ਹੈ।
ਇਹ ਸਭ, ਰੁਜ਼ਗਾਰ ਦੇ ਮੌਕਿਆਂ ਦੀ ਆੜ ਵਿੱਚ ਹੋ ਰਿਹਾ ਹੈ। ਵਿਅਕਤੀ ਨੂੰ ਵੱਧ ਤਨਖਾਹ ਦਾ ਵਾਅਦਾ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਸ ਨੂੰ ਡੇਟਾ ਐਂਟਰੀ ਦੀ ਨੌਕਰੀ ਦਿੱਤੀ ਜਾਵੇਗੀ, ਫਿਰ ਉਸ ਨੂੰ ਏਸ਼ੀਆਈ ਦੇਸ਼ਾਂ ਵਿੱਚ ਲਿਜਾਇਆ ਜਾਂਦਾ ਹੈ ਅਤੇ ਫਿਰ ਸਾਈਬਰ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਇਹ ਰੈਕੇਟ ਕਿਵੇਂ ਕੰਮ ਕਰਦੇ ਹਨ?
ਸਾਈਬਰ ਗੁਲਾਮੀ ਅਕਸਰ ਨੌਕਰੀ ਦੇ ਅਜਿਹੇ ਆਫਰਾਂ ਨਾਲ ਸ਼ੁਰੂ ਹੁੰਦੀ ਹੈ ਜੋ ਕਾਲ ਸੈਂਟਰਾਂ, ਔਨਲਾਈਨ ਮਾਰਕੀਟਿੰਗ, ਜਾਂ ਗਾਹਕ ਸੇਵਾ ਰਾਹੀਂ ਪੇਸ਼ ਕੀਤੇ ਜਾਂਦੇ ਹਨ।
ਧੋਖੇਬਾਜ਼ਾਂ ਦੁਆਰਾ, ਬੇਰੁਜ਼ਗਾਰਾਂ ਅਤੇ ਨਵੀਂ ਨੌਕਰੀ ਲੱਭਣ ਵਾਲਿਆਂ ਦਾ ਡੇਟਾਬੇਸ ਤਿਆਰ ਕੀਤਾ ਜਾਂਦਾ ਹੈ। ਫਿਰ ਉਸ ਡੇਟਾ ਦੀ ਵਰਤੋਂ ਕਰਕੇ, ਸਬੰਧਤ ਵਿਅਕਤੀਆਂ ਨੂੰ ਫ਼ੋਨ ਕਾਲਾਂ ਕੀਤੀਆਂ ਜਾਂਦੀਆਂ ਹਨ ਅਤੇ ਸੁਨੇਹੇ ਭੇਜੇ ਜਾਂਦੇ ਹਨ।
ਇਸ ਵਿੱਚ ਲੋਕਾਂ ਨੂੰ ਵਿਦੇਸ਼ ਵਿੱਚ ਇੱਕ ਬਿਹਤਰ ਨੌਕਰੀ ਅਤੇ ਵੱਧ ਤਨਖਾਹ ਦਾ ਲਾਲਚ ਦਿੱਤਾ ਜਾਂਦਾ ਹੈ। ਪੂਰੀ ਗੱਲਬਾਤ ਬਹੁਤ ਹੀ ਵਿਵਹਾਰਿਕ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਵਿਅਕਤੀ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ।
ਇਸ ਤੋਂ ਬਾਅਦ, ਉਸ ਵਿਅਕਤੀ ਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਵੀਜ਼ਾ ਅਤੇ ਟਿਕਟ ਵੀ ਦਿੱਤਾ ਜਾਂਦਾ ਹੈ ਤਾਂ ਜੋ ਵਿਅਕਤੀ ਛੇਤੀ ਤੋਂ ਛੇਤੀ ਨਿਰਧਾਰਤ ਦੇਸ਼ ਲਈ ਰਾਵਾਂ ਹੋ ਸਕੇ।
ਇੱਕ ਵਾਰ ਜਦੋਂ ਵਿਅਕਤੀ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲੈਂਦਾ ਹੈ ਅਤੇ ਉੱਪਰ ਦੱਸੇ ਅਨੁਸਾਰ ਸਬੰਧਤ ਸਥਾਨ 'ਤੇ ਪਹੁੰਚ ਜਾਂਦਾ ਹੈ, ਫਿਰ ਉਸ ਦੇਸ਼ ਵਿੱਚ ਉਸਦਾ ਪਾਸਪੋਰਟ, ਮੋਬਾਈਲ ਫੋਨ ਅਤੇ ਸਾਰੇ ਦਸਤਾਵੇਜ਼ ਜ਼ਬਤ ਕਰ ਲਏ ਜਾਂਦੇ ਹਨ।
ਫਿਰ ਵਿਅਕਤੀ ਨੂੰ ਕਿਸੇ ਅਣਜਾਣ ਥਾਂ 'ਤੇ ਲਿਜਾਇਆ ਜਾਂਦਾ ਹੈ। ਜਿੱਥੇ ਉਸ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਹਨ ਅਤੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਤੋਂ ਕੰਮ ਕਰਵਾਏ ਜਾਂਦੇ ਹਨ।
ਇੱਥੇ, ਕਿਸੇ ਹੋਰ ਦੇਸ਼ ਤੋਂ ਲਿਆਂਦੇ ਗਏ ਵਿਅਕਤੀ ਨੂੰ ਸੋਸ਼ਲ ਮੀਡੀਆ 'ਤੇ ਇੱਕ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
ਤਾਂ ਜੋ ਹੋਰ ਵਿਅਕਤੀਆਂ ਨੂੰ ਕ੍ਰਿਪਟੋਕਰੰਸੀ ਘੁਟਾਲਿਆਂ ਜਾਂ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਜਾਂ ਹੋਰ ਸਾਈਬਰ ਧੋਖਾਧੜੀਆਂ ਕੀਤੀਆਂ ਜਾ ਸਕਣ।
ਦੂਜੇ ਪਾਸੇ, ਇਨ੍ਹਾਂ ਲੋਕਾਂ ਨੂੰ ਫ਼ੋਨ ਕਾਲਾਂ ਰਾਹੀਂ ਧੋਖਾਧੜੀ ਕਰਨ ਲਈ ਕਿਹਾ ਜਾਂਦਾ ਹੈ। ਅਤੇ ਜੇ ਵਿਅਕਤੀ ਅਜਿਹਾ ਕਰਨ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ 'ਤੇ ਤਸ਼ੱਦਦ ਕੀਤਾ ਜਾਂਦਾ ਹੈ।
ਭਾਰਤ ਦਾ ਸਭ ਤੋਂ ਵੱਡਾ ਆਪ੍ਰੇਸ਼ਨ
ਸਾਈਬਰ ਗੁਲਾਮੀ ਸਬੰਧੀ ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਆਫ਼ ਪੁਲਿਸ, ਯਸ਼ਵਾਸੀ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਕਿਹਾ, "ਅਸੀਂ ਮਿਆਂਮਾਰ ਅਤੇ ਥਾਈਲੈਂਡ ਵਿੱਚ ਸਾਈਬਰ ਗੁਲਾਮੀ ਵਿੱਚ ਫਸੇ 60 ਭਾਰਤੀਆਂ ਨੂੰ ਵਾਪਸ ਲਿਆਉਣ ਵਿੱਚ ਸਫਲ ਹੋਏ ਹਾਂ।''
''ਉਨ੍ਹਾਂ ਨੂੰ ਵਧੇਰੇ ਤਨਖਾਹ ਦੇਣ ਦਾ ਲਾਲਚ ਦੇ ਕੇ ਉੱਥੇ ਲਿਜਾਇਆ ਗਿਆ ਸੀ ਅਤੇ ਉੱਥੇ ਉਨ੍ਹਾਂ ਤੋਂ ਸਾਈਬਰ ਧੋਖਾਧੜੀ ਕਰਵਾਈ ਗਈ ਅਤੇ ਤਸੀਹੇ ਦਿੱਤੇ ਗਏ। ਅਸੀਂ ਇਸ ਸਬੰਧ ਵਿੱਚ ਤਿੰਨ ਮਾਮਲੇ ਦਰਜ ਕੀਤੇ ਹਨ ਅਤੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਭਾਰਤ ਵਿੱਚ ਅਜਿਹਾ ਸਭ ਤੋਂ ਵੱਡਾ ਆਪ੍ਰੇਸ਼ਨ ਹੈ।"
ਦੇਸ਼ ਭਰ ਵਿੱਚ ਕਈ ਤਰ੍ਹਾਂ ਦੀਆਂ ਸਾਈਬਰ ਧੋਖਾਧੜੀ ਸਾਹਮਣੇ ਆ ਰਹੀਆਂ ਹਨ। ਮਹਾਰਾਸ਼ਟਰ ਵਿੱਚ ਵੀ ਇਸ ਤਰ੍ਹਾਂ ਦੇ ਨਵੇਂ ਅਪਰਾਧ ਸਾਹਮਣੇ ਆ ਰਹੇ ਹਨ। ਇਸ ਲਈ, ਮਹਾਰਾਸ਼ਟਰ ਸਾਈਬਰ ਵਿਭਾਗ, ਸੂਬੇ ਨੂੰ ਸਾਈਬਰ ਅਪਰਾਧ ਮੁਕਤ ਬਣਾਉਣ ਲਈ ਯਤਨ ਕਰ ਰਿਹਾ ਹੈ।
ਸਾਈਬਰ ਗੁਲਾਮੀ ਲਈ ਲੋਕਾਂ ਨੂੰ ਮਿਆਂਮਾਰ ਭੇਜਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਮਨੀਸ਼ ਗ੍ਰੇ ਉਰਫ ਮੈਡੀ, ਟੈਸਨ ਉਰਫ ਆਦਿੱਤਿਆ ਰਵੀਚੰਦਰਨ, ਰੂਪਨਾਰਾਇਣ ਰਾਮਧਰ ਗੁਪਤਾ, ਜੇਂਸੀ ਰਾਣੀ ਡੀ ਅਤੇ ਤਾਲਾਨੀਤੀ ਨੁਲਾਕਸੀ, ਇੱਕ ਚੀਨੀ-ਕਜ਼ਾਖ ਨਾਗਰਿਕ ਸ਼ਾਮਲ ਹਨ।
ਮਨੀਸ਼ ਗ੍ਰੇ ਉਰਫ ਮੈਡੀ, ਵੈੱਬ ਸੀਰੀਜ਼ ਵਿੱਚ ਇੱਕ ਅਦਾਕਾਰ ਵਜੋਂ ਕੰਮ ਕਰ ਰਿਹਾ ਸੀ। ਅਤੇ ਦਲਾਲ ਤਾਲਾਨੀਤੀ ਨੁਲਾਕਸੀ ਨੂੰ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਿਵੇਂ-ਜਿਵੇਂ ਸਾਈਬਰ ਅਪਰਾਧਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦੇਣ ਲਈ 'ਮਨੁੱਖੀ ਸ਼ਕਤੀ' ਦੀ ਲੋੜ ਵੀ ਵਧਦੀ ਜਾ ਰਹੀ ਹੈ। ਸਾਈਬਰ ਮਾਹਿਰਾਂ ਨੇ ਦੱਸਿਆ ਹੈ ਇਸੇ ਲੋੜ ਨੂੰ ਪੂਰਾ ਕਰਨ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਵਧੇਰੇ ਤਨਖਾਹ ਦੇਣ ਦੇ ਉਦੇਸ਼ ਨਾਲ ਧੋਖਾ ਦੇ ਕੇ ਸਾਈਬਰ ਕ੍ਰਾਈਮ ਰੈਕੇਟ ਵਿੱਚ ਫਸਾਇਆ ਜਾ ਰਿਹਾ ਹੈ।
ਅਜਿਹੇ ਜਾਲ਼ 'ਚ ਫਸਣ ਤੋਂ ਬਚਣ ਲਈ ਕੀ ਕੀਤਾ ਜਾਵੇ
ਸਾਈਬਰ ਗੁਲਾਮੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਇਸ ਵਿਰੁੱਧ ਸਾਵਧਾਨੀ ਵਰਤਣ ਦੀ ਬਹੁਤ ਜ਼ਰੂਰਤ ਹੈ। ਸਾਈਬਰ ਮਾਹਿਰ ਪ੍ਰਸ਼ਾਂਤ ਮਾਲੀ ਦੱਸਦੇ ਹਨ ਕਿ ਕਿਵੇਂ ਅਜਿਹੀ ਧੋਖਾਧੜੀ ਤੋਂ ਸਾਵਧਾਨ ਰਿਹਾ ਜਾ ਸਕਦਾ ਹੈ...
- ਧੋਖਾਧੜੀ ਵਾਲੀਆਂ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹੋ। "ਘੱਟ ਯੋਗਤਾ, ਉੱਚ ਤਨਖਾਹ, ਤੁਰੰਤ ਵੀਜ਼ਾ" ਵਾਲੀਆਂ ਪੇਸ਼ਕਸ਼ਾਂ ਮਿਲਣ ਤਾਂ ਚੌਕੰਨੇ ਹੋ ਜਾਓ।
- ਸਭ ਤੋਂ ਪਹਿਲਾਂ ਜਾਂਚ ਕਰੋ ਕਿ ਕੀ ਨੌਕਰੀ ਦੀ ਪੇਸ਼ਕਸ਼ ਕਰਨ ਵਾਲੀ ਕੰਪਨੀ ਸਹੀ ਹੈ ਅਤੇ ਐਮਈਏ ਨਾਲ ਰਜਿਸਟਰਡ ਹੈ ਜਾਂ ਨਹੀਂ।
- ਦੂਤਾਵਾਸ/ਇਮੀਗ੍ਰੇਸ਼ਨ ਸੇਵਾਵਾਂ ਨਾਲ ਸੰਪਰਕ ਕਰੋ: ਵਿਦੇਸ਼ ਜਾਣ ਤੋਂ ਪਹਿਲਾਂ, ਉੱਥੇ ਭਾਰਤੀ ਦੂਤਾਵਾਸ ਬਾਰੇ ਜਾਣਕਾਰੀ ਰੱਖੋ। ਈ-ਮਾਈਗ੍ਰੇਟ ਪੋਰਟਲ ਦੀ ਵਰਤੋਂ ਕਰੋ ਅਤੇ ਸਿਰਫ਼ ਅਧਿਕਾਰਤ ਤਰੀਕੇ ਨਾਲ ਹੀ ਮਾਈਗ੍ਰੇਟ ਕਰੋ।
- ਕਿਸੇ ਵੀ ਧੋਖਾਧੜੀ ਵਾਲੇ ਇਸ਼ਤਿਹਾਰਾਂ ਅਤੇ ਗੱਲਬਾਤ ਦੇ ਜਾਲ਼ 'ਚ ਨਾ ਫਸੋ।
ਦੁਨੀਆਂ ਭਰ ਵਿੱਚ ਸਾਈਬਰ ਅਪਰਾਧ ਦੀ ਦਰ ਦਿਨੋ-ਦਿਨ ਵਧ ਰਹੀ ਹੈ। ਸਾਈਬਰ ਅਪਰਾਧ ਹਰ ਰੋਜ਼ ਵੱਖ-ਵੱਖ ਅਤੇ ਨਵੇਂ-ਨਵੇਂ ਤਰੀਕਿਆਂ ਨਾਲ ਹੋ ਰਹੇ ਹਨ। ਇਸ ਲਈ, ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ।
ਬੀਬੀਸੀ ਮਰਾਠੀ ਨੇ ਇਸ ਸਬੰਧ ਵਿੱਚ ਸਾਈਬਰ ਮਾਹਰ ਪ੍ਰਸ਼ਾਂਤ ਮਾਲੀ ਨਾਲ ਗੱਲ ਤਾਂ ਉਨ੍ਹਾਂ ਕਿਹਾ, "ਸਾਈਬਰ ਪੁਲਿਸ ਨੂੰ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।"
ਸੂਬੇ ਦੇ ਵੱਖ-ਵੱਖ ਪੁਲਿਸ ਥਾਣਿਆਂ ਰਾਹੀਂ ਸਾਈਬਰ ਅਪਰਾਧ ਦੀਆਂ ਘਟਨਾਵਾਂ ਬਾਰੇ ਜਨਤਾ ਤੱਕ ਜਾਣਕਾਰੀ ਪਹੁੰਚਾਈ ਜਾਣੀ ਚਾਹੀਦੀ ਹੈ।
ਸਾਈਬਰ ਮਾਹਿਰ ਮਾਲੀ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ 'ਸਾਈਬਰ ਗੁਲਾਮੀ' ਵਿਰੋਧੀ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ, ਸੋਸ਼ਲ ਮੀਡੀਆ ਦੀ ਸਾਵਧਾਨੀ ਨਾਲ ਵਰਤੋਂ ਲਈ ਅਪੀਲ ਕੀਤੀ ਜਾਣੀ ਚਾਹੀਦੀ ਹੈ, ਅਤੇ ਪੁਲਿਸ ਅਤੇ ਸਾਰਿਆਂ ਨੂੰ ਅਜਨਬੀਆਂ ਤੋਂ ਆਉਂਦੀਆਂ ਪੇਸ਼ਕਸ਼ਾਂ/ਸੁਨੇਹਿਆਂ ਦਾ ਜਵਾਬ ਦਿੰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ