You’re viewing a text-only version of this website that uses less data. View the main version of the website including all images and videos.
ਭਾਰਤ ’ਚ ਯੂਨੀਵਰਸਿਟੀਆਂ ਹੁਣ ਸਾਲ ਵਿੱਚ ਦੋ ਵਾਰ ਦਾਖਲੇ ਕਰ ਸਕਣਗੀਆਂ, ਜਾਣੋ ਯੂਜੀਸੀ ਨੇ ਕਿਉਂ ਇਹ ਫੈਸਲਾ ਲਿਆ
ਭਾਰਤ ਵਿੱਚ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਲਈ ਅਕਾਦਮਿਕ ਸਾਲ ਜੂਨ-ਜੁਲਾਈ ਵਿੱਚ ਸ਼ੁਰੂ ਹੁੰਦਾ ਹੈ ਅਤੇ ਅਪ੍ਰੈਲ-ਮਈ ਵਿੱਚ ਖ਼ਤਮ ਹੁੰਦਾ ਹੈ। ਹਾਲਾਂਕਿ ਹੁਣ ਇਹ ਬਦਲ ਸਕਦਾ ਹੈ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇੱਕ ਸਾਲ ਵਿੱਚ ਦੋ ਵਾਰ ਦਾਖਲੇ ਕਰਨ ਦਾ ਵਿਕਲਪ ਯੂਨੀਵਰਸਿਟੀਆਂ ਨੂੰ ਦੇ ਦਿੱਤਾ ਹੈ।
ਸਾਲ ਵਿੱਚ ਦੋ ਵਾਰ ਦਾਖਲੇ ਕਰਨ ਨਾਲ ਕੀ ਹੋਵੇਗਾ? ਇਸਦਾ ਵਿਦਿਆਰਥੀਆਂ ਨੂੰ ਕੀ ਫਾਇਦਾ ਹੋਵੇਗਾ? ਯੂਜੀਸੀ ਨੇ ਸਹੀ-ਸਹੀ ਕਿਹਾ ਕੀ ਹੈ? ਯੂਜੀਸੀ ਦੇ ਫੈਸਲਾ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਜਵਾਬ—
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਭਾਰਤ ਵਿੱਚ ਉੱਚੇਰੀ ਸਿੱਖਿਆ (ਖ਼ਾਸ ਕਰ ਯੂਨੀਵਰਸਿਟੀ ਸਿੱਖਿਆ) ਦੇ ਮਿਆਰ ਨਿਰਧਾਰਤ ਕਰਨ, ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਹੇਠ ਦੇਸ ਦੀ ਸਿਰਮੌਰ ਸੰਸਥਾ ਹੈ।
ਇਹ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੀ ਭਰਤੀ ਦੇ ਮਿਆਰ, ਖੋਜ ਦੇ ਮਿਆਰ, ਅਤੇ ਯੂਨੀਵਰਸਿਟੀਆਂ ਲਈ ਹਦਾਇਤਾਂ ਜਾਰੀ ਕਰਦੀ ਹੈ।
ਯੂਜੀਸੀ ਨੇ ਕੀ ਐਲਾਨ ਕੀਤਾ ਹੈ?
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਹੁਣ ਸਮੁੱਚੇ ਭਾਰਤ ਦੀਆਂ ਯੂਨੀਵਰਸਿਟੀਆਂ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੇ ਦਾਖਲੇ ਕਰ ਸਕਣਗੀਆਂ।
ਯੂਜੀਸੀ ਦੇ ਚੇਅਰਮੈਨ ਪ੍ਰੋਫ਼ੈਸਰ ਐੱਮ ਜਗਦੀਸ਼ ਕੁਮਾਰ ਨੇ ਕਿਹਾ, “ਫੈਸਲਾ ਯੂਨੀਵਰਸਿਟੀਆਂ ਅਤੇ ਵਿਦਿਆਰਥੀਆਂ ਦੋਵਾਂ ਲਈ ਲਾਹੇਵੰਦ ਹੋਵੇਗਾ।”
ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ, “ਫਿਲਹਾਲ ਭਾਰਤ ਵਿੱਚ ਸਾਡੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਇੱਕ ਵਾਰ ਹੀ ਦਾਖਲੇ ਕੀਤੇ ਜਾਂਦੇ ਹਨ। ਅਕਾਦਮਿਕ ਸੈਸ਼ਨ ਜੁਲਾਈ ਜਾਂ ਅਗਸਤ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਈ ਜਾਂ ਜੂਨ ਵਿੱਚ ਖ਼ਤਮ ਹੁੰਦਾ ਹੈ।”
“ਲੇਕਿਲ ਕਮਿਸ਼ਨ ਦੀ ਪਿਛਲੀ ਬੈਠਕ ਵਿੱਚ ਅਸੀਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੇ ਦਾਖਲੇ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ। ਉਹ ਹੁਣ ਵਾਂਗ ਜੁਲਾਈ-ਅਗਸਤ ਵਿੱਚ ਅਤੇ ਦੂਜੀ ਵਾਰ ਹਰ ਸਾਲ ਜਨਵਰੀ ਵਿੱਚ ਦਾਖਲੇ ਕਰ ਸਕਣਗੇ।”
ਸਾਲ ਵਿੱਚ ਦੋ ਵਾਰ ਦਾਖਲਿਆਂ ਦਾ ਫਾਇਦਾ
ਇਸ ਬਾਰੇ ਗੱਲ ਕਰਦਿਆਂ ਚੇਅਰਮੈਨ ਨੇ ਕਿਹਾ, “ਜੁਲਾਈ-ਅਗਸਤ ਵਿੱਚ ਬਹੁਤ ਸਾਰੇ ਕਾਰਨਾਂ ਕਰਕੇ ਵਿਦਿਆਰਥੀ ਦਾਖਲੇ ਤੋਂ ਰਹਿ ਜਾਂਦੇ ਹਨ। ਹੁਣ ਉਨ੍ਹਾਂ ਨੂੰ ਪੂਰਾ ਸਾਲ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਕੋਲ ਇਨ੍ਹਾਂ ਵਿੱਚੋਂ ਕੁਝ ਕੋਰਸਾਂ ਵਿੱਚ ਜਨਵਰੀ ਮਹੀਨੇ ਵਿੱਚ ਵੀ ਦਾਖਲਾ ਲੈਣ ਦਾ ਵਿਕਲਪ ਹੋਵੇਗਾ।”
ਪੂਰੀ ਦੁਨੀਆਂ ਵਿੱਚ ਕਈ ਯੂਨੀਵਰਸਿਟੀਆਂ ਸਾਲ ਵਿੱਚ ਦੋ ਵਾਰ ਪਰਚੇ ਲੈਂਦੀਆਂ ਹਨ। ਅਮਰੀਕਾ ਵਿੱਚ ਪਤਝੜ ਦੀ ਰੁੱਤ ਲਈ ਦਾਖਲੇ ਅਗਸਤ-ਸਤੰਬਰ ਵਿੱਚ ਅਤੇ ਬਸੰਤ ਰੁੱਤ ਲਈ ਜਨਵਰੀ ਵਿੱਚ ਕੀਤੇ ਜਾਂਦੇ ਹਨ।
ਯੂਜੀਸੀ ਨੇ ਕਿਹਾ ਕਿ ਦੋ ਵਾਰ ਦਾਖਲੇ ਕਰਨ ਨਾਲ ਯੂਨੀਵਰਸਿਟੀਆਂ ਵੀ ਆਪਣੇ ਬੁਨਿਆਦੀ ਢਾਂਚੇ, ਜਿਵੇਂ— ਅਧਿਆਪਨ ਅਤੇ ਖੋਜ ਪ੍ਰਯੋਗਸ਼ਾਲਾਵਾਂ— ਦੀ ਵੱਧ ਤੋਂ ਵੱਧ ਵਰਤੋਂ ਕਰ ਸਕਣਗੀਆਂ।
ਇਸ ਨਾਲ ਭਾਰਤੀ ਯੂਨੀਵਰਸਿਟੀਆਂ ਦੁਨੀਆਂ ਦੀਆਂ ਵਿਦਿਅਕ ਸੰਸਥਾਵਾਂ ਦੇ ਨਾਲ ਹੀ ਦਾਖਲਾ ਪ੍ਰਕਿਰਿਆ ਕਰ ਸਕਣਗੀਆਂ।
ਪ੍ਰੋਫੈਸਰ ਜਗਦੀਸ਼ ਕੁਮਾਰ ਨੇ ਕਿਹਾ ਕਿ ਜੇ ਸਾਲ ਵਿੱਚ ਦੋ ਵਾਰ ਦਾਖਲੇ ਕੀਤੇ ਜਾਂਦੇ ਹਨ ਤਾਂ ਇਸ ਦਾ ਸਨਅਤ ਨੂੰ ਵੀ ਫਾਇਦਾ ਹੋਵੇਗਾ। ਕੰਪਨੀਆਂ ਸਾਲ ਵਿੱਚ ਦੋ ਵਾਰ ਕੈਂਪਸ ਵਿੱਚੋਂ ਸਿੱਧੀ ਭਰਤੀ ਕਰ ਸਕਣਗੀਆਂ।
ਇਹ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਕਰੇਗਾ।
ਕਿਹੜੀਆਂ ਯੂਨੀਵਰਸਿਟੀਆਂ ਸਾਲ ਵਿੱਚ ਦੋ ਵਾਰ ਦਾਖਲੇ ਕਰ ਸਕਣਗੀਆਂ?
ਉਹ ਯੂਨੀਵਰਸਿਟੀਆਂ ਅਤੇ ਕਾਲਜ ਜਿਨ੍ਹਾਂ ਕੋਲ ਇਸ ਲਈ ਲੋੜੀਂਦਾ ਬੁਨਿਆਦੀ ਢਾਂਚਾ, ਅਧਿਆਪਕ ਹੋਣਗੇ, ਅਤੇ ਜਿਨ੍ਹਾਂ ਵਿੱਚ ਦੋ ਵਾਰ ਅਜਿਹੇ ਦਾਖਲੇ ਕਰਨ ਦੀ ਯੋਗਤਾ ਹੋਵੇਗੀ।
ਇਸ ਲਈ ਇਹ ਯੂਨੀਵਰਸਿਟੀਆਂ ਲਈ ਲਾਜ਼ਮੀ ਨਹੀਂ ਹੈ ਸਗੋਂ ਯੂਨੀਵਰਸਿਟੀਆਂ ਨੇ ਇਹ ਤੈਅ ਕਰਨਾ ਹੈ ਕਿ ਉਹ ਸਾਲ ਵਿੱਚ ਦੋ ਦਾਖਲੇ ਕਰਨਾ ਚਾਹੁੰਦੀਆਂ ਹਨ ਜਾਂ ਨਹੀਂ।
ਜਿਹੜੀਆਂ ਯੂਨੀਵਰਸਿਟੀਆਂ ਸਾਲ ਵਿੱਚ ਦੋ ਵਾਰ ਦਾਖਲਾ ਪ੍ਰਕਿਰਿਆ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਪਹਿਲਾਂ ਇਸ ਬਾਰੇ ਨੀਤੀ ਤਿਆਰ ਕਰਨੀ ਹੋਵੇਗੀ।
ਅਕਾਦਮਿਕ ਕਾਊਂਸਲ ਨੂੰ ਇਸ ਫੈਸਲੇ ਨੂੰ ਸਵੀਕਾਰ ਕਰਕੇ ਸੰਸਥਾ ਦੇ ਨਿਯਮਾਂ ਅਤੇ ਨੀਤੀਆਂ ਵਿੱਚ ਤਰਮੀਮ ਕਰਨੀ ਪਵੇਗੀ।
ਸਾਲ ਵਿੱਚ ਦੋ ਵਾਰ ਪ੍ਰੀਖਿਆ ਲੈਣ ਦਾ ਫੈਸਲਾ ਕਰਨ ਤੋਂ ਬਾਅਦ, ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਅਗਲੀ ਯੋਜਨਾ ਤਿਆਰ ਕਰਨੀ ਪਵੇਗੀ।
ਇਹ ਦੇਖਣਾ ਪਵੇਗਾ ਕਿ ਸਾਲ ਵਿੱਚ ਦੋ ਵਾਰ ਆਉਣ ਵਾਲੇ ਵਿਦਿਆਰਥੀਆਂ ਲਈ ਕਿਹੜੇ ਵਸੀਲੇ ਉਪਲਭਦ ਹੋਣਗੇ। ਅਕਾਦਮਿਕ ਸਰਗਰਮੀਆਂ ਦੀ ਕੀ ਤਰਤੀਬ ਹੋਵੇਗੀ।
ਇਸ ਦੇ ਨਾਲ ਹੀ ਕੋਰਸ ਚਲਾਉਣ ਦੀ ਢੁਕਵੀਂ ਗਿਣਤੀ ਵਿੱਚ ਅਧਿਆਪਕ ਅਤੇ ਸਾਲ ਵਿੱਚ ਦੋ ਵਾਰ ਇਮਤਿਹਾਨ ਲੈਣ ਦੀ ਹੋਰ ਬੰਦੋਬਸਤ ਵੀ ਧਿਆਨ ਵਿੱਚ ਰੱਖਣੇ ਪੈਣਗੇ।
ਯੂਜੀਸੀ ਦਾ ਇਹ ਫੈਸਲਾ ਤਾਂ ਹੀ ਲਾਗੂ ਕੀਤਾ ਜਾ ਸਕੇਗਾ।