ਐਪਸਟੀਨ ਫਾਈਲਾਂ ਵਿੱਚ ਪੀਐੱਮ ਮੋਦੀ ਦਾ ਨਾਮ ਆਉਣ ਦਾ ਕਾਂਗਰਸ ਵੱਲੋਂ ਕੀ ਮੁੱਦਾ ਚੁੱਕਿਆ ਜਾ ਰਿਹਾ, ਜਿਸ ਉੱਤੇ ਵਿਦੇਸ਼ ਮੰਤਰਾਲੇ ਨੇ ਦਿੱਤਾ ਜਵਾਬ

ਮਦੀ ਅਤੇ ਨੇਤਨਯਾਹੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਸਾਲ 2017 ਵਿੱਚ 4 ਤੋਂ 6 ਜੁਲਾਈ ਤੱਕ ਇਜ਼ਰਾਈਲ ਦੇ ਦੌਰੇ 'ਤੇ ਸਨ
ਪੜ੍ਹਨ ਦਾ ਸਮਾਂ: 6 ਮਿੰਟ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ "ਐਪਸਟੀਨ ਫਾਈਲਾਂ" ਦੇ ਇੱਕ ਈਮੇਲ ਮੈਸੇਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੈਫਰੀ ਐਪਸਟੀਨ ਵਿਚਕਾਰ ਮੁਲਾਕਾਤ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।

ਕਾਂਗਰਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਅਮਰੀਕੀ ਸੈਕਸ ਅਪਰਾਧੀ ਅਤੇ ਮਨੁੱਖੀ ਤਸਕਰ ਜੈਫਰੀ ਐਪਸਟਾਈਨ ਨਾਲ ਸਬੰਧਤ ਫਾਈਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਵੀ ਸ਼ਾਮਲ ਹੈ।

ਕਾਂਗਰਸ ਆਗੂ ਪਵਨ ਖੇੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਇਹ ਕੌਮੀ ਸ਼ਰਮ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਮੋਦੀ ਸਾਡੇ ਤਿੰਨ ਸਵਾਲਾਂ ਦਾ ਸਾਹਮਣੇ ਆ ਕੇ ਜਵਾਬ ਦੇਣ।"

ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਜੁਲਾਈ 2017 ਵਿੱਚ ਪ੍ਰਧਾਨ ਮੰਤਰੀ ਦੇ ਇਜ਼ਰਾਈਲ ਦੇ ਅਧਿਕਾਰਤ ਦੌਰੇ ਤੋਂ ਇਲਾਵਾ, "ਈਮੇਲ 'ਚ ਬਾਕੀ ਗੱਲਾਂ ਇੱਕ ਅਪਰਾਧੀ ਦੀ ਬੇਕਾਰ ਬਕਵਾਸ ਤੋਂ ਵੱਧ ਕੁਝ ਨਹੀਂ ਹਨ।"

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਸਾਨੂੰ ਕਥਿਤ ਐਪਸਟੀਨ ਫਾਈਲਾਂ ਤੋਂ ਇੱਕ ਈਮੇਲ ਮੈਸੇਜ ਦੀ ਰਿਪੋਰਟ ਮਿਲੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਇਜ਼ਰਾਈਲ ਯਾਤਰਾ ਦਾ ਜ਼ਿਕਰ ਹੈ।"

"ਜੁਲਾਈ 2017 ਵਿੱਚ ਪ੍ਰਧਾਨ ਮੰਤਰੀ ਦੇ ਇਜ਼ਰਾਈਲ ਦੇ ਸਰਕਾਰੀ ਦੌਰੇ ਤੋਂ ਇਲਾਵਾ, ਈਮੇਲ ਵਿੱਚ ਬਾਕੀ ਗੱਲਾਂ ਇੱਕ ਅਪਰਾਧੀ ਦੀ ਬੇਕਾਰ ਬਕਵਾਸ ਤੋਂ ਵੱਧ ਕੁਝ ਨਹੀਂ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ।"

ਕਾਂਗਰਸ ਨੇ ਕੀ ਦਾਅਵਾ ਕੀਤਾ?

ਕਾਂਗਰਸ ਆਗੂ ਪਵਨ ਖੇੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਫਰੀ ਐਪਸਟਾਈਨ ਨਾਲ ਸਬੰਧਤ ਨਵੀਆਂ ਫਾਈਲਾਂ ਜਾਰੀ ਹੋਣ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਵਾਲ ਚੁੱਕੇ ਹਨ

ਸ਼ਨੀਵਾਰ ਨੂੰ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਦਾਅਵਾ ਕੀਤਾ ਕਿ "ਐਪਸਟੀਨ ਫਾਈਲਾਂ ਵਿੱਚ ਨਰਿੰਦਰ ਮੋਦੀ ਦਾ ਨਾਮ ਆ ਗਿਆ ਹੈ। ਅਮਰੀਕਾ ਦੇ ਸੀਰੀਅਲ ਰੇਪਿਸਟ, ਬਾਲ ਸੈਕਸ ਅਪਰਾਧੀ ਅਤੇ ਮਨੁੱਖੀ ਤਸਕਰ ਜੈਫਰੀ ਐਪਸਟੀਨ ਨੇ 9 ਜੁਲਾਈ, 2017 ਨੂੰ ਇੱਕ ਈਮੇਲ ਵਿੱਚ ਲਿਖਿਆ..."

"ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਸਲਾਹ ਲਈ ਅਤੇ ਅਮਰੀਕੀ ਰਾਸ਼ਟਰਪਤੀ ਦੇ ਫਾਇਦੇ ਲਈ ਇਜ਼ਰਾਈਲ ਵਿੱਚ ਡਾਂਸ ਕੀਤਾ ਅਤੇ ਗਾਇਆ। ਉਹ ਕੁਝ ਹਫ਼ਤੇ ਪਹਿਲਾਂ ਮਿਲੇ ਸਨ। ਇਹ ਕੰਮ ਕਰ ਗਿਆ।"

ਕਾਂਗਰਸ ਨੇ ਲਿਖਿਆ, "ਐਪਸਟੀਨ ਦਾ ਸਾਫ਼ ਕਹਿਣਾ ਹੈ ਕਿ 'ਮੋਦੀ ਨੇ ਮੇਰੀ ਸਲਾਹ ਲਈ ਅਤੇ ਅਮਰੀਕੀ ਰਾਸ਼ਟਰਪਤੀ ਦੇ ਫਾਇਦੇ ਲਈ ਇਜ਼ਰਾਈਲ ਵਿੱਚ ਜਾ ਕੇ ਨੱਚੇ ਅਤੇ ਗਾਇਆ। ਇਹ ਵੀ ਕਿਹਾ ਕਿ ਇਹ ਕੰਮ ਕਰ ਗਿਆ।'"

"ਚੇਤੇ ਰਹੇ, ਪ੍ਰਧਾਨ ਮੰਤਰੀ ਮੋਦੀ ਸਾਲ 2017 ਵਿੱਚ 4 ਤੋਂ 6 ਜੁਲਾਈ ਤੱਕ ਇਜ਼ਰਾਈਲ ਦੇ ਦੌਰੇ 'ਤੇ ਸਨ। ਇਸ ਤੋਂ ਤਿੰਨ ਦਿਨਾਂ ਬਾਅਦ ਐਪਸਟੀਨ ਨੇ ਇਹ ਈਮੇਲ ਲਿਖੀ ਹੋਈ ਹੈ। ਇਜ਼ਰਾਈਲ ਦੌਰੇ ਤੋਂ ਠੀਕ ਪਹਿਲਾਂ 25-26 ਜੂਨ 2017 ਨੂੰ ਮੋਦੀ ਅਮਰੀਕਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਿਲੇ ਸਨ। ਜੈਫਰੀ ਐਪਸਟੀਨ ਦੇ ਮੇਲ ਦੀਆਂ ਕੜੀਆਂ ਨੂੰ ਜੋੜੀਏ ਤਾਂ ਸਮਝ ਆਉਂਦਾ ਹੈ ਕਿ ਮੋਦੀ ਜੂਨ 2017 ਵਿੱਚ ਅਮਰੀਕਾ ਗਏ ਅਤੇ ਉੱਥੇ ਐਪਸਟੀਨ ਦੀ ਸਲਾਹ ਲਈ।"

ਐਪਸਟੀਨ ਫਾਈਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਜੁੜੇ ਦਾਅਵਿਆਂ 'ਤੇ ਕਾਂਗਰਸ ਦੇ ਸਵਾਲ ਅਤੇ ਵਿਦੇਸ਼ ਮੰਤਰਾਲੇ ਦਾ ਬਿਆਨ

"ਇੱਕ ਹਫ਼ਤੇ ਬਾਅਦ (4 ਤੋਂ 6 ਜੁਲਾਈ, 2017) ਮੋਦੀ ਇਜ਼ਰਾਈਲ ਪਹੁੰਚੇ ਅਤੇ ਸਲਾਹ ਅਨੁਸਾਰ, ਉੱਥੇ ਨੱਚੇ-ਗਾਏ ਅਤੇ ਕੰਮ ਹੋ ਗਿਆ। ਹੁਣ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਜੈਫਰੀ ਐਪਸਟੀਨ ਨਾਲ ਬਹੁਤ ਡੂੰਘਾ ਅਤੇ ਪੁਰਾਣ ਰਿਸ਼ਤਾ ਹੈ, ਜੋ ਭਾਰਤ ਲਈ ਸ਼ਰਮਨਾਕ ਹੈ। ਇਹ ਮਾਮਲਾ ਕੌਮੀ ਮਾਣ ਅਤੇ ਅੰਤਰਰਾਸ਼ਟਰੀ ਵੱਕਾਰ ਦਾ ਹੈ, ਜਿਸ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ।"

ਕਾਂਗਰਸ ਨੇ ਤਿੰਨ ਸਵਾਲ ਪੁੱਛਦੇ ਹੋਏ ਲਿਖਿਆ, "ਨਰਿੰਦਰ ਮੋਦੀ, ਜੈਫਰੀ ਐਪਸਟੀਨ ਤੋਂ ਕਿਸ ਤਰ੍ਹਾਂ ਦੀ ਸਲਾਹ ਲੈ ਰਹੇ ਸਨ? ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕਿਸ ਫਾਇਦੇ ਲਈ ਮੋਦੀ ਇਜ਼ਰਾਈਲ ਵਿੱਚ ਨੱਚ ਅਤੇ ਗਾ ਰਹੇ ਸਨ? ਐਪਸਟੀਨ ਨੇ ਲਿਖਿਆ ਹੈ, 'ਇਟ ਵਰਕਡ'...ਤਾਂ ਇਸਦਾ ਕੀ ਮਤਲਬ ਹੈ?"

ਕਾਂਗਰਸ ਨੇ ਲਿਖਿਆ, "ਨਰਿੰਦਰ ਮੋਦੀ ਜੀ, ਦੇਸ਼ ਜਵਾਬ ਮੰਗ ਰਿਹਾ ਹੈ। ਸੀਰੀਅਲ ਰੇਪਿਸਟ ਐਪਸਟੀਨ ਨਾਲ ਤੁਹਾਡਾ ਕੀ ਰਿਸ਼ਤਾ ਹੈ?"

ਸ਼ੁੱਕਰਵਾਰ ਨੂੰ ਲੱਖਾਂ ਨਵੀਆਂ ਫਾਈਲਾਂ ਜਾਰੀ

ਜੈਫਰੀ ਐਪਸਟਾਈਨ

ਤਸਵੀਰ ਸਰੋਤ, US Department of Justice

ਤਸਵੀਰ ਕੈਪਸ਼ਨ, 2019 ਵਿੱਚ ਅਮਰੀਕੀ ਸੈਕਸ ਅਪਰਾਧੀ ਅਤੇ ਮਨੁੱਖੀ ਤਸਕਰ ਜੈਫਰੀ ਐਪਸਟਾਈਨ ਦੀ ਜੇਲ੍ਹ ਵਿੱਚ ਮੌਤ ਹੋ ਗਈ

ਅਮਰੀਕੀ ਨਿਆਂ ਵਿਭਾਗ ਨੇ ਮਰਹੂਮ ਜਿਨਸੀ ਅਪਰਾਧੀ ਜੈਫ਼ਰੀ ਐਪਸਟੀਨ ਨਾਲ ਸੰਬੰਧਿਤ ਲੱਖਾਂ ਨਵੀਆਂ ਫ਼ਾਈਲਾਂ ਜਾਰੀ ਕੀਤੀਆਂ ਹਨ। ਪਿਛਲੇ ਸਾਲ ਇੱਕ ਕਾਨੂੰਨ ਜ਼ਰੀਏ ਉਨ੍ਹਾਂ ਫਾਈਲਾਂ ਨੂੰ ਜਾਰੀ ਕਰਨ ਦੇ ਹੁਕਮ ਹੋਣ ਤੋਂ ਬਾਅਦ, ਸਰਕਾਰ ਵੱਲੋਂ ਸਾਂਝੇ ਕੀਤੇ ਗਏ ਇਹ ਸਭ ਤੋਂ ਵੱਧ ਦਸਤਾਵੇਜ਼ ਹਨ।

ਲੰਘੇ ਸ਼ੁੱਕਰਵਾਰ ਤਿੰਨ ਮਿਲੀਅਨ ਸਫ਼ੇ, 1,80,000 ਤਸਵੀਰਾਂ ਅਤੇ 2,000 ਵੀਡੀਓਜ਼ ਜਨਤਕ ਤੌਰ 'ਤੇ ਪੋਸਟ ਕੀਤੇ ਗਏ।

ਨਿਆਂ ਵਿਭਾਗ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦਸਤਖ਼ਤ ਕੀਤੀ ਗਈ ਕਾਨੂੰਨੀ ਸਮਾਂ-ਸੀਮਾ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿਆ ਸੀ, ਜਿਸ ਵਿੱਚ ਹੁਕਮ ਦਿੱਤਾ ਗਿਆ ਸੀ ਕਿ ਐਪਸਟੀਨ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਜਨਤਾ ਨਾਲ ਸਾਂਝੇ ਕੀਤੇ ਜਾਣ, ਹੁਣ ਉਸ ਤੋਂ ਛੇ ਹਫ਼ਤੇ ਬਾਅਦ ਇਹ ਫਾਈਲਾਂ ਜਾਰੀ ਕੀਤੀਆਂ ਗਈਆਂ ਹਨ।

ਇਨ੍ਹਾਂ ਫ਼ਾਈਲਾਂ ਵਿੱਚ ਜੈਫ਼ਰੀ ਐਪਸਟੀਨ ਦੇ ਜੇਲ੍ਹ ਵਿੱਚ ਬਿਤਾਏ ਸਮੇਂ ਬਾਰੇ ਵੇਰਵੇ ਸ਼ਾਮਲ ਹਨ - ਜਿਸ ਵਿੱਚ ਇੱਕ ਮਨੋਵਿਗਿਆਨਕ ਰਿਪੋਰਟ ਵੀ ਹੈ - ਅਤੇ ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਵੀ ਹੈ। ਨਾਲ ਹੀ ਗਿਲੇਨ ਮੈਕਸਵੈੱਲ ਬਾਰੇ ਜਾਂਚ ਰਿਕਾਰਡ ਵੀ ਹਨ, ਜੋ ਐਪਸਟੀਨ ਦੀ ਸਾਥੀ ਸਨ ਅਤੇ ਜਿਨ੍ਹਾਂ ਨੂੰ ਨਾਬਾਲਿਗ ਕੁੜੀਆਂ ਦੀ ਤਸਕਰੀ ਵਿੱਚ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਇਨ੍ਹਾਂ ਵਿੱਚ ਐਪਸਟੀਨ ਅਤੇ ਹਾਈ-ਪ੍ਰੋਫ਼ਾਈਲ ਹਸਤੀਆਂ ਦਰਮਿਆਨ ਹੋਈਆਂ ਈਮੇਲਾਂ ਵੀ ਸ਼ਾਮਲ ਹਨ।

ਕਈ ਈਮੇਲਾਂ ਅਤੇ ਦਸਤਾਵੇਜ਼ ਇੱਕ ਦਹਾਕੇ ਤੋਂ ਵੀ ਪੁਰਾਣੇ ਹਨ, ਜੋ ਐਪਸਟੀਨ ਦੀਆਂ ਕਾਨੂੰਨੀ ਮੁਸ਼ਕਲਾਂ ਦੌਰਾਨ ਉਨ੍ਹਾਂ ਦੇ ਸੰਬੰਧਾਂ ਨੂੰ ਦਰਸਾਉਂਦੇ ਹਨ।

ਐਪਸਟੀਨ ਅਤੇ ਗਿਲੇਨ ਮੈਕਸਵੈੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2005 ਵਿੱਚ ਐਪਸਟੀਨ ਅਤੇ ਗਿਲੇਨ ਮੈਕਸਵੈੱਲ, ਜੋ ਐਪਸਟੀਨ ਦੀ ਸਾਥੀ ਸਨ ਅਤੇ ਜਿਨ੍ਹਾਂ ਨੂੰ ਨਾਬਾਲਗ ਕੁੜੀਆਂ ਦੀ ਤਸਕਰੀ ਵਿੱਚ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ

ਨਵੀਆਂ ਜਾਰੀ ਕੀਤੀਆਂ ਗਈਆਂ ਫਾਈਲਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਸੈਂਕੜੇ ਵਾਰ ਜ਼ਿਕਰ ਕੀਤਾ ਗਿਆ ਹੈ। ਟਰੰਪ ਦੀ ਐਪਸਟੀਨ ਨਾਲ ਦੋਸਤੀ ਸੀ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਦੋਸਤੀ ਵਿੱਚ ਕਈ ਸਾਲ ਪਹਿਲਾਂ ਖਟਾਸ ਆ ਗਈ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਜਿਨਸੀ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਦਸਤਾਵੇਜ਼ਾਂ ਵਿੱਚ ਅਰਬਪਤੀ ਇਲੋਨ ਮਸਕ ਅਤੇ ਐਪਸਟੀਨ ਵਿਚਕਾਰ ਈਮੇਲ ਵੇਰਵੇ ਵੀ ਸ਼ਾਮਲ ਹਨ।

ਮਸਕ, ਜਿਨ੍ਹਾਂ 'ਤੇ ਇਸ ਮਾਮਲੇ ਵਿੱਚ ਕਿਸੇ ਵੀ ਗਲਤ ਕੰਮ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ, ਨੇ ਪਹਿਲਾਂ ਕਿਹਾ ਹੈ ਕਿ ਐਪਸਟੀਨ ਨੇ ਉਨ੍ਹਾਂ ਨੂੰ ਆਪਣੇ ਟਾਪੂ 'ਤੇ ਸੱਦਾ ਦਿੱਤਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।

ਇਸ ਗੱਲ ਨੂੰ ਲੈ ਕੇ ਅਜੇ ਵੀ ਅਸਪਸ਼ਟਤਾ ਬਣੀ ਹੋਈ ਹੈ ਕਿ ਐਪਸਟੀਨ ਦਸਤਾਵੇਜ਼ਾਂ ਨੂੰ ਜਾਰੀ ਕਰਨ ਦਾ ਸਿਲਸਿਲਾ ਹੁਣ ਖ਼ਤਮ ਹੋਇਆ ਹੈ ਜਾਂ ਨਹੀਂ।

ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ, "ਇਹ ਇੱਕ ਬਹੁਤ ਹੀ ਵਿਆਪਕ ਦਸਤਾਵੇਜ਼ ਪਛਾਣ ਅਤੇ ਸਮੀਖਿਆ ਪ੍ਰਕਿਰਿਆ ਦਾ ਅੰਤ ਹੈ। ਇਹ ਸੰਕੇਤ ਮਿਲਦਾ ਹੈ ਕਿ ਜਿੱਥੋਂ ਤੱਕ ਅਮਰੀਕੀ ਨਿਆਂ ਵਿਭਾਗ ਦਾ ਸਵਾਲ ਹੈ, ਉਨ੍ਹਾਂ ਦਾ ਕੰਮ ਖਤਮ ਹੋ ਗਿਆ ਹੈ।"

ਹਾਲਾਂਕਿ, ਡੈਮੋਕਰੇਟਸ ਕਹਿੰਦੇ ਹਨ ਕਿ ਵਿਭਾਗ ਨੇ ਬਿਨਾਂ ਕਿਸੇ ਸਹੀ ਕਾਰਨ ਦੇ ਵੱਡੀ ਗਿਣਤੀ ਵਿੱਚ ਦਸਤਾਵੇਜ਼, ਲਗਭਗ 2.5 ਮਿਲੀਅਨ, ਰੋਕ ਰੱਖੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)