You’re viewing a text-only version of this website that uses less data. View the main version of the website including all images and videos.
ਇਸ ਮੁਲਕ ਵਿੱਚ ਮਾਪੇ ਆਪਣੇ ਮਰ ਚੁੱਕੇ ਪੁੱਤਾਂ ਦਾ ਪਿਉ ਬਣਨ ਦਾ ਸੁਪਨਾ ਇੰਝ ਪੂਰਾ ਕਰ ਰਹੇ ਹਨ
- ਲੇਖਕ, ਮਿਸ਼ੇਲ ਸ਼ੁਵਲ, ਬੀਬੀਸੀ ਅਰਬੀ, ਜੈਰੂਸਲੇਮ ਅਤੇ ਆਇਸ਼ਾ ਖਇਰ ਲਾਹਾ, ਬੀਬੀਸੀ ਅਰਬੀ ਲੰਡਨ
- ਰੋਲ, ਬੀਬੀਸੀ ਪੱਤਰਕਾਰ
ਇਜ਼ਰਾਈਲ ਵਿੱਚ ਆਪਣੇ ਮਰਹੂਮ ਪੁੱਤਰਾਂ ਦੇ ਸ਼ੁਕਰਾਣੂ ਸੰਭਾਲਣ ਦੀ ਮੰਗ ਕਰਨ ਵਾਲੇ ਮਾਪਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਨ੍ਹਾਂ ਪੁੱਤਰਾਂ ਵਿੱਚੋਂ ਜ਼ਿਆਦਾਤਰ ਫੌਜੀ ਸਨ। ਮਾਪਿਆਂ ਦੀ ਮੰਗ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਸ਼ੁਕਰਾਣੂ (ਸਪਰਮ) ਕੱਢੇ ਜਾਣ ਅਤੇ ਸੰਭਾਲ ਕਰਕੇ ਰੱਖੇ ਜਾਣ।
ਪਿਛਲੇ ਸਾਲ ਸੱਤ ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਕੁਝ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਹਾਲਾਂਕਿ ਪਰਿਵਾਰ ਇਸਦੀ ਲੰਬੀ ਅਤੇ ਬੋਝਲ ਕਨੂੰਨੀ ਪ੍ਰਕਿਰਿਆ ਤੋਂ ਪ੍ਰੇਸ਼ਾਨ ਹਨ।
ਅਵੀ ਹਰੁਸ਼ ਦਾ ਕਹਿਣਾ ਹੈ ਕਿ ਫੌਜੀ ਅਫਸਰਾਂ ਦੇ ਉਨ੍ਹਾਂ ਦਾ ਬੂਹਾ ਖੜਕਾਉਣ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ “ਕੁਝ ਬੁਰਾ” ਘਟਣ ਵਾਲਾ ਹੈ
ਜਦੋਂ ਅਵੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ 20 ਸਾਲਾ ਪੁੱਤਰ ਰੀਫ਼ ਦੀ ਮੌਤ ਹੋ ਗਈ ਹੈ, ਉਹ ਸਮਾਂ ਯਾਦ ਕਰਕੇ ਉਨ੍ਹਾਂ ਦੀ ਅਵਾਜ਼ ਕੰਬ ਜਾਂਦੀ ਹੈ। ਰੀਫ਼ ਦੀ ਛੇ ਅਪ੍ਰੈਲ 2024 ਨੂੰ ਦੱਖਣੀ ਗਾਜ਼ਾ ਪੱਟੀ ਵਿੱਚ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ।
ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਰੀਫ਼ ਦੇ ਸਪਰਮ ਅਜੇ ਕੱਢ ਕੇ ਸੰਭਾਲੇ ਜਾ ਸਕਦੇ ਹਨ, ਕੀ ਉਨ੍ਹਾਂ ਦੀ ਇਸ ਵਿੱਚ ਦਿਲਚਸਪੀ ਹੈ?
ਅਵੀ ਨੇ ਤੁਰੰਤ ਜਵਾਬ ਦਿੱਤਾ “ਰੀਫ਼ ਨੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜੀਅ ਹੈ। ਬੇਹੱਦ ਘਾਟੇ ਦੇ ਬਾਵਜੂਦ ਅਸੀਂ ਜਿਉਣਾ ਚੁਣਿਆ। ਰੀਫ਼ ਨੂੰ ਬੱਚੇ ਬਹੁਤ ਪਸੰਦ ਸਨ ਅਤੇ ਉਹ ਆਪਣੇ ਬੱਚੇ ਚਾਹੁੰਦਾ ਸੀ। ਇਸ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ ਸੀ।”
ਰੀਫ਼ ਦਾ ਵਿਆਹ ਨਹੀਂ ਸੀ ਹੋਇਆ ਅਤੇ ਨਾ ਹੀ ਉਨ੍ਹਾਂ ਦੀ ਕੋਈ ਸਹੇਲੀ ਸੀ। ਲੇਕਿਨ ਖ਼ਬਰ ਆਉਣ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨੇ ਅਵੀ ਨਾਲ ਰਾਬਤਾ ਕੀਤਾ ਹੈ ਕਿ ਉਹ ਰੀਫ਼ ਦੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਹਨ।
ਉਹ ਕਹਿੰਦੇ ਹਨ ਇਸ ਵਿਚਾਰ ਨੇ ਉਨ੍ਹਾਂ ਨੂੰ ਜਿਉਣ ਦੀ ਵਜ੍ਹਾ ਦਿੱਤੀ ਹੈ ਅਤੇ ਇਹੀ ਉਨ੍ਹਾਂ ਦੇ “ਜੀਵਨ ਦਾ ਮਕਸਦ” ਹੈ।
ਅਵੀ ਦਾ ਪਰਿਵਾਰ ਇਜ਼ਰਾਈਲ ਦੇ ਉਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸੱਤ ਅਕਤੂਬਰ ਦੇ ਹਮਾਸ ਦੇ ਹਮਲੇ ਤੋਂ ਬਾਅਦ ਸਪਰਮ ਯੱਖ ਕਰਵਾਏ ਹਨ। ਉਸ ਹਮਲੇ ਵਿੱਚ 1200 ਲੋਕ ਮਾਰੇ ਗਏ ਸਨ ਅਤੇ 251 ਹੋਰ ਫਟੱੜ ਹੋ ਗਏ ਸਨ ਜਦਕਿ 251 ਜਣਿਆਂ ਨੂੰ ਹਮਾਸ ਬੰਦੀ ਬਣਾ ਕੇ ਗਾਜ਼ਾ ਵਿੱਚ ਆਪਣੇ ਨਾਲ ਲੈ ਗਏ ਸਨ।
ਪਿਛਲੇ ਸਾਲਾਂ ਦੌਰਾਨ ਰੁਝਾਨ ਵਧਿਆ
ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਪ੍ਰਤੀਕਿਰਿਆ ਵਜੋਂ ਗਾਜ਼ਾ ਉੱਤੇ ਮੁਕੰਮਲ ਹਮਲਾ ਕਰ ਦਿੱਤਾ ਗਿਆ। ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਹੋਈ ਇਸ ਲੜਾਈ ਦੌਰਾਨ ਹਮਾਸ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 39,000 ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ 400 ਤੋਂ ਜ਼ਿਆਦਾ ਇਜ਼ਰਾਈਲੀਆਂ ਦੀ ਵੀ ਜਾਨ ਜਾ ਚੁੱਕੀ ਹੈ।
ਸੱਤ ਅਕਤੂਬਰ ਤੋਂ ਲੈ ਕੇ ਲਗਭਗ 170 ਨੌਜਵਾਨਾਂ ਦੇ ਸਪਰਮ ਸੰਭਾਲੇ ਜਾ ਚੁੱਕੇ ਹਨ। ਇਸ ਵਿੱਚ ਨਾਗਰਿਕ ਅਤੇ ਫ਼ੌਜੀ ਦੋਵੇਂ ਸ਼ਾਮਲ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਇਹ 15 ਗੁਣਾ ਜ਼ਿਆਦਾ ਸੰਖਿਆ ਹੈ।
ਇਸ ਪ੍ਰਕਿਰਿਆ ਵਿੱਚ ਟੈਸਟੀਕਲ ਵਿੱਚ ਇੱਕ ਸੂਈ ਮਾਰੀ ਜਾਂਦੀ ਹੈ ਅਤੇ ਤੰਤੂਆਂ ਦਾ ਇੱਕ ਛੋਟਾ ਨਮੂਨਾ ਲਿਆ ਜਾਂਦਾ। ਫਿਰ ਇਨ੍ਹਾਂ ਤੰਤੂਆਂ ਵਿੱਚੋਂ ਜੀਵਤ ਸਪਰ ਵੱਖ ਕਰਕੇ ਸੰਭਾਲ ਲਏ ਜਾਂਦੇ ਹਨ।
ਹਾਲਾਂਕਿ ਸੈੱਲ਼ 72 ਘੰਟਿਆਂ ਤੱਕ ਸਜੀਵ ਰਹਿੰਦੇ ਹਨ ਫਿਰ ਵੀ, ਮੌਤ ਤੋਂ 24 ਘੰਟਿਆਂ ਦੇ ਅੰਦਰ ਕੀਤੇ ਜਾਣ ’ਤੇ ਸਫ਼ਲਤਾ ਦੀ ਦਰ ਸਭ ਤੋਂ ਜ਼ਿਆਦਾ ਹੁੰਦੀ ਹੈ।
ਫਰਾਂਸ, ਜਰਮਨੀ ਅਤੇ ਸਵੀਡਨ ਵਿੱਚ ਇਸ ਪ੍ਰਕਿਰਿਆ ਉੱਤੇ ਮੁਕੰਮਲ ਪਾਬੰਦੀ ਹੈ। ਜਦਕਿ ਕੁਝ ਹੋਰ ਦੇਸਾਂ ਵਿੱਚ ਇਸ ਬਾਰੇ ਸਖਤ ਨਿਯਮ ਹਨ ਅਤੇ ਜਿਸ ਵਿਅਕਤੀ ਦੇ ਸਪਰਮ ਸੰਭਾਲਣੇ ਹੋਣ ਮੌਤ ਤੋਂ ਪਹਿਲਾਂ ਉਸਦੀ ਸਹਿਮਤੀ ਲੈਣੀ ਜ਼ਰੂਰੀ ਹੈ।
ਅਕਤੂਬਰ ਵਿੱਚ ਇਜ਼ਰਾਈਲ ਨੇ ਮਾਪਿਆਂ ਲਈ ਆਪਣੇ ਪੁੱਤਰ ਦੇ ਸਪਰਮ ਸੰਭਾਲਣ ਲਈ ਜ਼ਰੂਰੀ ਅਦਾਲਤਾਂ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਸੀ। ਇਰਾਨੀ ਡਿਫੈਂਸ ਫੋਰਸਜ਼ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਸੋਗਜ਼ਦਾ ਮਾਪਿਆਂ ਨੂੰ ਇਹ ਸਹੂਲਤ ਦੇਣ ਲਈ ਉਹ ਜ਼ਿਆਦਾ ਸਰਗਰਮ ਹੋਏ ਹਨ।
ਹਾਲਾਂਕਿ ਹੁਣ ਮਰਹੂਮ ਵਿਅਕਤੀਆਂ ਦੇ ਸਪਰਮਾਂ ਦੀ ਸੰਭਾਲ ਕਰਵਾ ਸਕਣਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਹੈ ਪਰ ਇਸ ਦੇ ਨਾਲ ਜੁੜੇ ਨੈਤਿਕ ਅਤੇ ਕਨੂੰਨੀ ਪੇਚੀਦਗੀਆਂ ਵੀ ਖੜ੍ਹੀਆਂ ਹੋ ਗਈਆਂ ਹਨ।
ਉਹ ਮਾਪੇ ਅਤੇ ਵਿਧਵਾ ਔਰਤਾਂ ਜੋ ਇਨ੍ਹਾਂ ਸਪਰਮਾਂ ਦੀ ਮਦਦ ਨਾਲ ਬੱਚਾ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਅਦਾਲਤ ਵਿੱਚ ਇਹ ਸਾਬਤ ਕਰਨਾ ਪੈਂਦਾ ਹੈ ਕਿ ਮਰਨ ਵਾਲਾ ਬੱਚੇ ਚਾਹੁੰਦਾ ਸੀ।
ਪ੍ਰਕਿਰਿਆ ਕੀ ਹੈ
ਅਵੀ ਦੀ ਪੋਤੀ ਜਿਸ ਦਾ ਜਨਮ ਰੀਫ਼ ਦੇ ਯੱਖ ਕੀਤੇ ਗਏ ਸਪਰਮ ਤੋਂ ਹੋਇਆ ਸੀ ਜੋ ਹੁਣ ਦਸ ਸਾਲ ਦੀ ਹੈ।
ਰੇਚਲ ਕੇਵਿਨ ਦੀ ਮੌਤ ਤੋਂ ਬਾਅਦ ਦੇ ਪਲਾਂ ਨੂੰ ਯਾਦ ਕਰਦੇ ਹਨ। ਜਦੋਂ ਉਨ੍ਹਾਂ ਨੇ “ਕੇਵਿਨ ਦੀ ਮੌਜੂਦਗੀ ਮਹਿਸੂਸ ਕੀਤੀ। ਮੈਂ ਉਸਦੀ ਅਲਮਾਰੀ ਕੋਲ ਗਈ। ਮੈਂ ਉਸਦੀ ਖੁਸ਼ਬੂ ਲੱਭਣੀ ਚਾਹੁੰਦੀ ਸੀ। ਮੈਂ ਉਸਦੇ ਜੁੱਤਿਆਂ ਨੂੰ ਵੀ ਸੁੰਘਿਆ।”
“ਉਸ ਨੇ ਮੇਰੇ ਨਾਲ ਤਸਵੀਰ ਵਿੱਚੋਂ ਗੱਲ ਕੀਤੀ ਅਤੇ ਯਕੀਨੀ ਬਣਾਉਣ ਲਈ ਕਿਹਾ ਕਿ ਉਸਦੇ ਬੱਚੇ ਹੋਣ।”
ਰੇਚਲ ਦੱਸਜੇ ਹਨ ਕਿ ਉਨ੍ਹਾਂ ਨੂੰ ਜਿਹੜੇ ਲੋਕ ਨਹੀਂ ਸਮਝਦੇ ਸਨ ਜਾਂ ਜੋ ਅਸੀਂ ਕਰ ਰਹੇ ਸੀ ਉਸ ਦੀ ਹਮਾਇਤ ਨਹੀਂ ਕਰਦੇ ਸਨ ਤੋਂ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਲੇਕਿਨ ਰੇਚਲ ਦੀ ਦ੍ਰਿੜਤਾ ਕਾਰਨ ਇੱਕ ਲਾਮਿਸਾਲ ਕਾਨੂੰਨੀ ਰਾਹ ਖੁੱਲ੍ਹਿਆ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਦੀ ਸੰਤਾਨ ਦੀ ਮਾਂ ਬਣਨ ਦੀ ਇੱਛੁਕ ਔਰਤ ਦੀ ਭਾਲ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ।
ਇਰਿਟ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਭੇਤ ਗੁਪਤ ਰੱਖਣ ਲਈ ਆਪਣਾ ਉਪਨਾਮ ਨਹੀਂ ਦੱਸਿਆ। ਉਹ ਉਨ੍ਹਾਂ ਦਰਜਣ ਭਰ ਔਰਤਾਂ ਵਿੱਚੋਂ ਇੱਕ ਸਨ ਜੋ ਇਸ ਲਈ ਅੱਗੇ ਆਈਆਂ।
ਉਹ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੀ ਇੱਕ ਮਨੋਵਿਗਿਆਨੀ ਵੱਲੋਂ ਜਾਂਚ ਕੀਤੀ ਗਈ ਅਤੇ ਫਿਰ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਿਸ਼ੇਚਨ ਦੀ ਪ੍ਰਕਿਰਿਆ ਸ਼ੁਰੂ ਹੋਈ।
ਇਰਿਟ ਦਾ ਕਹਿਣਾ ਹੈ,“ ਕੁਝ ਲੋਕ ਕਹਿੰਦੇ ਹਨ ਅਸੀਂ ਰੱਬ ਨਾਲ ਖੇਡ ਰਹੇ ਹਾਂ, ਮੈਨੂੰ ਨਹੀਂ ਲਗਦਾ ਕਿ ਅਜਿਹਾ ਕੁਝ ਹੈ।”
ਉਹ ਕਹਿੰਦੇ ਹਨ, “ਉਸ ਬੱਚੇ ਵਿੱਚ ਜੋ ਆਪਣੇ ਪਿਤਾ ਤੋਂ ਪੈਦਾ ਹੁੰਦਾ ਹੈ ਇੱਕ ਜੋ ਸਪਰਮ-ਬੈਂਕ ਵਿੱਚ ਪਏ ਇੱਕ ਸਪਰਮ ਤੋਂ ਪੈਦਾ ਹੁੰਦਾ ਹੈ, ਦੋਵਾਂ ਵਿੱਚ ਫਰਕ ਹੁੰਦਾ ਹੈ।”
ਓਸ਼ਰ ਜਾਣਦੀ ਹੈ ਕਿ ਉਸ ਦੇ ਪਿਤਾ ਦੀ ਫੌਜ ਵਿੱਚ ਮੌਤ ਹੋ ਗਈ ਸੀ। ਉਸ ਦਾ ਕਮਰਾ ਡੌਲਫਿਨ ਮੱਛੀਆਂ ਨਾਲ ਸਜਾਇਆ ਗਿਆ ਹੈ। ਓਸ਼ਰ ਦਾ ਕਹਿਣਾ ਹੈ ਕਿ ਉਹ ਜਾਣਦੀ ਹੈ ਕਿ ਉਹ (ਪਿਤਾ) ਉਸ ਨੂੰ ਪਿਆਰ ਕਰਦੇ ਸੀ।
ਉਸ ਨੇ ਅੱਗੇ ਕਿਹਾ, “ਮੈਨੂੰ ਪਤਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਦਾ ਸਪਰਮ ਲਿਆ ਅਤੇ ਮੈਨੂੰ ਇਸ ਦੁਨੀਆਂ ਵਿੱਚ ਲਿਆਉਣ ਲਈ ਸਭ ਤੋਂ ਵਧੀਆ ਮਾਂ ਦੀ ਭਾਲ ਕੀਤੀ।”
ਇਰਿਟ ਦਾ ਕਹਿਣਾ ਹੈ ਓਸ਼ਰ ਦੇ ਦੋਵਾਂ ਪਾਸਿਆਂ ਤੋਂ ਰਿਸ਼ਤੇਦਾਰ ਹਨ। ਉਸ ਨੂੰ ਸਧਾਰਨ ਪਾਲਣ-ਪੋਸ਼ਣ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਜ਼ਿੰਦਾ ਯਾਦਗਾਰ ਵਜੋਂ ਵੱਡੀ ਨਾ ਹੋਵੇ।
ਪੁੱਤਰ ਗੁਆ ਚੁੱਕੇ ਮਾਪਿਆਂ ਲਈ ਮਾਅਨੇ
ਡਾ਼ ਇਤਿਆ ਗਾਤ ਜੋ ਕਿ ਸ਼ਮੀਰ ਮੈਡੀਕਲ ਸੈਂਟਰ ਵਿੱਚ ਸਪਰਮ ਬੈਂਕ ਦੇ ਨਿਰਦੇਸ਼ਕ ਹਨ। ਕਹਿੰਦੇ ਹਨ, “ਮਰਹੂਮ ਪੁੱਤਰ ਤੋਂ ਸਜੀਵ ਸਪਰਮ ਹਾਸਲ ਕਰਨ ਦੇ ਬਹੁਤ ਵੱਡੇ ਅਰਥ ਸਨ।” ਡਾ਼ ਇਤਿਆ ਖ਼ੁਦ ਸਪਰਮ ਕੱਢਣ ਦੀ ਸਰਜਰੀ ਕਰਦੇ ਹਨ।
“ਇਹ ਭਵਿੱਖ ਵਿੱਚ ਪ੍ਰਜਨਣ ਦੇ ਵਿਕਲਪ ਨੂੰ ਸੰਭਾਲਣ ਦਾ ਆਖਰੀ ਮੌਕਾ ਹੈ।”
ਉਹ ਕਹਿੰਦੇ ਹਨ ਕਿ ਇਸ ਪ੍ਰਕਿਰਿਆ ਦੀ ਪ੍ਰਵਾਨਗੀ ਦੀ ਦਿਸ਼ਾ ਵਿੱਚ ਵੱਡਾ ਸੱਭਿਆਚਾਰਕ ਬਦਲਾਅ ਆਇਆ ਹੈ। ਪਰ ਮੌਜੂਦਾ ਨਿਯਮਾਂ ਨੇ ਅਣ ਵਿਆਹੇ ਪੁਰਸ਼ਾਂ ਦੇ ਸੰਬੰਧ ਵਿੱਚ ਇੱਕ ਤਣਾਅ ਪੈਦਾ ਕਰ ਦਿੱਤਾ ਹੈ।
ਡਾ਼ ਗਾਤ ਕਹਿੰਦੇ ਹਨ ਕਿ ਅਣ ਵਿਆਹੇ ਪੁਰਸ਼ਾਂ ਲਈ ਅਕਸਰ ਸਹਿਮਤੀ ਦਾ ਕੋਈ ਸਿੱਧਾ ਰਿਕਾਰਡ ਨਹੀਂ ਹੁੰਦਾ। ਇਸ ਕਾਰਨ ਪਹਿਲਾਂ ਹੀ ਦੁੱਖ ਝੱਲ ਰਹੇ ਪਰਿਵਾਰਾਂ ਨੂੰ ਹੋਰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੇ ਸਪਰਮ ਸਾਂਭ ਤਾਂ ਲਏ ਗਏ ਹਨ ਪਰ, ਉਨ੍ਹਾਂ ਤੋਂ ਸੰਤਾਨ ਪੈਦਾ ਨਹੀਂ ਕੀਤੀ ਜਾ ਸਕਦੀ।
“ਇਹ ਕਿਸੇ ਨੂੰ ਬਚਾਉਣ ਲਈ ਦਿਲ ਜਾਂ ਗੁਰਦੇ ਦੇਣ ਵਰਗਾ ਨਹੀਂ ਹੈ। ਅਸੀਂ ਪ੍ਰਜਨਣ…ਕਿਸੇ ਲੜਕੇ ਜਾਂ ਲੜਕੀ ਨੂੰ ਦੁਨੀਆਂ ਵਿੱਚ ਲਿਆਉਣ ਬਾਰੇ ਗੱਲ ਕਰ ਰਹੇ ਹਾਂ।”
ਜ਼ਿਆਦਾਤਰ ਮਾਮਲਿਆਂ ਵਿੱਚ ਜਿਸ ਰਾਹੀਂ ਉਸਦੇ ਸਪਰਮ ਦੀ ਵਰਤੋਂ ਕਰਕੇ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈਮਰਨ ਵਾਲੇ ਉਸ ਔਰਤ ਨੂੰ ਜਾਣਦੇ ਨਹੀਂ ਹੁੰਦੇ। ਅਤੇ ਬੱਚੇ ਦੀ ਸਿੱਖਿਆ ਅਤੇ ਭਵਿੱਖ ਬਾਰੇ ਸਾਰੇ ਫੈਸਲੇ ਉਸਦੀ ਮਾਂ ਵੱਲੋਂ ਲਏ ਜਾਣਗੇ।
ਡਾ਼ ਗਾਤ ਕਹਿੰਦੇ ਹਨ ਕਿ ਪਹਿਲਾਂ ਉਹ ਸਪਰਮ ਸੰਭਾਲਣ ਦੇ ਹੱਕ ਵਿੱਚ ਨਹੀਂ ਸਨ, ਜਦੋਂ ਤੱਕ ਕਿ ਮਰਹੂਮ ਦੀ ਸਪਸ਼ਟ ਸਹਿਮਤੀ ਨਾ ਹੋਵੇ। ਲੇਕਿਨ ਮੌਜੂਦਾ ਜੰਗ ਦੇ ਪੀੜਤ ਮਾਪਿਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਕੁਝ ਨਰਮ ਹੋਏ ਹਨ।
ਉਹ ਕਹਿੰਦੇ ਹਨ, “ਮੈਂ ਦੇਖਦਾ ਹਾਂ ਕਿ ਇਹ ਉਨ੍ਹਾਂ ਲਈ ਕਿੰਨਾ ਅਰਥ ਭਰਭੂਰ ਹੈ। ਘੱਟੋ-ਘੱਟ ਇਹ ਉਨ੍ਹਾਂ ਨੂੰ ਕੁਝ ਸਕੂਨ ਦਿੰਦਾ ਹੈ।”
ਰੱਬੀ ਯੁਵਾਲ ਸ਼ਿਰਲੋ, ਇੱਕ ਖੁੱਲ੍ਹੇ ਵਿਚਾਰਾਂ ਦੇ ਰੱਬੀ ਹਨ ਜੋ ਕਿ ਤਲ ਅਵੀਵ ਵਿੱਚ ਜ਼ੋਹਰ ਸੈਂਟਰ ਫਾਰ ਜਿਊਇਸ਼ ਐਥਿਕ ਦੇ ਮੁਖੀ ਹਨ। ਉਹ ਕਹਿੰਦੇ ਹਨ ਕਿ ਇਹ ਇੱਕ ਸੰਵੇਦਨਾਸ਼ੀਲ ਅਤੇ ਪੇਚੀਦਾ ਮਸਲਾ ਹੈ।
“ਨੈਤਿਕ ਤੌਰ ’ਤੇ ਅਸੀਂ ਕਿਸੇ ਪੁਰਸ਼ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਪਿਤਾ ਬਣਨ ਲਈ ਮਜਬੂਰ ਨਹੀਂ ਕਰਦੇ।”
ਉਹ ਦੱਸਦੇ ਹਨ ਕਿ ਇਸ ਵਿੱਚ ਦੋ ਹੋਰ ਯਹੂਦੀ ਨਿਯਮ ਸ਼ਾਮਲ ਹਨ। ਕਿਸੇ ਵਿਅਕਤੀ ਦੀ ਜੱਦ ਨੂੰ ਜਾਰੀ ਰੱਖਣਾ ਅਤੇ ਸਮੁੱਚੇ ਸਰੀਰ ਨੂੰ ਦਫ਼ਨਾ ਦੇਣਾ।
ਕੁਝ ਰੱਬੀ ਵਿਦਵਾਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਜੱਦ ਨੂੰ ਅੱਗੇ ਵਧਾਉਣਾ ਇੰਨਾ ਅਹਿਮ ਹੈ ਕਿ ਇਸ ਲਈ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦਕਿ ਕੁਝ ਹੋਰ ਯਹੂਦੀ ਵਿਦਵਾਨਾਂ ਦਾ ਰਾਇ ਹੈ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।
ਨਿਯਮ ਬਣਾਉਣ ਦੀ ਕੋਸ਼ਿਸ਼
ਸਪਰਮਾਂ ਬਾਰੇ ਮੌਜੂਦਾ ਨਿਯਮ ਅਟਾਰਨੀ ਜਨਰਲ ਵੱਲੋਂ ਸਾਲ 2003 ਵਿੱਚ ਜਾਰੀ ਕੀਤੇ ਗਏ ਸਨ ਪਰ ਕਾਨੂੰਨ ਦਾ ਹਿੱਸਾ ਨਹੀਂ ਹਨ।
ਇਜ਼ਰਾਇਲੀ ਕਾਨੂੰਨ ਘਾੜਿਆਂ ਨੇ ਇਸ ਬਾਰ ਸਪਸ਼ਟ ਨਿਯਮ ਬਣਾਉਣ ਲਈ ਇੱਕ ਬਿਲ ਦਾ ਖਰੜਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਨਹੀ ਪੈ ਸਕਿਆ।
ਇਸ ਵਿੱਚ ਸ਼ਾਮਲ ਕੁਝ ਪੇਚੀਦਗੀਆਂ ਵਿੱਚ ਇਹ ਵੀ ਸ਼ਾਮਲ ਹਨ ਜਿਵੇਂ ਕਿ – ਮਰਹੂਮ ਦੀ ਸਪਸ਼ਟ ਸਹਿਮਤੀ ਅਤੇ ਦੂਜਾ ਮਰਹੂਮ ਫੌਜੀਆਂ ਦੀ ਸੰਤਾਨ ਨੂੰ ਮਿਲਣ ਵਾਲੇ ਲਾਭ ਇਸ ਤਰ੍ਹਾਂ ਪੈਦਾ ਹੋਏ ਬੱਚਿਆਂ ਨੂੰ ਦਿੱਤੇ ਜਾਣ ਜਾਂ ਨਹੀਂ।
ਇਜ਼ਰਾਈਲੀ ਮੀਡੀਆ ਨੇ ਵੀ ਇਸ ਵਿਸ਼ੇ ਉੱਤੇ ਵਿਚਾਰਧਾਰਕ ਮਤਭੇਦਾਂ ਨੂੰ ਉਜਾਗਰ ਕੀਤਾ ਹੈ। ਕਿ ਜੇ ਕਿਸੇ ਫੌਜੀ ਦੀ ਵਿਧਵਾ ਉਸਦੇ ਸਪਰਮ ਦੀ ਵਰਤੋਂ ਨਾ ਕਰਨਾ ਚਾਹੇ ਤਾਂ ਉਸ ਨਾਲ ਕੀ ਹੋਣਾ ਚਾਹੀਦਾ ਹੈ।
ਕੁਝ ਲੋਕਾਂ ਨੂੰ ਇਸ ਮਰਹੂਮ ਦੇ ਮਾਪਿਆਂ ਵੱਲੋਂ ਸਪਰਮ ਉੱਤੇ ਅਧਿਕਾਰ ਕਰ ਲੈਣ ਤੋਂ ਵੀ ਇਤਰਾਜ਼ ਹੈ। ਜੋ ਇਨ੍ਹਾਂ ਰਾਹੀਂ ਬੱਚਾ ਪੈਦਾ ਕਰਨ ਲਈ ਕਿਸੇ ਹੋਰ ਔਰਤ ਦੀ ਚੋਣ ਕਰ ਲੈਂਦੇ ਹਨ।
ਜਿਹੜੇ ਮਾਪਿਆਂ ਨੇ ਪਹਿਲਾਂ ਹੀ ਆਪਣੇ ਪੁੱਤਰ ਦੇ ਸਪਰਮ ਦੀ ਸੰਭਾਲ ਕਰਵਾ ਲਈ ਹੈ। ਉਨ੍ਹਾਂ ਨੂੰ ਕਨੂੰਨ ਦੇ ਪਾਸ ਹੋਣ ਤੋਂ ਡਰ ਹੈ। ਇਹ ਉਨ੍ਹਾਂ ਲਈ ਮਰਹੂਮ ਦੀ ਸਹਿਮਤੀ ਦੇ ਮਸਲੇ ਨੂੰ ਤਾਂ ਸੁਲਝਾ ਦੇਵੇਗਾ ਲੇਕਿਨ ਉਨ੍ਹਾਂ ਨੂੰ ਪੇਚੀਦਾ ਅਦਾਲਤੀ ਪ੍ਰਕਿਰਿਆ ਤੋਂ ਨਹੀਂ ਬਚਾ ਸਕੇਗਾ।
ਅਵੀ ਲਈ ਉਨ੍ਹਾਂ ਦੇ ਦੁੱਖ ਦੇ ਅੰਦਰ ਵੀ ਦ੍ਰਿੜਤਾ ਹੈ। ਉਹ ਗੱਤੇ ਦੇ ਡੱਬੇ ਵਿੱਚ ਰੱਖੀਆਂ ਆਪਣੇ ਪੁੱਤਰ ਦੀਆਂ ਡਾਇਰੀਆਂ ਅਤੇ ਯਾਦਾਂ ਨੂੰ ਨਿਹਾਰਦੇ ਹਨ।
ਉਹ ਕਹਿੰਦੇ ਹਨ ਕਿ ਉਹ ਜਦੋਂ ਤੱਕ ਰੀਫ਼ ਨੂੰ ਇੱਕ ਬੱਚਾ ਨਹੀਂ ਦੇ ਦਿੰਦੇ ਅਰਾਮ ਨਾਲ ਨਹੀਂ ਬੈਠਣਗੇ: “ਅਜਿਹਾ ਹੋਵੇਗਾ... ਅਤੇ ਉਸਦੇ ਬੱਚਿਆਂ ਨੂੰ ਇਹ ਬਕਸਾ ਨਿਲੇਗਾ।”