You’re viewing a text-only version of this website that uses less data. View the main version of the website including all images and videos.
ਭਾਰਤ-ਪਾਕ ਪ੍ਰੇਮ ਕਹਾਣੀ : ਪਬਜੀ ਤੋਂ ਸ਼ੁਰੂ ਹੋਈ, ਭਾਰਤੀ ਜੇਲ੍ਹ ਵਿੱਚ ਖ਼ਤਮ
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਇਕ ਛੋਟਾ ਜਿਹਾ ਕਮਰਾ, ਬਿਨਾਂ ਬਿਸਤਰਿਆਂ ਦੇ ਦੋ ਮੰਜੇ, ਸਾਹਮਣੇ ਕੰਧ 'ਚ ਬਣੇ ਖਾਨੇ 'ਚ ਚਿਣ ਕੇ ਰੱਖੇ ਛੇ ਕੱਪ ਅਤੇ ਛੇ ਕਟੋਰੇ, ਕੁਝ ਮਸਲਿਆਂ ਦੇ ਡੱਬੇ ਅਤੇ ਕੁਝ ਹੋਰ ਜ਼ਰੂਰੀ ਚੀਜ਼ਾਂ।
ਇਹੀ ਕਮਰਾ ਪਾਕਿਸਤਾਨੀ ਨਾਗਰਿਕ ਸੀਮਾ ਗ਼ੁਲਾਮ ਹੈਦਰ ਦੀ ਪੂਰੀ ਦੁਨੀਆਂ ਬਣ ਗਿਆ ਸੀ। ਇੱਥੇ ਸੀਮਾ ਆਪਣੇ ਚਾਰ ਬੱਚਿਆਂ ਸਮੇਤ ਸਚਿਨ ਮੀਣਾ ਕੋਲ ਪਿਛਲੇ ਡੇਢ ਮਹੀਨੇ ਤੋਂ ਰਹਿ ਰਹੇ ਸਨ।
ਗ੍ਰੇਟਰ ਨੋਇਡਾ ਦਾ ਇਹ ਕਮਰਾ ਹੁਣ ਖਾਲੀ ਪਿਆ ਹੈ। ਜਲਦਬਾਜ਼ੀ 'ਚ ਸੀਮਾ ਆਪਣੀਆਂ ਵਾਲ਼ੀਆਂ ਤੇ ਝਾਂਜਰਾਂ ਵੀ ਇੱਥੇ ਹੀ ਛੱਡ ਗਏ ਹਨ, ਜੋ ਪਿਆਰ ਦੀ ਹੈਰਾਨੀਜਨਕ ਕਹਾਣੀ ਬਿਆਨ ਕਰ ਰਹੇ ਹਨ।
ਪਬਜੀ ਗੇਮ ਖੇਡਦੇ ਹੋਏ ਪਾਕਿਸਤਾਨ ਦੇ ਨਾਗਰਿਕ ਸੀਮਾ ਗ਼ੁਲਾਮ ਹੈਦਰ ਭਾਰਤ 'ਚ ਰਹਿਣ ਵਾਲੇ ਸਚਿਨ ਮੀਣਾ ਨੂੰ ਆਪਣਾ ਦਿਲ ਦੇ ਬੈਠੇ ਸਨ।
ਆਨਲਾਈਨ ਗੇਮ ਖੇਡਦੇ ਹੋਏ ਉਨ੍ਹਾਂ ਦਾ ਪਿਆਰ ਇਸ ਹੱਦ ਤੱਕ ਖਿੜਿਆ ਕਿ ਸੀਮਾ ਆਪਣੇ ਚਾਰ ਬੱਚਿਆਂ ਸਮੇਤ ਬਿਨਾਂ ਵੀਜ਼ੇ ਦੇ ਹੀ ਸਰਹੱਦ ਪਾਰ ਕਰਕੇ ਸਚਿਨ ਕੋਲ ਆ ਗਏ।
ਪਰ ਹੁਣ ਇਹ ਪ੍ਰੇਮ ਕਹਾਣੀ ਪੁਲਿਸ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਜਾਲ ਵਿੱਚ ਉਲਝ ਗਈ ਹੈ ਅਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਵਾਲ ਇਹ ਹੈ ਕਿ ਸੀਮਾ ਗ਼ੁਲਾਮ ਹੈਦਰ ਬਿਨਾਂ ਵੀਜ਼ਾ ਭਾਰਤ ਪਹੁੰਚੀ ਕਿਵੇਂ?
ਸੀਮਾ ਪਾਕਿਸਤਾਨ ਵਿੱਚ ਕਿੱਥੇ ਰਹਿੰਦੇ ਸਨ, ਦੋਹਾਂ ਦੀ ਪ੍ਰੇਮ ਕਹਾਣੀ ਕਿਵੇਂ ਸ਼ੁਰੂ ਹੋਈ, ਦੋਵਾਂ ਨੇ ਡੇਢ ਮਹੀਨਾ ਕਿਰਾਏ ਦੇ ਕਮਰੇ 'ਚ ਕਿਵੇਂ ਗੁਜ਼ਾਰਿਆ ਅਤੇ ਪਰਿਵਾਰ ਦੇ ਮਨਾਉਣ 'ਤੇ ਵੀ ਸਚਿਨ ਕਿਉਂ ਨਹੀਂ ਮੰਨੇ?
ਪਬਜੀ ਗੇਮ ਨਾਲ ਸ਼ੁਰੂ ਹੋਈ ਗੱਲਬਾਤ
ਪਤੀ ਦੇ ਸਾਊਦੀ ਅਰਬ ਜਾਣ ਤੋਂ ਬਾਅਦ, ਪਾਕਿਸਤਾਨ ਵਿੱਚ ਸੀਮਾ ਇਕੱਲੇ ਹੋ ਗਏ ਸਨ ਅਤੇ ਆਪਣਾ ਜ਼ਿਆਦਾਤਰ ਸਮਾਂ ਔਨਲਾਈਨ ਗੇਮ ਪਬਜੀ ਖੇਡਦੇ ਹੋਏ ਬਿਤਾਉਣ ਲੱਗੇ ਸਨ।
ਇਹੀ ਉਹ ਸਮਾਂ ਸੀ ਜਦੋਂ ਸੀਮਾ ਦੀ ਮੁਲਾਕਾਤ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਰਹਿਣ ਵਾਲੇ ਸਚਿਨ ਮੀਣਾ ਨਾਲ ਗੇਮ ਖੇਡਦੇ ਦੌਰਾਨ ਹੋਈ।
ਸੀਮਾ ਕਹਿੰਦੇ ਹਨ, "ਮੈਂ ਦਿਨ ਵਿੱਚ ਦੋ ਤੋਂ ਤਿੰਨ ਘੰਟੇ ਪਬਜੀ ਖੇਡਦੀ ਸੀ ਅਤੇ ਸਚਿਨ ਨਾਲ ਮੇਰੀ ਜਾਣ-ਪਛਾਣ ਪਬਜੀ ਖੇਡਦੇ ਦੌਰਾਨ ਹੀ ਹੋਈ।"
ਦੋਵਾਂ ਨੇ ਇੱਕ-ਦੂਜੇ ਦੇ ਨੰਬਰ ਲਏ ਅਤੇ ਘੰਟਿਆਂ ਬੱਧੀ ਫੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕਰੀਬ ਤਿੰਨ ਸਾਲ ਤੱਕ ਦੋਹਾਂ ਦਾ ਪਿਆਰ ਗੂੜ੍ਹਾ ਹੁੰਦਾ ਗਿਆ।
ਅੰਤ ਵਿੱਚ ਸੀਮਾ ਗ਼ੁਲਾਮ ਹੈਦਰ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਸਚਿਨ ਨਾਲ ਹੀ ਰਹਿਣਾ ਚਾਹੁੰਦੇ ਹਨ।
ਸੀਮਾ ਹੈਦਰ ਦੀ ਸਚਿਨ ਨਾਲ ਪਹਿਲੀ ਮੁਲਾਕਾਤ
ਸੀਮਾ ਗ਼ੁਲਾਮ ਹੈਦਰ ਨੇ ਇੱਕ ਵੱਡਾ ਫੈਸਲਾ ਲਿਆ। ਸਚਿਨ ਨੂੰ ਮਿਲਣ ਲਈ ਸੀਮਾ ਨੇਪਾਲ ਦਾ ਟੂਰਿਸਟ ਵੀਜ਼ਾ ਲੈ ਕੇ ਸ਼ਾਰਜਾਹ ਦੇ ਰਸਤੇ ਕਾਠਮਾਂਡੂ ਪਹੁੰਚੇ।
ਗ੍ਰਿਫਤਾਰ ਹੋਣ ਤੋਂ ਬਾਅਦ ਸਚਿਨ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ''ਉਹ (ਸੀਮਾ) ਨੇਪਾਲ ਆਈ ਸੀ। ਅਸੀਂ 10 ਮਾਰਚ ਨੂੰ ਨੇਪਾਲ ਵਿੱਚ ਮਿਲੇ ਸੀ। ਉੱਥੇ ਅਸੀਂ ਕੁਝ ਦਿਨ ਇਕੱਠੇ ਰਹੇ ਅਤੇ ਸੀਮਾ ਵਾਪਸ ਪਾਕਿਸਤਾਨ ਚਲੀ ਗਈ।''
ਪੁਲਿਸ ਮੁਤਾਬਕ, ਸੀਮਾ ਨੇ ਸੱਤ ਦਿਨ ਸਚਿਨ ਨਾਲ ਕਾਠਮਾਂਡੂ ਦੇ ਇੱਕ ਹੋਟਲ ਵਿੱਚ ਬਿਤਾਏ ਅਤੇ ਵਾਪਸ ਚਲੇ ਗਏ।
ਬਿਨਾਂ ਵੀਜ਼ਾ ਦੇ ਭਾਰਤ 'ਚ ਹੋਏ ਦਾਖ਼ਲ
ਪਹਿਲੀ ਮੁਲਾਕਾਤ ਤੋਂ ਬਾਅਦ ਸੀਮਾ ਵਾਪਸ ਤਾਂ ਚਲੇ ਗਏ ਪਰ ਅਜੇ ਹੋਰ ਵੱਡੇ ਕਦਮ ਚੁੱਕਣੇ ਬਾਕੀ ਸਨ।
ਸੀਮਾ ਗ਼ੁਲਾਮ ਹੈਦਰ ਨੇ ਕਰੀਬ ਦੋ ਮਹੀਨਿਆਂ ਬਾਅਦ ਮੁੜ ਨੇਪਾਲ ਦਾ ਟੂਰਿਸਟ ਵੀਜ਼ਾ ਲਗਵਾਇਆ ਪਰ ਇਸ ਵਾਰ ਸੀਮਾ ਦੇ ਨਾਲ ਉਨ੍ਹਾਂ ਦੇ ਚਾਰ ਨਾਬਾਲਗ ਬੱਚੇ ਵੀ ਸਨ।
ਉਹ ਸ਼ਾਰਜਾਹ ਤੋਂ ਨੇਪਾਲ ਪਹੁੰਚੇ ਅਤੇ ਉਥੋਂ ਬੱਸ ਫੜ੍ਹ ਕੇ ਦਿੱਲੀ ਆ ਗਏ। ਪੁਲਿਸ ਨੇ ਸੀਮਾ ਅਤੇ ਸਚਿਨ ਕੋਲੋਂ ਪੋਖਰਾ, ਕਾਠਮਾਂਡੂ ਤੋਂ ਦਿੱਲੀ ਜਾਣ ਵਾਲੀ ਬੱਸ ਦੀ ਟਿਕਟ ਵੀ ਬਰਾਮਦ ਕੀਤੀ ਹੈ।
ਗ੍ਰੇਟਰ ਨੋਇਡਾ ਦੇ ਡੀਸੀਪੀ ਸਾਦ ਮੀਆਂ ਖਾਨ ਨੇ ਦੱਸਿਆ, “ਸੀਮਾ ਮੂਲ ਰੂਪ ਵਿੱਚ ਸਿੰਧ ਦੀ ਰਹਿਣ ਵਾਲੀ ਹੈ, ਜੋ ਕਰਾਚੀ ਵਿੱਚ ਰਹਿੰਦੀ ਸੀ। ਉਸ ਨੇ ਯੂ-ਟਿਊਬ ਵੀਡੀਓ ਦੇਖੀ ਅਤੇ ਟਰੈਵਲ ਏਜੰਟ ਰਾਹੀਂ ਨੇਪਾਲ ਦੀ ਟਿਕਟ ਬੁੱਕ ਕਰਵਾਈ। ਨੇਪਾਲ ਤੋਂ ਉਹ ਬੱਸ ਰਾਹੀਂ ਸਚਿਨ ਨੂੰ ਮਿਲਣ ਆਈ ਸੀ।''
ਸਾਦ ਮੀਆਂ ਮੁਤਾਬਕ, ਸੀਮਾ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਉਨ੍ਹਾਂ ਨੇ ਸਚਿਨ ਨਾਲ ਹੀ ਰਹਿਣਾ ਹੈ।
ਉਨ੍ਹਾਂ ਦੱਸਿਆ ਕਿ ਸੀਮਾ ਕੋਲ ਇੱਕ ਪਲਾਟ ਸੀ। ਪੂਰੀ ਤਰ੍ਹਾਂ ਭਾਰਤ ਸ਼ਿਫਟ ਹੋਣ ਲਈ ਸੀਮਾ ਨੇ ਉਹ ਪਲਾਟ ਬਾਰਾਂ ਲੱਖ ਰੁਪਏ ਵਿੱਚ ਵੇਚ ਦਿੱਤਾ ਸੀ।
ਉੱਧਰ ਸੀਮਾ ਦੇ ਲਾਪਤਾ ਹੋਣ 'ਤੇ ਪਤੀ ਹੋਏ ਪ੍ਰੇਸ਼ਾਨ
ਇੱਕ ਪਾਸੇ ਜਿੱਥੇ ਸੀਮਾ ਆਪਣੇ ਪਿਆਰ ਨੂੰ ਪਰਵਾਨ ਚੜ੍ਹਾਉਣ ਸਰਹੱਦਾਂ ਲੰਘ ਭਾਰਤ ਪਹੁੰਚ ਚੁੱਕੇ ਸਨ, ਦੂਜੇ ਪਾਸੇ ਸਾਊਦੀ ਅਰਬ 'ਚ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਇਸ ਤਰ੍ਹਾਂ ਲਾਪਤਾ ਹੋਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਸਨ।
ਗੁਲਾਮ ਹੈਦਰ ਮੁਤਾਬਕ, 9 ਮਈ ਦੀ ਘਟਨਾ ਤੋਂ ਬਾਅਦ ਜਦੋਂ ਇੰਟਰਨੈੱਟ ਬੰਦ ਹੋ ਗਿਆ ਤਾਂ ਉਨ੍ਹਾਂ ਦਾ ਫੋਨ 'ਤੇ ਪਤਨੀ ਨਾਲ ਸੰਪਰਕ ਟੁੱਟ ਗਿਆ।
ਚੇਤੇ ਹੋਵੇ ਕਿ 9 ਮਈ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਦੇ ਸਮਰਥਕਾਂ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਪਾਕਿਸਤਾਨ ਸਰਕਾਰ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਇੰਟਰਨੈਟ 'ਤੇ ਪਾਬੰਦੀ ਲਗਾ ਦਿੱਤੀ ਸੀ।
ਸੀਮਾ ਨਾਲ ਗੱਲ ਨਾ ਹੋਣ ‘ਤੇ ਹੈਦਰ ਨੇ ਸੀਮਾ ਦੇ ਭਰਾ ਨਾਲ ਗੱਲ ਕੀਤੀ। ਜਦੋਂ ਸੀਮਾ ਦਾ ਭਰਾ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਸ ਨੂੰ ਮਕਾਨ ਮਾਲਕ ਤੋਂ ਪਤਾ ਲੱਗਾ ਕਿ ਸੀਮਾ ਇਹ ਕਹਿ ਕੇ ਚਲੀ ਗਈ ਸੀ ਕਿ ਉਹ ਆਪਣੇ ਪਿੰਡ ਵਿੱਚ ਮਕਾਨ ਖਰੀਦਣ ਜਾ ਰਹੀ ਹੈ ਅਤੇ ਉਦੋਂ ਤੋਂ ਵਾਪਸ ਨਹੀਂ ਆਈ।
ਗ਼ੁਲਾਮ ਹੈਦਰ ਅਨੁਸਾਰ, ਉਨ੍ਹਾਂ ਦੀ ਪਤਨੀ ਨੇ ਘਰ ਵੇਚ ਦਿੱਤਾ ਅਤੇ ਸਾਰੇ ਗਹਿਣੇ ਤੇ ਬੱਚੇ ਆਪਣੇ ਨਾਲ ਲੈ ਕੇ ਚਲੀ ਗਈ।ਉਹ ਕਹਿੰਦੇ ਹਨ ਕਿ ਇਸ ਦੌਰਾਨ ਉਨ੍ਹਾਂ ਨੂੰ ਕਦੇ ਕੋਈ ਸ਼ੱਕ ਨਹੀਂ ਹੋਇਆ।
ਉਨ੍ਹਾਂ ਨੂੰ ਆਪਣੇ ਜਾਣਕਾਰਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਦੁਬਈ ਗਈ ਹੈ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਨੇਪਾਲ ਗਈ ਹੈ, ਫਿਰ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਕਿ ਉਹ ਭਾਰਤ ਦੀ ਜੇਲ੍ਹ ਵਿਚ ਬੰਦ ਹੈ।
ਪਾਕਿਸਤਾਨ 'ਚ ਸੀਮਾ ਨੇ ਕੀਤੀ ਸੀ ਲਵ ਮੈਰਿਜ
ਇਸ ਸਮੇਂ ਸਾਊਦੀ ਅਰਬ 'ਚ ਰਹਿ ਰਹੇ ਸੀਮਾ ਦੇ ਪਤੀ ਗ਼ੁਲਾਮ ਹੈਦਰ ਜਖ਼ਰਾਨੀ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਸੀਮਾ ਰਿੰਦ ਨੇ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਉਨ੍ਹਾਂ ਨਾਲ ਲਵ ਮੈਰਿਜ ਕੀਤੀ ਸੀ।
ਬਾਅਦ ਵਿੱਚ ਜਦੋਂ ਰਿੰਦ ਭਾਈਚਾਰੇ ਨੇ ਉਨ੍ਹਾਂ ਦੇ ਵਿਆਹ ਨੂੰ ਸਵੀਕਾਰ ਕਰ ਲਿਆ ਤਾਂ ਬਾਕੀ ਸਾਰਿਆਂ ਨੇ ਵੀ ਇਸ ਵਿਆਹ ਨੂੰ ਸਵੀਕਾਰ ਕਰ ਲਿਆ। ਇਸ ਵਿਆਹ ਤੋਂ ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ।
ਉਨ੍ਹਾਂ ਦੱਸਿਆ, ਉਨ੍ਹਾਂ ਦਾ ਸੀਮਾ ਨਾਲ ਮਿਸ ਕਾਲ ਰਾਹੀਂ ਸੰਪਰਕ ਹੋਇਆ ਸੀ ਅਤੇ ਫਿਰ ਦੋਵੇਂ ਅਗਲੇ ਤਿੰਨ-ਚਾਰ ਮਹੀਨੇ ਫ਼ੋਨ 'ਤੇ ਗੱਲ ਕਰਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਸੀਮਾ ਰਿੰਦ ਦੇ ਰਿਸ਼ਤੇਦਾਰ ਇਸ ਫੈਸਲੇ ਤੋਂ ਖੁਸ਼ ਨਹੀਂ ਸਨ, ਇਸ ਲਈ ਦੋਵਾਂ ਨੇ ਅਦਾਲਤ ਵਿੱਚ ਵਿਆਹ ਕਰਵਾ ਲਿਆ।
ਗ਼ੁਲਾਮ ਹੈਦਰ ਜਖ਼ਰਾਨੀ ਦੇ ਅਨੁਸਾਰ, ਭਾਈਚਾਰੇ ਵੱਲੋਂ ਅਪਣਾਏ ਜਾਣ ਤੋਂ ਬਾਅਦ ਉਹ ਕਰਾਚੀ ਰਹਿਣ ਲਈ ਚਲੇ ਗਏ, ਜਿੱਥੇ ਸੀਮਾ ਦੇ ਪਿਤਾ ਅਤੇ ਭੈਣ ਪਹਿਲਾਂ ਹੀ ਰਹਿੰਦੇ ਸਨ।
"ਸੀਮਾ ਪਬਜੀ ਗੇਮ ਨਾਲ ਭਟਕ ਗਈ"
ਹੈਦਰ ਨੇ ਦੱਸਿਆ ਕਿ ਉਹ ਉੱਥੇ ਆਟੋ ਰਿਕਸ਼ਾ ਚਲਾਉਂਦੇ ਸਨ, ਘਰ ਵਿੱਚ ਗਰੀਬੀ ਸੀ ਪਰ ਉਨ੍ਹਾਂ ਵਿੱਚ ਕੋਈ ਲੜਾਈ-ਝਗੜਾ ਨਹੀਂ ਸੀ।
ਫਿਰ ਉਹ ਸਾਊਦੀ ਅਰਬ ਚਲੇ ਗਏ ਅਤੇ ਉੱਥੇ ਮਜ਼ਦੂਰੀ ਕਰਕੇ ਆਪਣਾ ਘਰ ਬਣਾਉਣ ਲਈ ਪੈਸੇ ਭੇਜੇ। ਇਸ ਦੌਰਾਨ ਉਹ ਆਪਣੀ ਪਤਨੀ ਨਾਲ ਫੋਨ 'ਤੇ ਗੱਲ ਕਰਦੇ ਰਹੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਘਰ ਛੋਟਾ ਸੀ, ਇਸ ਲਈ ਉਨ੍ਹਾਂ ਦੀ ਪਤਨੀ ਨੇ ਇਹ ਕਹਿ ਕੇ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਕਰ ਲਿਆ ਕਿ ਉਹ ਮੁਰੰਮਤ ਦਾ ਕੰਮ ਖਤਮ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਆ ਜਾਵੇਗੀ।
ਗੁਲਾਮ ਹੈਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਪਬਜੀ ਗੇਮ ਦੇ ਕਾਰਨ ਭਟਕ ਗਈ ਸੀ ਅਤੇ ਉਸ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਵਾਪਸ ਲੈ ਕੇ ਆਉਣਾ ਚਾਹੀਦਾ ਹੈ।
ਹਾਲਾਂਕਿ, ਸੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ, ਜਦਕਿ ਗ਼ੁਲਾਮ ਹੈਦਰ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਤਲਾਕ ਨਹੀਂ ਦਿੱਤਾ ਅਤੇ ਉਹ ਸੀਮਾ ਨੂੰ ਪਿਆਰ ਕਰਦੇ ਹਨ। ਉਹ ਉਸ 'ਤੇ ਇੰਨਾ ਭਰੋਸਾ ਕਰਦੇ ਹਨ ਕਿ ਉਨ੍ਹਾਂ ਦਾ ਘਰ ਵੀ ਪਤਨੀ ਦੇ ਨਾਮ 'ਤੇ ਹੀ ਸੀ।
- ਪਾਕਿਸਤਾਨੀ ਨਾਗਰਿਕ ਸੀਮਾ ਗ਼ੁਲਾਮ ਹੈਦਰ ਅਤੇ ਨੋਇਡਾ ਵਾਸੀ ਉਨ੍ਹਾਂ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ
- ਲਗਭਗ ਡੇਢ ਮਹੀਨੇ ਪਹਿਲਾਂ ਸੀਮਾ ਗੈਰ ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਏ ਸਨ
- ਉਸ ਤੋਂ ਬਾਅਦ ਉਹ ਹਿੰਦੂ ਮਹਿਲਾ ਬਣ ਕੇ ਸਚਿਨ ਦੇ ਨਾਲ ਨੋਇਡਾ ਦੇ ਇੱਕ ਫਲੈਟ 'ਚ ਕਿਰਾਏ 'ਤੇ ਰਹੀ ਰਹੇ ਸਨ
- ਭਾਰਤ ਵਿੱਚ, ਪੁਲਿਸ ਨੂੰ ਸੀਮਾ ਬਾਰੇ ਸੂਹ ਲੱਗ ਗਈ ਸੀ ਅਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
- ਸੀਮਾ ਦੇ ਚਾਰ ਬੱਚੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਬਜੀ ਖੇਡਣ ਦੌਰਾਨ ਉਨ੍ਹਾਂ ਦਾ ਸਚਿਨ ਨਾਲ ਪਿਆਰ ਪਿਆ
- ਦੂਜੇ ਪਸੇ, ਸੀਮਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਪਬਜੀ ਗੇਮ ਕਾਰਨ ਭਟਕ ਗਏ ਸਨ ਅਤੇ ਉਨ੍ਹਾਂ ਨੂੰ ਵਾਪਿਸ ਲੈ ਕੇ ਆਇਆ ਜਿਵੇ
- ਹਾਲਾਂਕਿ, ਸੀਮਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ ਤੇ ਉਹ ਸਚਿਨ ਨਾਲ ਵਿਆਹ ਕਰਨਾ ਚਾਹੁੰਦੇ ਹਨ
ਸੀਮਾ ਦੇ ਸਹੁਰੇ ਨੇ ਕੀ ਦੱਸਿਆ?
ਸੀਮਾ ਗ਼ੁਲਾਮ ਹੈਦਰ ਦੇ ਸਹੁਰੇ ਮੀਰ ਜਾਨ ਜਖਰਾਨੀ ਨੇ ਬੀਬੀਸੀ ਉਰਦੂ ਦੇ ਰਿਆਜ਼ ਸੁਹੇਲ ਨੂੰ ਜੈਕਬਾਬਾਦ ਤੋਂ ਫ਼ੋਨ 'ਤੇ ਦੱਸਿਆ ਕਿ ਸੀਮਾ ਰਿੰਦ ਨੇ ਉਨ੍ਹਾਂ ਦੇ ਪੁੱਤਰ ਗ਼ੁਲਾਮ ਹੈਦਰ ਜਖਰਾਨੀ ਨਾਲ ਵਿਆਹ ਕੀਤਾ ਸੀ।
ਉਨ੍ਹਾਂ ਦੱਸਿਆ, "ਸੀਮਾ ਦੇ ਰਿਸ਼ਤੇਦਾਰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹਨ, ਜਿੱਥੇ ਉਨ੍ਹਾਂ ਦਾ ਮੁੰਡਾ ਇਸ ਕੁੜੀ ਦੇ ਸੰਪਰਕ ਵਿੱਚ ਆਇਆ, ਜਿਸ ਤੋਂ ਬਾਅਦ ਮੁੰਡਾ ਖੈਰਪੁਰ ਦੇ ਕੋਟ ਬੰਗਲੇ 'ਚ ਕੁੜੀ ਦੇ ਘਰ ਗਿਆ ਅਤੇ ਉਨ੍ਹਾਂ ਨੇ 2014 ਵਿੱਚ ਵਿਆਹ ਕਰ ਲਿਆ।"
ਮੀਰ ਜਾਨ ਦੇ ਅਨੁਸਾਰ, ਉਨ੍ਹਾਂ ਦੇ ਕਰਾਚੀ ਜਾਣ ਤੋਂ ਬਾਅਦ, ਹੈਦਰ ਸਾਊਦੀ ਚਲਾ ਗਿਆ ਤੇ ਸੀਮਾ ਦੇ ਪਿਤਾ, ਜੋ ਉਨ੍ਹਾਂ ਨਾਲ ਰਹਿੰਦੇ ਸਨ, ਉਨ੍ਹਾਂ ਦੀ ਵੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ 9 ਮਈ ਤੋਂ ਬਾਅਦ ਜਦੋਂ ਇੰਟਰਨੈੱਟ ਸੇਵਾ ਬਹਾਲ ਹੋਣ ਤੋਂ ਬਾਅਦ ਵੀ ਹੈਦਰ ਦੀ ਆਪਣੀ ਪਤਨੀ ਨਾਲ ਗੱਲ ਨਾ ਹੋ ਸਕੀ ਤਾਂ ਸੀਮਾ ਦੇ ਭਰਾ ਨਾਲ ਸੰਪਰਕ ਕੀਤਾ ਗਿਆ, ਪਰ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਵੀ ਸੀਮਾ ਅਤੇ ਬੱਚਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।
ਕਰਾਚੀ ਜਾ ਕੇ ਸਹੁਰੇ ਨੇ ਕੀ ਦੇਖਿਆ?
ਇੱਧਰ ਮੀਰ ਜਾਨ ਵੀ ਆਪਣੇ ਪੁੱਤਰ ਦੇ ਕਹਿਣ 'ਤੇ ਕਰਾਚੀ ਚਲੇ ਗਏ ਅਤੇ ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਨੇ ਘਰ ਵੇਚ ਕੇ ਸਾਰਾ ਸਾਮਾਨ ਕਿਰਾਏ ਦੇ ਮਕਾਨ ਵਿੱਚ ਰੱਖ ਦਿੱਤਾ ਹੈ।
ਮੀਰ ਜਾਨ ਅਨੁਸਾਰ, ਉਨ੍ਹਾਂ ਦੇ ਪੁੱਤਰ ਨੇ ਸੀਮਾ ਦੇ ਕਹਿਣ 'ਤੇ ਸੱਤ ਲੱਖ ਰੁਪਏ ਭੇਜੇ ਸਨ। ਸੀਮਾ ਉਹ ਪੈਸੇ ਅਤੇ ਸੱਤ ਤੋਲੇ ਸੋਨੇ ਦੇ ਗਹਿਣਿਆਂ ਸਮੇਤ ਗਾਇਬ ਹੈ ਅਤੇ ਉਸ ਦਾ ਅਤੇ ਬੱਚਿਆਂ ਦਾ ਕੋਈ ਪਤਾ ਨਹੀਂ ਹੈ।
ਮੀਰ ਜਾਨ ਨੇ ਮਲੇਰ ਕੈਂਟ ਥਾਣੇ ਵਿੱਚ ਆਪਣੀ ਨੂੰਹ ਅਤੇ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨੂੰਹ (ਜਿਸ ਨੇ ਹਾਲ ਹੀ ਵਿੱਚ ਕਿਰਾਏ ’ਤੇ ਮਕਾਨ ਲਿਆ ਸੀ) ਨੇ ਮਕਾਨ ਮਾਲਕ ਨੂੰ ਕਿਹਾ ਸੀ ਕਿ ਉਹ ਘਰ ਖਰੀਦਣ ਲਈ ਆਪਣੇ ਪਿੰਡ ਜਾ ਰਹੀ ਹੈ ਅਤੇ ਕੁਝ ਦਿਨਾਂ ਵਿੱਚ ਵਾਪਸ ਆ ਜਾਵੇਗੀ।
ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਪਿੰਡ 'ਚ ਗੱਲ ਕੀਤੀ ਸੀ ਪਰ ਉਹ (ਸੀਮਾ) ਉੱਥੇ ਵੀ ਨਹੀਂ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਨੌਨ ਕਾਗਨਿਜ਼ੇਬਲ ਰਿਪੋਰਟ ਦਰਜ ਕਰ ਲਈ ਹੈ।
ਇੱਧਰ ਭਾਰਤ 'ਚ ਸਚਿਨ ਨਾਲ ਰਹਿਣ ਲੱਗੀ ਸੀ ਸੀਮਾ
ਸਚਿਨ ਉੱਤਰ ਪ੍ਰਦੇਸ਼ 'ਚ ਗ੍ਰੇਟਰ ਨੋਇਡਾ ਦੇ ਰਬੂਪੁਰਾ ਦੇ ਰਹਿਣ ਵਾਲੇ ਹਨ। ਇਸ ਕਸਬੇ ਵਿੱਚ ਸਚਿਨ ਨੇ ਸੀਮਾ ਅਤੇ ਉਸ ਦੇ ਬੱਚਿਆਂ ਨੂੰ ਆਪਣੇ ਨਾਲ ਰੱਖਣ ਦੀ ਪੂਰੀ ਤਿਆਰੀ ਕਰ ਲਈ ਸੀ।
ਸੀਮਾ ਦੇ ਆਉਣ ਤੋਂ ਦੋ ਦਿਨ ਪਹਿਲਾਂ ਸਚਿਨ ਨੇ ਰਬੂਪੁਰਾ ਦੇ ਅੰਬੇਡਕਰ ਮੁਹੱਲੇ ਵਿੱਚ ਗਿਰਜੇਸ਼ ਨਾਲ ਸੰਪਰਕ ਕੀਤਾ ਕਿ ਉਨ੍ਹਾਂ ਨੂੰ ਕਿਰਾਏ ’ਤੇ ਇੱਕ ਕਮਰਾ ਚਾਹੀਦਾ ਹੈ।
ਗਿਰਜੇਸ਼ ਦੇ ਘਰ ਕਈ ਕਿਰਾਏਦਾਰ ਰਹਿੰਦੇ ਹਨ। ਦੋ ਮੰਜ਼ਿਲਾ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਕਿਰਾਏਦਾਰਾਂ ਲਈ ਛੇ ਕਮਰੇ ਹਨ। ਗਿਰਜੇਸ਼ ਨੇ ਸਚਿਨ ਨੂੰ 2500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਮਰਾ ਦੇ ਦਿੱਤਾ।
ਗਿਰਜੇਸ਼ ਦੱਸਦੇ ਹਨ, “ਸਾਡਾ ਕਮਰਾ ਖਾਲੀ ਪਿਆ ਸੀ, ਇਸ ਲਈ ਅਸੀਂ ਉਸ ਨੂੰ ਦੇ ਦਿੱਤਾ। ਸਚਿਨ 13 ਮਈ ਤੋਂ ਚਾਰ-ਪੰਜ ਦਿਨ ਪਹਿਲਾਂ ਕਮਰੇ ਦੀ ਗੱਲ ਕਰਕੇ ਚਲਾ ਗਿਆ ਸੀ। ਉਸ ਨੇ ਕੋਰਟ ਮੈਰਿਜ ਬਾਰੇ ਦੱਸਦਿਆਂ ਕਿਹਾ ਸੀ ਕਿ ਉਸ ਦੀ ਪਤਨੀ ਅਤੇ ਬੱਚੇ ਕਮਰੇ ਵਿੱਚ ਰਹਿਣਗੇ।''
''ਸਚਿਨ ਨੇ ਮਹਿਲਾ ਬਾਰੇ ਦੱਸਿਆ ਸੀ ਕਿ ਉਹ ਯੂਪੀ ਦੇ ਸ਼ਿਕਾਰਪੁਰ ਦੀ ਰਹਿਣ ਵਾਲੀ ਹੈ ਅਤੇ ਉਹ ਸਾਡੇ ਕਸਬੇ ਦਾ ਹੀ ਸੀ, ਇਸ ਲਈ ਸ਼ੱਕ ਕਰਨ ਦੀ ਕੋਈ ਗੱਲ ਹੀ ਨਹੀਂ ਸੀ।''
ਸਚਿਨ, ਸੀਮਾ ਅਤੇ ਉਨ੍ਹਾਂ ਦੇ ਚਾਰ ਬੱਚਿਆਂ ਨਾਲ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿਣ ਲੱਗ ਪਏ। ਉਹ ਨੇੜੇ ਹੀ ਇੱਕ ਕਰਿਆਨੇ ਦੀ ਦੁਕਾਨ ’ਤੇ ਕਰੀਬ ਛੇ ਹਜ਼ਾਰ ਰੁਪਏ ਵਿੱਚ ਕੰਮ ਕਰਦੇ ਸਨ।
ਗਿਰਜੇਸ਼ ਦੱਸਦੇ ਹਨ, ''ਸੀਮਾ ਦੀਆਂ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਸੀ। ਮੁੰਡਾ ਸਭ ਤੋਂ ਵੱਡਾ ਸੀ, ਜਿਸ ਦੀ ਉਮਰ ਅੱਠ ਸਾਲ ਦੇ ਕਰੀਬ ਸੀ ਅਤੇ ਸਭ ਤੋਂ ਛੋਟੀ ਕੁੜੀ ਦੋ ਸਾਲ ਦੀ ਹੋਣੀ।''
ਸੀਮਾ ਗ਼ੁਲਾਮ ਹੈਦਰ ਹਿੰਦੂ ਬਣ ਕੇ ਰਹਿ ਰਹੇ ਸਨ
ਮਕਾਨ ਮਾਲਕ ਗਿਰਜੇਸ਼ ਅਤੇ ਹੋਰ ਕਿਰਾਏਦਾਰਾਂ ਨੇ ਸੀਮਾ ਗ਼ੁਲਾਮ ਹੈਦਰ ਦੇ ਧਰਮ ਅਤੇ ਨਾਗਰਿਕਤਾ 'ਤੇ ਕਦੇ ਸ਼ੱਕ ਨਹੀਂ ਕੀਤਾ। ਇਸ ਦਾ ਕਾਰਨ ਇਹ ਸੀ ਕਿ ਉਹ ਹਿੰਦੂ ਮਹਿਲਾ ਵਾਂਗ ਰਹਿੰਦੇ ਸਨ।
ਗਿਰਜੇਸ਼ ਦੇ ਪਤਨੀ ਰਾਜਕੁਮਾਰੀ ਦੱਸਦੇ ਹਨ, “ਅਸੀਂ ਉਸ ਨਾਲ ਕਾਫ਼ੀ ਗੱਲ ਕਰਦੇ ਸੀ। ਪੁਲਿਸ ਦੇ ਆਉਣ 'ਤੇ ਹੀ ਸਾਨੂੰ ਸੱਚਾਈ ਦਾ ਪਤਾ ਲੱਗਾ। ਉਹ ਪੂਰਾ ਮੇਕਅੱਪ ਕਰਦੀ ਸੀ, ਬਿੰਦੀ ਲਗਾ ਕੇ ਰੱਖਦੀ ਸੀ, ਕਦੇ-ਕਦੇ ਉਹ ਆਪਣੀ ਮਾਂਗ 'ਚ ਸਿੰਦੂਰ ਵੀ ਭਰਦੀ ਸੀ।''
ਇਸ ਡੇਢ ਮਹੀਨੇ 'ਚ ਈਦ ਵੀ ਆਈ ਪਰ ਸੀਮਾ ਗ਼ੁਲਾਮ ਹੈਦਰ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ 'ਤੇ ਲੋਕ ਸ਼ੱਕ ਕਰਨ।
ਰਾਜਕੁਮਾਰੀ ਦੱਸਦੇ ਹਨ, “ਉਹ ਪੂਜਾ-ਪਾਠ ਨਹੀਂ ਕਰਦੀ ਸੀ। ਨਾ ਹੀ ਉਸ ਨੇ ਈਦ 'ਤੇ ਅਜਿਹਾ ਕੁਝ ਕੀਤਾ, ਜਿਸ ਨਾਲ ਸਾਨੂੰ ਸ਼ੱਕ ਹੁੰਦਾ। ਉਸ ਦੇ ਘਰ ਸਾਦੀ ਦਾਲ, ਸਬਜ਼ੀ ਤੇ ਰੋਟੀ ਹੀ ਬਣਦੀ ਸੀ, ਅਸੀਂ ਕਦੇ ਨਹੀਂ ਦੇਖਿਆ ਕਿ ਉਸ ਦੇ ਇੱਥੇ ਕਦੇ ਚਿਕਨ ਬਣਿਆ ਹੋਵੇ।''
ਰਾਜਕੁਮਾਰੀ ਦੇ ਸੱਸ ਭਗਵਤੀ ਕਹਿੰਦੇ ਹਨ, “ਉਹ ਹਿੰਦੂ ਬਣ ਕੇ ਰਹਿੰਦੀ ਸੀ, ਚੂੜੀਆਂ, ਬਿੰਦੀ ਅਤੇ ਪੈਰਾਂ 'ਚ ਬਿਛੂਏ ਤੱਕ ਪਹਿਨਦੀ ਸੀ। ਆਖ਼ਰੀ ਦੋ ਦਿਨਾਂ 'ਚ ਤਾਂ ਉਸ ਨੇ ਸਾੜ੍ਹੀ ਵੀ ਪਹਿਨੀ ਸੀ, ਪਰ ਜ਼ਿਆਦਾਤਰ ਉਹ ਸੂਟ-ਸਲਵਾਰ ਪਹਿਨਦੀ ਸੀ। ਉਸ ਦੇ ਬੱਚੇ ਅਤੇ ਉਹ ਦੇਖਣ ਵਿੱਚ ਬਹੁਤ ਸੁੰਦਰ ਸਨ।''
ਮਕਾਨ ਮਾਲਕ ਗਿਰਜੇਸ਼ ਮੁਤਾਬਕ, ਕਦੇ-ਕਦੇ ਸੀਮਾ ਅਤੇ ਸਚਿਨ ਬੀੜੀ ਪੀਣ ਨੂੰ ਲੈ ਕੇ ਲੜਾਈ-ਝਗੜਾ ਕਰਦੇ ਸਨ। ਗਿਰਜੇਸ਼ ਦੱਸਦੇ ਹਨ ਕਿ ਸਚਿਨ ਨੂੰ ਸੀਮਾ ਦਾ ਬੀੜੀ ਪੀਣਾ ਪਸੰਦ ਨਹੀਂ ਸੀ।
ਦੋ ਵਾਰ ਲੜਾਈ ਦੇ ਰੌਲੇ ਕਾਰਨ ਗਿਰਜੇਸ਼ ਨੇ ਸਚਿਨ ਨੂੰ ਕਮਰਾ ਖਾਲੀ ਕਰਨ ਦੀ ਧਮਕੀ ਵੀ ਦਿੱਤੀ ਸੀ।
ਸਚਿਨ ਦੇ ਪਰਿਵਾਰ ਨੂੰ ਪਹਿਲਾਂ ਹੀ ਪਤਾ ਸੀ
ਸੀਮਾ 'ਤੇ ਸ਼ੱਕ ਨਾ ਕਰਨ ਦਾ ਇੱਕ ਹੋਰ ਕਾਰਨ ਸਚਿਨ ਦਾ ਪਰਿਵਾਰ ਵੀ ਸੀ।
ਮਕਾਨ ਮਾਲਕ ਗਿਰਜੇਸ਼ ਦਾ ਕਹਿਣਾ ਹੈ, ''ਸਚਿਨ ਨੇ ਕਮਰਾ ਕਿਰਾਏ 'ਤੇ ਲੈਣ ਤੋਂ ਪਹਿਲਾਂ ਆਪਣੇ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਕਾਪੀ ਦਿੱਤੀ ਸੀ। ਸਚਿਨ ਦੀ ਮਾਂ ਅਤੇ ਪਿਤਾ ਉਸ ਨੂੰ ਮਿਲਣ ਇੱਥੇ ਆਏ ਸਨ। ਸਚਿਨ ਦੀ ਵਿਆਹੀ ਭੈਣ ਵੀ ਸੀਮਾ ਲਈ ਸਾੜ੍ਹੀ ਲੈ ਕੇ ਆਈ ਸੀ। ਮੈਨੂੰ ਲੱਗਿਆ ਕਿ ਜਦੋਂ ਪਰਿਵਾਰ ਵਾਲੇ ਵੀ ਮਿਲਣ ਆ ਰਹੇ ਹਨ ਤਾਂ ਸਭ ਕੁਝ ਠੀਕ ਹੀ ਹੈ।''
ਸਚਿਨ ਦਾ ਆਪਣਾ ਘਰ ਵੀ ਰਾਬੂਪੁਰਾ ਸ਼ਹਿਰ ਵਿੱਚ ਹੈ। ਉਨ੍ਹਾਂ ਦੇ ਪਿਤਾ, ਜੋ ਕਿ ਮਾਲੀ ਦਾ ਕੰਮ ਕਰਦੇ ਹਨ, ਕਿਰਾਏ ਦੇ ਕਮਰੇ ਤੋਂ ਸਿਰਫ਼ ਪੰਜ ਮਿੰਟ ਦੀ ਦੂਰੀ 'ਤੇ ਦੋ ਕਮਰਿਆਂ ਵਾਲੇ ਮਕਾਨ ਵਿੱਚ ਰਹਿੰਦੇ ਹਨ।
ਸਚਿਨ ਦੇ ਚਾਚਾ ਬੀਰਬਲ ਦੱਸਦੇ ਹਨ ਕਿ ਉਨ੍ਹਾਂ ਨੂੰ ਸਚਿਨ ਦੀ ਪ੍ਰੇਮ ਕਹਾਣੀ ਦੀ ਸੂਹ ਬਹੁਤ ਪਹਿਲਾਂ ਲੱਗ ਗਈ ਸੀ, ਪਰ ਸਚਿਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਬੀਰਬਲ ਮੁਤਾਬਕ, “ਛੇ-ਸੱਤ ਮਹੀਨੇ ਪੁਰਾਣੀ ਗੱਲ ਹੈ। ਸਚਿਨ ਘਰ ਦੀ ਛੱਤ 'ਤੇ ਕਿਸੇ ਨਾਲ ਗੱਲਾਂ ਕਰਦਾ ਸੀ। ਇੱਕ ਵਾਰ ਮੈਂ ਉਸ ਨੂੰ ਫੜ੍ਹ ਲਿਆ ਕਿ ਦੋ-ਦੋ ਘੰਟੇ ਫੋਨ 'ਤੇ ਕਿਸ ਨਾਲ ਗੱਲ ਕਰਦਾ ਹੈਂ। ਉਸ ਸਮੇਂ ਉਹ ਕੁਝ ਨਹੀਂ ਬੋਲਿਆ। ਕੁਝ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ।''
“ਫਿਰ ਇੱਕ ਦਿਨ ਮੈਂ ਉਸ ਨੂੰ ਫਿਰ ਫੜ੍ਹ ਲਿਆ। ਉਦੋਂ ਸਚਿਨ ਨੇ ਦੱਸਿਆ ਕਿ ਮੈਂ ਪਬਜੀ ਖੇਡਦਾ ਹਾਂ। ਮੇਰਾ ਪਾਕਿਸਤਾਨ ਦੀ ਕੁੜੀ ਨਾਲ ਅਫੇਅਰ ਹੈ ਅਤੇ ਅਸੀਂ ਦੋਵੇਂ ਪਿਆਰ ਕਰਦੇ ਹਾਂ। ਉਹ ਭਾਰਤ ਆਉਣਾ ਚਾਹੁੰਦੀ ਹੈ। ਮੈਂ ਸਚਿਨ ਦੇ ਸਾਹਮਣੇ ਹੱਥ-ਪੈਰ ਜੋੜ ਕੇ ਕਿਹਾ ਕਿ ਅਸੀਂ ਗਰੀਬ ਲੋਕ ਹਾਂ, ਘਰ 'ਚ ਆਟਾ ਵੀ ਨਹੀਂ ਹੈ। ਇਹ ਕੰਮ ਨਾ ਕਰੋ। ਇਹ ਬਹੁਤ ਮਾੜਾ ਕੰਮ ਹੈ।''
ਹਰਿਆਣਾ ਤੋਂ ਗ੍ਰਿਫਤਾਰ
1 ਜੁਲਾਈ ਨੂੰ ਸੀਮਾ ਹੈਦਰ ਅਤੇ ਸਚਿਨ ਮੀਣਾ ਨੇ ਕਾਹਲੀ-ਕਾਹਲੀ ਆਪਣਾ ਸਮਾਨ ਪੈਕ ਕੀਤਾ 'ਤੇ ਕਮਰਾ ਛੱਡ ਕੇ ਚਲੇ ਗਏ।
ਉਨ੍ਹਾਂ ਨੂੰ ਜ਼ਰੂਰ ਇਹ ਸੂਚਨਾ ਮਿਲੀ ਹੋਵੇਗੀ ਕਿ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੂੰ 4 ਜੁਲਾਈ ਨੂੰ ਹਰਿਆਣਾ ਦੇ ਬੱਲਭਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ।
ਇਸ ਮਾਮਲੇ ਵਿੱਚ ਸਚਿਨ ਦੇ ਪਿਤਾ ਨੇਤਰਪਾਲ ਮੀਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਵੀਡੀਓ ਕੈਸੇਟਾਂ, ਚਾਰ ਮੋਬਾਈਲ ਫ਼ੋਨ, ਇੱਕ ਸਿਮ ਕਾਰਡ, ਇੱਕ ਟੁੱਟਿਆ ਹੋਇਆ ਮੋਬਾਈਲ ਫ਼ੋਨ, ਇੱਕ ਪਰਿਵਾਰਕ ਰਜਿਸਟ੍ਰੇਸ਼ਨ ਸਰਟੀਫਿਕੇਟ, ਚਾਰ ਜਨਮ ਸਰਟੀਫਿਕੇਟ, ਇੱਕ ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ, ਤਿੰਨ ਆਧਾਰ ਕਾਰਡ, ਇੱਕ ਪਾਕਿਸਤਾਨੀ ਨੈਸ਼ਨਲ ਡਾਟਾਬੇਸ ਅਤੇ ਰਜਿਸਟ੍ਰੇਸ਼ਨ ਅਥਾਰਟੀ ਆਫ਼ ਇੰਟੀਰੀਅਲ ਦੀ ਸੂਚੀ, ਛੇ ਪਾਸਪੋਰਟ, ਪੰਜ ਟੀਕਾਕਰਨ ਕਾਰਡ ਅਤੇ ਇੱਕ ਬੱਸ ਟਿਕਟ ਬਰਾਮਦ ਕੀਤੀ ਹੈ।
ਪੁਲਿਸ ਨੇ ਸਚਿਨ ਮੀਣਾ, ਉਨ੍ਹਾਂ ਦੇ ਪਿਤਾ ਨੇਤਰਪਾਲ ਅਤੇ ਸੀਮਾ ਗ਼ੁਲਾਮ ਹੈਦਰ ਦੇ ਖ਼ਿਲਾਫ਼ ਵਿਦੇਸ਼ੀ ਐਕਟ ਦੀ ਧਾਰਾ 14, 120ਬੀ ਅਤੇ ਪਾਸਪੋਰਟ (ਭਾਰਤ ਵਿੱਚ ਦਾਖਲਾ) ਐਕਟ, 1920 ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਸੀਮਾ ਅਤੇ ਸਚਿਨ ਨੇ ਇਕੱਠੇ ਰਹਿਣ ਲਈ ਨਾ ਸਿਰਫ਼ ਸਰਹੱਦਾਂ ਨੂੰ ਪਾਰ ਕੀਤਾ, ਸਗੋਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਵੀ ਧੋਖਾ ਦੇਣ 'ਚ ਕਾਮਯਾਬ ਰਹੇ।
ਸਚਿਨ ਅਤੇ ਸੀਮਾ ਦੋਵੇਂ ਹੁਣ ਸਲਾਖਾਂ ਦੇ ਪਿੱਛੇ ਹਨ, ਫਿਰ ਵੀ ਉਨ੍ਹਾਂ ਦੀ ਉਮੀਦ ਟੁੱਟੀ ਨਹੀਂ ਹੈ, ਕਿਉਂਕਿ ਦੋਵੇਂ ਕਹਿੰਦੇ ਹਨ ਕਿ ਉਹ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਜਾਵੇ।
ਜਦਕਿ ਦੂਜੇ ਪਾਸੇ, ਸੀਮਾ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਬਸ ਆਨਲਾਈਨ ਗੇਮ ਕਾਰਨ ਭਟਕ ਗਈ 'ਤੇ ਉਸ ਨੂੰ ਵਾਪਸ ਲੈ ਕੇ ਆਇਆ ਜਾਣਾ ਚਾਹੀਦਾ ਹੈ।