ਇਮਰਾਨ, ਦਿਲ ਤਾਂ ਪਹਿਲਾਂ ਦਿੱਤਾ ਸੀ, ਹੁਣ ਵੋਟ ਵੀ ਤੇਰਾ: ਨਜ਼ਰੀਆ

ਇਮਰਾਨ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਕਈ ਵਰ੍ਹਿਆਂ ਤੱਕ ਇਹ ਕਹਿੰਦਾ ਰਿਹਾ ਹੈ ਕਿ ਪਿਆਰ ਦੀ ਮੈਨੂੰ ਕੋਈ ਥੋੜ੍ਹ ਨਹੀਂ, ਮੈਨੂੰ ਵੋਟ ਪਾਓ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨੀ ਲੇਖਕ ਤੇ ਪੱਤਰਕਾਰ

ਪਾਕਿਸਤਾਨ ਦੀ ਸਭ ਤੋਂ ਪੁਰਾਣੀ ਫ਼ਿਲਮ 'ਸ਼ਕਤੀਆ' ਦਾ ਨਵਾਂ ਪ੍ਰਿੰਟ ਆ ਗਿਆ ਹੈ। ਇਸ ਫ਼ਿਲਮ ਦਾ ਹੀਰੋ ਸ਼ੁਰੂ ਤੋਂ ਇਮਰਾਨ ਖ਼ਾਨ ਹੀ ਰਿਹਾ ਹੈ। ਜਿੰਨਾ ਪਿਆਰ ਉਸ ਨੂੰ ਮਿਲਿਆ, ਕਿਸੇ ਪਾਕਿਸਤਾਨੀ ਨੂੰ ਨਹੀਂ ਮਿਲਿਆ।

ਪਰ ਇਮਰਾਨ ਖ਼ਾਨ ਕਈ ਵਰ੍ਹਿਆਂ ਤੱਕ ਇਹ ਕਹਿੰਦਾ ਰਿਹਾ ਹੈ ਕਿ ਪਿਆਰ ਦੀ ਮੈਨੂੰ ਕੋਈ ਥੋੜ੍ਹ ਨਹੀਂ, ਮੈਨੂੰ ਵੋਟ ਪਾਓ। ਹੁਣ ਲੋਕਾਂ ਨੇ ਕਿਹਾ ਕਿ ਦਿਲ ਤਾਂ ਪਹਿਲਾਂ ਹੀ ਦੇ ਦਿੱਤਾ ਸੀ, ਹੁਣ ਵੋਟ ਵੀ ਤੇਰਾ। ਪਰ ਇਸ ਫ਼ਿਲਮ ਦਾ ਪਲਾਟ ਕੁਝ ਪੁਰਾਣਾ ਜਿਹਾ ਲਗਦਾ ਹੈ।

ਇਮਰਾਨ ਖ਼ਾਨ ਨੂੰ ਤਖ਼ਤ 'ਤੇ ਬਿਠਾਉਣ ਲਈ ਪੁਰਾਣੇ ਹੀਰੋ ਨੂੰ ਜੇਲ੍ਹ ਜਾਣਾ ਪਿਆ। ਜਿਨ੍ਹਾਂ ਦਾ ਹੀਰੋ ਜੇਲ੍ਹ ਗਿਆ ਹੈ ਉਹ ਇਮਰਾਨ ਖ਼ਾਨ ਨੂੰ ਬੜਾ ਗ਼ਾਲ-ਮੰਦਾ ਕਰਦੇ ਹਨ ਤੇ ਕਹਿੰਦੇ ਨੇ ਕਿ ਸਾਡਾ ਮੈਂਡੇਟ ਚੋਰੀ ਹੋ ਗਿਆ।

ਇਹ ਵੀ ਪੜ੍ਹੋ:

ਇਮਰਾਨ ਖ਼ਾਨ ਨੇ ਵੀ ਨਵਾਜ਼ ਸ਼ਰੀਫ਼ ਲਈ ਇਹੀ ਨਾਅਰਾ ਮਾਰਿਆ ਸੀ, ਇਹ ਵੀ ਚੋਰ ਹੈ ਤੇ ਇਹਦਾ ਪੂਰਾ ਟੱਬਰ ਵੀ ਚੋਰ ਹੈ।

'ਜਿਹੋ ਜਿਹਾ ਮੂੰਹ, ਉਹੋ ਜਿਹੀ ਚਪੇੜ'

ਹੁਣ ਅੱਧਾ ਟੱਬਰ ਜੇਲ੍ਹ ਵਿੱਚ ਹੈ ਤੇ ਬਾਕੀ ਤਰਲੇ ਮਾਰਦੇ ਫਿਰਦੇ ਨੇ ਕਿ ਅਸੀਂ ਬੀਬੇ ਬੱਚੇ ਹਾਂ ਸਾਡੇ 'ਤੇ ਹੱਥ ਜ਼ਰਾ ਹੌਲਾ ਰੱਖੋ।

ਇਮਰਾਨ ਖ਼ਾਨ ਨੂੰ ਪਿਆਰ ਕਰਨ ਵਾਲੇ ਕਹਿੰਦੇ ਹਨ ਕਿ ਇਹ ਮਰਦ ਦਾ ਬੱਚਾ ਹੈ। ਉੱਤੋਂ ਪੂਰਾ ਮੋਮਨ ਹੈ, ਸਟੇਜ 'ਤੇ ਚੜ੍ਹ ਕੇ ਨਮਾਜ਼ ਪੜ੍ਹ ਲੈਂਦਾ ਹੈ।

ਨਵਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਨੇ ਵੀ ਨਵਾਜ਼ ਸ਼ਰੀਫ਼ ਲਈ ਇਹੀ ਨਾਅਰਾ ਮਾਰਿਆ ਸੀ, ਇਹ ਵੀ ਚੋਰ ਹੈ ਤੇ ਇਹਦਾ ਪੂਰਾ ਟੱਬਰ ਵੀ ਚੋਰ ਹੈ

ਜਿਨ੍ਹਾਂ ਨੂੰ ਇਮਰਾਨ ਖ਼ਾਨ ਨਹੀਂ ਪਚਦਾ, ਉਹ ਕਹਿੰਦੇ ਹਨ ਇਹ ਤਾਂ ਨਸ਼ੇੜੀ ਜਿਹਾ ਬੰਦਾ ਹੈ। ਗੱਲ ਬਸ ਐਨੀ ਹੈ ਇਹ ਯਾਦ ਰੱਖੋ ਜਿਹੋ ਜਿਹਾ ਮੂੰਹ, ਉਹੋ ਜਿਹੀ ਚਪੇੜ।

ਆਪਣੇ ਆਲੇ-ਦੁਆਲੇ ਵੇਖੋ, ਅੱਧੇ ਨਸ਼ੇੜੀ ਹਨ ਤੇ ਅੱਧੇ ਨਮਾਜ਼ੀ। ਬਲਕਿ ਜ਼ਿਆਦਾਤਰ ਤਾਂ ਦੋਵੇਂ ਕੰਮ ਕਰ ਲੈਂਦੇ ਹਨ। ਨਸ਼ਾ ਵੀ ਕਰ ਲੈਂਦੇ ਹਨ ਤੇ ਉਸ ਤੋਂ ਬਾਅਦ ਸਜਦਾ ਕਰਕੇ ਮਾਫ਼ੀ ਵੀ ਮੰਗ ਲੈਂਦੇ ਹਨ।

ਇਮਰਾਨ ਖ਼ਾਨ ਭ੍ਰਿਸ਼ਟਾਚਾਰ ਮੁਕਾਉਣ, ਚੋਰਾਂ ਦਾ ਮੱਕੂ ਠੱਪਣ ਲਈ ਤੁਰਿਆ ਸੀ ਪਰ ਰਸਤੇ ਵਿੱਚ ਐਨੀ ਅਕਲ ਆ ਗਈ ਕਿ ਚੋਰਾਂ ਨੂੰ ਫੜਨ ਲਈ ਦੂਜੇ ਚੋਰਾਂ ਨੂੰ ਨਾਲ ਰਲਾਉਣਾ ਪੈਂਦਾ ਹੈ। ਠੱਗੀ ਮੁਕਾਉਣ ਲਈ ਠੱਗਾਂ ਨਾਲ ਯਾਰਾਨਾ ਲਾਉਣਾ ਪੈਂਦਾ ਹੈ।

ਵੀਡੀਓ ਕੈਪਸ਼ਨ, ‘ਦਿਲ ਤਾਂ ਪਹਿਲਾਂ ਹੀ ਦੇ ਦਿੱਤਾ ਸੀ, ਹੁਣ ਵੋਟ ਵੀ ਤੇਰਾ’

'ਬਈ ਚੋਰਾਂ ਨੂੰ ਘਰ ਹੀ ਬਿਠਾ ਲਵੋ'

ਪੁਰਾਣੀ ਉਰਦੂ ਦੀ ਫ਼ਿਲਮ ਦਾ ਡਾਇਲਾਗ ਹੈ ਨਮਾਜ਼ ਮੇਰਾ ਫਰਜ਼ ਹੈ ਤੇ ਚੋਰੀ ਮੇਰਾ ਪੇਸ਼ਾ।

ਪਾਕਿਸਤਾਨ ਦੀ ਨਵੀਂ ਤੇ ਪੁਰਾਣੀ ਫ਼ਿਲਮ ਦਾ ਸੈਂਟਰਲ ਆਈਡੀਆ ਇਹੀ ਹੈ ਕਿ ਯਾਰ-ਸੱਜਣ ਰਿਸ਼ਵਤ ਵੀ ਲੈਂਦੇ ਹਨ ਤੇ ਦੇ ਵੀ ਦਿੰਦੇ ਹਨ ਤੇ ਨਾਲ ਯੁਗਤ ਵੀ ਲਾ ਛੱਡਦੇ ਹਨ ਕਿ ਸੂਰ ਓਹਨੇ ਨਹੀਂ ਖਾਧਾ ਜਿਸ ਨੂੰ ਲੱਭਿਆ ਨਹੀਂ।

ਪਾਕਿਸਤਾਨੀ ਔਰਤਾਂ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਨੂੰ ਪਿਆਰ ਕਰਨ ਵਾਲੇ ਕਹਿੰਦੇ ਹਨ ਕਿ ਇਹ ਮਰਦ ਦਾ ਬੱਚਾ ਹੈ। ਉੱਤੋਂ ਪੂਰਾ ਮੋਮਨ ਹੈ, ਸਟੇਜ 'ਤੇ ਚੜ੍ਹ ਕੇ ਨਮਾਜ਼ ਪੜ੍ਹ ਲੈਂਦਾ ਹੈ

ਚੋਰੀ ਦੇ ਪੈਸਿਆਂ ਨਾਲ ਇੱਕ-ਅੱਧਾ ਏਅਰ ਕੰਡੀਸ਼ਨਡ ਉਮਰਾ ਵੀ ਕਰ ਲੈਂਦੇ ਹਨ, ਬੰਗਲਾ ਵੀ ਬਣਾ ਕੇ ਉਹਦੇ ਮੱਥੇ 'ਤੇ 'ਹਾਜ਼ਾ ਮਿਨ ਫ਼ਜ਼ਲੇ ਰੱਬੀ' (ਪਤਮਾਤਮਾ ਵੱਲੋਂ ਬਖ਼ਸ਼ਿਆ) ਲਿਖ ਛੱਡਦੇ ਹਨ।

ਫਿਰ ਇਸੇ ਚੋਰੀ ਦੀ ਕਮਾਈ ਦੇ ਨਾਲ ਬਣਾਏ ਬੰਗਲੇ ਦੇ ਬਾਹਰ ਬੰਦੂਕਾਂ ਵਾਲੇ ਗਾਰਡ ਵੀ ਬਿਠਾ ਲੈਂਦੇ ਹਨ ਕਿ ਕਿਤੇ ਚੋਰ ਨਾ ਆ ਜਾਵੇ। ਚੋਰ ਨੇ ਕਿੱਥੋਂ ਆਉਣਾ ਹੈ ਚੋਰ ਤਾਂ ਘਰ ਬੈਠਾ ਹੈ।

ਇਹ ਵੀ ਪੜ੍ਹੋ:

ਇਮਰਾਨ ਖ਼ਾਨ ਨੇ ਚੋਰਾਂ ਤੋਂ ਪਿੱਛਾ ਛੁਡਾਉਣ ਲਈ ਇਹ ਖਾਲਿਸ ਪਾਕਿਸਤਾਨੀ ਨੁਸਖ਼ਾ ਲੱਭਿਆ ਹੈ ਬਈ ਚੋਰਾਂ ਨੂੰ ਘਰ ਹੀ ਬਿਠਾ ਲਵੋ।

ਜਿਹੜੇ ਭਰਾਵਾਂ ਤੇ ਭੈਣਾਂ ਨੂੰ ਇਮਰਾਨ ਖ਼ਾਨ ਨਹੀਂ ਪਚਦਾ ਉਹ ਕਹਿੰਦੇ ਨੇ ਕਿ ਇਹ ਤਾਂ ਅਸਲੀ ਖ਼ਾਨ ਹੀ ਨਹੀਂ। ਨਾਲ ਕਹਿ ਛੱਡਦੇ ਹਨ ਕਿ ਇਹ ਤਾਂ ਨਿਆਜ਼ੀ ਹੈ। ਜਿਵੇਂ ਨਿਆਜ਼ੀ ਹੋਣਾ ਕੋਈ ਗ਼ਾਲ ਹੋਵੇ।

'ਹੋਣੀ ਦੇ ਹੀਲੇ'

ਮੁਨੀਰ ਨਿਆਜ਼ੀ ਦਾ ਨਾਂ ਕਿਸੇ ਨੇ ਨਹੀਂ ਸੁਣਿਆ। ਜਿਨ੍ਹਾਂ ਨੂੰ ਪੰਜਾਬੀ ਨਹੀਂ ਵੀ ਆਉਂਦੀ, ਉਨ੍ਹਾਂ ਨੇ ਵੀ ਇਹ ਲਾਈਨਾਂ ਜ਼ਰੂਰ ਚੇਤੇ ਕੀਤੀਆਂ ਹੁੰਦੀਆਂ ਹਨ 'ਕਿ ਕੁਝ ਉਂਜ ਵੀ ਰਾਵਾਂ ਔਖੀਆਂ ਸਨ, ਕੁਝ ਗਲ ਵਿੱਚ ਗ਼ਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਉਮਰਨ ਦਾ ਸ਼ੌਕ ਵੀ ਸੀ।'

ਇਮਰਾਨ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰਾਨ ਖ਼ਾਨ ਨੇ ਚੋਰਾਂ ਤੋਂ ਪਿੱਛਾ ਛੁਡਾਉਣ ਲਈ ਇਹ ਖਾਲਿਸ ਪਾਕਿਸਤਾਨੀ ਨੁਸਖ਼ਾ ਲੱਭਿਆ ਹੈ ਬਈ ਚੋਰਾਂ ਨੂੰ ਘਰ ਹੀ ਬਿਠਾ ਲਵੋ

ਇਸ ਨਜ਼ਮ ਦਾ ਨਾਂ ਵੀ ਬਹੁਤ ਸੋਹਣਾ ਹੈ। ਇਹਦਾ ਨਾਮ ਹੈ ਹੋਣੀ ਦੇ ਹੀਲੇ ਤੇ ਇਸ ਤੋਂ ਪਹਿਲਾਂ ਦੀਆਂ ਕੁਝ ਲਾਈਨਾਂ ਵੀ ਸੁਣ ਲਵੋ, 'ਜੋ ਹੋਇਆ ਏ ਹੋਣਾ ਹੀ ਸੀ, ਹੋਣੀ ਰੋਕਿਆਂ ਰੁਕਦੀ ਨਹੀਂ, ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ, ਗੱਲ ਫਿਰ ਐਵੇਂ ਮੁੱਕਦੀ ਨਹੀਂ'।

ਇਹ ਵੀ ਪੜ੍ਹੋ:

ਅੱਲ੍ਹਾ ਸ਼ਹਿਰ ਦੇ ਜ਼ਾਲਮ ਲੋਕਾਂ ਦੇ ਦਿਲਾਂ ਵਿੱਚ ਰਹਿਮ ਪਾਵੇ ਤੇ ਸਾਡੇ ਗਿੱਚੀਆਂ ਵਿੱਚ ਪਏ ਗ਼ਮ ਦੇ ਤੌਕ ਢਿੱਲੇ ਕਰੇ। ਰੱਬ ਰਾਖ਼ਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)