ਕੌਣ ਹੈ ਦੇਸ ਦੇ ਸਭ ਤੋਂ ਤਾਕਤਵਰ ਆਗੂ ਦਾ ਬੇਟਾ ਜੈਅ ਸ਼ਾਹ?

    • ਲੇਖਕ, ਪ੍ਰਸ਼ਾਂਤ ਦਯਾਲ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਇੱਕਲੌਤੇ ਬੇਟੇ ਹਨ ਜੈਅ ਅਮਿਤ ਸ਼ਾਹ।

ਨਿਊਜ਼ ਵੈੱਬਸਾਈਟ 'ਦ ਵਾਇਰ' ਦੀ ਖ਼ਬਰ ਮੁਤਾਬਕ ਅਮਿਤ ਸ਼ਾਹ ਦੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਤੋਂ ਬਾਅਦ, ਉਨ੍ਹਾਂ ਦੇ ਬੇਟੇ ਦਾ ਕਾਰੋਬਾਰ ਕਈ ਗੁਣਾ ਵੱਧ ਗਿਆ।

ਵਿਰੋਧੀਆਂ ਦੇ ਹਮਲੇ ਤੇਜ਼ ਹੋ ਗਏ ਅਤੇ ਸੋਸ਼ਲ ਮੀਡੀਆ 'ਤੇ ਮਾਮਲੇ ਦੀ ਚਰਚਾ ਹੋਣ ਲੱਗੀ। ਇਸ ਤੋਂ ਬਾਅਦ ਬੀਜੇਪੀ ਨੇਤਾ ਤੇ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੂੰ ਪ੍ਰੈੱਸ ਕਾਨਫਰੰਸ ਸੱਦ ਕੇ ਸਫ਼ਾਈ ਦੇਣੀ ਪਈ।

ਹੁਣ ਜੈਅ ਵੈੱਬਸਾਈਟ ਦੇ ਸੰਪਾਦਕ ਅਤੇ ਰਿਪੋਰਟਰ ਦੇ ਖਿਲਾਫ 100 ਕਰੋੜ ਰੁਪਏ ਦੀ ਮਾਨਹਾਨੀ ਦਾ ਮੁਕੱਦਮਾ ਦਰਜ ਕਰਾਉਣ ਦੀ ਤਿਆਰੀ ਵਿੱਚ ਹਨ।

ਜਦੋਂ ਪਹਿਲੀ ਵਾਰੀ ਮੀਡੀਆ ਦੀਆਂ ਨਜ਼ਰਾਂ ਵਿੱਚ ਆਏ ਜੈਅ

ਜੈਅ ਅਮਿਤ ਸ਼ਾਹ 'ਤੇ ਪਹਿਲੀ ਵਾਰੀ ਮੀਡੀਆ ਦੀ ਨਜ਼ਰ ਸਾਲ 2010 ਵਿੱਚ ਪਈ ਸੀ।

ਉਸ ਵੇਲੇ 20 ਸਾਲ ਦਾ ਜੈਅ ਅਮਿਤ ਸ਼ਾਹ ਦੇਸ਼ ਦੇ ਮੰਨੇ-ਪ੍ਰਮੰਨੇ ਵਕੀਲ ਰਾਮ ਜੇਠ ਮਲਾਨੀ ਨਾਲ ਗੁਜਰਾਤ ਹਾਈਕੋਰਟ ਜਾਇਆ ਕਰਦਾ ਸੀ।

ਕੋਰਟ ਦੀ ਕਾਰਵਾਈ ਦੌਰਾਨ ਉਹ ਵਕੀਲਾਂ ਦੇ ਪਿੱਛੇ ਵਾਲੀ ਦੂਜੀ ਲਾਈਨ ਵਿੱਚ ਬੈਠਾ ਰਹਿੰਦਾ ਸੀ।

ਕੋਰਟ ਦੀ ਕਾਰਵਾਈ ਦੌਰਾਨ ਉਹ ਲਗਾਤਾਰ ਹਨੂਮਾਨ ਚਾਲੀਸਾ ਦਾ ਪਾਠ ਕਰਦਾ ਰਹਿੰਦਾ ਸੀ।

2010 ਵਿੱਚ ਹੀ ਸੀਬੀਆਈ ਨੇ ਅਮਿਤ ਸ਼ਾਹ ਨੂੰ ਸੋਹਰਾਬੁਦੀਨ ਐਨਕਾਊਂਟਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਉਸ ਵੇਲੇ ਜੈਅ ਸ਼ਾਹ ਪਿਤਾ ਦੀ ਜ਼ਮਾਨਤ ਲਈ ਅਦਾਲਤ ਦੇ ਚੱਕਰ ਲਾ ਰਹੇ ਸਨ। ਇਹੀ ਉਹ ਵੇਲਾ ਸੀ ਜਦੋਂ ਉਹ ਪਹਿਲੀ ਵਾਰੀ ਮੀਡੀਆ ਅਤੇ ਜਨਤਾ ਦੀਆਂ ਨਜ਼ਰਾਂ ਵਿੱਚ ਆਏ।

ਅਮਿਤ ਸ਼ਾਹ ਦੇ ਦਿੱਲੀ ਚਲੇ ਜਾਣ ਤੋਂ ਬਾਅਦ ਵਿਧਾਨਸਭਾ ਹਲਕੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਜ਼ਿੰਮੇਵਾਰੀ ਜੈਅ ਨੇ ਚੁੱਕੀ।

ਇਸ ਦੇ ਨਾਲ ਹੀ ਪਿਤਾ ਦੇ ਸ਼ੇਅਰ ਬਜ਼ਾਰ ਨਾਲ ਜੁੜੇ ਵਪਾਰ ਨੂੰ ਸੰਭਾਲਨ ਦੀ ਜ਼ਿੰਮੇਵਾਰੀ ਵੀ ਆ ਗਈ।

ਗੁਜਰਾਤ ਕ੍ਰਿਕਟ ਦੀ ਜ਼ਿੰਮੇਵਾਰੀ

ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਜੈਅ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਯਾਨੀ ਜੀਸੀਏ ਨਾਲ ਜੁੜ ਗਏ।

ਨਰੇਂਦਰ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਦਾ ਅਹੁਦਾ ਖਾਲੀ ਹੋ ਗਿਆ ਸੀ, ਜਿਸ ਨੂੰ ਅਮਿਤ ਸ਼ਾਹ ਨੇ ਸੰਭਾਲਿਆ।

ਅਮਿਤ ਸ਼ਾਹ ਦੇ ਬੀਜੇਪੀ ਦੇ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੀ ਤਕਰੀਬਨ ਸਾਰੀ ਜ਼ਿੰਮੇਵਾਰੀ ਜੈਅ ਨੂੰ ਸੌਂਪ ਦਿੱਤੀ।

ਉਨ੍ਹਾਂ ਜੈਅ ਨੂੰ ਜੀਸੀਏ ਦਾ ਕੌਮੀ ਸਕੱਤਰ ਨਿਯੁਕਤ ਕਰ ਦਿੱਤਾ।

ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਅਧਿਕਾਰੀ ਹਿਤੇਸ਼ ਪਟੇਲ ਨੇ ਬੀਬੀਸੀ ਨਿਊਜ਼ ਗੁਜਰਾਤੀ ਨੂੰ ਦੱਸਿਆ, "ਅਮਿਤ ਸ਼ਾਹ ਅਤੇ ਜੈਅ ਸ਼ਾਹ ਦੀ ਆਪਸ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਜੈਅ ਹਮੇਸ਼ਾ ਹੀ ਲੋ-ਪ੍ਰੋਫਾਈਲ ਰਹਿਣਾ ਪਸੰਦ ਕਰਦੇ ਹਨ।"

ਪਿਤਾ ਦਾ ਰੁਤਬਾ ਨਹੀਂ ਦਿਖਦਾ

ਜੈਅ ਨੇ ਨਿਰਮਾ ਇੰਜੀਨਿਅਰਿੰਗ ਇੰਸਟੀਚਿਊਟ ਤੋਂ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ।

ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਕਲਾਸਮੇਟ ਰੁਸ਼ਿਤਾ ਪਟੇਲ ਨਾਲ ਵਿਆਹ ਕੀਤਾ ਸੀ।

ਪਿਤਾ ਅਤੇ ਪੁੱਤਰ ਦਾ ਇਹ ਖਾਸ ਗੁਣ ਹੈ ਕਿ ਉਹ ਨਿਜੀ ਜ਼ਿੰਦਗੀ ਨੂੰ ਕਦੇ ਜਨਤਕ ਨਹੀਂ ਕਰਦੇ।

ਸ਼ਾਹ ਪਰਿਵਾਰ ਨੂੰ ਜਾਣਨ ਵਾਲੇ ਲੋਕ ਦਾਅਵਾ ਕਰਦੇ ਹਨ ਕਿ ਜੈਅ ਦਾ ਬੱਸ ਇੱਕੋ ਟੀਚਾ ਹੈ ਆਪਣੇ ਵਪਾਰ ਨੂੰ ਅੱਗੇ ਵਧਾਉਣਾ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)