ਲਾਸ ਵੇਗਾਸ: ਹਮਲੇ ਦਾ ਮਕਸਦ ਅਜੇ ਸਪੱਸ਼ਟ ਨਹੀਂ

ਤਸਵੀਰ ਸਰੋਤ, Getty Images
ਲਾਸ ਵੇਗਾਸ ਵਿੱਚ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 59 ਪਹੁੰਚ ਗਈ ਹੈ। ਜਦਕਿ 527 ਲੋਕ ਜ਼ਖਮੀ ਹੋਏ ਹਨ।
64 ਸਾਲਾ ਹਮਲਾਵਰ ਸਟੀਫ਼ਨ ਪੈਡਕ, ਨੇਵਾਡਾ ਦਾ ਰਹਿਣ ਵਾਲਾ ਸੀ। ਉਸ ਨੇ ਮੰਡਲੇਅ ਬੇਅ ਹੋਟਲ ਦੀ 32ਵੀਂ ਮੰਜ਼ਿਲ ਤੋਂ ਮਿਊਜ਼ਿਕ ਫੈਸਟੀਵਲ ਵਿੱਚ ਗੋਲੀਬਾਰੀ ਕੀਤੀ। ਇਸ ਸਮਾਗਮ ਵਿੱਚ 22 ਹਜ਼ਾਰ ਲੋਕ ਪਹੁੰਚੇ ਹੋਏ ਸਨ।
ਜਿਵੇਂ ਹੀ ਪੁਲਿਸ ਕਮਰੇ ਵਿੱਚ ਪਹੁੰਚੀ, ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਨੇ ਉਸ ਦੇ ਕਮਰੇ ਵਿੱਚੋਂ 16 ਬੰਦੂਕਾਂ, 18 ਹੋਰ ਹਥਿਆਰ ਅਤੇ ਭਾਰੀ ਧਮਾਕਾਖ਼ੇਜ਼ ਸਮੱਗਰੀ ਵੀ ਬਰਾਮਦ ਕੀਤੀ ਹੈ।

ਤਸਵੀਰ ਸਰੋਤ, PADDOCK FAMILY
ਅਜੇ ਤੱਕ ਜਾਂਚ ਅਧਿਕਾਰੀਆਂ ਨੂੰ ਇਸ ਵਾਰਦਾਤ ਦੇ ਕੌਮਾਂਤਰੀ ਅੱਤਵਾਦੀ ਘਟਨਾ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ।
ਹਮਲਾਵਰ ਦਾ ਸਨਕੀਪੁਣਾ
ਪੁਲਿਸ ਨੂੰ ਹਮਲਾਵਰ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ।
ਭਾਵੇਂ ਕਿ ਕਥਿਤ ਇਸਲਾਮਿਕ ਸਟੇਟ ਵਲੋਂ ਇਸ ਘਟਨਾ ਪਿੱਛੇ ਉਨ੍ਹਾਂ ਦਾ ਹੱਥ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਪੁਲਿਸ ਅਜੇ ਤੱਕ ਇਸ ਨੂੰ ਹਮਲਾਵਰ ਦਾ ਸਨਕੀਪੁਣਾ ਮੰਨ ਕੇ ਚੱਲ ਰਹੀ ਹੈ ਪਰ ਇਸ ਦੀ ਅਧਿਕਾਰਤ ਤੌਰ ਤੇ ਪਸ਼ਟੀ ਨਹੀਂ ਕੀਤੀ ਗਈ ਹੈ।
ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਮਲੇ ਨੂੰ 'ਪਾਪ' ਕਰਾਰ ਦਿੱਤਾ ਹੈ।
ਉਨ੍ਹਾਂ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ, 'ਉਨ੍ਹਾਂ ਦੀ 'ਜਾਦੂਗਰੀ' ਗਤੀ ਨੇ ਕਈ ਜ਼ਿੰਦਗੀਆਂ ਬਚਾਅ ਲਈਆਂ।'
ਟਰੰਪ ਨੇ ਐਲਾਨ ਕੀਤਾ ਕਿ ਉਹ ਬੁੱਧਵਾਰ ਨੂੰ ਲਾਸ ਵੇਗਾਸ ਦਾ ਦੌਰਾ ਕਰਨਗੇ।
ਹਮਲਾ ਕਿਵੇਂ ਹੋਇਆ?
ਤਿੰਨ ਰੋਜ਼ਾ ਰੂਟ-91 ਕੰਟਰੀ ਮਿਊਜ਼ਿਕ ਫੈਸਟੀਵਲ ਦਾ ਆਖਰੀ ਸ਼ੋਅ ਚੱਲ ਰਿਹਾ ਸੀ, ਜਦੋਂ ਗੋਲੀਬਾਰੀ ਸ਼ੁਰੂ ਹੋਈ।
ਚਸ਼ਮਦੀਦਾਂ ਦਾ ਕਹਿਣਾ ਹੈ ਮਸ਼ਹੂਰ ਗਾਇਕ ਜੇਸਨ ਐਲਡੀਅਨ ਗਾਣਾ ਗਾ ਰਹੇ ਸਨ, ਜਦੋਂ ਪਹਿਲੀ ਵਾਰੀ ਗੋਲੀਆਂ ਦੀ ਬਰਸਾਤ ਹੋਈ।
ਇਹ ਐਤਵਾਰ ਰਾਤ 22:08 ਵਜੇ ਹੋਇਆ।
ਮਿਊਜ਼ਿਕ ਸ਼ੋਅ ਦੇਖਣ ਆਏ ਲੋਕ ਬਚਾਅ ਲਈ ਇੱਧਰ-ਉੱਧਰ ਭੱਜੇ, ਕੁਝ ਜ਼ਮੀਨ ਤੇ ਹੀ ਲੰਬੇ ਪੈ ਗਏ।

ਤਸਵੀਰ ਸਰੋਤ, Getty Images
ਲੰਡਨ ਦੇ ਰਹਿਣ ਵਾਲੇ ਮਾਈਕ ਥੋਮਸਨ ਨੇ ਕਿਹਾ, "ਇੱਕ ਸ਼ਖ਼ਸ ਖੂਨ ਨਾਲ ਲੱਥਪਥ ਸੀ। ਮੈਨੂੰ ਉਦੋਂ ਲੱਗਿਆ ਵਾਕਈ ਕੁਝ ਗਲਤ ਹੋਇਆ ਹੈ। ਲੋਕ ਭੱਜ ਰਹੇ ਸੀ ਅਤੇ ਹਰ ਪਾਸੇ ਹਫ਼ੜਾ-ਦਫ਼ੜੀ ਸੀ।"
ਬੇਹੱਦ ਡਰਾਉਣੀ ਰਾਤ
ਮਾਈਕ ਮਗੇਰੀ ਜੋ ਇਸ ਹਮਲੇ ਦੌਰਾਨ ਬਚ ਗਏ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਨ੍ਹਾਂ ਉੱਤੇ ਲੇਟ ਗਿਆ।
ਉਸ ਨੇ ਕਿਹਾ, "ਉਹ ਸਿਰਫ਼ 20 ਸਾਲ ਦੇ ਹਨ ਅਤੇ ਮੈਂ 53 ਦਾ, ਮੈਂ ਇੱਕ ਚੰਗੀ ਜ਼ਿੰਦਗੀ ਜੀਅ ਲਈ ਹੈ।"

ਤਸਵੀਰ ਸਰੋਤ, Getty Images
ਐਲਡੀਅਨ ਨੇ ਵੀ ਬਾਅਦ ਵਿੱਚ ਇੰਸਟਾਗਰਾਮ ਤੇ ਪ੍ਰਤੀਕਿਰਿਆ ਦਿੱਤੀ।
ਉਸ ਨੇ ਲਿਖਿਆ, "ਅੱਜ ਦੀ ਰਾਤ ਬੇਹੱਦ ਡਰਾਉਣੀ ਸੀ।"












