You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੀ ਸਰਕਾਰ ਦੇ ਕਹੇ ਮੁਤਾਬਕ ‘ਭਾਰਤੀ ਵੇਰੀਐਂਟ’ ਬਾਰੇ ਸਮਗੱਰੀ ਹਟਾਉਣਾ ਪੂਰੀ ਤਰ੍ਹਾਂ ਸੰਭਵ ਹੈ
ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਿਖਿਆ ਹੈ ਕਿ ਉਹ ਕੋਰੋਨਾਵਾਇਰਸ ਦੇ "ਭਾਰਤੀ ਵੇਰੀਐਂਟ" ਨਾਲ ਜੁੜੀ ਸਾਰੀ ਸਮਗੱਰੀ ਹਟਾ ਦੇਣ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਉਸ ਨੇ ਇਹ ਪੱਤਰ ਦੇਖਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ 11 ਮਈ ਨੂੰ ਕਿਹਾ ਸੀ ਕਿ B.1.617 ਪਿਛਲੇ ਸਾਲ ਸਭ ਤੋਂ ਪਹਿਲਾਂ ਭਾਰਤ ਵਿੱਚ ਦੇਖਿਆ ਗਿਆ ਸੀ ਅਤੇ ਇਹ ਸਮੁੱਚੀ ਦੁਨੀਆਂ ਨੂੰ ਚਿੰਤਾ ਦਾ ਸਬੱਬ ਹੈ।
ਭਾਰਤ ਸਰਕਾਰ ਨੇ ਕਿਹਾ ਸੀ ਕਿ ਮੀਡੀਆ ਰਿਪੋਰਟਾਂ ਵਿੱਚ ਬਿਨਾਂ ਅਧਾਰ ਦੇ ਹੀ ਇੰਡੀਅਨ ਵੇਰੀਐਂਟ ਨਾਮ ਸਭ ਥਾਂ ਵਰਤਿਆ ਜਾ ਰਿਹਾ ਹੈ, ਜਦਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਸਿਰਫ਼ B.1.617 ਨਾਂਅ ਦਿੱਤਾ ਹੈ।
ਇਹ ਵੀ ਪੜ੍ਹੋ:
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਲਿਖੀ ਚਿੱਠੀ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ "ਉਹ ਸਾਰੀ ਸਮਗੱਰੀ" ਜਿਸ ਵਿੱਚ "ਇੰਡੀਅਨ ਵੇਰੀਐਂਟ" ਦਾ ਨਾਂਅ ਲਿਆ ਗਿਆ ਹੈ ਜਾਂ ਜਿਸ ਦਾ ਅਜਿਹਾ ਭਾਵ ਨਿਕਲਦਾ ਹੈ, ਉਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇ।
ਇਹ ਬਿਲਕੁਲ ਗ਼ਲਤ ਹੈ, ਕੋਵਿਡ-19 ਦਾ ਅਜਿਹਾ ਕੋਈ ਵੇਰੀਐਂਟ ਨਹੀ ਹੈ ਜੋ ਵਿਸ਼ਵ ਸਿਹਤ ਸੰਗਠਨ ਵੱਲੋਂ ਲਿਖਿਆ ਗਿਆ ਹੋਵੇ। ਵਿਸ਼ਵ ਸਿਹਤ ਸੰਗਠ ਨੇ ਆਪਣੀ ਕਿਸੇ ਰਿਪੋਰਟ ਵਿੱਚ 'ਇੰਡੀਅਨ ਵੇਰੀਐਂਟ' ਸ਼ਬਦ ਨੂੰ B.1.617 ਨਾਲ ਨਹੀਂ ਜੋੜਿਆ।
ਖ਼ਬਰ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਚਿੱਠੀ ਦਾ ਮਕਸਦ ਸਿੱਧਾ ਅਤੇ ਸਪੱਸ਼ਟ ਸੁਨੇਹਾ ਦੇਣਾ ਹੈ ਕਿ "ਇੰਡੀਅਨ ਵੇਰੀਐਂਟ" ਦੇ ਜ਼ਿਕਰ ਨਾਲ ਗ਼ਲਤ ਜਾਣਕਾਰੀ ਫੈਲਦੀ ਹੈ ਅਤੇ ਦਾ ਅਕਸ ਖ਼ਰਾਬ ਹੁੰਦਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸਾਡੇ ਸੰਗਿਆਨ ਵਿੱਚ ਆਇਆ ਹੈ ਕਿ ਇਸ ਤਰ੍ਹਾਂ ਦੇ ਪੋਸਟ ਆਨਲਾਈਨ ਸ਼ੇਅਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਇਰਸ ਦਾ 'ਭਾਰਤੀ ਵੇਰੀਐਂਟ' ਕਈ ਦੇਸ਼ਾਂ ਵਿੱਚ ਫ਼ੈਲ ਰਿਹਾ ਹੈ।
ਇੱਕ ਸੋਸ਼ਲ ਮੀਡੀਆ ਕੰਪਨੀ ਦੇ ਐਗਜ਼ਿਕੀਊਟਿਵ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਕਿਸੇ ਖ਼ਾਸ ਸ਼ਬਦ ਨਾਲ ਜੁੜੀਆਂ ਸਾਰੀਆਂ ਪੋਸਟਾਂ ਨੂੰ ਹਟਾਉਣਾ ਅਸੰਭਵ ਹੈ ਕਿਉਂਕਿ ਅਜਿਹੀਆਂ ਤਾਂ ਹਜ਼ਾਰਾਂ ਪੋਸਟਾਂ ਹੋਣਗੀਆਂ।
ਐਗਜ਼ਿਕੀਊਟਿਵ ਨੇ ਅੱਗੇ ਕਿਹਾ ਕਿ ਅਜਿਹਾ ਕਰਨ ਦਾ ਮਤਲਬ ਹੈ ਕਿ "ਕੀ-ਵਰਡ ਅਧਾਰਿਤ ਸੈਂਸਰਸ਼ਿਪ ਨੂੰ ਅੱਗੇ ਵਧਾਉਣਾ"।
ਹਾਲਾਂਕਿ ਕੋਰੋਨਾਵਾਇਰਸ ਦੇ ਵੇਰੀਐਂਟਸ ਜਾਂ ਰੂਪਾਂ ਨੂੰ ਉਨ੍ਹਾਂ ਥਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ ਜਿੱਥੇ ਕਿ ਉਹ ਸਭ ਤੋਂ ਪਹਿਲਾਂ ਦੇਖੇ ਗਏ। ਜਿਵੇਂ- ਯੂਕੇ ਵੇਰੀਐਂਟ ਅਤੇ ਬ੍ਰਾਜ਼ੀਲ ਵਿੱਚ ਮਿਲੇ ਵੇਰੀਐਂਟ।
ਇਸ ਤੋਂ ਪਹਿਲਾਂ ਵੀ ਸਰਕਾਰ ਅਜਿਹਾ ਕਰ ਚੁੱਕੀ ਹੈ
ਪਿਛਲੇ ਮਹੀਨੇ ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਬਾਰੇ ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਪੋਸਟਾਂ ਹਟਾਉਣ ਲਈ ਕਿਹਾ ਸੀ। ਜਿਸ ਤੋਂ ਬਾਅਦ ਸਰਕਾਰ ਦੀ ਸਖ਼ਤ ਆਲੋਚਨਾ ਹੋਈ ਸੀ।
ਮਸ਼ਹੂਰ ਮੈਡੀਕਲ ਜਨਰਲ ਦਿ ਲੈਂਸੇਟ ਨੇ ਆਪਣੇ ਅੱਠ ਮਈ ਦੇ ਅੰਕ ਦੀ ਸੰਪਾਦਕੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਦੇ ਹੋਏ ਲਿਖਿਆ ਸੀ ਕਿ ਉਨ੍ਹਾਂ ਦਾ ਧਿਆਨ ਟਵਿੱਟਰ ਉੱਪਰ ਆਪਣੀ ਹੋ ਰਹੀ ਆਲੋਚਨਾ ਨੂੰ ਦੱਬਣ 'ਤੇ ਜ਼ਿਆਦਾ ਅਤੇ ਕੋਵਿਡ-19 ਮਹਾਮਾਰੀ ਨੂੰ ਕਾਬੂ ਕਰਨ 'ਤੇ ਘੱਟ ਹੈ।
ਜੌਨ ਹਾਪਕਿਨਸ ਯੂਨੀਵਰਿਸਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਲਾਗ ਦੀ ਸੰਖਿਆ ਦੇ ਹਿਸਾਬ ਨਾਲ ਦੁਨੀਆਂ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
ਭਾਰਤ ਵਿੱਚ ਹੁਣ ਤੱਕ 2.62 ਕਰੋੜ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ ਅਤੇ 295,525 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।
ਕਾਂਗਰਸ ਦੀ ਪ੍ਰਤੀਕਿਰਿਆ
ਭਾਰਤ ਸਰਕਾਰ ਦੀ ਇਸ ਤਾਜ਼ਾ ਚਿੱਠੀ ਉੱਪਰ ਵਿਰੋਧੀ ਪਾਰਟੀ ਕਾਂਗਰਸ ਦਾ ਪ੍ਰਤੀਕਰਮ ਵੀ ਆ ਗਿਆ ਹੈ।
ਕਾਂਗਰਸੀ ਆਗੂ ਕਮਲ ਨਾਥ ਨੇ ਇਸ ਬਾਰੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ,"ਇਹ ਚੀਨੀ ਕੋਰੋਨਾ ਨਾਲ ਸ਼ੁਰੂ ਹੋਇਆ। ਹੁਣ ਇਹ ਭਾਰਤੀ ਵੇਰੀਐਂਟ ਹੈ।
''ਅੱਜ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਕੋਵਿਡ-19 ਦੇ ਭਾਰਤੀ ਵੇਰੀਐਂਟ ਤੋਂ ਭੈਅ ਆ ਰਿਹਾ ਹੈ। ਇਹ ਕਿਹੜੀ ਟੂਲ ਕਿੱਟ ਹੈ? ਸਾਡੇ ਸਾਇੰਸਦਾਨ ਇਸ ਨੂੰ ਭਾਰਤੀ ਵੇਰੀਐਂਟ ਕਹਿ ਰਹੇ ਹਨ। ਸਿਰਫ਼ ਭਾਜਪਾ ਦੇ ਸਲਾਹਕਾਰ ਨਹੀਂ ਮੰਨ ਰਹੇ।"
'ਕਾਂਗਰਸ ਨਕਾਰਾਤਮਕਤਾ ਦੀ ਸਿਆਸਤ ਕਰ ਰਹੀ ਹੈ'
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਪਾਰਟੀ ਉੱਪਰ ਮੋੜਵਾਂ ਹੱਲਾ ਕੀਤਾ ਅਤੇ ਉਸ ਉੱਪਰ ਕੋਰੋਨਾਵਾਇਰਸ ਮਹਾਮਾਰੀ ਬਾਰੇ ਦੇਸ਼ ਦੇ ਖ਼ਿਲਾਫ਼ ਨਕਾਰਾਤਮਕਤਾ ਦੀ ਸਿਆਸਤ ਕਰਨ ਦਾ ਇਲਜ਼ਾਮ ਲਾਇਆ।
ਉਨ੍ਹਾਂ ਨੇ ਕਮਲਨਾਥ ਵਲੋਂ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਨੂੰ ਭਾਰਤੀ ਕੋਰੋਨਾ ਕਹੇ ਜਾਣ ਅਤੇ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆਂ ਗਾਂਧੀ ਦੀ ਇਸ ਮਾਮਲੇ ਵਿੱਚ ਖ਼ਾਮੋਸ਼ੀ ਉੱਪਰ ਵੀ ਸਵਾਲ ਚੁੱਕਿਆ।
ਜਾਵਡੇਕਰ ਨੇ ਕਿਹਾ ਕਿ ਕਮਲਨਾਥ ਵੱਲੋਂ ਅਜਿਹਾ ਕਿਹਾ ਜਾਣਾ ਕਿ "ਮੇਰਾ ਭਾਰਤ ਕੋਵਿਡ" ਦੇਸ਼ ਦਾ ਅਪਮਾਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ "ਬਿਆਨ ਸਾਰੇ ਪਾਸੇ ਚਰਚਾ ਵਿੱਚ ਹੈ ਪਰ ਅਜੇ ਵੀ ਕਮਲਨਾਥ ਨੇ ਇਸ ਬਾਰੇ ਸਪੱਸ਼ਟੀਕਰਨ ਨਹੀ ਦਿੱਤਾ ਹੈ।"
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਦੇਸ਼ ਦੇ ਅਕਸ ਨੂੰ ਤਾਰ-ਤਾਰ ਕਰ ਰਹੀ ਹੈ। ਸੋਨੀਆ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਨਕਾਰਾਤਮਕਤਾ ਦੀ ਸਿਆਸਤ ਕਿਉਂ ਕਰ ਰਹੀ ਹੈ ਅਤੇ ਉਨ੍ਹਾਂ ਨੇ ਅਜੇ ਤੱਕ ਇਸ ਦੀ ਨਿੰਦਾ ਕਿਉਂ ਨਹੀਂ ਕੀਤੀ ਹੈ?"
ਕੇਂਦਰੀ ਮੰਤਰੀ ਨੇ ਕਿਹਾ ਕਿ "ਕਈ ਕਾਂਗਰਸੀ ਆਗੂ ਜੋ ਬਿਆਨ ਦੇ ਰਹੇ ਹਨ ਉਹ B.1.617 ਨੂੰ ਭਾਰਤੀ ਵੇਰੀਐਂਟ ਕਹਿ ਰਹੇ ਹਨ, ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਸਾਫ਼ ਕੀਤਾ ਹੈ ਕਿ ਕਿਸੇ ਵੀ ਵੇਰੀਐਂਟ ਦਾ ਨਾਂਅ ਕਿਸੇ ਦੇਸ਼ ਦੇ ਨਾਂ 'ਤੇ ਨਹੀਂ ਰੱਖਿਆ ਜਾਵੇਗਾ।"
ਇਸ ਤੋਂ ਇਲਵਾ ਭਾਜਪਾ ਸ਼ਾਸਤ ਸੂਬੇ ਕਰਨਾਟਕ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਪੱਤਰ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ: