ਕੋਰੋਨਾਵਾਇਰਸ: ਯੂਕੇ ਵੱਲੋਂ ਭਾਰਤ ਨੂੰ ਵੈਂਟੀਲੇਟਰ ਸਣੇ ਹੋਰ ਮੈਡੀਕਲ ਉਪਕਰਨਾਂ ਦੀ ਮਦਦ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਕੋਰੋਨਾਵਾਇਰਸ ਨਾਲ ਜੁੜੇ ਅੱਜ ਦੇ ਅਹਿਮ ਘਟਨਾਕ੍ਰਮਾਂ ਦੀ ਜਾਣਕਾਰੀ ਤੁਹਾਡੇ ਲਈ ਉਪਲੱਬਧ ਕਰਵਾ ਰਹੇ ਹਾਂ।

ਯੂਕੇ ਵੱਲੋਂ ਭਾਰਤ ਨੂੰ ਕੋਵਿਡ-19 ਨਾਲ ਨਜਿੱਠਣ ਲਈ ਮੈਡੀਕਲ ਉਪਕਰਣ ਭੇਜੇ ਗਏ ਹਨ।

ਭਾਰਤ ਦੀ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਯੂਕੇ ਨੇ ਸਾਥ ਦਿੰਦਿਆਂ ਵੈਂਟੀਲੇਟਰ ਅਤੇ ਆਕਸੀਜਨ ਕੰਸਟ੍ਰੇਟਰ ਅੱਜ ਆਪਣੇ ਮੁਲਕ ਤੋਂ ਭਾਰਤ ਲਈ ਤੋਰਨੇ ਹਨ।

ਇਹ ਵੀ ਪੜ੍ਹੋ

ਯੂਕੇ ਨੇ ਇਹ ਸਪੋਰਟ ਭਾਰਤ ਅਤੇ ਪ੍ਰਧਾਨ ਮੰਤਰੀ ਵੱਲੋਂ ਮਦਦ ਦੀ ਅਪੀਲ ਤੋਂ ਬਾਅਦ ਕੀਤੀ ਜਾ ਰਹੀ ਹੈ।

ਯੂਕੇ ਵੱਲੋਂ ਭੇਜੀ ਜਾ ਰਹੀ ਮਦਦ ਦਾ ਪਹਿਲਾ ਪੈਕੇਜ ਮੰਗਲਵਾਰ 27 ਅਪ੍ਰੈਲ ਦੀ ਸਵੇਰ ਦਿੱਲੀ ਪਹੁੰਚੇਗਾ।

ਯੂਕੇ ਦੀ ਸਰਕਾਰ ਵੱਲੋਂ ਭੇਜੀ ਜਾ ਰਹੀ ਮਦਦ ਵਿੱਚ 600 ਤੋਂ ਵੀ ਵੱਧ ਮੈਡੀਕਲ ਨਾਲ ਜੁੜੇ ਉਪਕਰਣ ਹੋਣਗੇ।

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਖਿਆ, ''ਅਸੀਂ ਭਾਰਤ ਨਾਲ ਦੋਸਤ ਅਤੇ ਭਾਈਵਾਲ ਦੇ ਤੌਰ 'ਤੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।''

ਕੈਪਟਨ ਨੇ 30 ਲੱਖ ਵੈਕਸੀਨ ਖੁਰਾਕਾਂ ਦਾ ਆਰਡਰ ਦੇਣ ਦਾ ਫੈਸਲਾ ਲਿਆ

ਪੰਜਾਬ ਸਰਕਾਰ ਨੇ 18 ਤੋਂ 45 ਸਾਲ ਵਿਚਕਾਰ ਦੇ ਉਮਰ ਦੇ ਵਿਅਕਤੀਆਂ ਲਈ ਕੋਰੋਨਾ ਵੈਕਸੀਨ ਦੀਆਂ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਹੈ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸੀਰਮ ਇੰਸਟੀਚਿਊਟ ਨੂੰ ਤੁਰੰਤ 30 ਖੁਰਾਕਾਂ ਦਾ ਆਰਡਰ ਦੇਣ ਲਈ ਕਿਹਾ ਹੈ ਤਾਂ ਜੋ ਵੈਕਸੀਨ ਜਲਦ ਤੋਂ ਜਲਦ ਹਾਸਲ ਹੋ ਸਕੇ।

ਕੇਂਦਰ ਸਰਕਾਰ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ 18-45 ਸਾਲ ਵਾਲੇ ਗਰੁੱਪ ਲ਼ਈ ਵੈਕਸੀਨ 15 ਮਈ ਤੋਂ ਪਹਿਲਾਂ ਨਹੀਂ ਮਿਲ ਸਕਣੀ।

ਪੰਜਾਬ ਸਰਕਾਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਸੀਐੱਮ ਕੋਵਿਡ ਰਾਹਤ ਫੰਡ ਵਿਚੋਂ ਗਰੀਬਾਂ ਲਈ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਦੇ ਨਾਲ -ਨਾਲ ਸੀਐੱਸਆਰ ਫੰਡ ਅਤੇ ਉਸਾਰੀ ਵਰਕਰਜ਼ ਬੋਰਡ ਨੂੰ ਇਸ ਉੱਦਮ ਵਿਚ ਸਹਿਯੋਗ ਲਈ ਕਿਹਾ ਗਿਆ ਹੈ।

ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਤੁਰੰਤ 10 ਲੱਖ ਖੁਰਾਕਾਂ ਉਪਲੱਬਧ ਕਰਵਾਉਣ ਲਈ ਕਿਹਾ ਹੈ ਤਾਂ ਜੋ 45 ਸਾਲ ਦੇ ਵੱਧ ਉਮਰ ਵਾਲੇ ਗਰੁੱਪ ਲਈ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਕਰਨਾ ਪਵੇ।

ਕਈ ਮੁਲਕਾਂ ਵਲੋਂ ਭਾਰਤ ਦੀ ਮਦਦ ਦੀ ਪੇਸ਼ਕਸ਼

ਕੋਰੋਨਾ ਸੰਕਟ ਵਿੱਚੋਂ ਲੰਘ ਰਹੇ ਭਾਰਤ ਦੇ ਨਾਲ ਦੁਨੀਆਂ ਦੇ ਕਈ ਮੁਲਕਾਂ ਨੇ ਇੱਕਜੁਟਤਾ ਜ਼ਾਹਿਰ ਕੀਤੀ ਹੈ। ਕਈ ਦੇਸ਼ ਭਾਰਤ ਦੀ ਮਦਦ ਦੇ ਲਈ ਵੀ ਸਾਹਮਣੇ ਆਏ ਸਨ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਦਿਨ ਪਹਿਲਾਂ ਅੰਤਰਰਾਸ਼ਟਰੀ ਮਦਦ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਸਿੰਗਾਪੁਰ ਨੇ ਭਾਰਤ ਨੂੰ ਮੈਡੀਕਲ ਆਕਸੀਜਨ ਦੀ ਮਦਦ ਦੀ ਆਫ਼ਰ ਦਿੱਤੀ।

ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਸਿੰਗਾਪੁਰ ਤੋਂ ਆਕਸੀਜਨ ਦਾ ਟੈਂਕ ਏਅਰਲਿਫ਼ਟ ਕੀਤਾ। ਫੌਜ ਦੇ ਜਹਾਜ਼ ਸ਼ਨੀਵਾਰ 24 ਅਪ੍ਰੈਲ ਨੂੰ ਸਿੰਗਾਪੁਰ ਦੇ ਚਾਂਗੀ ਏਅਰਪੋਰਟ ਤੋਂ ਇਹ ਟੈਂਕ ਲੈ ਕੇ ਪੱਛਮੀ ਬੰਗਾਲ ਦੇ ਏਅਰਬੇਸ 'ਚ ਉੱਤਰੇ।

ਦਿੱਲੀ ਵਿੱਚ ਸਿੰਗਾਪੁਰ ਸਫ਼ਾਰਤਖ਼ਾਨੇ ਨੇ ਆਪਣੇ ਇੱਕ ਬਿਆਨ 'ਚ ਇਸ ਨੂੰ 'ਦੁਵੱਲੀ' ਅਤੇ 'ਬਹੁਪੱਖੀ' ਕੋਸ਼ਿਸ਼ ਦੱਸਿਆ। ਸਫ਼ਾਰਤਖ਼ਾਨੇ ਨੇ ਕਿਹਾ, ''ਅਸੀਂ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਨਾਲ ਖੜ੍ਹੇ ਹਾਂ।''

ਸਿੰਗਾਪੁਰ ਤੋਂ ਇਲਾਵਾ ਸਾਊਦੀ ਅਰਬ ਵੀ ਭਾਰਤ ਦੀ ਮਦਦ ਲਈ ਅੱਗੇ ਆਇਆ ਹੈ।

ਰਿਆਦ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਸਾਊਦੀ ਅਰਬ ਦੀ ਇੱਕ ਕੰਪਨੀ ਤੋਂ ਭਾਰਤ ਲਈ 80 ਮਿਟ੍ਰਿਕ ਟਨ ਲਿਕਵਿਡ ਆਕਸੀਜਨ ਜਲਦੀ ਹੀ ਭੇਜੀ ਜਾ ਸਕਦੀ ਹੈ।

ਇਸ ਸਿਲਸਿਲੇ ਤਹਿਤ ਭਾਰਤ ਸਰਕਾਰ ਵੱਖ-ਵੱਖ ਮੁਲਕਾਂ ਦੇ ਦੂਤਾਵਾਸਾਂ ਨਾਲ ਸੰਪਰਕ ਵਿੱਚ ਹੈ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਕਸੀਜਨ ਦੀ ਕਮੀ ਨਾ ਹੋਵੇ।

ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਗੁਆਂਢੀ ਮੁਲਕ ਭਾਰਤ ਨਾਲ ਕੋਰੋਨਾ ਖ਼ਿਲਾਫ਼ ਜੰਗ ਵਿੱਚ ਇੱਕਜੁਟਤਾ ਜ਼ਾਹਿਰ ਕੀਤੀ ਸੀ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਸ਼ਿਪੰਗ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਜਰਮਨੀ, ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਿੱਚ ਮੌਜੂਦ ਭਾਰਤੀ ਰਾਜਨਾਇਕਾਂ ਨਾਲ ਗੱਲਬਾਤ ਕੀਤੀ।

ਐਸ ਜੈਸ਼ੰਕਰ ਨੇ ਟਵੀਟ ਕੀਤਾ ਸੀ, ''ਦੁਨੀਆਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਹਮੇਸ਼ਾ ਸਭ ਦੀ ਮਦਦ ਕਰਦਾ ਹੈ।''

ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਿਆ ਲੌਕਡਾਊਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੌਕਡਾਊਨ ਇੱਕ ਹਫ਼ਤਾ ਹੋਰ ਵਧਾਉਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇੱਕ ਪੋਰਟਲ ਤਿਆਰ ਕੀਤਾ ਹੈ ਜਿਸ ਵਿੱਚ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ, 'ਕੋਰੋਨਾ ਦੀ ਦੂਜੀ ਘਾਤਕ ਲਹਿਰ ਨੇ ਸਾਨੂੰ ਝਿੰਜੋੜ ਕੇ ਰੱਖ ਦਿੱਤਾ ਹੈ'

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਕੋਰੋਨਾਵਾਇਰਸ ਦੇ ਮੁੱਦੇ 'ਤੇ ਚਰਚਾ ਕੀਤੀ ਅਤੇ ਸਿਹਤ ਵਿਭਾਗ ਨਾਲ ਜੁੜੇ ਕਈ ਲੋਕਾਂ ਨਾਲ ਗੱਲਬਾਤ ਕੀਤੀ।

ਆਓ ਜਾਣਦੇ ਹਾਂ ਕਿ ਆਪਣੇ ਪ੍ਰੋਗਰਾਮ ਦੌਰਾਨ ਪੀਐੱਮ ਮੋਦੀ ਨੇ ਕੀ ਕਿਹਾ...

  • ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦਾ ਚੰਗੀ ਤਰ੍ਹਾਂ ਸਾਹਮਣਾ ਕਰਨ ਤੋਂ ਬਾਅਦ ਦੇਸ਼ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਪਰ ਕੋਰੋਨਾ ਦੀ ਦੂਜੀ ਘਾਤਕ ਲਹਿਰ ਨੇ ਸਾਨੂੰ ਝਿੰਜੋੜ ਕੇ ਰੱਖ ਦਿੱਤਾ ਹੈ।
  • ਅਸੀਂ ਵੱਖ-ਵੱਖ ਵਿਭਾਗਾਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
  • ਸਾਡੇ ਡਾਕਟਰਾਂ ਨੂੰ ਇਸ ਇੱਕ ਸਾਲ ਵਿੱਚ ਕਈ ਤਜੁਰਬੇ ਵੀ ਹੋਏ ਹਨ।
  • ਮੁੰਬਈ ਤੋਂ ਡਾ. ਸ਼ੰਸ਼ਾਕ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਾਣਕਾਰੀ ਸਹੀ ਸਰੋਤ ਤੋਂ ਹੀ ਲਈ ਜਾਵੇ। ਸੋਸ਼ਲ ਮੀਡੀਆ 'ਤੇ ਆਏ ਮੈਸੇਜਾਂ 'ਤੇ ਵਿਸ਼ਵਾਸ ਕਰਨ ਦੀ ਬਜਾਏ ਆਪਣੀ ਡਾਕਟਰ ਦੀ ਸਲਾਹ ਲਈ ਜਾਵੇ।
  • ਸ਼੍ਰੀਨਗਰ ਤੋਂ ਡਾ. ਨਾਵੀਦ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਸੰਬੰਧੀ ਨਿਰਦੇਸ਼ਾਂ ਦੀ ਉਲੰਘਣਾ ਅਜੇ ਵੀ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਵੈਕਸੀਨ 'ਤੇ ਵੀ ਭਰੋਸਾ ਕਰਨਾ ਚਾਹੀਦਾ ਹੈ।
  • ਪੀਐਮ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਕਿਸੀ ਵੀ ਅਫ਼ਵਾਹ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ 45 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ। ਹੁਣ ਤਾਂ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕ ਵੈਕਸੀਨ ਲਗਵਾ ਸਕਦੇ ਹਨ। ਰਾਜ ਸਰਕਾਰਾਂ ਵੀ ਮੁਫ਼ਤ ਵੈਕਸੀਨ ਅਭਿਆ ਨੂੰ ਅੱਗੇ ਵਧਾਉਣ।
  • ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਇਸ ਲੜਾਈ ਵਿੱਚ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਸਭ ਦਾ ਸਾਥ ਦੇਣ ਦੀ ਜ਼ਰੂਰਤ ਹੈ।
  • ਅਸੀਂ ਵੈਕਸੀਨ ਨੂੰ ਲਗਵਾਉਣਾ ਹੈ ਅਤੇ ਕੋਰੋਨਾਵਾਇਰਸ ਸੰਬੰਧੀ ਪਾਬੰਦੀਆਂ ਦਾ ਵੀ ਧਿਆਨ ਰੱਖਣਾ ਹੈ।

ਪਾਕਿਸਤਾਨ ਨੇ ਕੀਤੀ ਭਾਰਤ ਨੂੰ ਮਦਦ ਦੀ ਪੇਸ਼ਕਸ਼

ਭਾਰਤ ਵਿੱਚ ਕੋਰੋਨਾਵਾਇਰਸ ਲਾਗ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਨੇ ਸ਼ਨੀਵਾਰ ਨੂੰ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।

ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਪਿਛਲੇ ਤਿੰਨ ਦਿਨਾਂ ਤੋਂ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਲੋੜੀਂਦੇ ਡਾਕਟਰੀ ਉਪਕਰਣ ਦੇਣਾ ਚਾਹੁੰਦਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਮਹਾਂਮਾਰੀ ਦੇ ਇਸ ਸੰਕਟ ਵਿੱਚ ਭਾਰਤ ਦੇ ਨਾਗਰਿਕਾਂ ਦੇ ਨਾਲ ਹਾਂ। ਪਾਕਿਸਤਾਨ ਭਾਰਤ ਨੂੰ ਵੈਂਟੀਲੇਟਰ, ਬਾਈਪਾਸ ਮਸ਼ੀਨਾਂ, ਡਿਜੀਟਲ ਐਕਸਰੇ ਮਸ਼ੀਨ, ਪੀਪੀਈ ਕਿੱਟਾਂ ਅਤੇ ਜ਼ਰੂਰੀ ਡਾਕਟਰੀ ਸਪਲਾਈ ਮੁਹੱਈਆ ਕਰਵਾਉਣਾ ਚਾਹੁੰਦਾ ਹੈ। "

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਆਪਣੀ ਪੋਸਟ ਵਿੱਚ ਕਿਹਾ ਕਿ "ਪਾਕਿਸਤਾਨ ਮਨੁੱਖਤਾ ਨੂੰ ਪਹਿਲ ਦੇਣ ਦੀ ਨੀਤੀ 'ਤੇ ਵਿਸ਼ਵਾਸ ਕਰਦਾ ਹੈ"।

ਬਿਆਨ ਅਨੁਸਾਰ ਪਾਕਿਸਤਾਨ ਨੇ ਕਿਹਾ ਹੈ ਕਿ ਦੋਵੇਂ ਗੁਆਂਢੀ ਦੇਸ਼ਾਂ ਦੇ ਸਬੰਧਤ ਅਧਿਕਾਰੀ ਮਿਲ ਕੇ ਇਨ੍ਹਾਂ ਮਾਲਾਂ ਨੂੰ ਜਲਦੀ ਤੋਂ ਜਲਦੀ ਭਾਰਤ ਪਹੁੰਚਾਉਣ ਲਈ ਕੰਮ ਕਰ ਸਕਦੇ ਹਨ।

ਇਹ ਵੀ ਕਿਹਾ ਗਿਆ ਹੈ ਕਿ, "ਦੋਵੇਂ ਦੇਸ਼ ਮਹਾਂਮਾਰੀ ਕਾਰਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਭਾਵਤ ਤਰੀਕਿਆਂ ਦੀ ਭਾਲ ਵੀ ਕਰ ਸਕਦੇ ਹਨ।"

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਭਾਰਤ ਦੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੇ ਗੁਆਂਢੀ ਅਤੇ ਵਿਸ਼ਵ ਵਿੱਚ ਜਾਨਲੇਵਾ ਵਾਇਰਸ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਹ ਕੋਰੋਨਾ ਮਹਾਂਮਾਰੀ ਇੱਕ ਵਿਸ਼ਵਵਿਆਪੀ ਸੰਕਟ ਹੈ ਜਿਸਦਾ ਸਮੁੱਚੀ ਮਨੁੱਖ ਜਾਤੀ ਨੂੰ ਮਿਲ ਕੇ ਮੁਕਾਬਲਾ ਕਰਨਾ ਹੈ।

ਪਾਕਿਸਤਾਨ ਦੇ ਸੰਚਾਰ ਮੰਤਰੀ ਫਵਾਦ ਚੌਧਰੀ ਨੇ ਵੀ ਭਾਰਤ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਸਾਡੀਆਂ ਪ੍ਰਾਰਥਨਾਵਾਂ ਇਸ ਮੁਸ਼ਕਲ ਸਮੇਂ 'ਚ ਭਾਰਤ ਦੇ ਲੋਕਾਂ ਨਾਲ ਹਨ। ਪ੍ਰਮਾਤਮਾ ਉਨ੍ਹਾਂ ਨੂੰ ਅਸੀਸ ਦੇਵੇ ਤਾਂ ਜੋ ਉਹ ਸੰਕਟ ਦੇ ਇਸ ਪਲ ਤੋਂ ਜਲਦੀ ਤੋਂ ਜਲਦੀ ਬਾਹਰ ਆ ਜਾਣ।"

ਪਾਕਿਸਤਾਨ ਦੇ ਨੇਤਾਵਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।

ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਅਬਦੁੱਲ ਸੱਤਾਰ ਐਧੀ ਦੇ ਬੇਟੇ ਫੈਸਲ ਐਧੀ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ।

ਪਾਕਿਸਤਾਨ ਦੀਆਂ ਹੋਰ ਮਸ਼ਹੂਰ ਹਸਤੀਆਂ ਵੀ ਭਾਰਤ ਦੀ ਮਦਦ ਲਈ ਅੱਗੇ ਵੱਧ ਰਹੀਆਂ ਹਨ।

ਮਸ਼ਹੂਰ ਕ੍ਰਿਕੇਟਰ ਸ਼ੋਇਬ ਅਖ਼ਤਰ ਨੇ ਕਿਹਾ ਕਿ ਇਸ ਔਖੇ ਵੇਲੇ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ। ਸਾਨੂੰ ਇੱਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।

ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਅਲੀ ਜ਼ਫ਼ਰ ਨੇ ਵੀ ਟਵੀਟ ਕਰਦਿਆਂ ਲਿਖਿਆ, ਅਸੀਂ ਭਾਰਤ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਭਾਰਤ ਦੇ ਨਾਲ ਹਾਂ।

ਪਾਕਿਸਤਾਨ ਦੇ ਗਾਇਕ ਅਸੀਮ ਅਜ਼ਹਰ ਨੇ ਵੀ ਟ੍ਵੀਟ ਕਰਦਿਆਂ ਲਿਖਿਆ ਕਿ ਇਸ ਔਖੀ ਘੜੀ ਵਿੱਚ ਅਸੀਂ ਆਪਣੇ ਗੁਆਂਢੀ ਸੂਬੇ ਭਾਰਤ ਦੇ ਨਾਲ ਹਾਂ।

ਅਮਰੀਕਾ ਨੇ ਵੀ ਕੀਤੀ ਮਦਦ ਦੀ ਪੇਸ਼ਕਸ਼

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਭਾਰਤ ਵਿਚ ਕੋਰੋਨਾ ਦੀ ਭਿਆਨਕ ਤ੍ਰਾਸਦੀ 'ਤੇ ਕਿਹਾ ਹੈ ਕਿ ਉਨ੍ਹਾਂ ਦੀ ਸੰਵੇਦਨਾ ਭਾਰਤੀਆਂ ਨਾਲ ਹੈ।

ਬਲਿੰਕਨ ਨੇ ਇੱਕ ਟਵੀਟ ਵਿੱਚ ਲਿਖਿਆ, "ਅਸੀਂ ਇਸ ਮਾਮਲੇ'ਤੇ ਅਸੀਂ ਭਾਈਵਾਲ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਭਾਰਤੀਆਂ ਅਤੇ ਭਾਰਤੀ ਸਿਹਤ ਕਰਮਚਾਰੀਆਂ ਦੀ ਮਦਦ ਲਈ ਤੇਜ਼ੀ ਨਾਲ ਵਾਧੂ ਸਹਾਇਤਾ ਪ੍ਰਦਾਨ ਕਰਾਂਗੇ। ''

ਭਾਰਤ ਵਿੱਚ ਤੇਜ਼ੀ ਨਾਲ ਟੀਕਾਕਰਨ ਸ਼ੁਰੂ ਹੋਣ ਲਈ, ਇਹ ਮਹੱਤਵਪੂਰਨ ਹੈ ਕਿ ਅਮਰੀਕਾ ਕੋਵਿਡ -19 ਵੈਕਸੀਨ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਚੀਜ਼ਾਂ 'ਤੇ ਪਾਬੰਦੀਆਂ ਨੂੰ ਦੂਰ ਕਰੇ।

ਦੋ ਦਿਨ ਪਹਿਲਾਂ, ਯੂਐਸ ਨੇ ਬਰਾਮਦ ਪਾਬੰਦੀ ਦੀ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਕਰਨ 'ਤੇ ਧਿਆਨ ਦੇ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਸੀ, "ਅਮਰੀਕਾ ਆਪਣੇ ਨਾਗਰਿਕਾਂ ਦੇ ਟੀਕਾਕਰਨ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਇਹ ਅਜੇ ਵੀ ਜਾਰੀ ਹੈ ਅਤੇ ਨੀਤੀਗਤ ਤਬਦੀਲੀਆਂ ਉਦੋਂ ਤੱਕ ਸੰਭਵ ਨਹੀਂ ਹੁੰਦੀਆਂ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ।"

"ਸਾਡੇ ਕੋਲ ਪਹਿਲਾਂ ਅਮਰੀਕੀ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ। ਅਮਰੀਕਾ ਵਿਚ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ। ਪੰਜ ਲੱਖ, 50 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਹੁਣ ਵੀ ਲੱਖਾਂ ਸੰਕਰਮਿਤ ਲੋਕ ਹਨ। ''

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਭਾਰਤ ਵਿੱਚ ਲਾਗ ਨੂੰ ਰੋਕਣਾ ਬਹੁਤ ਮੁਸ਼ਕਲ"

ਸ਼ੁੱਕਰਵਾਰ ਨੂੰ, ਵਿਸ਼ਵ ਸਿਹਤ ਸੰਗਠਨ ਦੇ ਮੁਖੀ, ਟੇਡਰੋਸ ਐਡਹੋਨਮ ਜਿਬ੍ਰਿਅਸੁਸ ਨੇ ਕਿਹਾ ਕਿ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਸੰਕਰਮ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ।

ਜੇਨੇਵਾ ਵਿੱਚ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ, ਉਨ੍ਹਾਂ ਨੇ ਕਿਹਾ ਕਿ "ਇਹ ਮੰਦਭਾਗਾ ਹੈ ਕਿ ਭਾਰਤ ਦੀ ਸਥਿਤੀ ਸਾਨੂੰ ਦੱਸ ਰਹੀ ਹੈ ਕਿ ਵਾਇਰਸ ਕੀ ਕਰ ਸਕਦਾ ਹੈ।"

ਸੰਗਠਨ ਦੇ ਐਮਰਜੈਂਸੀ ਡਾਇਰੈਕਟਰ ਮਾਈਕ ਰਿਆਨ ਨੇ ਕਿਹਾ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਹੇ ਸੰਕਰਮ ਨੂੰ ਰੋਕਣਾ "ਅਤਿ ਮੁਸ਼ਕਲ" ਹੈ, ਪਰ ਸਰਕਾਰ ਸਮਾਜਿਕ ਆਪਸੀ ਤਾਲਮੇਲ ਨੂੰ ਘਟਾਉਣ ਅਤੇ ਉਨ੍ਹਾਂ ਦਰਮਿਆਨ ਸ਼ੋਸਲ ਡਿਸਟੈਂਸਿੰਗ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)