NRC : ਅਸਾਮ ਦੇ 19 ਲੱਖ ਲੋਕ ਅਜੇ ਵੀ ਕੌਮੀ ਨਾਗਰਿਕਤਾ ਰਜਿਸਟਰ ਤੋਂ ਬਾਹਰ - ਪ੍ਰੈਸ ਰਿਵੀਊ

ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਦੇ ਪ੍ਰਕਾਸ਼ਤ ਹੋਣ ਦੇ ਇੱਕ ਸਾਲ ਬਾਅਦ ਅਸਾਮ ਦੇ ਸੂਚੀ ਤੋਂ ਬਾਹਰ ਰੱਖੇ ਗਏ 19,06,657 ਲੋਕਾਂ ਦੀ ਕਿਸਮਤ ਦਾ ਫੈਸਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ।

'ਦ ਹਿੰਦੂ' ਅਖ਼ਬਾਰ ਦੇ ਮੁਤਾਬ਼ਕ, ਚੱਲ ਰਹੇ ਕੋਵਿਡ -19 ਸੰਕਟ ਅਤੇ ਹੜ੍ਹਾਂ ਕਾਰਨ ਪੂਰੀ ਪ੍ਰਕਿਰਿਆ ਦੀ ਰਫ਼ਤਾਰ 'ਚ ਕਮੀ ਆਈ ਹੈ ਜਿਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।

ਅਸਾਮ ਦੇ ਐੱਨਆਰਸੀ ਕੋਆਰਡੀਨੇਟਰ ਹਿਤੇਸ਼ ਦੇਵ ਸਰਮਾ ਨੇ ਦੱਸਿਆ, "ਜਦੋਂ ਤੱਕ ਕੋਵਿਡ -19 ਨੂੰ ਕਾਬੂ ਨਹੀਂ ਕਰ ਲਿਆ ਜਾਂਦਾ, ਰਿਜੈਕਸ਼ਨ ਸਲਿੱਪਾਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ। ਬਹੁਤ ਸਾਰੇ ਅਧਿਕਾਰੀ ਕੋਵਿਡ -19 ਡਿਊਟੀ 'ਤੇ ਹਨ ਅਤੇ ਕੁਆਲਟੀ ਚੈੱਕ ਕਰਨ ਲਈ ਬਹੁਤ ਘੱਟ ਲੋਕ ਬਚੇ ਹਨ।"

ਸੈਂਟਰ ਦੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ, ਸੂਚੀ ਵਿਚ ਅਸਵੀਕਾਰ ਕੀਤੇ ਗਏ ਵਿਅਕਤੀ ਕੋਲ ਆਪਣੀ ਨਾਗਰਿਕਤਾ ਦੀ ਸਥਿਤੀ ਦਾ ਨਿਰਣਾ ਕਰਨ ਲਈ ਵਿਦੇਸ਼ੀ ਟ੍ਰਿਬਿਊਨਲ (ਐੱਫ. ਟੀ.) ਕੋਲ ਜਾਣ ਲਈ ਰਿਜੈਕਸ਼ਨ ਸਲਿੱਪ ਮਿਲਣ ਤੋਂ ਬਾਅਦ 120 ਦਿਨ ਹੋਣਗੇ।

ਅਸਾਮ ਦੇ ਅਨਕੰਡਿਸ਼ਨਲ ਸਿਟੀਜ਼ਨਸ਼ਿਪ ਡਿਮਾਂਡ ਕਮੇਟੀ ਦੇ ਕਮਲ ਚੱਕਰਵਰਤੀ ਕਹਿੰਦੇ ਹਨ, "ਐਨਆਰਸੀ ਅਥਾਰਟੀ ਨੇ ਕਿਹਾ ਹੈ ਕਿ 1 ਸਤੰਬਰ ਤੋਂ ਜ਼ਿਲ੍ਹਾ ਪ੍ਰਮੁੱਖਾਂ ਐੱਨਆਰਸੀ ਦੀ ਪ੍ਰਕਿਰਿਆ ਨੂੰ ਸੰਭਾਲਣ ਵਾਲੇ ਕੰਮ ਸ਼ੁਰੂ ਕਰ ਸਕਗੇ। ਅਧਿਕਾਰੀਆਂ ਲਈ ਲੈਪਟਾਪ ਅਤੇ ਇੰਟਰਨੈਟ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਮਹਾਂਮਾਰੀ ਜਲਦੀ ਹੀ ਖ਼ਤਮ ਹੋਵੇਗੀ ਅਤੇ ਅਸੀਂ ਆਪਣੀ ਪ੍ਰਕਿਰਿਆ ਮੁੜ ਚਾਲੂ ਕਰ ਸਕਾਂਗੇ।"

ਇਹ ਵੀ ਪੜ੍ਹੋ

ਸਰਹੱਦ 'ਤੇ ਗੋਲੀਬਾਰੀ ਵਿੱਚ ਗੋਇੰਦਵਾਲ ਸਾਹਿਬ ਦੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮੌਤ

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਵਿੱਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ।

'ਦ ਟ੍ਰਿਬਿਊਨ ਅਖ਼ਬਾਰ' ਮੁਤਾਬ਼ਕ, ਰੱਖਿਆ ਸੂਤਰਾਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਨੇ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ 'ਚ ਰਾਜਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਰਾਜਵਿੰਦਰ ਸਿੰਘ ਦੇ ਪਿਤਾ ਜਗੀਰ ਸਿੰਘ ਵੀ ਫੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ।

ਜਗੀਰ ਸਿੰਘ ਦੀ ਕਰੀਬ 2 ਸਾਲ ਪਹਿਲਾ ਮੌਤ ਹੋ ਗਈ ਸੀ। ਭਰਾ ਸੁਖਵਿੰਦਰ ਸਿੰਘ ਵੀ ਫੌਜ ਵਿੱਚ, ਜਿਸ ਦੀ ਸਾਲ 2009 ਵਿਚ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਰਾਜਵਿੰਦਰ ਸਿੰਘ ਦੇ ਇਕ ਪੁੱਤਰ ਅਤੇ 2 ਧੀਆਂ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਵਿੰਦਰ ਸਿੰਘ ਦੇ ਪਰਿਵਾਰ 'ਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

ਪਾਵਨ ਸਰੂਪਾਂ ਦਾ ਮਾਮਲਾ - ਸ਼੍ਰੋਮਣੀ ਕਮੇਟੀ ਦਾ ਆਡਿਟ ਕਰਨ ਵਾਲੀ ਪ੍ਰਾਈਵੇਟ ਕੰਪਨੀ ਦਾ ਦਫ਼ਤਰ ਹੋਇਆ ਬੰਦ

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈਕੇ ਸ਼੍ਰੋਮਣੀ ਕਮੇਟੀ ਦਾ ਆਡਿਟ ਕਰਨ ਵਾਲੀ ਪ੍ਰਾਈਵੇਟ ਕੰਪਨੀ ਦੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿਚਲੇ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਸਬੰਧਤ ਕਰਮਚਾਰੀ ਘਰਾਂ ਨੂੰ ਭੇਜ ਦਿੱਤੇ ਗਏ ਹਨ।

'ਦ ਟ੍ਰਿਬਿਊਨ ਅਖ਼ਬਾਰ' ਮੁਤਾਬ਼ਕ, 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਾਂਚ ਰਿਪੋਰਟ 'ਚ ਇਸ ਆਡਿਟ ਕੰਪਨੀ ਨੂੰ ਵੀ ਆਰੋਪੀ ਦੱਸਿਆ ਗਿਆ ਹੈ।

ਐੱਸਐੱਸ ਕੋਹਲੀ ਨਾਂ ਦੀ ਇਸ ਆਡਿਟ ਕੰਪਨੀ ਨੂੰ ਇੱਥੇ ਕੰਮਕਾਜ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਦਫਤਰ ਮੁਹੱਈਆ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀ ਦੀਆਂ ਸੇਵਾਵਾਂ ਵੀ ਦਿੱਤੀਆਂ ਗਈਆਂ ਸਨ।

ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਮਗਰੋਂ ਇਸ ਕੰਪਨੀ ਦੀਆਂ ਸੇਵਾਵਾਂ ਤੁਰੰਤ ਬੰਦ ਕਰਦਿਆਂ ਦਫ਼ਤਰ ਵੀ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਨਾਲ ਸਬੰਧਤ ਕਰਮਚਾਰੀ ਵਾਪਸ ਚਲੇ ਗਏ ਹਨ ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਏ ਗਏ ਕਰਮਚਾਰੀ ਵਾਪਸ ਆਪਣੇ ਦਫਤਰਾਂ ਵਿਚ ਚਲੇ ਗਏ ਹਨ।

ਇਸ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਮੀਤ ਸਕੱਤਰ ਕੁਲਵਿੰਦਰ ਸਿੰਘ ਨੇ ਕਰਦਿਆਂ ਆਖਿਆ ਕਿ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ 'ਤੇ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਸਬੰਧਤ ਦਫ਼ਤਰ ਨੂੰ ਤਾਲਾ ਮਾਰਿਆ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)